(ਸਮਾਜ ਵੀਕਲੀ)
ਇੱਕ ਆਦਮੀ ਸੀ ਜਿਹੜਾ ਹਮੇਸ਼ਾ ਪਿੰਡ ਦੇ ਸਮਾਜ ਅਤੇ ਭਾਈਚਾਰੇ ਦੇ ਕੰਮ ਵਿੱਚ ਰੁੱਝਿਆ ਰਹਿੰਦਾ ਸੀ। ਸਭ ਉਸਨੂੰ ਜਾਣਦੇ ਸਨ। ਸਭ ਵੱਲੋਂ ਉਸਨੂੰ ਬਹੁਤ ਸਨਮਾਨ ਵੀ ਮਿਲਦਾ ਸੀ। ਅਚਾਨਕ ਪਤਾ ਨਹੀਂ ਕਿਉਂ ਉਹ ਸਮਾਜ ਤੋਂ ਟੁੱਟ ਕੇ ਇੱਕਲਾ ਰਹਿਣ ਲੱਗਾ। ਉਸਨੇ ਸਭ ਨਾਲ ਮਿਲਣਾ ਵਰਤਣਾ ਬੰਦ ਕਰ ਦਿੱਤਾ। ਹੌਲੀ ਹੌਲੀ ਉਹ ਸਮਾਜ ਤੋਂ ਹਟ ਕੇ ਇੱਕ ਪਾਸੇ ਹੋ ਗਿਆ।
ਕੁੱਝ ਦਿਨਾਂ ਬਾਅਦ ਪਿੰਡ ਦੇ ਮੁਖੀਆ ਨੇ ਉਸਨੂੰ ਮਿਲਣ ਦਾ ਫੈਸਲਾ ਕੀਤਾ।ਇਹ ਇੱਕ ਬਹੁਤ ਠੰਡੀ ਰਾਤ ਸੀ। ਮੁਖੀਆ ਉਸ ਆਦਮੀ ਦੇ ਘਰ ਗਿਆ ਤਾਂ ਦੇਖਿਆ ਕਿ ਉਹ ਆਦਮੀ ਘਰ ਵਿੱਚ ਇੱਕਲਾ ਹੀ ਸੀ। ਉਹ ਭੱਠੀ ਵਿੱਚ ਜਲਦੀਆਂ ਲੱਕੜਾਂ ਦੀ ਅੱਗ ਸੇਕਦਾ ਹੋਇਆ ਆਰਾਮ ਨਾਲ ਬੈਠਾ ਸੀ। ਉਸ ਆਦਮੀ ਨੇ ਆਉਂਦੇ ਹੋਏ ਮੁਖੀਆ ਵੱਲ ਦੇਖਿਆ ਪਰ ਬੜੀ ਠੰਡੀ ਤਰ੍ਹਾਂ ਉਸਦਾ ਸੁਆਗਤ ਕੀਤਾ।
ਮੁਖੀਆ ਤੇ ਉਹ ਆਦਮੀ ਜਲਦੀ ਭੱਠੀ ਕੋਲ ਹੀ ਬਹੁਤ ਦੇਰ ਚੁਪਚਾਪ ਬੈਠੇ ਰਹੇ ਤੇ ਅੱਗ ਦੀਆਂ ਉੱਪਰ ਉੱਠ ਰਹੀਆਂ ਲਪਟਾਂ ਨੂੰ ਦੇਖਦੇ ਰਹੇ। ਕੁੱਝ ਦੇਰ ਬਾਅਦ ਮੁਖੀਆ ਨੇ ਜਲਦੀਆਂ ਹੋਈਆਂ ਲੱਕੜਾਂ ਵਿੱਚੋਂ ਇੱਕ ਲੱਕੜ ਜਿਸਦੇ ਵਿੱਚ ਵਧੀਆ ਅੱਗ ਜਲ ਰਹੀ ਸੀ, ਭੱਠੀ ਵਿੱਚੋਂ ਕੱਢ ਕੇ ਬਾਹਰ ਰੱਖ ਦਿੱਤੀ ਤੇ ਫੇਰ ਸ਼ਾਂਤ ਹੋ ਕੇ ਉੱਥੇ ਹੀ ਬਹਿ ਗਿਆ।
ਮੇਜ਼ਬਾਨ ਹਰ ਹਰਕਤ ਨੂੰ ਬਹੁਤ ਧਿਆਨ ਨਾਲ ਦੇਖ ਰਿਹਾ ਸੀ। ਕਾਫੀ ਸਮੇਂ ਤੋਂ ਇੱਕਲਾ ਹੋਣ ਤੋਂ ਬਾਅਦ ਅੱਜ ਉਹ ਮੁਖੀਆ ਦੇ ਆਣ ਕਰਕੇ ਮਨ ਹੀ ਮਨ ਆਨੰਦਤ ਹੋ ਰਿਹਾ ਸੀ। ਉਸਨੇ ਦੇਖਿਆ ਕਿ ਅੱਲਗ ਕੀਤੀ ਹੋਈ ਲੱਕੜੀ ਥੋੜੀ ਦੇਰ ਬਾਅਦ ਹੀ ਬੁਝ ਗਈ ਤੇ ਉਸਨੇ ਸੁਲਗਣਾ ਵੀ ਬੰਦ ਕਰ ਦਿੱਤਾ। ਉਹ ਲੱਕੜ ਜਿਹੜੀ ਕੁੱਝ ਸਮੇਂ ਪਹਿਲਾਂ ਦਗਦਗ ਕਰਦੀ ਪਈ ਸੀ ਦੇਖਦਿਆਂ ਦੇਖਦਿਆਂ ਹੀ ਉਸਦੀ ਲੌ ਖਤਮ ਹੋ ਗਈ। ਫੇਰ ਕੁੱਝ ਦੇਰ ਬਾਅਦ ਅੱਗ ਕਾਲੇ ਟੁਕੜੇ ਵਿੱਚ ਬਦਲ ਗਈ।
ਇਸ ਦਰਮਿਆਨ ਦੋਹਾਂ ਨੇ ਇੱਕ ਦੂਜੇ ਨਾਲ ਛੋਟੀਆਂ ਛੋਟੀਆਂ ਗੱਲਾਂ ਕੀਤੀਆਂ। ਉਹ ਦੋਵੇਂ ਬਹੁਤ ਘੱਟ ਬੋਲੇ। ਜਾਣ ਤੋਂ ਪਹਿਲਾਂ ਮੁਖੀਆ ਨੇ ਅਲੱਗ ਕੀਤੀ ਬੁੱਝੀ ਹੋਈ ਲੱਕੜੀ ਚੁੱਕ ਕੇ ਬਲਦੀ ਹੋਈ ਭੱਠੀ ਵਿੱਚ ਰੱਖ ਦਿੱਤੀ। ਥੋੜੀ ਦੇਰ ਬਾਅਦ ਲੱਕੜੀ ਹੋਰ ਲੱਕੜਾਂ ਨਾਲ ਮਿਲ ਕੇ ਫੇਰ ਤੋਂ ਦਗਦਗ ਕਰਨ ਲੱਗ ਪਈ। ਦੇਖਦੇ ਦੇਖਦੇ ਉਹ ਹਰ ਪਾਸੇ ਰੋਸ਼ਨੀ ਤੇ ਤਾਪ ਵੰਡਣ ਲੱਗੀ।
ਜਦੋਂ ਆਦਮੀ ਮੁਖੀਆ ਨੂੰ ਛੱਡਣ ਲਈ ਦਰਵਾਜ਼ੇ ਕੋਲ ਪਹੁੰਚਿਆ ਤਾਂ ਉਸਨੇ ਮੁਖੀਆ ਦਾ ਇਸ ਮੁਲਾਕਾਤ ਲਈ ਧੰਨਵਾਦ ਕੀਤਾ। ਉਸਨੇ ਕਿਹਾ ਕਿ ਅੱਜ ਤੁਸੀਂ ਬਿਨਾਂ ਕੁੱਝ ਕਿਹਾਂ ਹੀ ਮੈਂਨੂੰ ਚੰਗਾ ਪਾਠ ਪੜ੍ਹਾਇਆ ਹੈ। ਇੱਕਲੇ ਆਦਮੀ ਦਾ ਆਪਣਾ ਕੋਈ ਵਿਅਕਤੀਤੱਵ ਨਹੀਂ ਹੁੰਦਾ। ਸਮਾਜ ਦੇ ਨਾਲ ਮਿਲਣ ਨਾਲ ਹੀ ਉਹ ਚਮਕਦਾ ਹੈ। ਰੋਸ਼ਨੀ ਬਿਖੇਰਦਾ ਹੈ। ਸਮਾਜ ਤੋਂ ਅੱਲਗ ਹੁੰਦਿਆਂ ਹੀ ਇੱਕਲੀ ਲੱਕੜੀ ਵਾਂਗ ਬੁਝ ਜਾਂਦਾ ਹੈ।
” ਸਾਡੀ ਵੀ ਪਹਿਚਾਣ ਆਪਣੇ ਸਮਾਜ ਨਾਲ ਹੀ ਬਣਦੀ ਹੈ ਇਸ ਕਰਕੇ ਸਮਾਜ ਸਾਡੇ ਲਈ ਸਰਵੋਤਮ ਹੋਣਾ ਚਾਹੀਦਾ ਹੈ।ਸਮਾਜ ਦੇ ਪ੍ਰਤੀ ਸਾਡੀ ਨਿਸ਼ਠਾ ਅਤੇ ਸਮਰਪਣ ਕਿਸੇ ਵਿਅਕਤੀ ਕਰਕੇ ਨਹੀਂ ਸਗੋਂ ਉਸ ਨਾਲ ਜੁੜੇ ਹੋਏ ਵਿਚਾਰ ਕਰਕੇ ਹੋਣੀ ਚਾਹੀਦੀ ਹੈ।
ਪੇਸ਼ਕਸ਼ : ਗੁਰਮਾਨ ਸੈਣੀ
ਰਾਬਤਾ : 9256346906
: 8360487488
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly