ਅਦਾਕਾਰੀ ਦੀ ਰੂਹ : ਜਤਿੰਦਰ ਕੌਰ

ਉਹ ਅੱਜ ਜਿਸ ਮੁਕਾਮ ‘ਤੇ ਖੜੇ ਹਨ, ਉਸ ਦੇ ਪਿੱਛੇ ਉਨ੍ਹਾਂ ਦੇ ਪਤੀ ਸੁਰਿੰਦਰ ਸਿੰਘ ਦੀ ਪੂਰੀ ਸਮਝ, ਹੌਸਲਾ ਅਤੇ ਸਾਥ ਹੈ।
ਜਤਿੰਦਰ ਕੌਰ
ਬਲਦੇਵ ਸਿੰਘ ਬੇਦੀ

  (ਸਮਾਜ ਵੀਕਲੀ)   ਬੇਸ਼ੱਕ ਰੰਗਮੰਚ, ਰੇਡੀਉ , ਟੈਲੀਵੀਜ਼ਨ ਅਤੇ ਸਿਨੇਮਾ ਦੀ ਦੁਨੀਆ ‘ਚ ਕਈ ਚਮਕਦੇ ਚਿਹਰੇ ਆਏ ਤੇ ਕਈ ਗਏ, ਪਰ ਕੁਝ ਚਿਹਰੇ ਆਪਣੀ ਸਾਦਗੀ, ਅਦਾਕਾਰੀ ਤੇ ਲੰਮੇ ਸਮੇਂ ਤਕ ਨਿਭਾਏ ਰੋਲ ਕਰਕੇ ਲੋਕਾਂ ਦੇ ਦਿਲਾਂ ‘ਚ ਵੱਸ ਜਾਂਦੇ ਹਨ। ਅਜਿਹੀ ਹੀ ਇੱਕ ਨਾਮਵਰ ਸ਼ਖਸੀਅਤ ਹਨ ਜਤਿੰਦਰ ਕੌਰ, ਜਿਨ੍ਹਾਂ ਨੇ ਪਿਛਲੇ ਲਗਭਗ ਛੇ ਦਹਾਕਿਆਂ ਤੋਂ ਪੰਜਾਬੀ ਰੰਗਮੰਚ, ਰੇਡੀਉ ,ਟੈਲੀਵੀਜ਼ਨ ਅਤੇ ਸਿਨੇਮਾ ਨੂੰ ਆਪਣੀ ਅਦਾਕਾਰੀ ਦੇ ਰਾਹੀਂ ਇਕ ਨਵੀਂ ਪਛਾਣ ਦਿੱਤੀ। ਉਨ੍ਹਾਂ ਦੀ ਹਾਸਰਸ ਭੂਮਿਕਾ ਹੋਵੇ ਜਾਂ ਕਿਸੇ ਮਾਂ ਦੀ ਮਮਤਾ ਭਰੀ ਆਵਾਜ਼, ਹਰ ਰੂਪ ਵਿੱਚ ਉਨ੍ਹਾਂ ਦਰਸ਼ਕਾਂ ਦੇ ਦਿਲਾਂ ਤੇ ਇਕ ਅਮਿਟ ਛਾਪ ਛੱਡੀ। ਉਨ੍ਹਾਂ ਵਲੋਂ ਰੰਗਮੰਚ ਨੂੰ ਸਮਰਪਿਤ ਨਾਟਕ ਠੇਠ ਪੰਜਾਬੀ ਰਾਹੀਂ ਨਰੋਏ ਸਮਾਜ ਦੀ ਪੈਰਵੀ ਕਰਦੇ ਹਨ।

ਜਤਿੰਦਰ ਕੌਰ ਜੀ ਦਾ ਰੰਗਮੰਚ ਨਾਲ ਰਿਸ਼ਤਾ ਸਟੇਜ ਦੇ ਨਾਟਕ ‘ਅਟੈਚੀ ਕੇਸ’ ਤੋਂ 1965 ‘ਚ ਸ਼ੁਰੂ ਹੋਇਆ। ਇਹ ਉਹ ਸਮਾਂ ਸੀ ਜਦੋਂ ਸਮਾਜ ਦੀਆਂ ਪਾਬੰਦੀਆਂ ਔਰਤਾਂ ਨੂੰ ਘਰ ਦੀ ਚਾਰਦਿਵਾਰੀ ਤੱਕ ਹੀ ਸੀਮਤ ਰੱਖਦੀਆਂ ਸਨ। ਪਰ ਉਸ ਸਮੇਂ ਭਾਈ ਮੰਨਾ ਸਿੰਘ ( ਗੁਰਸ਼ਰਨ ਸਿੰਘ ਜੀ ) ਵਾਂਗਰ ਮੰਝੇ ਹੋਏ ਕਲਾਕਾਰਾਂ ਨੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ। ਜਤਿੰਦਰ ਕੌਰ ਨੇ ਵੀ ਆਪਣੀ ਕਲਾ ਦੇ ਜ਼ਜ਼ਬੇ ਨੂੰ ਜਿਊਂਦਿਆਂ ਰੱਖਦਿਆਂ ਇਹ ਮੰਚ ਚੁਣਿਆ। ਇਹ ਚੋਣ ਸਿਰਫ਼ ਹੌਸਲੇ ਦੀ ਗੱਲ ਨਹੀਂ ਸੀ, ਇਹ ਇਕ ਇਨਕਲਾਬੀ ਕਦਮ ਵੀ ਸੀ। ਆਪਣੇ ਦਿਲ ਦੇ ਹਰ ਸਵਾਲ ਨੂੰ ਉਨ੍ਹਾਂ ਲੋਕਾਂ ਤਕ ਸਟੇਜ ਦੇ ਨਾਟਕਾਂ ਰਾਹੀਂ ਸਾਂਝਾ ਕੀਤਾ ਅਤੇ ਇਕ ਔਰਤ ਦੀ ਪੂਰਨ ਆਜ਼ਾਦੀ ਵੀ ਆਮ ਲੋਕਾਂ ਸਾਹਮਣੇ ਪੇਸ਼ ਕੀਤੀ।
ਜਤਿੰਦਰ ਕੌਰ ਨੂੰ ਲੋਕ ਸਭ ਤੋਂ ਵੱਧ ਦੂਰਦਰਸ਼ਨ ਉੱਤੇ ਹਰਭਜਨ ਜਬਲ ਨਾਲ ਪਤੀ-ਪਤਨੀ ਦੇ ਘਰੇਲੂ ਝਗੜਾਲੂ ਕਮੇਡੀ ਪਲੇਅਜ਼ ਰਾਹੀਂ ਜਾਣਦੇ ਹਨ। ਦੂਰਦਰਸ਼ਨ ਦਾ ਕੋਈ ਵੀ ਰੰਗਾਰੰਗ ਪ੍ਰੋਗਰਾਮ ਇਸ ਜੋੜੀ ਤੋਂ ਬਿਨਾਂ ਅਧੂਰਾ ਸਾਬਿਤ ਹੁੰਦਾ ਸੀ। ਉਨ੍ਹਾਂ ਦੀ ਕਮੇਡੀ ਸਿਰਫ਼ ਹਸਾਉਣ ਵਾਲੀ ਹੀ ਨਹੀਂ ਸੀ, ਉਹ ਸਮਾਜ ‘ਚ ਚੁੱਭਦੇ ਮਸਲਿਆਂ ਉੱਤੇ ਹਲਕੇ-ਫੁਲਕੇ ਢੰਗ ਨਾਲ ਗੰਭੀਰ ਸੰਦੇਸ਼ ਵੀ ਛੱਡ ਜਾਂਦੀ ਸੀ। ਉਨ੍ਹਾਂ ਦੀ ਮਿਹਨਤ ਅਤੇ ਸਮਝਦਾਰੀ ਨਾਲ ਨਿਭਾਈਆਂ ਗਈਆਂ ਭੂਮਿਕਾਵਾਂ ਨੇ ਦਰਸ਼ਕਾਂ ਨੂੰ ਹਮੇਸ਼ਾ ਆਪਣੇ ਨਾਲ ਜੋੜ ਕੇ ਰੱਖਿਆ। 1976 ਤੋਂ ਉਨ੍ਹਾਂ ਨੇ ਦੂਰਦਰਸ਼ਨ ਤੇ ਸਕਰੀਨ ਟੈਸਟ ਪਾਸ ਕਰਕੇ ਅਨੇਕਾਂ ਨਾਟਕ ਦਰਸ਼ਕਾਂ ਦੀ ਝੋਲੀ ਪਾਏ ਅਤੇ ਇਹ ਸਿਲਸਿਲਾ ਤਕਰੀਬਨ ਕੋਈ 20 ਕੁ ਸਾਲ ਟੀ. ਵੀ. ਸਕਰੀਨ ਤੇ ਚਲਦਾ ਰਿਹਾ।
ਟੈਲੀਵਿਜ਼ਨ ਤੋਂ ਇਲਾਵਾ, ਜਤਿੰਦਰ ਕੌਰ ਨੇ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਵੀ ਆਪਣਾ ਲੋਹਾ ਮੰਨਵਾਇਆ। ਉਨ੍ਹਾਂ ਦੀ ਆਵਾਜ਼ ਵਿੱਚ ਇੱਕ ਮਾਂ ਵਾਲੀ ਮਿਠਾਸ ਤੇ ਰੂਪ ਵਿੱਚ ਇਕ ਮਹਿਲਾ ਦੀ ਮਜ਼ਬੂਤੀ ਹੁੰਦੀ ਸੀ, ਜੋ ਸਟੇਜ ਤੋਂ ਵੱਡੀ ਸਕਰੀਨ ਤੱਕ ਹਮੇਸ਼ਾ ਇੱਕੋ ਜਿਹੀ ਲੱਗਦੀ ਰਹੀ। ਜਿੱਥੇ ਉਨ੍ਹਾਂ ਦੀ ਐਕਟਿੰਗ ਨੂੰ ਭਾਰਤ ਦੇ ਲੋਕਾਂ ਨੇ ਪਸੰਦ ਕੀਤਾ ਉੱਥੇ ਹੀ ਗਵਾਂਢੀ ਮੁਲਖ ( ਪਾਕਿਸਤਾਨ ) ਨੇ ਵੀ ਇਸ ਅਦਾਕਾਰਾ ਨੂੰ ਸਿਰ ਮੱਥੇ ਪ੍ਰਵਾਨ ਕੀਤਾ।
ਜਤਿੰਦਰ ਕੌਰ ਅਕਸਰ ਇਕ ਗੱਲ ਦੱਸਦੇ ਹਨ ਕਿ ਅੱਜ ਉਹ ਜਿਸ ਮੁਕਾਮ ‘ਤੇ ਖੜੇ ਹਨ, ਉਸ ਦੇ ਪਿੱਛੇ ਉਨ੍ਹਾਂ ਦੇ ਪਤੀ ਸੁਰਿੰਦਰ ਸਿੰਘ ਦੀ ਪੂਰੀ ਸਮਝ, ਹੌਸਲਾ ਅਤੇ ਸਾਥ ਹੈ। ਇੱਕ ਔਰਤ ਲਈ ਘਰ ਤੋਂ ਬਾਹਰ ਕੰਮ ਦੀ ਸੰਤੁਲਨਾ ਬਨਾਉਣਾ ਅਸਾਨ ਨਹੀਂ ਹੁੰਦਾ, ਪਰ ਜਦੋਂ ਜੀਵਨਸਾਥੀ ਸੂਝਵਾਨ ਹੋਵੇ ਤਾਂ ਇਹ ਰਸਤਾ ਹੌਲੀ-ਹੌਲੀ ਰੌਸ਼ਨ ਹੋ ਜਾਂਦਾ ਹੈ।
ਉਨ੍ਹਾਂ ਨੇ ਕਈ ਵਾਰੀ ਆਪਣੀਆਂ ਇੰਟਰਵਿਊਜ਼ ਰਾਹੀਂ ਇਹ ਗੱਲ ਸਾਂਝੀ ਕੀਤੀ ਕਿ ਕਲਾਕਾਰੀ ਦਾ ਰਸਤਾ ਕਦੇ ਵੀ ਸਿੱਧਾ ਨਹੀਂ ਹੁੰਦਾ। ਹਰ ਮੰਚ, ਹਰ ਭੂਮਿਕਾ, ਹਰ ਡਾਇਲਾਗ ਉਹਨਾਂ ਲਈ ਇੱਕ ਨਵਾਂ ਇਮਤਿਹਾਨ ਹੁੰਦਾ, ਪਰ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ। ਸਿਰਫ਼ ਇੱਕ ਕਲਾਕਾਰ ਨਹੀਂ, ਉਹ ਇੱਕ ਅਜਿਹੀ ਮਹਿਲਾ ਹਨ ਜੋ ਦੂਜਿਆਂ ਲਈ ਰਾਹ ਦਸੇਰਾ ਵੀ ਬਣੀ। ਹਾਲਾਂਕਿ 85 ਵਰ੍ਹਿਆਂ ਦੀ ਉਮਰ ਵਾਲਾ ਅਸਰ ਕਦੇ ਵੀ ਉਨ੍ਹਾਂ ਦੇ ਜੋਸ਼ ਉੱਤੇ ਨਜ਼ਰ ਨਹੀਂ ਆਇਆ। ਅੱਜ ਵੀ ਜਦੋਂ ਉਹ ਕਿਸੇ ਵੀ ਸਟੇਜੀ ਨਾਟਕ ਜਾਂ ਫ਼ਿਲਮ ‘ਚ ਹਿੱਸਾ ਪਾਉਂਦੇ ਹਨ, ਤਾਂ ਦਰਸ਼ਕ ਆਪਣੇ ਚਿਹਰੇ ‘ਤੇ ਖੁਸ਼ੀ ਲੈ ਆਉਂਦੇ ਹਨ।
ਜਤਿੰਦਰ ਕੌਰ ਜਿਹੀਆਂ ਹਸਤੀਆਂ ਸਿਰਫ਼ ਕਲਾਕਾਰ ਨਹੀਂ ਹੁੰਦੀਆਂ, ਉਹ ਸਮਾਜ ਦੀਆਂ ਉਹ ਸ਼ਖ਼ਸੀਅਤਾਂ ਹੁੰਦੀਆਂ ਹਨ ਜੋ ਦੂਜਿਆਂ ਨੂੰ ਵੀ ਹੌਸਲਾ ਦਿੰਦੀਆਂ ਹਨ। ਉਹਨਾਂ ਦੀ ਜ਼ਿੰਦਗੀ ਸਾਨੂੰ ਪ੍ਰੇਰਨਾ ਦਿੰਦੀ ਹੈ ਕਿ ਜੇ ਮਨ ‘ਚ ਲਗਨ ਹੋਵੇ, ਹੌਸਲਾ ਹੋਵੇ ਅਤੇ ਸਹੀ ਸਾਥ ਮਿਲ ਜਾਵੇ ਤਾਂ ਕੋਈ ਵੀ ਰਾਹ ਮੁਸ਼ਕਲ ਨਹੀਂ ਹੁੰਦਾ। ਪਰਮਾਤਮਾ ਕਰੇ ਕਿ ਇਹ ਅਨਮੋਲ ਹੀਰਾ ਸਦੀਆਂ ਤੀਕ ਸਾਡੀ ਰੰਗਮੰਚੀ ਦੁਨੀਆ ‘ਚ ਇਸੇ ਤਰ੍ਹਾਂ ਚਮਕਦਾ ਰਹੇ।
✍️ ਬਲਦੇਵ ਸਿੰਘ ਬੇਦੀ 
 ਜਲੰਧਰ  9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਸਦ ਮੈਂਬਰ ਸੰਜੀਵ ਅਰੋੜਾ ਲੁਧਿਆਣਾ ਦੇ ਉਦਯੋਗਿਕ ਸਾਲਾਂ ਤੋਂ ਲਟਕਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਨਿਪਟਾਰਾ ਕੀਤਾ
Next articleਜਿਨਾਂ ਅਕਾਲ ਦਾ ਵਿਰੋਧ ਕਰਨਾ ਕਰੀ ਜਾਓ ਅਸੀਂ ਤਾਂ ਸਿਰੋਪਾ ਪਾ ਦਿੱਤਾ