ਕਹਾਣੀ \ਇੱਕ ਵਾਅਦਾ ਜੋ ਨਿਭਿਆ ਨਾ

(ਬਲਰਾਜ ਚੰਦੇਲ ਜੰਲਧਰ)

(ਸਮਾਜ ਵੀਕਲੀ)-ਆਅ ਅਜੇ ਥੋੜੇ ਦਿਨਾਂ ਦੀ ਤਾਂ ਗੱਲ ਆ ,ਬੈਠੇ ਮਹਿੰਦਰ ਸਿੰਘ ਤੇ ਸੁਰਿੰਦਰ ਕੌਰ ਸ਼ੁਗਲੀਆਂ ਕਰਦੇ ਸੀ।ਮਹਿੰਦਰ ਸਿੰਘ ਇੱਕ ਛੋਟੀ ਜਿਹੀ  ਵੀਡੀਓ ਕੱਲਿਪ ਦੇਖ ਰਿਹਾ ਸੀ ਜਿਸ ਵਿੱਚ ਛੋਟੇ ਛੋਟੇ ਬੱਚੇ ਕਵਾਲੀ ਦੀਆਂ ਦੋ ਚਾਰ  ਸਤਰਾਂ ਗਾ  ਰਹੇ ਸੀ।ਮਹਿੰਦਰ ਸਿੰਘ ਨੇ ਅਵਾਜ਼ ਮਾਰੀ ,

ਸੱਸ ਦੀਏ ਛਿੰਦੀਏ ਆਹ ਦੇਖ, ਆਅ ਬੱਚੇ  ਕਿਵੇਂ ਪੁਰਾਣੀ ਕਵਾਲੀ ਦੀਆਂ ਨਕਲਾਂ  ਲਗਾ ਰਹੇ ।ਸੁਰਿੰਦਰ ਕੌਰ ਨੂੰ ਉਸਦੀ ਸੱਸ ਪਿਆਰ ਨਾਲ ਛਿੰਦੀ ਕਹਿੰਦੀ ਸੀ। ਕਦੇ ਕਦੇ ਮਹਿੰਦਰ ਸਿੰਘ ਵੀ  ਮਜ਼ਾਕ  ਵਿੱਚ ਛਿੰਦੀਏ  ਕਹਿ ਦਿੰਦਾ ਸੀ।ਸੁਰਿੰਦਰ ਕੌਰ ਵੀ ਸੁਣ ਤੇ ਦੇਖ ਕੇ ਹੱਸੀ ਜਾਵੇ।ਬੱਚੇ  ਨਕਲਾਂ  ਲਗਾ  ਰਹੇ ਸੀ
“ਹਮ ਸੇ ਯੇਹ ਸੋਚ ਕਰ ਕੋਈ ਵਾਅਦਾ ਕਰੋ ,
ਇੱਕ ਵਾਅਦੇ ਪੇ ਉਮਰੇ ਗੁਜ਼ਰ ਜਾਏਂਗੀ ———
ਸੁਰਿਦਰ ਕੌਰ ਕੁੱਝ ਸੰਜੀਦਾ ਜਹੀ ਹੋ ਗਈ ,ਕਹਿੰਦੀ ਸੁਣੋ ਜੀ ਇੱਕ ਗੱਲ ਦੱਸੋ ਜੀ ਪਹਿਲਾਂ ਤਾਂ ਤੁਹਾਡੇ ਮਾਪਿਆਂ ਦੀ ਸੁਣਦੀ ਰਹੀ, ਹੁਣ ਤੁਹਾਡੇ ਬੱਚਿਆਂ ਦੀ ਸੁਣਦੀ ਰਹੀ ,ਆਪਾਂ ਇੱਕ ਦੂਜੇ ਦੀ ਕਦੋ ਸੁਨਣੀ ਜੀ।
ਓਹੋ! ਸੁਰਿੰਦਰ ਕੌਰੇ,ਅਜ ਕੀ ਹੋ ਗਿਆ ਤੈਨੂੰ?
ਮਹਿੰਦਰ ਸਿੰਘ ਨੇ ਮਿੱਠਾ ਜਿਹਾ ਹੋਕੇ ਪੁੱਛਿਆ।
ਨਹੀਂ ਜੀ, ਸੁਣੋ ਹੁਣ ਪੰਜਾਹ ਸਾਲ ਹੋ ਗਏ ਅਪਣੇ ਵਿਆਹ ਨੂੰ। ਸੁਰਿੰਦਰ ਕੌਰ  ਨਹੋਰੇ ਜਿਹੇ ਨਾਲ ਬੋਲੀ।
ਹਾਂ ਦੱਸ ਫੇਰ ? ਮਹਿੰਦਰ ਸਿੰਘ ਬੋਲਿਆ।
ਉਹ ਕੀ ਹੁੰਦੀ? ਮੈਰਿਜ਼ ਐਨਵਰਸਰੀ,ਆਪਾ  ਮਨਾਉਣਈ ਆਂ ਉਹ ਗੋਲਡਨ ਜੁਬਲੀ ,
ਸੁਰਿੰਦਰ ਕੌਰ ਬੋਲੀ। ਠੀਕ ਆ, ਇਹ ਵੀ ਕੋਈ ਪਰੇਸ਼ਾਨ ਹੋਣ ਵਾਲੀ ਗੱਲ ਆ, ਜਿਵੇਂ ਤੂੰ ਕਹੇ।ਆਪਾ ਕਰ ਲੈਨੇ ਆ ਤਿਆਰੀ।ਬੱਚਿਆਂ ਨੂੰ ਬੁਲਾ ਲਵਾਂਗੇ।ਮਹਿੰਦਰ ਸਿੰਘ ਨੇ ਦਿਲ ਹੌਲਾ ਕਰਦੀ ਸੁਰਿੰਦਰ ਕੌਰ ਨੂੰ  ਹੌਂਸਲਾ ਦਿੰਦੇ ਹੋਏ ਕਿਹਾ।
ਦੋਨੋ ਬੱਚੇ ਪੜ੍ਹ ਲਿਖਕੇ ਚੰਗੀਆਂ ਨੌਕਰੀਆਂ ਤੇ ਸੈੱਟ ਸੀ, ਅਪਣੇ ਪਰਿਵਾਰਾਂ ਨਾਲ ।ਮਾਂ ਬਾਪ ਦੇ ਕਹਿਣੇ ਕਾਰ ਤੇ ਇੱਜਤ ਕਰਨ ਵਾਲੇ।
ਮਹਿੰਦਰ ਸਿੰਘ ਤੇ ਸੁਰਿੰਦਰ ਕੌਰ ਕਦੇ ਓਨਾਂ ਕੋਲ ਚਲੇ ਜਾਂਦੇ ਤੇ ਕਦੇ ਉਹ ਆਕੇ ਮਿਲ ਜਾਂਦੇ।
ਆਪ ਵੀ ਦੋਨਾ ਨੂੰ ਰਿਟਾਇਰਮੈਂਟ ਤੋਂ ਬਾਦ  ਪੈਨਸ਼ਨ ਲੱਗੀ ਹੋਈ ਸੀ।
ਯਾਨੀ ਕਿ ਕੋਈ ਦਿੱਕਤ  ਜਾਂ ਪਰੇਸ਼ਾਨੀ ਨਹੀਂ ਸੀ।
ਹੁਣ ਵਿਆਹ  ਦੀ ਵਰ੍ਹੇਗੰਢ  ਵਾਲੀ ਤਾਰੀਖ ਆਉਣ ਵਾਲੀ ਸੀ।  ਬੱਚਿਆਂ ਨਾਲ ਫੰਕਸ਼ਨ ਦੀਆਂ ਸਲਾਹਾਂ  ਹੋ ਗਈਆਂ।
ਸੁਰਿੰਦਰ ਕੌਰ ਕਵਾਲੀ ਦੀਆਂ ਸਤਰਾਂ ਗੁਣ ਗੁਣਾਉਂਦੀ  ਨੇ ਜਰੂਰੀ ਕੰਮਾਂ ਦੀਆਂ ਲਿਸਟਾਂ ਵੀ ਤਿਆਰ  ਕਰ ਲਈਆਂ। ਬੱਚੇ ਆ ਗਏ ।ਰਿਸ਼ਤੇਦਾਰਾਂ  ਨੂੰ ਸੱਦੇ ਪੱਤਰ ਭੇਜ ਦਿੱਤੇ ਗਏ। ਫੰਕਸ਼ਨ  ਵਾਲੇ ਦਿਨ  ਸਟੇਜ ਬਣਾਈ ਗਈ ।ਸਾਰੇ ਮਹਿਮਾਨ ਵੀ ਆ ਗਏ ।ਮਹਿੰਦਰ ਸਿੰਘ ਨੇ ਇੱਕ ਸਰਪਰਾਈਜ਼ ਗਿਫ਼ਟ ਵੀ ਤਿਆਰ ਕਰ  ਲਿਆ। ਬੱਚਿਆਂ ਨੇ ਸੁਰਿੰਦਰ ਕੌਰ ਨੂੰ  ਦੁੱਲਹਨ ਵਾਂਗ ਸਜਾ ਦਿੱਤਾ। ਵਧੀਆ ਤਰੀਕੇ ਨਾਲ ਤਿਆਰ ਹੋਕੇ ਮਹਿੰਦਰ ਸਿੰਘ ਵੀ ਸਟੇਜ ਤੇ ਚੜ ਕੇ ਬੈਠ ਗਿਆ ।ਬੱਚਿਆਂ ਦੇ ਸਿਖਾਏ ਮੁਤਾਬਿਕ ਮਹਿੰਦਰ ਸਿੰਘ ਨੇ ਕਿਹਾ ਕਿ ਵਿਆਹ ਤੋ ਪਹਿਲਾਂ ਮੈਂ ਪਰਪੋਜ਼ ਨਹੀਂ ਕੀਤਾ ਸੀ,ਰਿਵਾਜ ਵੀ ਨਹੀਂ ਸੀ,ਹੁਣ ਸਾਰਿਆਂ ਸਾਹਮਣੇ ਪਰੋਪੋਜ਼ ਕਰਦਾ ਹਾਂ ਤੇ ੳਸਨੇ ਸੁਰਿੰਦਰ ਕੌਰ ਦਾ ਹੱਥ ਫੜਕੇ ਸਰਪਰਾਈਜ਼ ਗਿਫ਼ਟ ਵਜੋਂ ਲਿਆਂਦੀ ਰਿੰਗ ਉਸਦੀ ਉੰਗਲੀ ਵਿੱਚ  ਪਾ ਦਿੱਤੀ।  ਨਾਲੇ ਕਿਹਾ ਲੈ ਹੋ ਗਈ ਸੱਸ ਦੀਏ ਛਿੰਦੀਏ ਤੇਰੀ ਰਿੰਗ ਸੈਰੇਮਨੀ ਜੋ ਕਹਿੰਦੀ ਰਹਿੰਦੀ ਸੀ, ਬਈ ਹੋਈ ਨਹੀਂ।
ਹਲਕੀ ਹਲਕੀ ਕਵਾਲੀ ਦੀ  ਓਸੇ ਧੁਨ ਵਿੱਚ ਸਾਰਿਆਂ ਨੇ ਖੂਬ ਤਾਲੀ ਵਜਾਈ।
ਸੁਰਿੰਦਰ ਕੌਰ  ਹੱਸ ਕੇ ਕਹਿੰਦੀ ਸੁਣੋ ਜੀ ਬਿਨਾਂ  ਵਾਅਦਿਆਂ ਤੋ ਸਾਰੀ ਜਿੰਦਗੀ ਕੱਢ ਲਈ ,ਲੱਗਦੇ ਹੱਥ ਆ ਕਵਾਲੀ ਵਾਲਾ ਕੋਈ ਵਾਅਦਾ ਵੀ ਕਰ ਲੋ।ਮਹਿੰਦਰ ਸਿੰਘ ਨੇ ਮਾਇਕ ਫੜਿਆ ਤੇ ਕਹਿੰਦਾ ,ਸੁਣੋ ਵੀ ਸਜਣੋ ਮਿਤਰੋ ,ਮੈਂ  ਵਾਅਦਾ ਕਰਦਾ ,ਅੱਜ ਤੋਂ ਬਾਅਦ ਕੋਈ ਵੀ ਕੰਮ ਸੁਰਿੰਦਰ ਕੌਰ ਨੂੰ ਪੁੱਛੇ ਬਿਨਾਂ ਨਹੀਂ  ਕਰੂੰਗਾ। ਇਸਨੂੰ  ਪੁੱਛੇ ਬਿਨਾਂ  ਸਾਹ ਵੀ ਨਹੀਂ  ਲਵਾਂਗਾ। ਸਾਰੇ ਹੱਸ ਹੱਸ ਕੇ ਦੋਹਰੇ ਹੋਈ ਜਾਣ।ਸਾਰਿਆਂ  ਨੇ ਖਾਣ ਪੀਣ  ਦਾ ਆਨੰਦ ਮਾਣਿਆ ਤੇ ਖੁਸ਼ੀ ਖੁਸ਼ੀ ਵਿਦਿਆ ਹੋ ਗਏ।
ਘਰ ਆਏ ,ਸਾਰੇ ਬਹੁਤ ਖੁਸ਼ ਖੁਸ਼ ਸੀ।
ਵੇਹਲੀ ਹੋਕੇ ਸੁਰਿੰਦਰ ਕੋਰ ਬਾਥਰੂਮ ਗਈ ਤੇ ਪੈਰ ਫਿਸਲ ਗਿਆ,  ਡਿੱਗ ਕੇ ਬੇਹੋਸ਼ ਹੋ ਗਈ।
ਸਾਰੀ ਰਾਤ ਹਸਪਤਾਲ ਵਿੱਚ ਰਹੀ ਪਰ ਹੋਸ਼ ਨਹੀਂ ਆਈ। ਸਵੇਰੇ ਡਾਕਟਰਾਂ ਦੇ ਮੁਤਾਬਿਕ ਸੁਰਿੰਦਰ ਕੌਰ ਨਹੀਂ ਰਹੀ।
ਘਰਦਾ ਖੁਸ਼ਗਵਾਰ ਮਾਹੋਲ ਮਾਤਮ ਵਿੱਚ  ਬਦਲ ਗਿਆ।
ਮਹਿੰਦਰ ਸਿੰਘ ਗੋੱਡਿਆਂ ਵਿੱਚ ਮੂੰਹ ਦੇਕੇ  ਬੈੱਠਾ ਪਤਾ ਨੀ ਕੀ ਕੀ ਸੋਚੀ ਜਾ ਰਿਹਾ ਸੀ।
ਰਿਸ਼ਤੇ ਵਿੱਚ  ਲੱਗਦੇ ਭਰਾ ਨੇ ਹਲੂਣਾ ਦਿੱਤਾ- ਮਹਿੰਦਰ ਸਿਹਾਂ  ਉੱਠ ,ਉੱਠ ਕੇ ਲਾਂਭੂ ਲਾ।
ਮਹਿੰਦਰ ਸਿੰਘ ਭੁੱਬਾ ਮਾਰ ਮਾਰ ਕੇ, ਦੁਹੱਤੜਾਂ ਮਾਰਦਾ  ਉੱਠਿਆ ਤੇ ਉੱਚੀ ਦੇਣੀ ਬੋਲਿਆ ,ਛਿੰਦੀਏ ਦੱਸ ਵਾਅਦਾ ਕਿੰਵੇਂ ਨਿਭਾਵਾਂ ?
ਉੱਠ ਬੋਲ ਕੇ ਦੱਸ  ਕਿ ਤੈਨੂੰ ਲਾਂਭੂ ਲਾਂਵਾ ਕਿ ਨਾ ਲਾਂਵਾ,?
“ਇੱਕ ਵਾਅਦਾ ਜੋ ਨਿਭਿਆ ਨਾ”
(ਬਲਰਾਜ ਚੰਦੇਲ ਜੰਲਧਰ )

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article*ਸਮਝੋ ਸਮੇਂ ਦੀ ਨਜ਼ਾਕਤ*
Next articleਮਾਨਸਿਕ ਬਿਮਾਰ