ਸਿਰੜੀ ਤੇ ਬੇਦਾਗ਼ ਲੋਕ ਆਗੂ ਸਾਥੀ ਭਾਨ ਸਿੰਘ ਸੰਘੇੜਾ’

ਸਾਥੀ ਭਾਨ ਸਿੰਘ ਸੰਘੇੜਾ ਵੀ ਬਾਲ ਅਵਸਥਾ ਤੋਂ ਹੀ ਖੱਬੀ ਲਹਿਰ ਦੇ ਪ੍ਸ਼ੰਸਕ ਅਤੇ ਹਮਦਰਦ ਤੁਰੇ ਆ ਰਹੇ ਸਨ
ਗੁਰਭਿੰਦਰ ਗੁਰੀ
 (ਸਮਾਜ ਵੀਕਲੀ) ਦਿਹਾਤੀ ਮਜ਼ਦੂਰ ਸਭਾ ਦੀ ਬਰਨਾਲਾ ਜਿਲ੍ਹਾ ਇਕਾਈ ਦੇ ਸੰਸਥਾਪਕ ਪ੍ਰਧਾਨ ਸਾਥੀ ਭਾਨ ਸਿੰਘ ਸੰਘੇੜਾ ਬੀਤੇ ਸਾਲ   ਸਦੀਵੀਂ ਵਿਛੋੜਾ ਦੇ ਗਏ ਹਨ। ਆਪ ਵਰਤਮਾਨ ਸਮੇਂ ਸਭਾ ਦੀ ਜਿਲ੍ਹਾ ਇਕਾਈ ਦੇ ਸਰਪ੍ਰਸਤ ਅਤੇ ਮਾਰਗ ਦਰਸ਼ਕ ਵਜੋਂ ਵਡਮੁੱਲੀਆਂ ਸੇਵਾਵਾਂ ਦੇ ਰਹੇ ਸਨ। ਉਂਝ ਵਡੇਰਾ ਸੱਚ ਇਹ ਹੈ ਕਿ ਉਹ ਕੇਵਲ ਦਿਹਾਤੀ ਮਜ਼ਦੂਰਾਂ ਦੇ ਹੀ ਨਹੀਂ ਬਲਕਿ ਸਮੁੱਚੇ ਮਿਹਨਤਕਸ਼ ਲੋਕਾਂ ਦੇ ਆਗੂ ਸਨ ਅਤੇ ਇਲਾਕੇ ਦੇ ਸਾਰੇ ਹੱਕੀ ਲੋਕ ਸੰਘਰਸ਼ਾਂ ਦੇ ਤਨੋਂ ਮਨੋਂ ਅੰਗ ਸੰਗ ਰਹਿੰਦੇ ਸਨ।
ਬਰਨਾਲਾ ਅਤੇ ਨੇੜੇ ਤੇੜੇ ਦੇ ਲੋਕ, ਖਾਸ ਕਰਕੇ ਲੁੱਟੇ-ਲਿਤਾੜੇ ਕਿਰਤੀ ਉਨ੍ਹਾਂ ਨੂੰ ਅੰਤਾਂ ਦਾ ਮੋਹ ਕਰਦੇ ਸਨ ਅਤੇ ਪਿਆਰ ਤੇ ਅਪਣੱਤ ਨਾਲ ‘ਲਾਲ ਝੰਡੇ ਵਾਲਾ ਬਾਬਾ’ ਕਹਿੰਦੇ ਸਨ ਕਿਉਂਕਿ ਉਹ ਕਿਰਤੀਆਂ ਦੇ ਸਵੈਮਾਣ ਦਾ ਪ੍ਰਤੀਕ ਸੂਹਾ ਝੰਡਾ ਹਰ ਵੇਲੇ ਆਪਣੇ ਮੋਢੇ ‘ਤੇ ਰੱਖਦੇ ਸਨ।
ਸਾਥੀ ਭਾਨ ਸਿੰਘ ਸੰਘੇੜਾ ਦਾ ਮਿਸਾਲੀ, ਸੰਘਰਸ਼ਸ਼ੀਲ ਜੀਵਨ ਇਸ ਤੱਥ ਦਾ ਸ਼ਾਨਦਾਰ ਸਬੂਤ ਹੈ ਕਿ ਜੇ ਆਪਣੇ ਅਕੀਦੇ ‘ਚ ਅਟੁੱਟ ਵਿਸ਼ਵਾਸ, ਈਮਾਨਦਾਰੀ ਤੇ ਸਮਰਪਣ ਜਿਹੇ ਗੁਣਾਂ ਨਾਲ ਸ਼ਿੰਗਾਰੀ ਦਲੇਰੀ ਪੱਲੇ ਹੋਵੇ ਤਾਂ ਵਿੱਦਿਆ ਤੋਂ ਕੋਰੇ, ਗੁਰਬਤ ਦੀ ਜੂਨ ਹੰਢਾ ਰਹੇ ਸੱਚੇ-ਸੁੱਚੇ ਕਿਰਤੀ ਕਿੰਨੇ ਹਰਮਨ ਪਿਆਰੇ ਲੋਕ ਆਗੂ ਹੋ ਨਿਬੜਦੇ ਹਨ।
 ਸਾਥੀ ਭਾਨ ਸਿੰਘ ਸੰਘੇੜਾ ਦੀ ਬੇਬਾਕੀ ਅਤੇ ਸਾਫਗੋਈ, ਜਿਸ ਤੋਂ ਕਹਿੰਦੇ- ਕਹਾਉਂਦੇ ਅਧਿਕਾਰੀ ਅਤੇ ਕੱਦਾਵਰ ਸਿਆਸੀ ਆਗੂ ਵੀ ਬੜਾ ਤ੍ਰਹਿੰਦੇ ਸਨ, ਉਨ੍ਹਾਂ ਦਾ ਇੱਕ ਹੋਰ ਰਸ਼ਕ ਕਰਨ ਯੋਗ ਗੁਣ ਸੀ। ਅਨੇਕਾਂ ਵਾਰ ਉਹ ਦਬੰਗ ਤੇ ਤਲਖ ਮਿਜ਼ਾਜ ਸਮਝੇ ਜਾਂਦੇ ਅਧਿਕਾਰੀਆਂ ਦੇ ਦਫਤਰ ਮੂਹਰੇ ਇਕੱਲੇ ਹੀ ਧਰਨਾ ਮਾਰ ਕੇ ਬੈਠ ਜਾਂਦੇ ਸਨ ਅਤੇ ਆਪਣੀ ਹੱਕੀ ਮੰਗ ਮੰਨਵਾ ਕੇ ਉਠਦੇ ਸਨ।
ਸਾਥੀ ਭਾਨ ਸਿੰਘ ਸੰਘੇੜਾ ਨੇ ਭੱਠੇ ‘ਤੇ ਪਥੇਰ ਦਾ ਕੰਮ ਕਰਕੇ ਅਤਿਅੰਤ ਕਠਿਨ ਹਾਲਤਾਂ ਵਿੱਚ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ। ਸਾਥੀ ਹਰਨਾਮ ਸਿੰਘ ਚਮਕ ਜਿਹੇ ਕੱਦਾਵਰ ਕਮਿਊਨਿਸਟ ਆਗੂਆਂ ਅਤੇ ਸੇਵਾ ਸਿੰਘ ਠੀਕਰੀਵਾਲਾ ਜਿਹੇ  ਸੁਤੰਤਰਤਾ ਸੰਗਰਾਮੀਆਂ ਦੀ ਕਰਮ ਭੂਮੀ ਹੋਣ ਕਰਕੇ ਬਰਨਾਲਾ-ਮਹਿਲ ਕਲਾਂ ਇਲਾਕਾ ਜਮਹੂਰੀ ਲਹਿਰ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਹੈ। ਇਸੇ ਕਰਕੇ ਸਾਥੀ ਭਾਨ ਸਿੰਘ ਸੰਘੇੜਾ ਵੀ ਬਾਲ ਅਵਸਥਾ ਤੋਂ ਹੀ ਖੱਬੀ ਲਹਿਰ ਦੇ ਪ੍ਸ਼ੰਸਕ ਅਤੇ ਹਮਦਰਦ ਤੁਰੇ ਆ ਰਹੇ ਸਨ। ਪਰ 1985 ਵਿੱਚ ਉਹਨਾਂ ਭੱਠਾ ਮਜ਼ਦੂਰਾਂ ਦੇ ਉਜ਼ਰਤ ਵਾਧੇ ਅਤੇ ਹੋਰਨਾਂ ਸਹੂਲਤਾਂ ਦੀ ਪ੍ਰਾਪਤ ਲਈ ਚੱਲੇ ਘੋਲ ਵਿੱਚ ਇੱਕ ਨਿਧੜਕ ਤੇ ਬੇਲਾਗ ਆਗੂ ਵਜੋਂ ਆਪਣੀ ਪਛਾਣ ਬਣਾਈ। ਉਦੋਂ ਤੋਂ ਸਿਦਕ ਦਿਲੀ ਨਾਲ ਚੁੱਕਿਆ ਲਾਲ ਫੁਰੇਰਾ ਸਾਥੀ ਭਾਨ ਸਿੰਘ ਸੰਘੇੜਾ ਦੀ ਸਦੀਵੀਂ ਪਛਾਣ ਬਣ ਗਿਆ।
ਬੇਸ਼ਕ ਨਿਰਮਾਣ ਕਾਮਿਆਂ ਦੇ ਸੰਘਰਸ਼ ਹੋਣ, ਨਗਰ ਪਾਲਿਕਾ ਦੇ ਕੱਚੇ ਕਰਮਚਾਰੀਆਂ ਨੂੰ ਘੱਟੋ-ਘੱਟ ਉਜ਼ਰਤਾਂ ਦਿਵਾਉਣ ਦੀ ਲੜਾਈ ਹੋਵੇ, ਮਨਰੇਗਾ ਕਿਰਤੀਆਂ ਦੇ ਅਧਿਕਾਰਾਂ ਦੀ ਰਾਖੀ ਦਾ ਸੰਗਰਾਮ ਹੋਵੇ, ਸਮਾਜ ਸੁਰੱਖਿਆ ਪੈਨਸ਼ਨਾਂ ਲਾਉਣ ਤੇ ਰਾਸ਼ਨ ਵੰਡ ‘ਚ ਹੋ ਰਹੇ ਵਿਤਕਰੇ ਵਿਰੁੱਧ ਜੱਦੋਜਹਿਦ ਹੋਵੇ, ਜਾਤੀ ਪਾਤੀ ਉਤਪੀਵਨ ਜਾਂ ਇਸਤਰੀਆਂ ਖਿਲਾਫ਼ ਜ਼ਿਆਦਤੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਸੰਘਰਸ਼ ਹੋਵੇ ਕਿਰਤੀਆਂ ਦਾ ਮਹਿਬੂਬ ਆਗੂ ਬੇਖੌਫ ਮੋਢੇ ਤੇ ਸੁਰਖ ਪਰਚਮ ਧਰੀ ਜ਼ਾਲਿਮਾਂ ਨੂੰ ਅੱਖਾਂ ‘ਚ ਅੱਖਾਂ ਪਾ ਕੇ ਚੁਣੌਤੀ ਦਿੰਦਾ ਨਜ਼ਰੀਂ ਪੈਂਦਾ ਸੀ।
ਇਸ ਤੋਂ ਵੀ ਅਗਾਂਹ ਉਹ ਸਮੁੱਚੇ ਖੱਬੇ ਪੱਖੀ ਤੇ ਜਮਹੂਰੀ  ਹਲਕਿਆਂ ਵਿੱਚ ਬੇਹਦ ਮਕਬੂਲ ਅਤੇ ਸਤਿਕਾਰੇ ਜਾਣ ਵਾਲੇ ਆਗੂ ਸਨ। ਆਪਣੀ ਗੱਲ ਠੋਕ ਵਜਾ ਕੇ ਕਹਿੰਦੇ ਸਨ ਪਰ ਕਿਸੇ ਨਾਲ ਵੀ ਨਿੱਜੀ ਵਿਰੋਧ ਨਹੀਂ ਸੀ ਪਾਲਿਆ ਉਨ੍ਹਾਂ ਨੇ।
ਚਾਰ ਦਹਾਕਿਆਂ ਤੋਂ ਵਧੇਰੇ ਦੇ ਸੰਗਰਾਮੀ ਜੀਵਨ ਵਿੱਚ ਵਿੱਚ ਹਰ ਪੱਖ ਤੋਂ ਬੇਦਾਗ਼, ਧੀਆਂ-ਭੈਣਾਂ ਦੀ ਇੱਜਤ ਦਾ ਸੀਰੀ, ਪੈਸੇ ਨੂੰ ਜੁੱਤੀ ਦੀ ਨੋਕ ‘ਤੇ ਰੱਖਣ ਵਾਲਾ ਸਾਥੀ ਭਾਨ ਸਿੰਘ ਸੰਘੇੜਾ ਜਿਸਮਾਨੀ ਤੌਰ ਤੇ ਰੁਖ਼ਸਤ ਹੋ ਗਿਆ ਹੈ ਪਰ ਉਸ ਦਾ ਜੁਝਾਰੂ ਜੁੱਸਾ ਤੇ ਸੰਗਰਾਮੀ ਭਾਵਨਾ ਜਿਉਂ ਦੇ ਤਿਉਂ ਕਾਇਮ ਨੇ ਭਵਿੱਖ ਦੇ ਇਨਕਲਾਬੀ ਯੋਧਿਆਂ ਦੇ ਰੂਪ ਵਿੱਚ।
ਲਾਲ ਸਲਾਮ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਦੇਸ਼ੀ ਸਿੱਖਾਂ ਨੇ ਵੀ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਏ ਜਾਣ ਦੇ ਫੈਸਲੇ ਦਾ ਕੀਤਾ ਸੁਵਾਗਤ
Next articleਤਕਦੀਰਾਂ ਵਿੱਚ ਤਦਬੀਰਾਂ