ਬਲਦੇਵ ਸਿੰਘ ਬੇਦੀ ਜਲੰਧਰ

ਪਿਆਰ ਦੀ ਕੋਈ ਆਪਣੀ ਮਿਆਦ ਨਹੀਂ ਹੁੰਦੀ। ਇਹ ਨਾ ਕਿਸੇ ਦਿਨ ਵਿੱਚ ਬੱਝਿਆ ਹੈ ਅਤੇ ਨਾ ਹੀ ਕਿਸੇ ਸਮੇਂ ਵਿੱਚ, ਪਿਆਰ ਤਾਂ ਉਹ ਚਾਨਣ ਹੈ ਜੋ ਹਮੇਸ਼ਾ, ਹਰ ਪਲ, ਹਰ ਦਿਲ ਵਿੱਚ ਚਲਦਾ ਰਹਿੰਦਾ ਹੈ। ਪਿਆਰ ਦੀ ਕੋਈ ਮੰਗ ਨਹੀਂ ਹੁੰਦੀ ਅਤੇ ਨਾ ਹੀ ਇਹ ਕਿਸੇ ਤੋਹਫ਼ੇ ਦੀ ਉਮੀਦ ਕਰਦਾ ਹੈ। ਇਹ ਤਾਂ ਇੱਕ ਅਜਿਹੀ ਸ਼ਕਤੀ ਹੈ ਜੋ ਬਿਨਾਂ ਕਿਸੇ ਸ਼ਰਤ, ਬਿਨਾਂ ਕਿਸੇ ਉਮੀਦ ਦੇ ਸਿਰਫ਼ ਮਹਿਸੂਸ ਹੀ ਕੀਤੀ ਜਾ ਸਕਦੀ ਹੈ।
ਸੱਚਾ ਪਿਆਰ ਮੋਹ ਜਾਂ ਦਿੱਖ ਤੋਂ ਵੱਖਰਾ ਹੈ। ਮੋਹ ਜਾਂ ਦਿੱਖ ਇੱਕ ਖਿੱਚ ਹੋ ਸਕਦੀ ਹੈ ਜੋ ਸਮੇਂ ਦੇ ਨਾਲ ਘੱਟ ਜਾਂ ਵਧ ਸਕਦੀ ਹੈ ਪਰ ਪਿਆਰ ਉਹ ਪਵਿੱਤਰ ਪ੍ਰਕਿਰਿਆ ਹੈ ਜੋ ਕਦੇ ਮੱਧਮ ਨਹੀਂ ਹੁੰਦੀ ਅਤੇ ਇਸ ‘ਚ ਨਾ ਹੀ ਕੋਈ ਹਿਸਾਬ-ਕਿਤਾਬ ਹੁੰਦਾ ਹੈ। ਇਹ ਤਾਂ ਇੱਕ ਅਜਿਹੀ ਕੁਦਰਤੀ ਸ਼ਕਤੀ ਹੈ ਜੋ ਇਨਸਾਨ ਦੇ ਅੰਦਰਲੇ ਵਿਸ਼ਵਾਸ ਨੂੰ ਉਸਦੀ ਹੋਂਦ ਨੂੰ ਅਤੇ ਉਸਦੀ ਆਤਮਾ ਨੂੰ ਸਾਂਭਦੀ ਹੈ। ਅਸੀਂ ਅਕਸਰ ਪਿਆਰ ਨੂੰ ਸ਼ਰੀਰਕ ਨੇੜਤਾ ਦੇ ਅਧਾਰ ਤੇ ਤੋਲਣ ਦੀ ਕੋਸ਼ਿਸ਼ ਕਰਦੇ ਹਾਂ ਪਰ ਪਿਆਰ ਦਾ ਸੱਚਾ ਰੂਪ ਇਸ ਸਭ ਤੋਂ ਬਹੁਤ ਉੱਚਾ ਹੈ। ਇਹ ਉਹ ਸਮਝ ਹੈ, ਉਹ ਮੇਹਰ ਹੈ ਜੋ ਕਿਸੇ ਹੋਰ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਲੱਭਦੀ ਹੈ ਚਾਹੇ ਉਹ ਖੁਸ਼ੀ ਸੱਤ ਸਮੁੰਦਰੋਂ ਪਾਰ ਹੀ ਹੋਵੇ।
ਕਹਿੰਦੇ ਹਨ ਕਿ ਪਿਆਰ ਵਿਅਕਤੀ ਨੂੰ ਬੰਨ੍ਹ ਲੈਂਦਾ ਹੈ, ਪਰ ਅਸਲ ਵਿੱਚ ਪਿਆਰ ਉਹ ਆਜ਼ਾਦੀ ਹੈ ਜੋ ਕਿਸੇ ਨੂੰ ਖੁਦ ਤੋਂ ਵੀ ਵੱਧ ਪਿਆਰਾ ਬਣਾਉਂਦੀ ਹੈ। ਪਿਆਰ ਇੱਕ ਅਜਿਹੀ ਸ਼ਖਸੀਅਤ ਹੈ ਜੋ ਕਿਸੇ ਵੀ ਹਾਲਤ ਵਿੱਚ ਆਪਣੇ ਰੰਗ ਨਹੀਂ ਬਦਲਦੀ। ਜਿਵੇਂ ਦਰਿਆ ਹਰ ਹਾਲਤ ਵਿੱਚ ਆਪਣੀ ਲਹਿਰਾਂ ‘ਚ ਹੀ ਵਗਦਾ ਰਹਿੰਦਾ ਹੈ, ਤਿਵੇਂ ਹੀ ਪਿਆਰ ਵੀ ਆਪਣੀਆਂ ਲਹਿਰਾਂ ਨਾਲ ਹਰ
ਪਲ ਨਿਰੰਤਰ ਵਗਦਾ ਰਹਿੰਦਾ ਹੈ। ਇਨਸਾਨ ਬਦਲ ਸਕਦਾ ਹੈ, ਉਸਦੀ ਵਿਚਾਰਧਾਰਾ ਬਦਲ ਸਕਦੀ ਹੈ, ਪਰ ਜੋ ਅਸਲ ਪਿਆਰ ਹੈ, ਉਹ ਨਹੀਂ ਬਦਲਦਾ। ਉਹ ਹਮੇਸ਼ਾ ਇੱਕੋ ਜਿਹਾ ਹੀ ਰਹਿੰਦਾ ਹੈ, ਸ਼ੁੱਧ, ਨਿਰਮਲ ਅਤੇ ਅਥਾਹ। ਪਿਆਰ ਦੀ ਬਿਨਾਂ-ਸ਼ਰਤੀ ਹੋਂਦ ਹੀ ਉਸਦੀ ਸਭ ਤੋਂ ਵੱਡੀ ਤਾਕਤ ਹੈ। ਇਹ ਕਿਸੇ ਲਾਭ ਜਾਂ ਨੁਕਸਾਨ ਦੀ ਗੱਲ ਨਹੀਂ ਕਰਦਾ, ਇਹ ਸਿਰਫ਼ ਦਿਲ ਦੀ ਸੱਚਾਈ ਅਤੇ ਮਨੁੱਖੀ ਭਾਵਨਾ ਦਾ ਪ੍ਰਤੀਕ ਹੈ।
ਅਕਸਰ ਅਸੀਂ ਇਕ ਮੁੰਡੇ – ਕੁੜੀ ਜਾਂ ਪਤੀ – ਪਤਨੀ ਦੇ ਆਪਸੀ ਪਿਆਰ ਨੂੰ ਪਿਆਰ ਕਹਿ ਦਿੰਦੇ ਹਾਂ ਪਰ ਪਿਆਰ ਦੇ ਤਾਂ ਬਹੁਤ ਸਾਰੇ ਰਿਸ਼ਤੇ ਹੁੰਦੇ ਹਨ। ਮਾਂ ਬਾਪ , ਭੈਣ-ਭਰਾ ,ਗੁਰੂ ਚੇਲਾ , ਦੋਸਤ , ਬੱਚੇ ,ਅਧਿਆਪਕ, ਵਿਦਿਆਰਥੀ, ਆਂਡ ਗੁਆਂਡ, ਰੁੱਖ ਅਤੇ ਮੋਟਰ ਗੱਡੀਆਂ ਆਦਿ। ਇਸ ਤੋਂ ਇਲਾਵਾ ਹੋਰ ਵੀ ਕਈ ਰਿਸ਼ਤੇ ਹਨ ਜੋ ਸਿਰਫ਼ ਪਿਆਰ ਦੇ ਹੀ ਭੁੱਖੇ ਹੁੰਦੇ ਹਨ ਜਿਵੇਂ ਜਾਨਵਰਾਂ ਅਤੇ ਪਸ਼ੂ ਪੰਛੀ ਆਦਿ।
ਇਸ ਲਈ, ਜੇਕਰ ਅਸੀਂ ਪਿਆਰ ਦੀ ਅਸਲ ਪਰਿਭਾਸ਼ਾ ਨੂੰ ਸਮਝਣਾ ਚਾਹੁੰਦੇ ਹਾਂ, ਤਾਂ ਸਾਨੂੰ ਇਸਨੂੰ ਵੈਲੇਨਟਾਈਨ ਵਾਲੇ ਸੱਤ ਦਿਨਾਂ ਵਿੱਚ ਨਹੀਂ ਆਪਣੀ ਜਿੰਦਗੀ ਦੀ ਅਸਲਿਅਤ ਵਿੱਚ ਲਭਣਾ ਹੋਵੇਗਾ। ਸਾਨੂੰ ਪਿਆਰ ਨੂੰ ਇੱਕ ਦਿਨ, ਇੱਕ ਗੁਲਾਬ ਜਾਂ ਇੱਕ ਉਤਸਵ ਤੱਕ ਸੀਮਿਤ ਨਹੀਂ ਕਰਨਾ, ਸਗੋਂ ਹਰ ਦਿਨ, ਹਰ ਪਲ, ਹਰ ਸਾਹ ਵਿੱਚ ਪਿਆਰ ਨੂੰ ਜਿਉਂਦਾ ਰਖਣਾ ਹੈ ਫੇਰ ਵੇਖਿਓ ਇਸ ਪਿਆਰ ਦੇ ਬੂਟੇ ਤੇ ਕਿਵੇਂ ਗੁਲਾਬ ਹੀ ਗੁਲਾਬ ਖਿੜ੍ਹਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj