(ਸਮਾਜ ਵੀਕਲੀ)
ਮੈਂ ਤੈਨੂੰ ਭੈਣ ਕਿਉਂ ਆਖਾਂ ?
ਭੈਣ ਕਹਿਣ ਨਾਲ ਭਾਈ ਹੋਣ ਦੀਆਂ ਜਿੰਮੇਵਾਰੀਆਂ ਵੱਧ ਜਾਂਦੀਆਂ ਨੇ। ਮੈਂ ਇਹ ਜਿੰਮੇਵਾਰੀਆਂ ਚੱਕਣ ਦੇ ਸਮਰੱਥ ਨਹੀਂ ਹਾਂ। ਦੇਖ, ਮੈਂ ਤੈਨੂੰ ਦੋਸਤ ਵੀ ਨਹੀਂ ਬਣਾ ਸਕਦਾ ਕਿਉਂਕਿ ਦੋਸਤੀ ਦੇ ਰਾਹ ਮੁਹੱਬਤ ਵੱਲ ਨੂੰ ਤੁਰ ਪੈਂਦੇ ਨੇ। ਫਿਰ ਪਿਆਰ ਹੋ ਜਾਂਦੈ। ਇਸ ਉਮਰੇ ਜੇ ਇਸ਼ਕ ਦੀ ਬਾਜ਼ੀ ਪੁੱਠੀ ਪੈ ਜਾਵੇ ਤਾਂ ਘਰ ਪਟੇ ਜਾਂਦੇ ਨੇ। ਆ ਤੁਰ , ਬਿਨਾਂ ਕਿਸੇ ਰਿਸ਼ਤੇ ਤੋਂ ਕਦਮ ਨਾਲ ਕਦਮ ਮਿਲਾ ਕੇ ।
ਉਹਨੇ ਤਾਂ ਮੈਨੂੰ ਕੁਝ ਕਿਹਾ ਹੀ ਨਹੀਂ , ਮੈਂ ਆਪਣੀ ਕਲਪਨਾ ਵਿੱਚ ਕਾਲਪਨਿਕ ਸਵਾਲਾਂ ਦੇ ਜਵਾਬ ਦਿੰਦਾ ਰਿਹਾ। ਮੇਰੇ ਮਨ ਦੇ ਪਾਪੀ ਸਵਾਲ, ਉਹਦੀ ਪਵਿੱਤਰ ਰੂਹ ਦੇ ਆਲੇ ਦੁਆਲੇ ਸ਼ੋਰ ਮਚਾਉਂਦੇ ਰਹੇ।
ਉਹਦੀ ਸੰਘਰਸ਼ ਭਰੀ ਜ਼ਿੰਦਗੀ ਤੇ ਕਠੋਰ ਪ੍ਰੀਖਿਆਵਾਂ ਨੇ, ਉਹਦੀ ਅੰਦਰਲੀ ਨਾਰੀ ਨੂੰ, ਸਮਾਜ ਦੇ ਗੰਧਲੇ ਪਾਣੀਆਂ ਵਿੱਚ , ਇੱਜਤ ਦੀ ਚੁੰਨੀ ਸਿਰ ਤੇ ਲੈ , ਐਸਾ ਬਲ ਬਖਸ਼ਿਆ
ਕਿ ਨਾਰੀਆਂ ਦਾ ਵੱਡਾ ਕਾਫਲਾ
ਸਕੂਲ ਕਾਲਜ ਪੜ੍ਹਦੀਆਂ ਕੁੜੀਆਂ ਲਈ ਚਾਨਣ ਮੁਨਾਰਾ ਸਾਬਤ ਹੁੰਦਾ, ਵਿਸ਼ਵ ਨਾਰੀ ਸਾਹਿਤਕ ਮੰਚ ਦੇ ਬੈਨਰ ਹੇਠ
ਨਿਰਮਲ ਕੌਰ ਕੋਟਲਾ ਦੀ ਯੋਗ ਅਗਵਾਈ ਵਿੱਚ ਖੁਸ਼ਬੂਆਂ ਵੰਡ ਰਿਹਾ ਹੈ।
ਨਿਰਮਲ ਕੌਰ ਕੋਟਲਾ ਦਾ ਜੀਵਨ ਕੋਈ ਸਿੱਧਾ ਜੀਵਨ ਨਹੀਂ। ਨਾ ਹੀ ਉਹਦੇ ਜੀਵਨ ਵਿੱਚ ਚਮਤਕਾਰ ਹੋਏ ਨੇ।
ਉਹ ਆਪਣੇ ਬਲ ਹੇਠ, ਆਪਣੇ ਬਲਬੂਤੇ ਹੇਠ, ਸੰਘਰਸ਼ਾਂ ਦੀ ਰਾਣੀ ਬਣੀ ਹੈ। ਜ਼ਿੰਦਗੀ ਵਿੱਚ ਆਈਆਂ ਕਠਿਨਾਈਆਂ ਨੂੰ,
ਉਹਦੀਆਂ ਕਵਿਤਾਵਾਂ ਬਿਆਨ ਕਰਦੀਆਂ ਨੇ। ਮੁਹੱਬਤ ਦੇ ਖਾਲੀ ਲਿਫਾਫਿਆਂ ਨੂੰ ਉਹਨੇ ਫੂਕ ਮਾਰ ਹਵਾ ਵਿੱਚ ਉੜਾ ਦਿੱਤਾ ਹੈ।
ਬਿਨਾਂ ਵਜਹਾ ਕਿਸੇ ਦੀ ਭੈਣ ਬਣ ਜਾਣਾ ਅਤੇ ਝੂਠੀ ਮੁਹੱਬਤ ਦੀਆਂ ਮੰਜ਼ਲਾਂ ਵੱਲ ਜਾਂਦੇ ਦੋਸਤੀ ਦੇ ਰਾਹ ਉਹਨੇ ਸਮਝਦਾਰੀ ਦੇ ਬੈਰੀਕੇਡਾਂ ਨਾਲ ਬੰਦ ਕਰ ਦਿੱਤੇ ਨੇ । ਸਿਸਕਦੇ ਹਰਫਾਂ ਦੀ ਗਾਥਾ ਉਹਦੇ ਚੰਗੇ ਤੇ ਕੋਮਲ ਭਾਵਾਂ ਵਾਲੀ ਲੇਖਕਾ ਹੋਣ ਦੀ ਗਵਾਹੀ ਹੈ। ਸਫਰ ਏ ਸ਼ਹਾਦਤ ਦੀਆਂ ਸਮੁੱਚੀਆਂ ਕਵਿਤਾਵਾਂ
ਉਹਦੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਨੂੰ ਸਿਜਦਾ ਕਰਨ ਦਾ ਮੁੱਖ ਗਵਾਹ ਹਨ। ਉਹਦਾ ਕਾਫਲਾ ਬਹੁਤ ਵੱਡਾ ਹੈ, ਰਾਹ ਲਮੇਰਾ ਹੈ,
ਰਾਹਾਂ ਵਿੱਚ ਕੰਡਿਆਲੇ ਥੋਰ ਬਹੁਤ ਨੇ, ਉਹਦੇ ਕਦਮਾਂ ਵਿੱਚ ਕਾਹਲ ਨਹੀਂ, ਕੁਦਰਤ ਦੀਆਂ ਹਸੀਨਵਾਦੀਆਂ ਵਰਗਾ ਦਿਲ ਰੱਖਦੀ ਨਿਰਮਲ, ਅੱਜ ਸਾਰੇ ਸਾਹਿਤਕਾਰਾਂ ਦੇ ਦਿਲ ਤੇ ਰਾਜ ਕਰਦੀ ਹੈ ।
ਉਹ ਦੋਸਤ ਵੀ ਹੈ , ਭੈਣ ਵੀ ਹੈ, ਮਾਂ ਵੀ ਹੈ, ਮੈਂ ਉਹਦੇ ਵਿੱਚੋਂ ਹਰ ਰਿਸ਼ਤਾ ਟਟੋਲਣ ਦੀ ਕੋਸ਼ਿਸ਼ ਕਰਦਾ ਹਾਂ। ਕਿੰਨਾ ਚੰਗਾ ਹੋਵੇ
ਕਿ ਉਹ ਮੇਰੇ ਦਿਲ ਦੀ ਭੇਤਣ ਹੋ ਜਾਵੇ, ਫਿਰ ਇਹਨਾਂ ਸਾਰੇ ਰਿਸ਼ਤਿਆਂ ਦਾ ਗਵਾਹ ਰੱਬ ਖੁਦ ਹੋਵੇ, ਉਹਦੇ ਮਨ ਦੀ ਪਵਿੱਤਰਤਾ ਨੂੰ ਸਲਾਮ ਹੈ। ਸਲਾਮ ਹੈ ਉਹਦੀਆਂ ਉਹਨਾਂ ਸਾਰੀਆਂ ਲਿਖਤਾਂ ਨੂੰ, ਜੋ ਉਹਦੇ ਨਿਰਮਲ ਹੋਣ ਦੀ ਗਵਾਹੀ ਭਰਦੀਆਂ ਹਨ।
ਗੁਰਦੀਪ ਸਿੰਘ ਕੰਗ
ਮੈਨੇਜਰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly