( ਮਨਜੀਤ ਸਿੰਘ ਜੀਤ )
(ਸਮਾਜ ਵੀਕਲੀ) ਵੀਰੋ ਨੇ ਚੁੱਲ੍ਹੇ ਚੌਂਕੇ ਵਾਲ਼ੇ ਭਾਂਡੇ ਮਾਂਜ ਕੇ ਵਿਹੜਾ ਵੀ ਸੁੰਭਰ ਕੇ ਸਵਾਰ ਦਿੱਤਾ। ਸਵੇਰ ਦੇ ਧੋਤੇ ਕਪੜੇ ਸੁੱਕ ਗਏ ਸਨ ਓਹ ਤਣੀਆਂ ਤੋਂ ਉਤਾਰ ਕੇ ਤੈਹ ਮਾਰ ਕੇ ਰੱਖ ਦਿੱਤੇ। ਥੋੜ੍ਹਾ ਜਿਹਾ ਸਿਰ ਦੇ ਵਾਲਾਂ ਨੂੰ ਠੀਕ ਕੀਤਾ ਤੇ ਚੁੰਨੀ ਚੁੱਕ ਕੇ ਬਾਰ ‘ ਚ ਜਾ ਖੜ੍ਹੀ। ਗਲ਼ੀ ਵਿੱਚ ਘਰਾਂ ‘ ਚੋਂ ਲਗਦੀ ਚਾਚੀ ਤੇ ਸਾਹਮਣੇ ਘਰ ਵਾਲ਼ੀ ਦੋਹੇਂ ਵੀਰੋ ਨੂੰ ਦੇਖ ਉਸ ਕੋਲ਼ ਆ ਖੜ੍ਹੀਆਂ। ਓਹ ਰਾਤ ਦੇ ਰੌਲ਼ੇ ਦੀ ਗੱਲ ਵੀਰੋ ਤੋਂ ਪੁੱਛਣ ਲੱਗ ਪਈਆਂ। ਓਹਨਾਂ ਦੀਆਂ ਗੱਲਾਂ ਦੀ ਆਵਾਜ਼ ਸੁਣ ਦੋ ਘਰ ਛੱਡ ਬਾਣੀਆਂ ਦੇ ਘਰੋਂ ਕਮਲਾ ਵੀ ਓਹਨਾਂ ਕੋਲ਼ ਆ ਖੜ੍ਹੀ। ਵੀਰੋ ਨੇ ” ਕੁਛ ਨੀ …. ਬਸ ” ਕਹਿ ਕੇ ਟਾਲਾ ਮਾਰਨਾ ਚਾਹਿਆ ਪਰ ਇਹ ਕੋਈ ਰਾਤ ਦੀ ਗੱਲ ਈ ਨਹੀਂ ਸੀ,ਹਰ ਤੀਜੇ – ਚੌਥੇ ਦਿਨ ਵੀਰੋ ਕੇ ਘਰੋਂ ਹਨ੍ਹੇਰੇ ਹੋਏ ਉਸ ਦੇ ਰੋਣ ਦੀ ਆਵਾਜ਼ ਸੁਣਦੀ ਰਹਿੰਦੀ । ਔਰਤਾਂ ਬਿੜਕ ਜਿਹੀ ਲੈ ਕੇ ਜਦੋਂ ਕੋਈ ਸਮਝ ਨਾ ਲਗਦੀ ਤਾਂ ਘਰੋ ਘਰੀ ਵੜ ਜਾਂਦੀਆਂ। ਹੁਣ ਓਹਨਾਂ ਦੇ ਪੁੱਛਣ ਤੇ ” ਬਸ, ਐਵੇਂ ਈ ਇਹਦਾ ਦਮਾਕ ਹਿਲਿਆ ਰਹਿੰਦੈ….., ਜਦੋਂ ਪੀ ਕੇ ਆ ਜਾਂਦੈ ਤਾਂ ਐਂ ਈ ਕਰਦੈ” ਵੀਰੋ ਘਰ ਵਾਲ਼ੇ ਬਾਰੇ ਐਨਾਂ ਦੱਸ ਕੇ ਚੁੱਪ ਕਰ ਗਈ। ਚਿਹਰੇ ਤੇ ਆਇਆ ਮਾੜਾ ਮੋਟਾ ਮੁੜ੍ਹਕਾ ਚੁੰਨੀ ਨਾਲ ਪੂੰਝ ਕੇ ਹੱਸਣ ਦੀ ਕੋਸ਼ਿਸ਼ ਤਾਂ ਕੀਤੀ ਪਰ ਉਸਤੋਂ ਹੱਸਿਆ ਨਾ ਗਿਆ ਜਿਵੇਂ ਕੋਈ ਅੰਦਰ ਦਾ ਦਰਦ ਛੁਪਾ ਰਹੀ ਹੋਵੇ।
” ਤੂੰ ਅੱਗੋਂ ਕੁਛ ਬੋਲਦੀ ਨੀ,.. ਤਾਂ ਹੀ ਤਾਂ ਮਛਰਦੈ ” ਸਾਹਮਣੇ ਘਰ ਵਾਲ਼ੀ ਨੇ ਕਿਹਾ।
” ਵਰਜਣਾਂ ਤਾਂ ਚਾਹੀਦੈ…ਧੀਏ !,….. ਏਹ ਕੀ ਹੋਇਆ, ਖ਼ਾ ਕੇ, ਪੀ ਕੇ ਜਨਾਨੀ ਤੇ ਹੱਥ ਚੁੱਕੇ ” ਚਾਚੀ ਨੇ ਹਦਾਇਤ ਦੇਣ ਵਾਂਗ ਕਿਹਾ।
” ਊਂ ਅੰ ਗੱਲ ਤਾਂ ਕੋਈ ਹੁੰਦੀ ਹੋਊ,….. ਐਂ ਏਂ ਭਲਾਂ ਕੁੱਟਣ ਮਾਰਨ ਦਾ ਕੀ ਮਤਲਵ ਹੋਇਆ !” ਕਮਲਾ ਨੇ ਵੀਰੋ ਦੇ ਦਿਲ ਨੂੰ ਖੰਘਾਲਣ ਦਾ ਯਤਨ ਕਰਦੀ ਨੇ ਪੁੱਛਿਆ।
” ਬਸ,. ਥੋਨੂੰ ਕੀ ਦੱਸਾਂ…..ਮੈਥੋਂ ਦੱਸਿਆ ਈ ਨੀ ਜਾਂਦਾ ” ਵੀਰੋ ਨੇ ਲਾਚਾਰੀ ਜਾਹਰ ਕੀਤੀ।
” ਲੈ …ਭਲਾਂ ਦੱਸਿਆ ਨੀ ਜਾਂਦਾ,……. ਕੁਛ ਦੱਸੇਂਗੀ ਤਾਂ ਅਸੀਂ ਹੈਗੀਆ ਨਾਂ…..ਸਾਨੂੰ ਖਾ ਤਾਂ ਨ੍ਹੀ ਜਾਊ , ਐ ਹੋ ਜੀ ਕਿਹੜੀ ਗੱਲ ਐ…. ਜੇ ਸਿੱਧਾ ਨਾ ਹੋ ਜੇ ਤਾਂ!” ਚਾਚੀ ਤੇ ਸਾਹਮਣੇ ਘਰ ਵਾਲ਼ੀ ਕੱਠੀਆਂ ਬੋਲ ਪਈਆਂ ।
” ਦਸਦੀ ਨੂੰ ਈ ਸ਼ਰਮ ਆਉਂਦੀ ਐ ” ਵੀਰੋ ਨੇ ਚੁੰਨੀ ਨਾਲ਼ ਮੂੰਹ ਪੁੰਝਦੀ ਨੇ ਕਿਹਾ ਤੇ ਸਣੇ ਚਾਚੀ ਤਿੰਨਾਂ ਦੀਆਂ ਅੱਖਾਂ ਰਤਾ ਚੌੜੀਆਂ ਹੋ ਗਈਆਂ।ਓਹਨਾਂ ਮੂੰਹ ਤੇ ਹੱਥ ਧਰ ਕੇ ਹੈਰਾਨ ਹੁੰਦੀਆਂ ਨੇ ਮੂੰਹ ‘ ਚੋਂ ” ਹਾ ਆ ਆ ” ਦੀ ਆਵਾਜ਼ ਕੱਢ, ਵੀਰੋ ਦੇ ਮੂੰਹ ਵੱਲ ਦੇਖਣ ਲੱਗ ਪਈਆਂ। ਐਨੇ ਮੋੜ ਮੁੜ ਕੇ ਬੋਰ ਦਾ ਸਾਮਾਨ ਲੱਦੀ, ਸਾਈਕਲ ਰੋਹੜਦਾ ਹੋਇਆ ਵੀਰੋ ਦੇ ਘਰ ਵਾਲ਼ਾ ਮੀਕਾ ਆਉਂਦਾ ਦਿੱਸਿਆ ਤੇ ਵੀਰੋ ਦੇਹਲੀਓਂ ਅੰਦਰ ਨੂੰ ਹੋ ਗਈ। ਚਾਚੀ ਤੇ ਕਮਲਾ ਵੀ ਤੁਰ ਪਈਆਂ ਪਰ ਸਾਹਮਣੇ ਘਰ ਵਾਲ਼ੀ ਬਾਰ ‘ ਚ ਖੜ੍ਹੀ ਰਹੀ ਪਰ ਜਦੋਂ ਵੀਰੋ ਨੇ ਬਾਰ ਭੇੜਨਾ ਚਾਹਿਆ ਤਾਂ ਓਹ ਵੀ ਅੰਦਰ ਵੜ ਗਈ।
ਮੀਕਾ ਕਦੇ ਬੋਰ ਦਾ ਕੰਮ ਕਰਨ ਜਾਂਦਾ ,ਕਦੇ ਕਿਸੇ ਦਾ ਨਲਕਾ ਜਾਂ ਟੂਟੀ ਠੀਕ ਕਰ ਆਉਂਦਾ।ਇਸ ਦੀ ਥੋੜ੍ਹੀ ਕਮਾਈ ਨਾਲ਼ ਘਰ ਦਾ ਰਾਸ਼ਨ ਪਾਣੀ ਹੀ ਆਉਂਦਾ । ਜਦੋਂ ਕਦੇ ਦਵਾਈ ਜਾਂ ਲੀੜੇ ਕੱਪੜੇ ਦੀ ਲੋੜ ਹੁੰਦੀ ਤਾਂ ਦੁਕਾਨ ਵਾਲ਼ੇ ਲਾਲੇ ਤੋਂ ਪੈਸੇ ਫ਼ੜ ਲਿਆਉਂਦਾ। ਜਦੋਂ ਕਦੇ ਕਿਸੇ ਦੇ ਖ਼ੇਤ ਬੋਰ ਦਾ ਕੰਮ ਸ਼ੁਰੂ ਹੋ ਜਾਂਦਾ ਤਾਂ ਕੁਛ ਪੈਸੇ ਆਪਣੇ ਸਿਰ ਛੱਡ ਬਾਕੀ ਉਤਾਰ ਦਿੰਦਾ। ਜਿਹਨਾਂ ਦਿਨਾਂ ਵਿੱਚ ਕੰਮ ਚੰਗਾ ਚਲਦਾ ਤਾਂ ਇਹ ਸ਼ਰਾਬ ਦਾ ਅਧੀਆ ਪੀਂਦਾ। ਸਰੂਰ ‘ ਚ ਹੋ ਵੀਰੋ ਤੋਂ ਕਦੇ ਕੁਛ ਮੰਗੋਦਾ ਕਦੇ ਕੋਈ ਹੋਰ ਹੁਕਮ ਚਲਾ ਦਿੰਦਾ। ਓਹ ਖ਼ਰਵਾ ਜਿਆ ਉੱਚੀ ਆਵਾਜ਼ ਵਿੱਚ ਬੋਲਦਾ। ਇਹਨੂੰ ਕਈ ਮੀਕਾ ਮਿਸਤਰੀ ਤੇ ਪਿੱਠ ਪਿੱਛੇ ਮੀਕਾ ਹੱਡਲ ਵੀ ਕਹਿ ਦਿੰਦੇ।
ਜੇ ਕਦੇ ਵੀਰੋ ਨੂੰ ਨਾ ਸੁਣਦਾ ਤਾਂ ਓਹ ਉੱਚੀ ਦੇਣੇ ਕਹਿੰਦਾ -” ਓ ਓਹ ਹੈਲੋ…….!, ਸੁਣਿਆ ਨੀ ਤੈਨੂੰ” ਫ਼ਿਰ ਹੌਲ਼ੀ ਜਿਹੇ ਆਪਣੇ ਆਪ ਨੂੰ ਸੁਣਾ ਕੇ ਕਹਿੰਦਾ -” ਹੇਮਾ ਮਾਲਿਨੀ ਬਣੀ ਫ਼ਿਰਦੀ ਐ” ਤੇ ਨਾਸਾਂ ‘ ਚੋਂ ਜੋਰ ਦੀ ਹਵਾ ਕੱਢਦਾ ਨੀਵੀਂ ਪਾ ਲੈਂਦਾ। ਮੀਕੇ ਦਾ ਇਹ ਵਤੀਰਾ ਦੇਖ ਉਹਦਾ ਛੋਟਾ ਮੁੰਡਾ ਰਿਸ਼ੂ ਬਾਹਰ ਨਿਕਲ ਆਵਦੇ ਹਾਣੰਦਿਆਂ ਨਾਲ਼ ਖੇਢਣ ਚਲਾ ਜਾਂਦਾ। ਕੁੜੀ ਵੱਡੀ ਸੀ ਓਹ ਵਿਆਹ ਦਿੱਤੀ ਸੀ। ਮੀਕੇ ਤੇ ਵੀਰੋ ਦਾ ਆਪਣਾ ਕੋਈ ਬੱਚਾ ਨਹੀਂ ਸੀ ਹੋਇਆ। ਦੋਹੇਂ ਜੁਆਕ ਪਹਿਲਾਂ ਕੁੜੀ ਫ਼ੇਰ ਮੁੰਡਾ ਗੋਦ ਲਏ ਹੋਏ ਸਨ। ਮੁੰਡਾ ਮੀਕੇ ਦੇ ਸਾਲ਼ੇ ਦਾ ਤੇ ਕੁੜੀ ਵੀਰੋ ਦੇ ਭੂਆ ਦੇ ਮੁੰਡੇ ਭਰਾ ਤੋ ਲਈ ਸੀ ਜਿਹਨਾਂ ਦੇ ਚਾਰ ਕੁੜੀਆਂ ਤੋ ਬਾਦ ਪੰਜਵੀਂ ਦੀਪਾ ਹੋਈ ਤਾਂ ਵੀਰੋ ਨੂੰ ਗੋਦ ਦੇ ਦਿੱਤੀ ਸੀ। ਆਪਣੀ ਗੋਦ ਹਰੀ ਨਾ ਹੋਣ ਦੇ ਸੰਤਾਪ ਵਿੱਚ ਵੀਰੋ ਹੁਣ ਚਾਲੀ ਸਾਲਾਂ ਨੂੰ ਢੁੱਕ ਚੁੱਕੀ ਸੀ ਪਰ ਇਸ ਵਿੱਚ ਉਸਦਾ ਕੋਈ ਦੋਸ਼ ਨਹੀਂ ਸੀ। ਡਾਕਟਰੀ ਮੁਆਨਿਆਂ ਵਿੱਚ ਵੀਰੋ ਠੀਕ ਠਾਕ ਸੀ। ਓਹ ਹੋਰ ਸਭ ਔਰਤਾਂ ਵਾਂਗ ਹਰ ਮਹੀਨੇ ਨਹਾਉਣ ਦੇ ਉਸ ਦੌਰ ਚੋਂ ਲੰਘਦੀ ਜਿਸ ਵਿੱਚੋਂ ਸਾਰੀਆਂ ਨੂੰ ਹੀ ਲੰਘਣਾ ਪੈਦਾ ਐ। ਨੁਕਸ ਸੀ ਤਾਂ ਮੀਕੇ ਵਿੱਚ। ਓਹ ਔਰਤ ਦਾ ਸਾਥ ਤਾਂ ਮਾਣ ਸਕਦਾ ਸੀ ਪਰ ਉਸਦੀ ਅੰਦਰਲੀ ਤਾਕਤ ਬੱਚਾ ਪੈਦਾ ਕਰਨ ਵਾਲ਼ੀ ਨਹੀਂ ਸੀ । ਵੀਰੋ ਨੂੰ ਸਹੀ ਸਲਾਮਤ ਹੋਣ ਤੇ ਵੀ ਸੰਤਾਨ ਦੀ ਅਣਹੋਂਦ ਦਾ ਸੰਤਾਪ ਝੱਲਣਾ ਪਿਆ।
ਮੀਕੇ ਨੇ ਆ ਕੇ ਸਮਾਨ ਤੇ ਪਾਈਪਾਂ ਇੱਕ ਪਾਸੇ ਕੰਧ ਨਾਲ਼ ਰੱਖ ਰੈਂਚ ਤੇ ਸੰਦਾਂ ਵਾਲ਼ਾ ਝੋਲ਼ਾ ਕਿੱਲੇ ਤੇ ਟੰਗ ” ਆਓਨੈਂ ” ਕਹਿ ਕੇ ਬਾਹਰ ਨਿਕਲ ਗਿਆ।
ਓਹ ਖ਼ਾਸੇ ਹਨ੍ਹੇਰੇ ਹੋਏ ਘਰ ਵੜਿਆ। ਮੁੰਡਾ ਰਿਸ਼ੂ ਰੋਟੀ ਖਾ ਕੇ ਸੌਂ ਗਿਆ ਸੀ ਪਰ ਵੀਰੋ ਅਜੇ ਜਾਗਦੀ ਸੀ। ਓਹ ਗਲ਼ੀ ਨਾਲ਼ ਲਗਦੇ ਬੈਠਕ ਵਰਗੇ ਕਮਰੇ ਵਿੱਚ ਬੈਠੀ ਸੀ । ਮੀਕੇ ਨੇ ਵਿਹੜਾ ਲੰਘ ਅਗਾਹਾਂ ਪੇਟੀ ਵਾਲੇ ਕਮਰੇ ‘ ਚ ਜਾਂਦਿਆਂ ਵੀਰੋ ਨੂੰ ” ਉਰੇ ਆਵੀਂ” ਕਹਿ ਕੇ ਕਮਰੇ ਵਿੱਚ ਮੰਜੇ ਕੋਲ ਜਾ ਖੜ੍ਹਾ। ਵੀਰੋ ਨੇ ਅਣਸੁਣੀ ਕਰ ਦਿੱਤੀ ਤੇ ਉਵੇਂ ਜਿਵੇਂ ਬੈਠੀ ਰਹੀ। ਵੀਰੋ ਨੇ ਮੀਕੇ ਦੇ ਹੱਡਲ ਸ਼ਰੀਰ, ਚੌੜੇ ਮੂੰਹ ਤੇ ਮੋਟੇ ਨੱਕ ਬੁੱਲ੍ਹਾਂ ਵੱਲ ਦੇਖਿਆ ਤੇ ਉਸਨੂੰ ਬੰਦਾ ਨਾ ਹੋ ਕੇ ਕਿਸੇ ਜਿੰਨ ਦੇ ਬੱਚੇ ਵਰਗਾ ਲੱਗਿਆ।
” ਤੈਨੂੰ ਸੁਣਿਆ ਨੀ!!” ਮੀਕੇ ਨੇ ਮਰਦਾਨਗੀ ਦਿਖਾਉਂਦੇ ਫ਼ੇਰ ਕਿਹਾ।
” ਮੇਰਾ ਚਿੱਤ ਨੀ ਠੀਕ …..,ਕੁਛ ਸਮਝਿਆ ਕਰੋ ” ਉਸ ਨੇ ਬੇ ਵਸੀ ਜ਼ਹਿਰ ਕੀਤੀ।
” ਚਿੱਤ ਵੀ ਠੀਕ ਹੋਜੂ ,…ਆ ਕੇ ਗੱਲ ਸੁਣ ਮੇਰੀ” ਮੀਕਾ ਜਿਦ ਕਰਨ ਲੱਗਿਆ।
” ਐ ਏਂ ਰੋਜ ਰੋਜ ਚੰਗਾ ਲਗਦੈ …. ਭਲਾਂ” ਵੀਰੋ ਨੇ ਮੋੜਵਾਂ ਜਵਾਬ ਦੇ ਦਿੱਤਾ ।
ਕੁਛ ਚਿਰ ਬਾਦ ਵੀਰੋ ਦੇ ਰੋਣ ਦੀ ਆਵਾਜ਼ ਆਉਣ ਲੱਗ ਪਈ। ਸਾਹਮਣੇ ਘਰ ਵਾਲ਼ੀ ਨੇ ਬਾਹਰ ਨਿੱਕਲ ਬਿੜਕ ਲਈ ਤੇ ਓਹ ਚਾਚੀ ਨੂੰ ਬਲਾਉਣ ਤੁਰ ਪਈ । ਜਦੋਂ ਨੂੰ ਓਹ ਮੁੜ ਕੇ ਆਈਆਂ ਤਾਂ ਵੀਰੋ ਕੇ ਘਰ ਟਿਕ ਟਿਕਾਅ ਹੋ ਗਿਆ ਸੀ। ਬੈਠਕ ਦੇ ਮਧਮ ਜਿਹੇ ਚਾਨਣ ਨੂੰ ਛੱਡ ਬਾਕੀ ਘਰ ਵਿੱਚ ਹਨੇਰਾ ਤੇ ਚੁੱਪ ਵਰਤੀ ਹੋਈ ਸੀ। ਓਹ ਦੋਵੇਂ ਗਲੀ ਚ ਖੜ੍ਹੀਆਂ ਕਿਨ੍ਹਾਂ ਚਿਰ ਗੱਲਾਂ ਕਰਦੀਆਂ ਰਹੀਆਂ ਫ਼ੇਰ ਆਪੋ ਆਪਣੇ ਘਰਾਂ ਨੂੰ ਤੁਰ ਗਈਆਂ।
ਅਗਲੇ ਦਿਨ ਪਤਾ ਲੱਗਿਆ,ਵੀਰੋ ਮੁੰਡੇ ਨੂੰ ਨਾਲ਼ ਲੈ ਕੇ,ਕਪੜੇ ਲੀੜੇ ਚੁੱਕ, ਪੇਕੇ ਚਲੀ ਗਈ। ਜਾਂਦੀ ਹੋਈ ਓਹ ਚਾਚੀ ਨੂੰ ਦੱਸ ਗਈ ਸੀ ਕਿ ਕੋਈ ਫ਼ੈਸਲਾ ਕਰ ਕੇ ਈ ਮੁੜੂਗੀ ।
ਜਦੋਂ ਦੀ ਵੀਰੋ ਗਈ ਸੀ,ਉਸਨੂੰ ਲੈਕੇ ਆਉਣ ਦੀ ਹਿੰਮਤ ਮੀਕੇ ਤੋ ਨਹੀਂ ਹੋਈ। ਓਹ ਆਵਦੇ ਸਾਲ਼ੇ ਦੇ ਸੁਭਾਅ ਤੋ ਜਾਣੂੰ ਸੀ,ਉਂਝ ਓਹ ਢੀਠ ਪੁਣੇ ਵਿੱਚ ਸੁਨੇਹੇ ਭੇਜਦਾ ਰਿਹਾ ਪਰ ਇਸ ਦਾ ਵੀਰੋ ਜਾਂ ਓਸਦੇ ਪੇਕਿਆਂ ਤੇ ਕੋਈ ਅਸਰ ਨਹੀਂ ਹੋਇਆ।
ਵੀਰੋ ਨੇ ਓਥੇ ਦੋ ਘਰਾਂ ਦਾ ਕੰਮ ਸੰਭਾਲ ਲਿਆ ਸੀ ਤੇ ਕਿਵੇਂ ਨਾ ਕਿਵੇਂ ਦੋ ਮਹੀਨਿਆਂ ਤੋਂ ਵੱਧ ਸਮਾਂ ਲੰਘ ਗਿਆ। ਐਨੇ ਸਮੇਂ ‘ਚ ਭਰਜਾਈ ਦੀ ਟੋਕਾਟਾਕੀ ਜਾਂ ਮੁੰਡੇ ਦੇ ਖਾਣਪੀਣ ਨੂੰ ਪਰਖਣ ਕਰਕੇ ਵੀਰੋ ਨੂੰ ਹੋਰ ਸਮਾਂ ਕੱਢਣਾ ਔਖਾ ਹੋ ਗਿਆ ਤੇ ਓਹ ਭਰਾ ਨੂੰ ਛੱਡ ਕੇ ਆਉਣ ਦੀਆਂ ਗੱਲਾਂ ਕਰਨ ਲੱਗ ਪਈ। ਵੀਰੋ ਦੇ ਭਰਾ ਨੇ ਚਾਰ ਬੰਦੇ ਇਕੱਠੇ ਕੀਤੇ ਤੇ ਵੀਰੋ ਨੂੰ ਛੱਡਣ ਲਈ ਤਿਆਰ ਹੋ ਗਿਆ। ਕੋਟਕਪੂਰੇ ਆ ਕੇ ਮੀਕੇ ਦੇ ਮੁਹੱਲੇ ‘ਚੋਂ ਵੀ ਬੰਦੇ ਬੁਲਾ ਲਏ। ਇਸਤ੍ਰੀ ਸਭਾ ਦੀ ਪ੍ਰਧਾਨ ਬਲਵਿੰਦਰ ਕੌਰ ਵੀ ਆ ਗਈ। ਜਦੋਂ ਸਾਰੀ ਗੱਲ ਬਾਤ ਹੋ ਗਈ ਤਾਂ ਦੋਸ਼ ਮੀਕੇ ਵਿੱਚ ਹੀ ਨਿਕਲਿਆ ਫ਼ੇਰ ਵੀ ਵੀਰੋ ਤੋਂ ਸਾਰਿਆਂ ਸਾਹਮਣੇ ਅਸਲੀ ਗੱਲ ਦੱਸ ਨਾ ਹੋਈ । ਜਿਸ ਕਰਕੇ ਮੀਕਾ ਉਸਨੂੰ ਕੁੱਟ ਦਿੰਦਾ ਸੀ। ਓਹ ਬਸ ਐਨਾਂ ਹੀ ਕਹਿ ਸਕੀ ” ਜਿਸ ਗੱਲੋਂ ਮੈਂਨੂੰ ਦੁਖੀ ਕਰਦੈ , ਮੈਂਨੂੰ ਦੱਸਦੀ ਨੂੰ ਸ਼ਰਮ ਆਉਂਦੀ ਐ ” ਬਲਵਿੰਦਰ ਕੌਰ ਨੇ ਵੀਰੋ ਨੂੰ ਪਾਸੇ ਲਿਜਾ ਕੇ ਪੁੱਛ ਲਿਆ । ਸੁਣ ਕੇ ਉਸਦੇ ਚਿਹਰੇ ਤੇ ਹੈਰਾਨੀ ਦੇ ਭਾਵ ਉਭਰ ਪਏ। ਸਾਰਿਆਂ ਨੇ ਮੀਕੇ ਨੂੰ ਚੰਗੀ ਝਾੜ ਪਾਈ ।
ਲੈ ਭਾਈ ਵੀਰੋ, ਹੁਣ ਅੱਗੇ ਤੋਂ ਤੈਂਨੂੰ ਕੁਛ ਕਹੇ ਤਾਂ ਮੈਨੂੰ ਦੱਸਣਾ ਹੋਊ,…… ਮੈਂ ਨਾਲ਼ ਜਾ ਕੇ ਠਾਣੇ ਰਪਟ ਲਿਖਵਾਊਗੀ,” ਬਲਵਿੰਦਰ ਕੌਰ ਨੇ ਵੀਰੋ ਦਾ ਪੱਖ ਲੈ ਕੇ ਫ਼ੈਸਲਾ ਸੁਣਾ ਦਿੱਤਾ, ” ਤੂੰ ਭਾਈ ਬੰਦਾ ਬਣਕੇ ਰਹਿ,……ਤੇ ਘਰ ਖ਼ਰਾਬ ਨਾ ਕਰ ” ਉਸਨੇ ਨਾਲ ਦੀ ਨਾਲ ਮੀਕੇ ਵੱਲ ਵੀ ਉਂਗਲ਼ ਚੁੱਕ ਕੇ ਤਾੜਨਾ ਕਰ ਦਿੱਤੀ । ਇਸ ਵਾਰ ਮੀਕੇ ਨੇ ਮਾਫ਼ੀ ਮੰਗ ਲਈ ਤੇ ਵੀਰੋ ਨੂੰ ਧਰਵਾਸ ਦੇ ਕੇ ਓਹਦਾ ਭਰਾ ਵਾਪਸ ਪਿੰਡ ਨੂੰ ਮੁੜ ਗਿਆ।
ਕੁਛ ਦਿਨਾਂ ਬਾਅਦ ਮੀਕੇ ਨੇ ਜਿਵੇਂ ਬੰਦਾ ਨਾ ਬਣਨ ਦੀ ਸੌਂਹ ਖਾ ਲਈ ਹੋਵੇ,ਓਹ ਪਹਿਲਾਂ ਵਾਂਗ ਪਸ਼ੂਪੁਣੇ ਤੇ ਉੱਤਰ ਆਇਆ। ਉਸਦਾ ਭੈੜਾ ਸਲੂਕ ਵੀਰੋ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ। ਰਾਤ ਵੇਲ਼ੇ ਸ਼ਰਾਬ ਦੀ ਬੋਅ ਤੇ ਮੂੰਹ ‘ਚੋਂ,ਗੰਦੀ ਹਵਾੜ੍ਹ ਨਾਲ ਓਹਦਾ ਚਿੱਤ ਘਿਰਦਾ। ਓਹ ਮੂੰਹ ਨੂੰ ਇੱਕ ਪਾਸੇ ਮੋੜਦੀ , ਦੱਬੀ ਹੋਈ ਮਹਿਸੂਸ ਕਰਦੀ। ਜਦੋਂ ਉਸਦਾ ਸਾਹ ਘੁੱਟਿਆ ਹੋਇਆ ਮਹਿਸੂਸ ਹੁੰਦਾ ਤਾਂ ਉਸ ਦਾ ਮਨ ਕਰਦਾ ਮੀਕੇ ਨੂੰ ਲੱਤ ਮਾਰ ਪਿੱਛੇ ਸੁੱਟ ਦੇਵੇ ਪਰ ਉਹ ਇੰਝ ਨਹੀਂ ਸੀ ਕਰ ਸਕਦੀ। ਓਹ ਦਿਨ ਵੇਲ਼ੇ ਵਿਉਂਤਾਂ ਬਣਾਓਂਦੀ ਰਹਿੰਦੀ ਬਈ ਏਸ ਰਾਕਸ਼ਸ ਤੋਂ ਕਿਵੇਂ ਖਹਿੜਾ ਛੁਡਾਵੇ।
ਇੱਕ ਦਿਨ ਓਹ ਸਾਹਮਣੇ ਘਰ ਵਾਲ਼ੀ ਨੂੰ ਦਸਦੀ ” ਕਦੇ ਕਦੇ ਤਾਂ ਮਨ ਕਰਦੈ………” ਤੇ ਹੱਥਾਂ ਦੀਆਂ ਮੁੱਠੀਆਂ ਮੀਚ,ਗੱਲ ਅਧੂਰੀ ਛੱਡ ਚੁੱਪ ਕਰ ਗਈ ਸੀ,ਉਦੋਂ ਸਾਹਮਣੇ ਵਾਲ਼ੀ ਨੂੰ ਕਿਸੇ ਅਣਹੋਣੀ ਹੋਣੀ ਦਾ ਝਾਉਲਾ ਜਿਹਾ ਪਿਆ –,ਤੇ ਉਸ ਨੂੰ ਕੋਈ ਸਮਝ ਨਾ ਲੱਗੀ। ਉਸਨੂੰ ਆਪਣੇ ਮਰਦ ਨਾਲ਼ ਸ਼ਰੀਰਿਕ ਸੁੱਖ ਦਾ ਕਦੇ ਸੁਖਾਵਾਂ ਅਹਿਸਾਸ ਨਹੀਂ ਹੋਇਆ ਸੀ ਕਿਉਂਕਿ ਮੀਕੇ ਦਾ ਵਤੀਰਾ ਹੀ ਅਜਿਹਾ ਸੀ ਜਿਸ ਕਰਕੇ ਸ਼ਰੀਰਿਕ ਸੁੱਖ ਦੀ ਬਜਾਏ ਦੁੱਖ ਮਹਿਸੂਸ ਹੋਣ ਲਗਦਾ ਸੀ।
ਵੀਰੋ ਨੂੰ ਆਉਣ ਵਾਲ਼ੀ ਘੋਰ ਹਨੇਰੀ ਜ਼ਿੰਦਗੀ ਦਾ ਸਮਾਂ ਦਿੱਸਣ ਲੱਗ ਪਿਆ। ਓਹ ਕਦੇ ਮੁੰਡੇ ਬਾਰੇ ,ਕਦੇ ਕਾਨੂੰਨ ਦੇ ਸ਼ਿਕੰਜੇ ਬਾਰੇ ਸੋਚਦੀ, ਆਪਣੇ ਆਪ ਨੂੰ ਹਨੇਰੀ ਕੋਠੀ ਵਿੱਚ ਬੰਦ ਹੋਈ ਬੈਠੀ ਸੋਚਦੀ । ਉਸਦੇ ਦਿਲ ਵਿੱਚ ਵਿਦਰੋਹ ਦੀ ਭਾਵਨਾ ਵਧ ਗਈ ਸੀ ਤੇ ਓਹ ਮੀਕੇ ਨੂੰ ਨਾਮਰਦ ਬਣਾਉਣ ਦੀ ਵਿਉਂਤ ਬਣਾਉਣ ਲੱਗ ਪਈ। ਓਹ ਸੋਚਦੀ ਕਿ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਉਸਨੇ ਇੱਕ ਛੁਰੀ ਨੂੰ ਨਿਗ੍ਹਾ ਵਿੱਚ ਕਰਕੇ ਰੱਖ ਲਿਆ ਸੀ ਤੇ ਦੋ ਬਾਰ ਬਿਸਤਰੇ ਹੇਠ ਰੱਖ ਕੇ ਫੇਰ ਓਥੋਂ ਚੁੱਕ ਹੋਰ ਪਾਸੇ ਰੱਖ ਦਿੰਦੀ ,ਫ਼ੇਰ ਸੋਚਦੀ ” ਇਹ ਕਾਰਾ ਤਾਂ ਕਰਨਾ ਈ ਪਊ” ਤੇ ਛੁਰੀ ਚੁੱਕ ਬਿਸਤਰੇ ਹੇਠ ਰੱਖ ਦਿੱਤੀ। ਉਸਨੂੰ ਮੀਕੇ ਦੀ ਕਮਰ ਕੋਲ਼ ਲਹੂ ਲੁਹਾਣ ਦਿੱਸਿਆ ਤੇ ਮੀਕਾ ਮੰਜੇ ਤੇ ਪਿਆ ਹੱਥ ਪੈਰ ਮਾਰਦਾ ਤੜਫਦਾ ਦਿਸਿਆ। ਇੱਕ ਵਾਰ ਤਾਂ ਵੀਰੋ ਤ੍ਰਿਹ ਗਈ ਪਰ ਜਦੋਂ ਮੀਕੇ ਦਾ ਰਾਕਸ਼ਸ ਪੁਣਾ ਯਾਦ ਕਰਦੀ ਤਾਂ ਆਪਣੀ ਵਿਉਂਤ ਨੂੰ ਸਿਰੇ ਚਾੜ੍ਹਨ ਲਈ ਗਹਿਰੀ ਚੁੱਪ ਤੇ ਸੋਚ ਵਿੱਚ ਡੁੱਬ ਗਈ।
” ਕੁੜੇ ਵੀਰੋ ਓ… ਓ, ਘਰੇ ਈ ਐਂ,…… ਕੀ ਕਰਦੀ ਐਂ ਤੂੰ,?”—- ਚਾਣਚੱਕ ਚਾਚੀ ਨੇ ਅੰਦਰ, ਵੜਦੀ ਨੇ ਵੀਰੋ ਨੂੰ ਵਾਜ ਮਾਰ ਕੇ ਪੁੱਛਿਆ ।
” ਹਾਂ …. ਨਾ,….. ਨਹੀਂ,.ਅੱਛਾ, ਚਾਚੀ ਐਂ! ,…..ਆ ਜਾ,ਆ ਜਾ” — ਵੀਰੋ ਜਿਵੇਂ ਨੀਂਦ ‘ਚੋਂ ਉੱਠੀ ਹੋਵੇ ਤੇ ਉਸ ਨੇ ਉਵੇਂ ਜਿਵੇਂ ਹੁੰਗਾਰਾ ਭਰ ਕੇ ਚਾਚੀ ਨੂੰ ਮੰਜਾ ਡਾਹ ਦਿੱਤਾ।
ਚਾਚੀ ਨੇ ਮੰਜੇ ਤੇ ਬੈਠਣ ਸਾਰ ਵੀਰੋ ਨੂੰ ਵੀ ਆਪਣੇ ਨਾਲ ਬਿਠਾ ਲਿਆ ਤੇ ਪੁੱਛਿਆ ” ਤੂੰ ਦੱਸ ਤਾਂ ਸਹੀ ,……. ਐਂਏਂ ਚੁੱਪ ਜਿਹੀ ਰਹਿਨੀ ਐ,…..,ਕੋਈ ਮੀਕੇ ਤੋਂ ਤਕਲੀਫ਼ ਐ ਤੈਨੁੰ ” ਚਾਚੀ ਨੇ ਆਪਣਾ ਸ਼ੱਕ ਜਾਹਰ ਕੀਤਾ।
” ਹਾਂ ਚਾਚੀ ,….. ਗੱਲ ਤਾਂ ਇਹੋ ਐ…….ਇਹ ਨਾ ਜੁਆਕਾਂ ਦੀ ਸ਼ਰਮ ਮੰਨੇ ……. ਨਾ ਮੇਰੀ ਕੋਈ ਤਕਲੀਫ਼ ਦੇਖੇ ……….ਘਰੇ ਆ ਕੇ ਪਸ਼ੂ ਈ ਬਣ ਜਾਂਦੈ…… ਬਹੁਤ ਤੰਗ ਕਰਦੈ ….ਬਸ ,ਮਰਨ ਵਾਲੀ ਕਰ ਦਿੰਦੈ……..ਐਹੋ ਜਾ ਕੰਮ ਢੰਗ ਸਿਰ ਤਾਂ ਹੋਵੇ , ਓਹ ਵੀ ਕਦੇ ” ਵੀਰੋ ਨੇ ਗੈਰ ਇਨਸਾਨੀ ਸਹਿਵਾਸ ਦੀ ਗੱਲ ਆਪਣੇ ਢੰਗ ਨਾਲ਼ ਚਾਚੀ ਨੂੰ ਦੱਸੀ ਤੇ ਫੇਰ ਕਿਹਾ ” ਮੇਰਾ ਤਾਂ ਜੀ ਕਰਦੈ ਇਹਦਾ ਅੰਗ ਈ ਵੱਢ ਦੇਵਾਂ ” ਤੇ ਵੀਰੋ ਨੇ ਛੁਰੀ ਚੁੱਕ ਚਾਚੀ ਨੂੰ ਦਿਖਾਉਣ ਲਈ ਅੱਗੇ ਕਰ ਦਿੱਤੀ ।
ਵੀਰੋ ਨੇ ਚਾਚੀ ਨੂੰ ਆਪਣੀ ਵਿਉਂਤ ਦੱਸ ਕੇ ਆਪਣੇ ਦਿਲ ਤੇ ਪਿਆ ਬੋਝ ਹਲਕਾ ਕਰ ਲਿਆ ਤੇ ਵੀਰੋ ਨੇ ਲੁਕੋ ਕੇ ਰੱਖੀ ਛੁਰੀ ਓਥੇ ਹੀ ਫੇਰ ਰੱਖ ਦਿੱਤੀ। ਵੀਰੋ ਦੀ ਗੱਲ ਸੁਣ ਕੇ ਚਾਚੀ ਦਾ ਮੂੰਹ ਅੱਡਿਆ ਰਹਿ ਗਿਆ। ਚਾਚੀ ਨੇ ਵੀਰੋ ਨੂੰ ਇਹ ਕਾਰਾ ਕਰਨ ਤੋਂ ਵਰਜਿਆ ਤੇ ਕਿਹਾ , – ” ਮੈਂ ਬਨਾਉਣੀ ਆਂ ਕੋਈ ਵਿਉਂਤ ,..
ਲੈ ਹੁਣ ਚੁੱਪ ਰਹੀਂ, ਕਿਸੇ ਕੋਲ਼ ਆਵਾਜ਼ ਨ੍ਹੀ ਕੱਢਣੀ,” ਚਾਚੀ ਉੱਠ ਕੇ ਜਾਂਦੀ ਹੋਈ ਵੀਰੋ ਨੂੰ ਹਦਾਇਤ ਵੀ ਕਰ ਗਈ।
ਦੋ ਦਿਨ ਲੰਘ ਗਏ ਤੇ ਵੀਰੋ ਚਾਚੀ ਨੂੰ ਉਡੀਕਦੀ ਰਹੀ । ਅੱਜ ਵੀ ਚਾਚੀ ਨਾ ਆਈ। ਵੀਰੋ ਨੇ ਚੌਂਕੇ ਦਾ ਕੰਮ ਮੁਕਾ, ਵਿਹੜਾ ਸੰਭ੍ਰਿਆ ਤੇ ਮੂੰਹ ਹੱਥ ਧੋ,ਚੁੰਨੀ ਚੁੱਕ ਕੇ ਬਾਰ ਵਿੱਚ ਜਾ ਖੜ੍ਹੀ। ਓਹ ਨੀਵੀਂ ਪਾਈ,ਗਲ਼ੀ ਦੀ ਸੜਕ ਵੱਲ ਦੇਖਣ ਲੱਗ ਪਈ । ਕੁਛ ਚਿਰ ਬਾਦ ਓਹ ਅੰਦਰ ਜਾ ਮੰਜੇ ਤੇ ਪੈ ਗਈ।
ਦਿਨ ਢਲ਼ ਗਿਆ ਸੀ ਹਨੇਰੇ ਥੋੜ੍ਹਾ ਹੋਰ ਵਧ ਗਿਆ । ਵੀਰੋ ਨੇ ਬਾਹਰ ਵੱਲ ਦੇਖਿਆ , ਮੀਕਾ ਸਾਈਕਲ ਅੰਦਰ ਕਰ ਰਿਹਾ ਸੀ । ਸਮਾਨ ਲਾਹ ਕੇ ਕੰਧ ਨਾਲ ਸੁਟਦਾ ਉਸਨੂੰ ਕੁਛ ਲੜਖੜਾਉਂਦਾ ਲੱਗਿਆ। ਆਪਣੇ ਆਪ ਚ ਕੁਛ ਬੋਲਦਾ ਵਿਹੜੇ ਚ ਤੁਰਿਆ ਫਿਰਦਾ ਨਲਕਾ ਗੇੜ ਮੂੰਹ ਹੱਥ ਧੋਣ ਲੱਗ ਪਿਆ । ਵੀਰੋ ਚੌਂਕੇ ਵਿੱਚ ਜਾ ਰੋਟੀ ਟੁੱਕ ਦਾ ਕਰਨ ਲੱਗ ਪਈ ਪਰ ਉਸਨੂੰ ਭੁੱਖ ਨਹੀਂ ਸੀ । ਓਹ ਮੀਕੇ ਦੇ ਰੋਟੀ ਖਾਣ ਤੋਂ ਪਹਿਲਾਂ ਪੇਟੀ ਵਾਲੇ ਕਮਰੇ ਵਿੱਚ ਜਾ ਪਈ। ਛੁਰੀ ਉਸਨੇ ਬਿਸਤਰੇ ਹੇਠ ਰੱਖ ਲਈ ਸੀ । ” ਅੱਜ ਬਿਨਾਂ ਬੁਲਾਏ ਤੋਂ….. ” ਮੀਕੇ ਦੇ ਮੂੰਹੋਂ ਨਿਕਲਦਾ ਰਹਿ ਗਿਆ ਤੇ ਕੁਛ ਚਿਰ ਬਾਦ ਓਹ ਵੀ ਅੰਦਰ ਜਾ ਕੇ ਪੈ ਗਿਆ। ਵਿਹੜੇ ਅਤੇ ਗਲ਼ੀ ਵਿੱਚ ਹਨ੍ਹੇਰਾ ਸੀ । ਗਲ਼ੀ ਵਿੱਚੋਂ ਕਿਸੇ ਨੂੰ ਅੱਜ ਵੀਰੋ ਕੇ ਘਰੋਂ ਰੋਣ ਜਾਂ ਚੀਕਣ ਦੀ ਆਵਾਜ਼ ਸੁਣਾਈ ਨਹੀਂ ਦਿੱਤੀ । ਰਾਤ ਦੇ ਹਨ੍ਹੇਰੇ ਵਿੱਚ ਮੰਜੇ ਤੇ ਪਿਆਂ ਵੀਰੋ ਨੂੰ ਆਪਣਾ ਸ਼ਰੀਰ ਘੁੱਟਦਾ ਮਹਿਸੂਸ ਹੋਇਆ। ਉਸਦੀ ਛਾਤੀ ਵਿੱਚ ਦਰਦ ਹੋ ਰਿਹਾ ਸੀ ਤੇ ਓਹ ਉੱਠਣਾ ਚਾਹੁੰਦੀ ਵੀ ਉੱਠ ਨਾ ਸਕੀ । ਓਹ ਮੀਕੇ ਦੀਆਂ ਬਾਹਵਾਂ ਵਿੱਚ ਜਕੜੀ ਘੁੱਟੀ ਹੋਈ ਸਾਹ ਲੈਣ ਤੋਂ ਵੀ ਔਖੀ ਹੋ ਰਹੀ ਸੀ । ਉਸਨੇ ਆਪਣਾ ਹੱਥ ਬਿਸਤਰੇ ਹੇਠ ਛੁਰੀ ਵੱਲ ਲੈ ਜਾਣ ਦੀ ਕੋਸ਼ਿਸ਼ ਕੀਤੀ ਪਰ ਲੈਜਾ ਨਹੀਂ ਸਕੀ । ਵੀਰੋ ਨਾ ਬੋਲ ਸਕੀ ਨਾ ਠੀਕ ਤਰ੍ਹਾਂ ਸਾਹ ਲੈ ਸਕੀ । ਮੀਕਾ ਹਰਫ਼ਲਦਾ ਹੋਇਆ ਦੂਸਰੇ ਮੰਜੇ ਤੇ ਜਾ ਪਿਆ ਤੇ ਸੌਂ ਗਿਆ।
ਸਵੇਰੇ ਉੱਠ ਉਸਨੇ ਵੀਰੋ ਨੂੰ ਓਵੇਂ ਜਿਵੇਂ ਪਈ ਦੇਖਿਆ ਤੇ ਛੇਤੀ ਦੇਣੇ ਹਿਲਾ ਕੇ ਜਗਾਉਣ ਦੀ ਕੋਸ਼ਸ਼ ਕੀਤੀ ਪਰ ਓਹ ਬੇਜਾਨ ਹੋਈ ਪਈ ਸੀ । ਮੀਕਾ ਵੀਰੋ ਦੇ ਸ਼ਰੀਰ ਨੂੰ ਕਪੜੇ ਨਾਲ਼ ਢਕ ਕੇ ਵਿਹੜੇ ਚੋਂ ਹੁੰਦਾ ਗਲ਼ੀ ਵਿੱਚ ਆ ਗਿਆ । ਹੌਲੀ ਹੌਲੀ ਗਲੀ ਵਿੱਚ ਵੀਰੋ ਦੇ ਚਾਣਚੱਕ ਮਰ ਜਾਣ ਦੀ ਗੱਲ ਫੈਲ ਗਈ । ਜੁਆਕਾਂ ਦੇ ਰੋਣ ਦੀ ਆਵਾਜ਼ ਗਲੀ ਵਿੱਚ ਸੁਣ ਰਹੀ ਸੀ । ਚਾਚੀ ਨੂੰ ਪਤਾ ਲੱਗਿਆ ਤਾਂ ਓਹ ਹੈਰਾਨ ਹੁੰਦੀ ਭੱਜੀ ਆਈ। ਆਉਣ ਸਾਰ ਓਹ ਵੀਰੋ ਵਾਲ਼ੇ ਕਮਰੇ ਚ ਗਈ ਤੇ ਵੀਰੋ ਦੇ ਕਪੜੇ ਠੀਕ ਕਰਨ ਲਗ ਪਈ। ਉਸਨੂੰ ਗਦੈਲੇ ਹੇਠੋਂ ਛੁਰੀ ਦਿਸੀ ਜਿਹੜੀ ਵੀਰੋ ਨੇ ” ਕਾਰਾ ” ਕਰਨ ਲਈ ਰੱਖੀ ਸੀ। ਚਾਚੀ ਨੇ ਛੁਰੀ ਚੁੱਕ ਇੱਕ ਪਾਸੇ ਸੁੱਟ ਦਿੱਤੀ। ਉਸਨੇ ਵੀਰੋ ਵੱਲੋਂ ਦੱਸੀ ਛੁਰੀ ਵਾਲ਼ੀ ਗੱਲ ਨੂੰ ਆਪਣੇ ਅੰਦਰ ਹੀ ਦਬਾ ਲਿਆ। ਗਲ਼ੀ ਦੀਆਂ ਗੁਆਢਣਾਂ ਨੂੰ ਵੀਰੋ ਦੀ ਚੁੱਪ ਦਾ ਪਤਾ ਤਾਂ ਲੱਗ ਗਿਆ ਸੀ ਪਰ ਓਹ ਹੈਰਾਨ ਹੋਣ ਤੋਂ ਸਿਵਾਏ ਹੋਰ ਕਰ ਕੀ ਸਕਦੀਆਂ ਸਨ !
( 9501615511 )
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj