ਰਵਿੰਦਰ ਸਿੰਘ ਸੋਢੀ

(ਸਮਾਜ ਵੀਕਲੀ) ਕਿਸੇ ਵੀ ਸਾਹਿਤਕ ਰਚਨਾ ਦਾ ਰੀਵਿਊ ਕਰਨਾ ਆਪਣੇ ਆਪ ਵਿੱਚ ਇੱਕ ਗੰਭੀਰ ਅਤੇ ਜ਼ਿੰਮੇਵਾਰੀ ਵਾਲਾ ਸਾਹਿਤਕ ਕਾਰਜ ਹੈ। ਇੱਕ ਚੰਗਾ ਸਮੀਖਿਆਕਾਰ ਕੇਵਲ ਪੁਸਤਕ ਦੀ ਕਥਾ ਜਾਂ ਵਿਸ਼ੇ ਦੀ ਜਾਣਕਾਰੀ ਨਹੀਂ ਦਿੰਦਾ, ਸਗੋਂ ਉਸ ਦੀ ਸਮੁੱਚੀ ਪੜਚੋਲ ਕਰਦਾ ਹੈ। ਉਹ ਰਚਨਾ ਦੇ ਵਿਚਾਰ-ਪੱਖ, ਕਲਾਤਮਕਤਾ, ਭਾਸ਼ਾ, ਸ਼ੈਲੀ ਅਤੇ ਸਮਾਜਿਕ ਸਰੋਕਾਰਾਂ ਨੂੰ ਸਮਝ ਕੇ ਆਪਣੀ ਰਾਏ ਪੇਸ਼ ਕਰਦਾ ਹੈ। ਸੱਚਾ ਰੀਵਿਊ ਉਹ ਹੁੰਦਾ ਹੈ ਜਿਸ ਵਿੱਚ ਪ੍ਰਸ਼ੰਸਾ ਦੇ ਨਾਲ-ਨਾਲ ਨਿਰਪੱਖ ਆਲੋਚਨਾ ਵੀ ਹੋਵੇ। ਜਿੱਥੇ ਰਚਨਾ ਦੇ ਗੁਣਾਂ ਨੂੰ ਉਭਾਰਿਆ ਜਾਂਦਾ ਹੈ, ਉੱਥੇ ਕਮੀਆਂ ਵੱਲ ਵੀ ਸਾਹਿਤਕ ਸੂਝ ਨਾਲ ਸੰਕੇਤ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦਾ ਰੀਵਿਊ ਹੀ ਲੇਖਕ, ਪਾਠਕ ਅਤੇ ਸਾਹਿਤਕ ਜਗਤ ਲਈ ਮਾਰਗਦਰਸ਼ਨ ਦਾ ਕੰਮ ਕਰਦਾ ਹੈ।
ਪੰਜਾਬੀ ਦੇ ਪ੍ਰਸਿੱਧ ਸਾਹਿਤ ਸਿਰਜਕ ਤੇਜਿੰਦਰ ਚੰਡਿਹੋਕ ਇਸ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਰੱਖਦੇ ਹਨ। ਉਹ ਇੱਕ ਸਿਰਜਣਾਤਮਕ ਲੇਖਕ ਹੋਣ ਦੇ ਨਾਲ-ਨਾਲ ਉੱਤਮ ਦਰਜੇ ਦੇ ਅਨੁਵਾਦਕ, ਸੰਪਾਦਕ ਅਤੇ ਆਲੋਚਕ ਵੀ ਹਨ। ਵੱਖ-ਵੱਖ ਅਖ਼ਬਾਰਾਂ ਅਤੇ ਸਾਹਿਤਕ ਪਰਚਿਆਂ ਲਈ ਉਹ ਲਗਾਤਾਰ ਪੁਸਤਕ ਸਮੀਖਿਆਵਾਂ ਲਿਖ ਰਹੇ ਹਨ। ਇਸ ਤੋਂ ਇਲਾਵਾ ਅਨੇਕਾਂ ਲੇਖਕ ਆਪਣੀਆਂ ਪੁਸਤਕਾਂ ਉਨ੍ਹਾਂ ਕੋਲ ਭੇਜਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਚੰਡਿਹੋਕ ਸਾਹਿਬ ਕਿਸੇ ਵੀ ਪੁਸਤਕ ਨੂੰ ਸਰਸਰੀ ਨਜ਼ਰ ਨਾਲ ਨਹੀਂ ਵੇਖਦੇ, ਸਗੋਂ ਉਸ ਨੂੰ ਧਿਆਨ ਨਾਲ ਪੜ੍ਹ ਕੇ, ਉਸ ਦੇ ਵਿਸ਼ੇ, ਸ਼ੈਲੀ ਅਤੇ ਸਾਹਿਤਕ ਮਹੱਤਵ ਨੂੰ ਸਮਝਣ ਤੋਂ ਬਾਅਦ ਹੀ ਆਪਣੀ ਰਾਏ ਪ੍ਰਗਟ ਕਰਦੇ ਹਨ।
ਉਨ੍ਹਾਂ ਦੀ ਆਲੋਚਨਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਨਿਰਪੱਖਤਾ ਹੈ। ਉਹ ਕਿਸੇ ਰਚਨਾ ਦੀ ਕੇਵਲ ਪ੍ਰਸ਼ੰਸਾ ਕਰਨ ਤੱਕ ਸੀਮਿਤ ਨਹੀਂ ਰਹਿੰਦੇ, ਸਗੋਂ ਉਸ ਦੇ ਹਰ ਪੱਖ ਨੂੰ ਪਰਖਦੇ ਹਨ। ਜਿੱਥੇ ਉਹ ਲੇਖਕ ਦੀ ਕਲਾਤਮਕ ਸਮਰੱਥਾ, ਵਿਸ਼ੇ ਦੀ ਚੋਣ ਅਤੇ ਸਮਾਜਿਕ ਚੇਤਨਾ ਦੀ ਪ੍ਰਸ਼ੰਸਾ ਕਰਦੇ ਹਨ, ਉੱਥੇ ਭਾਸ਼ਾ, ਸ਼ਬਦ-ਚੋਣ, ਸ਼ਿਲਪ ਜਾਂ ਕਥਾ ਦੀਆਂ ਕਮੀਆਂ ਵੱਲ ਵੀ ਧਿਆਨ ਦਿਵਾਉਂਦੇ ਹਨ। ਇਹੀ ਸੰਤੁਲਿਤ ਦ੍ਰਿਸ਼ਟੀ ਉਨ੍ਹਾਂ ਦੇ ਰੀਵਿਊਆਂ ਨੂੰ ਵਿਸ਼ੇਸ਼ ਮਹੱਤਵ ਪ੍ਰਦਾਨ ਕਰਦੀ ਹੈ।
ਪ੍ਰਸਤੁਤ ਪੁਸਤਕ “ਗੱਲ ਕਹਾਣੀਆਂ ਦੀ…” ਤੇਜਿੰਦਰ ਚੰਡਿਹੋਕ ਦੁਆਰਾ ਲਿਖੇ ਗਏ ਤੀਹ ਕਹਾਣੀਆਂ ਦੀਆਂ ਪੁਸਤਕਾਂ ਦੇ ਰੀਵਿਊਆਂ ਦਾ ਸੰਗ੍ਰਹਿ ਹੈ। ਮੇਰੇ ਵਿਚਾਰ ਅਨੁਸਾਰ ਇਸ ਪੁਸਤਕ ਵਿੱਚ ਦੋ ਤਰ੍ਹਾਂ ਦੇ ਰੀਵਿਊ ਹਨ। ਪਹਿਲੀ ਕਿਸਮ ਦੇ ਉਹ ਹਨ ਜੋ ਅਖ਼ਬਾਰਾਂ ਵੱਲੋਂ ਭੇਜੀਆਂ ਗਈਆਂ ਪੁਸਤਕਾਂ ਦੇ ਆਧਾਰ ’ਤੇ ਲਿਖੇ ਗਏ ਹਨ। ਅਖ਼ਬਾਰਾਂ ਵਿੱਚ ਥਾਂ ਦੀ ਸੀਮਾ ਹੋਣ ਕਾਰਨ ਰੀਵਿਊ ਆਮ ਤੌਰ ’ਤੇ ਸੰਖੇਪ ਹੁੰਦੇ ਹਨ। ਪਰ ਉਹਨਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਇਸ ਸੰਖੇਪਤਾ ਵਿੱਚ ਵੀ ਪੁਸਤਕ ਦੀ ਪੂਰੀ ਤਸਵੀਰ ਪੇਸ਼ ਕਰਨ ਵਿੱਚ ਸਫਲ ਰਹਿੰਦੇ ਹਨ। ਥੋੜ੍ਹੇ ਸ਼ਬਦਾਂ ਵਿੱਚ ਉਹ ਪੁਸਤਕ ਦੇ ਮੁੱਖ ਵਿਸ਼ੇ, ਲੇਖਕ ਦੀ ਸੋਚ ਅਤੇ ਰਚਨਾ ਦੇ ਪ੍ਰਭਾਵ ਨੂੰ ਪਾਠਕ ਤੱਕ ਪਹੁੰਚਾ ਦਿੰਦੇ ਹਨ। ਦੂਜੀ ਕਿਸਮ ਦੇ ਰੀਵੀਊ ਉਹ ਹਨ ਜੋ ਲੇਖਕਾਂ ਵੱਲੋਂ ਭੇਜੀਆਂ ਪੁਸਤਕਾਂ ਦੇ। ਇਹਨਾਂ ਵਿਚ ਉਹ ਕਹਾਣੀਆਂ ਦੇ ਵਿਸ਼ੇ, ਪਾਤਰਾਂ, ਵਾਰਤਾਲਾਪ, ਕਹਾਣੀ ਦੇ ਵਿਸ਼ੇ ਦੀ ਪ੍ਰਸੰਗਤਾ ਦਾ ਡੂੰਘਾ ਅਧਿਐਨ ਕਰਦੇ ਹਨ। ਅਜਿਹੀ ਸਰਵ ਪੱਖੀ ਆਲੋਚਨਾਂ, ਪਾਠਕਾਂ ਨੂੰ ਸੰਬੰਧਤ ਪੜਸਤਕ ਦੀ ਸਾਹਿਤਕ ਮਹੱਤਤਾ ਨੂੰ ਸਮਝਣ ਵਿਚ ਸਹਾਈ ਹੁੰਦੀ ਹੈ।
ਮਿੰਨੀ ਕਹਾਣੀਆਂ ਬਾਰੇ ਉਨ੍ਹਾਂ ਦੀ ਪੜਚੋਲ ਇਸ ਗੱਲ ਦਾ ਸਬੂਤ ਹੈ ਕਿ ਉਹ ਰਚਨਾ ਦੇ ਆਕਾਰ ਦੀ ਬਜਾਏ ਉਸ ਦੇ ਪ੍ਰਭਾਵ ਨੂੰ ਮਹੱਤਵ ਦਿੰਦੇ ਹਨ। ਉਹ ਦਰਸਾਉਂਦੇ ਹਨ ਕਿ ਮਿੰਨੀ ਕਹਾਣੀ ਭਾਵੇਂ ਆਕਾਰ ਵਿੱਚ ਛੋਟੀ ਹੁੰਦੀ ਹੈ, ਪਰ ਜੇ ਉਸ ਵਿੱਚ ਵਿਚਾਰ ਦੀ ਡੂੰਘਾਈ ਅਤੇ ਕਲਾਤਮਕ ਪ੍ਰਭਾਵ ਹੋਵੇ ਤਾਂ ਉਹ ਪਾਠਕ ਦੇ ਮਨ ’ਤੇ ਵੱਡਾ ਅਸਰ ਛੱਡ ਸਕਦੀ ਹੈ। ਬਿੰਦਰ ਸਿੰਘ ਖੁੱਡੀਕਲਾਂ(ਕੋਸੀ ਕੋਸੀ ਧੁੱਪ) ਦੀਆਂ ਮਿੰਨੀ ਕਹਾਣੀਆਂ ਦੀ ਸਮੀਖਿਆ ਕਰਦਿਆਂ ਉਹ ਵਿਅੰਗ ਨੂੰ ਇਸ ਵਿਧਾ ਦੀ ਪ੍ਰਭਾਵਸ਼ਾਲੀ ਸ਼ਕਤੀ ਵਜੋਂ ਉਭਾਰਦੇ ਹਨ ਅਤੇ ਦੱਸਦੇ ਹਨ ਕਿ ਛੋਟੇ ਕਲੇਵਰ ਵਿੱਚ ਵੀ ਸਮਾਜਿਕ ਵਿਸੰਗਤੀਆਂ ’ਤੇ ਤਿੱਖੀ ਚੋਟ ਕੀਤੀ ਜਾ ਸਕਦੀ ਹੈ ਅਤੇ ਨਾਲ ਹੀ ਸ਼ੈਲੀ ਪੱਖੋਂ ਕਮਜ਼ੋਰੀ ਸੰਬੰਧੀ ਵੀ ਲੇਖਕ ਨੂੰ ਸੁਚੇਤ ਕਰਦੇ ਹਨ।
ਅਮਰ ਗਰਗ ਕਲਮਦਾਨ ਦੀਆਂ ਕਹਾਣੀਆਂ ਦੀ ਪੜਚੋਲ ਕਰਦਿਆਂ ਉਹ ਲੇਖਕ ਦੀ ਸਮਾਜਿਕ ਚੇਤਨਾ ਅਤੇ ਮਨੁੱਖੀ ਸੰਵੇਦਨਾ ਨੂੰ ਉਭਾਰਦੇ ਹਨ। ਉਹ ਦਰਸਾਉਂਦੇ ਹਨ ਕਿ ਕਹਾਣੀਆਂ ਵਿੱਚ ਸਮਕਾਲੀ ਜੀਵਨ ਦੀਆਂ ਸਮੱਸਿਆਵਾਂ ਅਤੇ ਮਨੁੱਖੀ ਰਿਸ਼ਤਿਆਂ ਦੀਆਂ ਜਟਿਲਤਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਹੋਰ ਲੇਖਕਾਂ ਦੀਆਂ ਪੁਸਤਕਾਂ ਬਾਰੇ ਵੀ ਉਹ ਰਚਨਾਵਾਂ ਦੇ ਚੰਗੇ ਪੱਖਾਂ ਨੂੰ ਸਾਹਮਣੇ ਲਿਆਉਂਦੇ ਹਨ ਅਤੇ ਜਿੱਥੇ ਲੋੜ ਹੋਵੇ ਉੱਥੇ ਸੁਧਾਰ ਦੀਆਂ ਸੰਭਾਵਨਾਵਾਂ ਵੱਲ ਵੀ ਸੰਕੇਤ ਕਰਦੇ ਹਨ।
ਮਾਲਵਿੰਦਰ ਸ਼ਾਇਰ (ਸਾਹਾਂ ਦਾ ਮੁੱਲ) ਵਿਚ ਉਹ ਪੁਸਤਕ ਦੀ ਸਮੀਖਿਆ ਕਰਦੇ-ਕਰਦੇ ਮਿੰਨੀ ਕਹਾਣੀ ਦੀ ਮੁੱਢਲੀ ਜਾਣਕਾਰੀ ਵੀ ਦੇ ਜਾਂਦੇ ਹਨ। ਨਿਰੰਜਣ ਬੋਹਾ (ਤੀਸਰੀ ਖਿੜਕੀ) ਵਿਚ ਉਹ ਲੇਖਕ ਨਾਲ ਸੰਖੇਪ ਜਿਹੀ ਮੁਲਾਕਾਤ ਕਰਵਾ ਕੇ ਪੁਸਤਕ ਦੀ ਪੜਚੋਲ ਸ਼ੁਰੂ ਕਰਦੇ ਹਨ। ਉਹਨਾਂ ਦਾ ਇਕ ਵਾਕ ਹੀ ਕਹਾਣੀਆਂ ਸੰਬੰਧੀ ਬਹੁਤ ਕੁਝ ਕਹਿ ਜਾਂਦਾ ਹੈ-“ਇਸ ਪੁਸਤਕ ਵਿਚਲੀਆਂ ਕਹਾਣੀਆਂ ਦਾ ਪਾਠ ਕਰਦਿਆਂ ਮੈਨੂੰ ਮਹਿਸੂਸ ਹੋਇਆ ਹੈ ਕਿ ਇਹ ਕਹਾਣੀਆਂ ਆਪਣੇ ਅੰਦਰ ਅਜੋਕੇ ਸਮਾਜ ਦੇ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਨਾਲ ਜੁੜੀਆਂ ਬਹੁਤ ਸਾਰੀਆਂ ਸੰਗਤੀਆਂ-ਵਿਸੰਗਤੀਆਂ ਨੂੰ ਸਮੋਈ ਬੈਠੀਆਂ ਹਨ।” ਪਰ ਪੁਸਤਕ ਵਿਚਲੀਆਂ ਪ੍ਰੂਫ ਰੀਡਿੰਗ ਦੀਆਂ ਗਲਤੀਆਂ ਦਾ ਵੀ ਜ਼ਿਕਰ ਕਰਦੇ ਹਨ। ਰਿਪੂਦਮਨ ਸਿੰਘ ਰੂਪ (ਪਹੁ-ਫੁਟਾਲੇ ਤੱਕ) ਦੀ ਕਹਾਣੀ ‘ਤਿੰਨ ਪਿਓਆਂ ਅਤੇ ਤਿੰਨ ਮਾਵਾਂ ਦੀ ਧੀ’ ਕਹਾਣੀ ਬਾਰੇ ਟਿੱਪਣੀ ਵੀ ਦੇੇਖਣ ਵਾਲੀ ਹੈ, ” ਕਹਾਣੀ ਰੋਚਕ ਹੈ। ਕਹਾਣੀ ਵਿਚ ਦਰਸਾਇਆ ਮਾਹੌਲ ਅੱਜ ਦੇ ਯੁੱਗ ਲਈ ਦੁਰਲੱਭ ਹੈ।”
ਤੇਜਿੰਦਰ ਚੰਡਿਹੋਕ ਦੀ ਆਲੋਚਨਾ ਦਾ ਇੱਕ ਮਹੱਤਵਪੂਰਨ ਪੱਖ ਇਹ ਹੈ ਕਿ ਉਹ ਲੇਖਕ ਪ੍ਰਤੀ ਸਤਿਕਾਰ ਰੱਖਦੇ ਹੋਏ ਵੀ ਸਾਹਿਤਕ ਮਿਆਰਾਂ ਨਾਲ ਸਮਝੌਤਾ ਨਹੀਂ ਕਰਦੇ। ਉਹ ਰਚਨਾ ਦੀਆਂ ਉਪਲਬਧੀਆਂ ਨੂੰ ਸਵੀਕਾਰ ਕਰਦੇ ਹਨ, ਪਰ ਭਾਸ਼ਾਈ ਜਾਂ ਕਲਾਤਮਕ ਕਮੀਆਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਦੇ। ਇਸ ਕਾਰਨ ਉਨ੍ਹਾਂ ਦੇ ਰੀਵਿਊ ਸੰਤੁਲਿਤ, ਵਿਸ਼ਵਾਸਯੋਗ ਅਤੇ ਸਾਹਿਤਕ ਮੁੱਲਾਂ ਵਾਲੇ ਬਣਦੇ ਹਨ।
ਸਮੁੱਚੇ ਤੌਰ ’ਤੇ “ਗੱਲ ਕਹਾਣੀਆਂ ਦੀ…” ਕੇਵਲ ਰੀਵਿਊਆਂ ਦਾ ਸੰਗ੍ਰਹਿ ਨਹੀਂ, ਸਗੋਂ ਪੰਜਾਬੀ ਕਹਾਣੀ ਸਾਹਿਤ ਦੇ ਮੁਲਾਂਕਣ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਇਹ ਪੁਸਤਕ ਇਕ ਪ੍ਰਬੁੱਧ ਆਲੋਚਕ ਦੀ ਡੂੰਘੀ ਪੜ੍ਹਤ, ਆਲੋਚਨਾਤਮਕ ਸਮਰੱਥਾ ਅਤੇ ਸਾਹਿਤ ਪ੍ਰਤੀ ਉਨ੍ਹਾਂ ਦੀ ਗੰਭੀਰ ਵਚਨਬੱਧਤਾ ਦਾ ਪ੍ਰਮਾਣ ਹੈ। ਸੰਖੇਪ ਰੀਵਿਊ ਹੋਣ ਜਾਂ ਵਿਸਥਾਰਪੂਰਵਕ ਆਲੋਚਨਾਤਮਕ ਲੇਖ—ਹਰ ਥਾਂ ਉਨ੍ਹਾਂ ਦੀ ਨਿਰਪੱਖ ਦ੍ਰਿਸ਼ਟੀ ਅਤੇ ਸਾਹਿਤਕ ਸੂਝ ਸਪਸ਼ਟ ਦਿਖਾਈ ਦਿੰਦੀ ਹੈ।
ਪ੍ਰੀਤ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ 96 ਪੰਨਿਆਂ ਦੀ ਇਸ ਪੁਸਤਕ ਦੀ ਕੀਮਤ 200 ਰੁਪਏ ਹੈ। ਪੁਸਤਕ ਦਾ ਸਵਰਕ ਦਿਲ ਖਿੱਚਵਾਂ ਹੈ।
ਰਵਿੰਦਰ ਸਿੰਘ ਸੋਢੀ
ਕੈਲਗਰੀ, ਕੈਨੇਡਾ





