ਤੇਜਿੰਦਰ ਚੰਡਿਹੋਕ ਐਮ ਏ
ਪੁਸਤਕ ਦਾ ਨਾਂ – ਸਕੂਨ ਭਾਲ਼ਦਾ ਮਨੁੱਖ (ਕਹਾਣੀ ਸੰਗ੍ਰਹਿ)
ਲੇਖਿਕਾ ਦਾ ਨਾਂ – ਸੋਮਾ ਸਬਲੋਕ (ਡਾ.)
ਪੰਨੇ – 128 ਮੁੱਲ – 180/- ਰੁਪਏ
ਪ੍ਰਕਾਸ਼ਕ – ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ।

(ਸਮਾਜ ਵੀਕਲੀ) ਬਹੁ ਵਿਧਵੀ ਲੇਖਿਕਾ ਸੋਮਾ ਸਬਲੋਕ ਸਾਹਿਤ ਜਗਤ ਵਿਚ ਜਾਣੀ ਪਛਾਣੀ ਸਖਸ਼ੀਅਤ ਹੈ ਜਿਸ ਨੇ ਸਾਹਿਤ ਦੀ ਝੋਲੀ ਵਿੱਚ ਕਵਿਤਾ, ਕਹਾਣੀ, ਨਾਵਲੈੱਟ, ਸਵੈ-ਜੀਵਨੀ ਅਤੇ ਅਨੁਵਾਦ ਦਾ ਖ਼ਜਾਨਾ ਪਾਇਆ ਹੈ। ਪੱਤਾ – ਪੱਤਾ ਜ਼ਿੰਦਗੀ ਅਤੇ ਕਿਰਚਾਂ ਤੋਂ ਬਾਅਦ ਸਕੂਨ ਭਾਲ਼ਦਾ ਮਨੁੱਖ ਉਸ ਦਾ ਤੀਜਾ ਕਹਾਣੀ ਸੰਗ੍ਰਹਿ ਹੈ। ਇਸ ਕਹਾਣੀ ਸੰਗ੍ਰਹਿ ਵਿਚ ਉਸ ਨੇ ਦਸ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਉਸ ਦੀਆਂ ਕਹਾਣੀਆਂ ਵਿਚੋਂ ਵੀਡੀਓਗਰਾਫੀ ਦਿਖਾਈ ਦਿੰਦੀ ਹੈ ਭਾਵ ਇਕ ਰੀਲ ਵਾਂਗ ਚਲਦੀਆਂ ਹਨ। ਇਸੇ ਕਰਕੇ ਪੁਸਤਕ ਦੇ ਮੁੱਖ ਬੰਦ ਵਿਚ ਡਾਕਟਰ ਜੋਗਿੰਦਰ ਸਿੰਘ ਨਿਰਾਲਾ ਹੁਰਾਂ ਨੇ ਕਿਹਾ ਹੈ ਕਿ ਇਸ ਦੀ ਰਚਨਾ ਫੋਟੋਗ੍ਰਾਫੀ ਨਹੀਂ ਸਗੋਂ ਵੀਡੀਓਗਰਾਫੀ ਹੈ। ਭਾਵ ਉਸ ਦੀਆਂ ਕਹਾਣੀਆਂ ਇਸ ਦ੍ਰਿਸ਼ ਸਿਰਜਦੀਆਂ ਹਨ। ਪੁਸਤਕ ਦੀ ਸਿਰਲੇਖਤ ਕਹਾਣੀ ਭਾਵੇਂ ਪੁਸਤਕ ਵਿਚ ਨਹੀਂ ਹੈ, ਪਰ ਪੁਸਤਕ ਦਾ ਇਹ ਸਿਰਲੇਖ ਰੱਖਣਾ ਵੀ ਉਸ ਦਾ ਮਕਸਦ ਹੈ।
ਪੁਸਤਕ ਦਾ ਨਿਰੀਖਣ ਕਰਦੇ ਹੋਏ ਮਨ ਵਿਚ ਇਕ ਸਵਾਲ ਪੈਦਾ ਹੁੰਦਾ ਹੈ ਕਿ ਸਮਾਜ ਵਿਚ ਮਨੁੱਖ ਦੇ ਜੀਵਨ ਅੰਦਰ ਸਕੂਨ ਦੀ ਬਹੁਤ ਘਾਟ ਹੈ। ਅੱਜ ਦੀ ਤੇਜ ਤਰਾਰ ਜ਼ਿੰਦਗੀ ਵਿਚ ਸਕੂਨ ਕਿੱਥੇ ਹੈ? ਮਨੁੱਖ ਤਾਂ ਇੰਨਾ ਵਿਅਸਤ ਹੋ ਗਿਆ ਹੈ ਕਿ ਇਸ ਨੂੰ ਸਕੂਨ ਮਹਿਸੂਸ ਹੀ ਨਹੀਂ ਹੁੰਦਾ। ਉਸ ਦੀਆਂ ਕਹਾਣੀਆਂ ਵਿਚ ਹਉਮੈ, ਸਵੈਮਾਨ,ਆਪਣਾਪਨ, ਇੱਜ਼ਤ ਆਦਿ ਪਹਿਲੂ ਸ਼ਾਮਲ ਹਨ। ਪੁਸਤਕ ਦੀ ਪਲੇਠੀ ਕਹਾਣੀ ‘ਗੁੰਮ ਗੰਢ’ ਦੀ ਪਾਤਰ ਸਕੇਸ਼ ਕੁਲਕਰਣੀ ਕਾਮਿਨੀ ਸਿਰਫ ਕਾਮਿਨੀ ਤੋਂ ਜਾਣੂ ਹੁੰਦੀ ਹੈ ਜਿਹੜੀ ਆਪਣੀ ਪੁੱਛ ਪੜਤਾਲ ਵਧਾਉਣ ਲਈ ਆਪਣੇ ਹਉਮੈ ਵਿਚ ਹੈ ਅਤੇ ਘਰੇਲੂ ਔਰਤਾਂ ਨੂੰ ਹੋਲ ਟਾਈਮ ਬਾਈਆਂ ਦੱਸਦੀ ਹੈ। ਕਹਾਣੀ ਵਿਚ ਹੋਰ ਔਰਤ ਤਾਨੀਆ – ਵਿਸ਼ਵ ਗੁਪਤਾ ਦੀ ਕਹਾਣੀ ਸੇਕਸ – ਕਾਮਿਨੀ ਦੀ ਕਹਾਣੀ ਨਾਲ ਮੇਲ ਖਾਂਦੀ ਹੈ। ਇਹ ਦੋਨੋ ਔਰਤਾਂ ਅਪਣਾ ਸਵੈਮਾਨ ਕਾਇਮ ਰੱਖਣਾ ਚਾਹੁੰਦੀਆਂ ਹਨ। ਹਰ ਔਰਤ ਜਾਣਦੀ ਹੈ ਕਿ ਜੇਕਰ ਕਿਸੇ ਦਾ ਖਾਸ ਕਰਕੇ ਪਤੀ ਦਾ ਦਿਲ ਜਿੱਤਣਾ ਹੋਵੇ ਤਾਂ ਉਸਦੇ ਪੇਟ ਦੇ ਜਰੀਏ ਉਸਦੇ ਦਿਮਾਗ਼ ਤੱਕ ਪਹੁੰਚੋ। ਕਹਾਣੀ ਵਿਚ ਸ਼ਬਦ ਤਰਕੀਬ ਦੀ ਥਾਂ ਤਰਤੀਬ ਵਰਤਿਆ ਗਿਆ ਹੈ ਜੋ ਸਹੀ ਨਹੀਂ ਹੈ। ਕਹਾਣੀ ‘ਤੁਸੀਂ’ ਵਿਚ ਵੀ ਪਾਤਰ ਨੂੰ ਤੂੰ ਤੋਂ ਤੁਸੀਂ ਕਹਿਣ ਤੇ ਜਿਥੇ ਉਹ ਅਚੰਭਿਤ ਹੁੰਦਾ ਹੈ, ਉਥੇ ਆਪਣਾ ਮਾਣ ਵੀ ਮਹਿਸੂਸਦਾ ਹੈ।
ਤੀਜੀ ਕਹਾਣੀ ‘ਤ੍ਰਿਪਤੀ’ ਆਪਣੀ ਵਾਰਤਾਲਾਪ ਰਾਹੀਂ ਪਾਠਕਾਂ ਵਿਚ ਦਿਲਚਸਪੀ ਪੈਦਾ ਕਰਦੀ ਹੈ। ਕਹਾਣੀ ਦੀ ਨਾਇਕਾ ਤ੍ਰਿਪਤੀ ਆਪਣੇ ਪਿਤਾ ਤੋਂ ਸਿੱਖ ਕੇ ਮੈਡੀਕਲ ਸੂਚਨਾ ਕੇਂਦਰ ਦੀ ਮਾਲਕ ਬਣਦੀ ਹੈ ਜਿਹੜੀ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਦਾ ਕਾਰਜ ਕਰਦੀ ਹੈ। ਇਸ ਵਿਚ ਤ੍ਰਿਪਤੀ ਦੀ ਮਾਂ ਦਾ ਆਪਣੇ ਘਰਵਾਲੇ ਦੀ ਬੇਰੁੱਖੀ ਕਰਨ ਘਰ ਛੱਡ ਕੇ ਜਾਣਾ ਤੇ ਫਿਰ ਇਕ ਬੇਟੀ ਨੂੰ ਦੀਵਾਲੀ ਵਾਲੇ ਦਿਨ ਪੱਤਰ ਭੇਜ ਕੇ ਮਿਲਣਾ ਉਧਰ ਦੂਜੇ ਪਾਸੇ ਚੌਧਰੀ ਦੀ ਦੂਜੀ ਵਹੁਟੀ ਦਾ ਕਿਸੇ ਹੋਰ ਨੂੰ ਪਿਆਰ ਕਰਨਾ, ਤ੍ਰਿਪਤੀ ਦੀ ਮਾਂ ਵਲੋ ਆਪਣੇ ਲਾਲਚ ਵਿੱਚ ਉਸ ਲਈ ਸਾਕ ਲੱਭਣਾ ਆਦਿ ਇਹ ਸਮਾਜ ਨੂੰ ਕਿਸ ਦਿਸ਼ਾ ਵੱਲ ਮੋੜਦਾ ਹੈ?
ਕਹਾਣੀ ‘ਡੱਬੀ’ ਅਤੀਤ ਵਿਚ ਗੁਆਚੀ ਔਰਤ ਦੀ ਕਹਾਣੀ ਹੈ। ਜਿਸ ਦਾ ਪੁੱਤਰ ਵਿਦੇਸ਼ ਗਿਆ ਆਪਣੇ ਪਿਓ ਤੇ ਦਾਦੀ ਦੀ ਮੌਤ ਤੇ ਵਾਪਿਸ ਨਹੀਂ ਆਇਆ। ਅਜੋਕੇ ਦੌਰ ਦੀ ਇਹ ਵਿਡੰਬਣਾ ਹੈ ਕਿ ਅਸੀਂ ਬੱਚਿਆਂ ਨੂੰ ਉਹਨਾਂ ਦੇ ਭਵਿੱਖ ਲਈ ਵਿਦੇਸ਼ ਭੇਜ ਦਿੰਦੇ ਹਾਂ ਪਰ ਉਹ ਉੱਥੇ ਇੰਨੇ ਵਿਅਸਤ ਹੋ ਜਾਂਦੇ ਹਨ ਕਿ ਆਪਣੀ ਭੂਮੀ, ਪਰਿਵਾਰ ਨੂੰ ਵੀ ਭੁੱਲ ਜਾਂਦੇ ਹਨ। ਪੈਸੇ ਦੀ ਖਿੱਚ ਉਹਨਾਂ ਨੂੰ ਮੁੜ ਪਿੱਛੇ ਪਰਿਵਾਰ ਵਿਚ ਨਹੀਂ ਆਉਣ ਦਿੰਦੀ। ਸਭ ਦੇ ਹੁੰਦਿਆਂ ਵੀ ਕੋਈ ਨਹੀਂ ਹੁੰਦਾ। ਪਾਤਰ ਕ੍ਰਿਸ਼ਨਾ ਦੇ ਅਨੁਸਾਰ ” ਸਭ ਹੈਗੇ – ਸਭ ਆਪੋ ਆਪਣੇ ਵਿਚ ਆਪਣਿਆਂ ਨਾਲ ਮਸਤ –। ” ਕਹਾਣੀ ਵਿਚ ਸ਼ਬਦ ਜੁ ਦੀ ਥਾਂ ਜਿਉਂ ਲਿਖਿਆ ਹੈ ਅਤੇ ਇੱਕ ਥਾਂ ਕ੍ਰਿਸ਼ਨਾ ਨੂੰ ਜਮਨਾ ਲਿਖਿਆ ਹੈ।
‘ਚਿਰਾਗ਼’ ਕਹਾਣੀ 1983-84 ਦਾ ਦੁਖਾਂਤ ਪੇਸ਼ ਕਰਦੀ ਹੈ ਜਿਸ ਵਿਚ ਬੇਅੰਤ ਅਤੇ ਹੁਸੈਨ ਦਾ ਮਾਰੇ ਜਾਣਾ ਅਤੇ ਕੋਵਿਡ ਦੀ ਦਹਿਸ਼ਤ ਦਾ ਵਰਨਣ ਵੀ ਮਿਲਦਾ ਹੈ। ਕਹਾਣੀ ਵਿਚ ਸੰਜੀਦਗੀ, ਧਰਮ ਅਤੇ ਰਾਜਨੀਤਕ ਪ੍ਰਭਾਵ ਪ੍ਰਬਲ ਦਿਖਾਈ ਦਿੰਦਾ ਹੈ। ਕਹਾਣੀ ‘ਜਨਮ ਸਫ਼ਲ ਹੋਇਓ ਮੈਂਡਾ’ ਪਾਖੰਡੀ ਬਾਬਿਆਂ ਤੇ ਭਰੂਣ ਹੱਤਿਆਂ ਦੀ ਗੱਲ ਕਰਦੀ ਹੈ। ਕਹਾਣੀ ਵਿਚ ਇਕ ਥਾਂ ਪਾਤਰ ਸੂਰਮਾ ਉਰਫ ਸੁਮੇਰ ਸਿੰਘ ਨੂੰ ਟਿਫਨ ਲੈ ਕੇ ਬਾਹਰ ਜਾਣ ਦੀ ਗੱਲ ਆਖੀ ਹੈ ਜਦੋਂ ਕਿ ਪਹਿਲਾਂ ਉਹ ਟਿਫਨ ਲੈ ਕੇ ਹੀ ਨਹੀਂ ਆਇਆ ਦੱਸਿਆ ਗਿਆ ਹੈ। ਪੁਸਤਕ ਦੀ ਆਖਰੀ ਕਹਾਣੀ ‘ਗਰਮ ਰੋਟੀ’
ਸਾਡੇ ਮੌਜੂਦਾ ਸਮਾਜ ਤੇ ਤਨਜ ਕਸਦੀ ਹੈ। ਪਾਤਰ ਗੁਰਮੁੱਖ ਦਾ ਮੁੰਡਾ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਹੈ ਅਤੇ ਗੁਰਮੁੱਖ ਦੀ ਪਤਨੀ ਦੀ ਮੌਤ ਤੋਂ ਬਾਅਦ ਉਹ ਇਕੱਲਾਪਨ ਹੰਢਾਉਂਦਾ ਹੈ। ਇਸ ਬਾਰੇ ਕਿਸੇ ਨੂੰ ਕੋਈ ਚਿੰਤਾ ਨਹੀਂ ਹੈ। ਇਹ ਸਾਡੇ ਸਮਾਜ ਦਾ ਸੱਚ ਹੈ ਕਿ ਕਿਸੇ ਨੂੰ ਕਿਸੇ ਬਾਰੇ ਕੋਈ ਚਿੰਤਾ ਨਹੀਂ ਹੁੰਦੀ ਸਿਰਫ ਉਹੀ ਸੰਤਾਪ ਹੰਢਾਉਂਦਾ ਹੈ ਜਿਸ ਨਾਲ ਘਟਨਾ ਵਾਪਰੀ ਹੋਵੇ। ਨਾ ਬੱਚੇ, ਨਾ ਸਮਾਜ ਤੇ ਨਾ ਰਿਸ਼ਤੇਦਾਰ ਉਸ ਦੀ ਇਕੱਲਤਾ ਦੂਰ ਕਰਨ ਬਾਰੇ ਸੋਚਦੇ ਹਨ। ਘਟਨਾ ਤੋਂ ਬਾਅਦ ਹਰ ਕੋਈ ਆਪਣੇ ਵਿੱਚ ਮਸਤ ਹੋ ਜਾਂਦਾ ਹੈ। ਉਂਜ ਅਸੀਂ ਪੱਛਮੀ ਸੱਭਿਅਤਾ ਨੂੰ ਅਪਣਾਉਣ ਦੀ ਗੱਲ ਕਰਦੇ ਹਾਂ ਪਰ ਇਸ ਮਾਮਲੇ ਵਿੱਚ ਬਿਲਕੁੱਲ ਚੁੱਪ ਹੁੰਦੇ ਹਾਂ।
ਇਸ ਇਕੱਲਤਾ ਨੂੰ ਦੂਰ ਕਰਨ ਲਈ ਗੁਰਮੁੱਖ ਅਪਣਾ ਦੂਜਾ ਵਿਆਹ ਬਚਨ ਕੌਰ ਨਾਲ ਕਰਵਾ ਲੈਂਦਾ ਹੈ ਭਾਵੇਂ ਉਸ ਦੇ ਸਾਕ ਸਬੰਧੀ ਜਾਂ ਸਮਾਜ ਬੁਰਾ ਮੰਨਦਾ ਹੈ। ਇਸ ਕਹਾਣੀ ਵਿਚ ਇਕ ਪਹਿਰੇ ਦਾ ਦੁਹਰਾਅ ਕੀਤਾ ਗਿਆ ਹੈ।
ਇਸੇ ਤਰ੍ਹਾਂ ਪੁਸਤਕ ਵਿਚਲੀਆਂ ਹੋਰ ਕਹਾਣੀਆਂ ਕਵਾਰ ਖਾਤਾ, ਚਾਂਦੀ ਰੰਗੀ ਸਵੇਰ ਅਤੇ ਮੁਕਤੀ ਵੀ ਚੰਗੀਆਂ ਹਨ। ਕਹਾਣੀਆਂ ਵਿਚ ਲੇਖਿਕਾ ਨੇ ਢੁਕਵੇਂ ਥਾਂ ਮੁਹਾਵਰਿਆਂ ਦੀ ਵਰਤੋਂ ਕੀਤੀ ਹੈ। ਪੁਸਤਕ ਅੱਜ ਦੇ ਆਧੁਨਿਕ ਸਮਾਜ ਤੇ ਚੰਗਾ ਵਿਅੰਗ ਕਸਦੀ ਹੈ। ਲੇਖਿਕਾ ਨੇ ਸਮਾਜ ਵਿਚ ਆਪਣੀਆਂ ਰਚਨਾਵਾਂ ਰਾਹੀਂ ਬਦਲਾਅ ਲਿਆਉਣ ਲਈ, ਅਤੇ ਔਰਤ ਦੀ ਤ੍ਰਾਸਦੀ ਨੂੰ ਘਟਾਉਣ ਦਾ ਯਤਨ ਕੀਤਾ ਹੈ। ਪੁਸਤਕ ਪੜ੍ਹਨਯੋਗ ਹੀ ਨਹੀਂ ਸਗੋਂ ਵਿਚਾਰ ਕਰਕੇ ਅਮਲ ਕਰਨ ਯੋਗ ਹੈ। ਸਾਹਿਤਕ ਖੇਤਰ ਵਿੱਚ ਪੁਸਤਕ ਦਾ ਸਵਾਗਤ ਕਰਨਾ ਬਣਦਾ ਹੈ।
ਸਾਬਕਾ ਏ ਐਸ ਪੀ (ਰਾਸ਼ਟਰਪਤੀ ਅਵਾਰਡੀ)
ਪ੍ਰਧਾਨ, ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ।
ਸੰਪਰਕ – 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



