ਮਿੱਟੀ ਦੇ ਚੁਲ੍ਹੇ ਤੇ ਬਣੇ ਸਾਗ ਦਾ ਸੁਆਦ

ਚਾਨਣ ਦੀਪ ਸਿੰਘ ਔਲਖ

(ਸਮਾਜ ਵੀਕਲੀ)

ਜਿਵੇਂ ਜਿਵੇਂ ਸਮਾਂ ਬਦਲ ਰਿਹਾ ਹੈ ਉਵੇਂ ਉਵੇਂ ਸਾਡੀ ਜੀਵਨ ਜਾਚ, ਰਹਿਣ-ਸਹਿਣ ਅਤੇ ਖਾਣ-ਪਹਿਨਣ ਵੀ ਬਦਲ ਰਿਹਾ ਹੈ। ਪੁਰਾਣੇ ਸਮਿਆਂ ਵਿੱਚ ਲੋਕ ਸਾਦਾ ਜੀਵਨ ਜਿਉਂਦੇ ਸਨ। ਉਨ੍ਹਾਂ ਦੀਆਂ ਸਾਦਾ ਖੁਰਾਕਾਂ ਵਿੱਚ ਤੰਦਰੁਸਤੀ ਹੁੰਦੀ ਸੀ ਪਰ ਅੱਜ ਕੱਲ੍ਹ ਪਿੰਡਾਂ ਦਾ ਵੀ ਸ਼ਹਿਰੀਕਰਨ ਹੋ ਗਿਆ ਹੈ। ਸ਼ਹਿਰ ਤਾਂ ਸ਼ਹਿਰ ਹੁਣ ਪਿੰਡਾਂ ਦੀਆਂ ਰਸੋਈਆਂ ਵਿੱਚ ਵੀ ਮਿੱਟੀ ਦੇ ਚੁੱਲ੍ਹੇ ਘੱਟ ਹੀ ਨਜ਼ਰ ਆਉਂਦੇ ਹਨ। ਹੁਣ ਤਾਂ ਸਾਗ ਬਣਾਉਣ ਲਈ ਵੀ ਮਿੱਟੀ ਦੇ ਚੁੱਲ੍ਹੇ ਦੀ ਥਾਂ ਗੈਸ ਚੁੱਲ੍ਹੇ ਅਤੇ ਮਿੱਟੀ ਦੀ ਤੌੜੀ ਦੀ ਥਾਂ ਪ੍ਰੈਸ਼ਰ ਕੁੱਕਰ ਦੀ ਵਰਤੋਂ ਕੀਤੀ ਜਾਂਦੀ ਹੈ। ਸਾਗ ਚੀਰਨ ਵਾਸਤੇ ਲੋਹੇ ਦੇ ਦਾਤ ਦੀ ਥਾਂ ਛੋਟੀਆਂ ਟੋਕਾ ਮਸ਼ੀਨਾਂ ਨੇ ਲੈ ਲਈ ਹੈ। ਮਿੱਟੀ ਦੇ ਕੁੰਡੇ ਅਤੇ ਨਿੰਮ ਦੀ ਲੱਕੜ ਦੇ ਬਣੇ ਸੋਟੇ ਨਾਲ ਮਸਾਲਾ ਰਗੜਨ ਦੀ ਬਜਾਏ ਮਿੰਟਾਂ ਸੈਕਿੰਡਾਂ ਵਿੱਚ ਮਿਕਸਰ ਗਰਾਈਂਡਰ ਵਿੱਚ ਮਸਾਲਾ ਕੁੱਟ ਲਿਆ ਜਾਂਦਾ ਹੈ।

ਭਾਵੇਂ ਅੱਜ ਕੱਲ੍ਹ ਇੱਕ ਘੰਟੇ ਦੇ ਅੰਦਰ ਅੰਦਰ ਸਾਗ ਬਣ ਕੇ ਤਿਆਰ ਕਰ ਲਿਆ ਜਾਂਦਾ ਹੈ ਪਰ ਮਿੱਟੀ ਦੇ ਚੁਲ੍ਹੇ ਦੇ ਬਣੇ ਸਾਗ ਵਰਗਾ ਸੁਆਦ ਨਹੀਂ ਆਉਂਦਾ। ਅੱਜ ਕੱਲ੍ਹ ਤਾਂ ਬਜ਼ਾਰ ਵਿਚੋਂ ਡੱਬਾ ਬੰਦ ਸਾਗ ਆਮ ਮਿਲ ਜਾਂਦਾ ਹੈ ਬਸ ਲਿਆਓ, ਤੜਕਾ ਲਾਓ ਤੇ ਸਾਗ ਖਾਣ ਲਈ ਤਿਆਰ ਪਰ ਗੱਲ ਓਥੇ ਦੀ ਓਥੇ ਕਿ ਉਹ ਸੁਆਦ ਨਹੀਂ ਲੱਭਦਾ। ਅਸਲ ਸੁਆਦ ਤਾਂ ਖੇਤ ਵਿੱਚੋ ਤਾਜ਼ਾ ਤੋੜ ਕੇ ਲਿਆਂਦੇ ਸਰੋਂ ਦੀਆਂ ਗੰਦਲਾਂ ਦੇ ਸਾਗ ਨੂੰ ਮਿੱਟੀ ਦੇ ਚੁੱਲ੍ਹੇ ਤੇ ਲੱਕੜ ਦੀਆਂ ਖਲਪਾੜਾਂ ਦੀ ਮੱਠੀ ਮੱਠੀ ਅੱਗ ਤੇ ਬਣੇ ਸਾਗ ਵਿਚੋਂ ਹੀ ਮਿਲਦਾ ਸੀ। ਗੰਦਲਾਂ ਨਾਲ ਰਿਝਦੇ ਹਰੇ ਮੇਥੇ, ਬਾਥੂ, ਪਾਲਕ, ਹਰੇ ਧਨੀਏ ਦੀ ਮਹਿਕ ਨਾਲ ਲੱਗਦੇ ਘਰਾਂ ਵਿੱਚ ਵੀ ਮਹਿਕ ਖਿੰਡਾ ਦਿੰਦੀ ਸੀ।

ਪੁਹਿਲੇ ਸਮੇਂ ਵਿੱਚ ਸੁਆਣੀਆਂ ਸਾਗ ਨੂੰ ਖੱਦਰ ਦਾ ਪੋਣਾ ਵਿਛਾ ਕੇ ਲੋਹੇ ਦੇ ਦਾਤ ਨਾਲ ਚੀਰਨੀਆਂ ਬਣਾ ਬਣਾ ਕੇ ਵਿਸ਼ੇਸ਼ ਵਿਧੀ ਨਾਲ ਕੱਟਦੀਆਂ ਸਨ। ਸਾਗ ਨੂੰ ਚੀਰ ਕੇ ਲੱਕੜ ਦੀ ਤੌੜੀ ਵਿੱਚ ਪਾ ਕੇ ਚੁਲ੍ਹੇ ਤੇ ਉਬਲਣ ਲਈ ਰੱਖਿਆ ਜਾਂਦਾ ਸੀ ਅਤੇ ਲੱਕੜ ਦੀ ਡੋਈ ਨਾਲ ਹਿਲਾਇਆ ਜਾਂਦਾ ਸੀ। ਪੱਥਰ ਜਾਂ ਮਿੱਟੀ ਦੇ ਕੁੰਡੇ ਵਿੱਚ ਪਿਆਜ਼, ਲੱਸਣ, ਅਦਰਕ , ਹਰੀਆਂ ਮਿਰਚਾਂ ਨੂੰ ਰਗੜ ਕੇ ਮਸਾਲਾ ਤਿਆਰ ਕਰਕੇ ਪਾਇਆ ਜਾਂਦਾ ਸੀ। ਜਦੋਂ ਸਾਗ ਅੱਧ ਤੋਂ ਜ਼ਿਆਦਾ ਰਿਝਿਆ ਹੋ ਜਾਂਦਾ ਤਾਂ ਉਪਰੋਂ ਮੱਕੀ ਦੇ ਆਟੇ ਨੂੰ ਮੁੱਠੀ ਨਾਲ ਖਿਲਾਰ ਖਿਲਾਰ ਕੇ ਪਾਇਆ ਜਾਂਦਾ ਸੀ ਜਿਸ ‘ਆਲਣ’ ਪਾਉਣਾ ਕਿਹਾ ਜਾਂਦਾ ਸੀ।

ਆਲਣ ਪਾਉਣ ਉਪਰੰਤ ਸਾਗ ਨੂੰ ਕੁਝ ਸਮੇਂ ਲਈ ਹੋਰ ਰਿਝਣ ਲਈ ਰੱਖਿਆ ਜਾਂਦਾ ਸੀ ਅਤੇ ਰਿਝ ਚੁੱਕੇ ਸਾਗ ਦੀ ਤੌੜੀ ਨੂੰ ਦੋਨੋਂ ਪੈਰਾਂ ਵਿਚਕਾਰ ਰੱਖ ਕੇ ਘੋਟਣੇ ਨਾਲ ਚੰਗੀ ਤਰ੍ਹਾਂ ਘੋਟਿਆ ਜਾਂਦਾ ਸੀ। ਇਸ ਤਰ੍ਹਾਂ ਸਾਗ ਬਣਨ ਦੀ ਪੂਰੀ ਪ੍ਰਕਿਰਿਆ ਨੂੰ ਤਿੰਨ-ਚਾਰ ਘੰਟਿਆਂ ਦਾ ਸਮਾਂ ਲੱਗ ਜਾਂਦਾ ਸੀ। ਮੱਕੀ ਦੀਆਂ ਬਣੀਆਂ ਰੋਟੀਆਂ, ਘਰ ਦਾ ਤਾਜ਼ਾ ਮੱਖਣ ਅਤੇ ਚਾਟੀ ਦੀ ਲੱਸੀ ਸਾਗ ਦੇ ਸੁਆਦ ਵਿੱਚ ਹੋਰ ਵਾਧਾ ਕਰ ਦਿੰਦੇ ਸਨ। ਪੋਹ ਮਹੀਨੇ ਦੇ ਆਖਰੀ ਦਿਨ ਮਾਘੀ ਦੀ ਸੰਗਰਾਂਦ ਤੋਂ ਇੱਕ ਰਾਤ ਪਹਿਲਾਂ ਪੰਜਾਬ ਦੇ ਹਰ ਘਰ ਵਿੱਚ ਸਰ੍ਹੋਂ ਦਾ ਸਾਗ ਜ਼ਰੂਰ ਬਣਾਇਆ ਜਾਂਦਾ ਸੀ ਅਤੇ ਇਹ ਅਗਲੇ ਦਿਨ ਸਰਗੀ ਵੇਲੇ ਖਾਧਾ ਜਾਂਦਾ ਸੀ, ਇਸ ਨੂੰ ‘ਪੋਹ ਰਿੱਧੀ ਤੇ ਮਾਘ ਖਾਧੀ’ ਕਿਹਾ ਜਾਂਦਾ ਸੀ।

ਅੱਜ ਕੱਲ੍ਹ ਦੇ ਮਸ਼ੀਨੀ ਯੁੱਗ ਵਿੱਚ ਸੁਆਣੀਆਂ ਖਾਸਕਰ ਕੁੜੀਆਂ ਇਨੀਂ ਜ਼ਿਆਦਾ ਖੇਚਲ ਨਹੀਂ ਕਰ ਸਕਦੀਆਂ। ਹੁਣ ਜ਼ਿਆਦਾਤਰ ਡੱਬਾ ਬੰਦ ਜਾਂ ਪ੍ਰੈਸ਼ਰ ਕੁੱਕਰ ਵਿੱਚ ਬਣੇ ਸਾਗ ਨਾਲ ਮੱਕੀ ਦੇ ਆਟੇ ਵਿੱਚ ਅੱਧੋਂ ਜ਼ਿਆਦਾ ਕਣਕ ਦਾ ਆਟਾ ਰਲੇ ਆਟੇ ਦੀ ਰੋਟੀ ਬਣਾ ਕੇ ਕੰਮ ਸਾਰ ਲਿਆ ਜਾਂਦਾ ਹੈ। ਘਰਦਾ ਤਾਜ਼ਾ ਮੱਖਣ ਅਤੇ ਲੱਸੀ ਵੀ ਅੱਜ ਕੱਲ੍ਹ ਘਰਾਂ ਵਿੱਚ ਘੱਟ ਹੀ ਦਿਸਦੇ ਹਨ। ਬਾਕੀ ਖੇਤਾਂ ਵਿੱਚ ਕੀਟਨਾਸ਼ਕਾਂ ਦੀ ਵੱਧ ਰਹੀ ਵਰਤੋਂ ਕਰਕੇ ਵੀ ਨਾ ਤਾਂ ਸਰੋਂ ਦਾ ਸਾਗ ਉਨਾਂ ਸੁਆਦ ਬਣਦਾ ਹੈ ਅਤੇ ਨਾ ਹੀ ਹਰ ਕਿਸੇ ਦੇ ਖਾਧਿਆਂ ਹਜ਼ਮ ਹੀ ਹੁੰਦਾ ਹੈ। ਹੁਣ ਤਾਂ ਹੋਲੀ ਹੋਲੀ ਸਾਗ ਬਣਾਉਣ ਵਾਲੇ ਭਾਂਡੇ ਅਤੇ ਸੰਦ ਵੀ ਰਸੋਈ ਘਰਾਂ ਵਿੱਚੋਂ ਗਾਇਬ ਹੁੰਦੇ ਜਾ ਰਹੇ ਹਨ। ਅੱਜ ਕੱਲ੍ਹ ਦੇ ਨਿਆਣੇ ਵੀ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਖਾਣਾ ਘੱਟ ਹੀ ਪਸੰਦ ਕਰਦੇ ਹਨ। ਕਿਧਰੇ! ਆਉਣ ਵਾਲੇ ਸਮੇਂ ਵਿੱਚ ਸਰੋਂ ਦਾ ਸਾਗ ਸਾਡੇ ਖਾਣਿਆਂ ਵਿੱਚੋਂ ਅਲੋਪ ਹੀ ਨਾ ਹੋ ਜਾਵੇ।

ਚਾਨਣ ਦੀਪ ਸਿੰਘ ਔਲਖ

ਪਿੰਡ ਗੁਰਨੇ ਖੁਰਦ (ਮਾਨਸਾ)

ਸੰਪਰਕ : 9876888177

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਤੇ “ਪੰਜਾਬੀ ਮੇਰੀ ਮਾਂ” ਗੀਤ, ਪੰਜਾਬ ਅਤੇ ਇੰਗਲੈਂਡ ਦੀ ਧਰਤੀ ਤੇ ਖ਼ੂਬ ਗੱਜਿਆ।*
Next articleਪੰਜਾਬ ਵਿਧਾਨ ਸਭਾ 2022 ਚੋਣਾਂ ਇੱਕ ਨਜਰ