(ਸਮਾਜ ਵੀਕਲੀ)
” ਟਿੰਡ ਵੱਲ੍ਹ ਜਾਂਦਾ ਰਾਹ ਕੱਚੀ ਪਹੀ ਦਾ,
ਖ਼ੂਨ ਵਾਲਾ ਰਿਸ਼ਤਾ ਹੈ ਕਿਸਾਨ ਅਤੇ ਕਹੀ ਦਾ;
ਸਰ੍ਹੋਂ ਦੇ ਨੇ ਫ਼ੁੱਲ ਜਿੱਥੇ ਝੂਮ ਝੂਮ ਨੱਚਦੇ,
ਕਣਕ ਦੇ ਦਾਣਿਆਂ ‘ਚ ਗੂੰਜਦੇ ਸੰਗੀਤ ਨੇਂ;
ਹਾਲ਼ੀਆਂ ਤੇ ਪਾਲ਼ੀਆਂ ਦੀ ਅਵਾਜ਼ ਜੋ ਬੁਲੰਦ ਕਰੇ,
ਸ਼ਾਇਰਾਂ ਨੂੰ ਆਖੋ ਕੋਈ ਲਿਖੋ ਐਸਾ ਗੀਤ ਵੇ….;
ਅੱਠੇ ਪਹਿਰ ਜਾਗ ਜਾਗ ਫ਼ਸਲਾਂ ਨੂੰ ਪਾਲ਼ਦੇ,
ਨਸਲਾਂ ਦੇ ਵਾਂਗੂੰ ਹੀ ਹਾਂ ਫ਼ਸਲਾਂ ਨੂੰ ਪਾਲ਼ਦੇ;
ਚੜ੍ਹਦੀਕਲਾ ‘ਚ ਸਦਾ ਰਹਿੰਦੀਆਂ ਹਵਾਵਾਂ ਏਥੇ,
ਉਂਝ ਭਾਵੇਂ ਤੂਫ਼ਾਨ ਸਾਡੇ ਉੱਤੇ ਗਏ ਬੀਤ ਨੇਂ;
ਹਾਲ਼ੀਆਂ ਤੇ ਪਾਲ਼ੀਆਂ ਦੀ ਅਵਾਜ਼ ਜੋ ਬੁਲੰਦ ਕਰੇ,
ਸ਼ਾਇਰਾਂ ਨੂੰ ਆਖੋ ਕੋਈ ਲਿਖੋ ਐਸਾ ਗੀਤ ਵੇ….;
ਸੱਥਾਂ ਵਿੱਚ ਬੈਠਦੀਆਂ ਜੁੜ ਜੁੜ ਢਾਣੀਆਂ,
ਰੰਗਲ਼ੇ ਪੰਜਾਬ ਦੀਆਂ ਪਾਉਣ ਜੋ ਕਹਾਣੀਆਂ;
ਚੜ੍ਹਦੀ ਜਵਾਨੀ ਫਿਰ ਤੇਗ਼ਾਂ ਉੱਤੇ ਨੱਚੂਗੀ,
ਰੰਗਲਾ ਪੰਜਾਬ ਮੁੜ ਕਰ ਸੁਰਜੀਤ ਦੇ;
ਹਾਲ਼ੀਆਂ ਤੇ ਪਾਲ਼ੀਆਂ ਦੀ ਅਵਾਜ਼ ਜੋ ਬੁਲੰਦ ਕਰੇ,
ਸ਼ਾਇਰਾਂ ਨੂੰ ਆਖੋ ਕੋਈ ਲਿਖੋ ਐਸਾ ਗੀਤ ਵੇ….;
ਮੈਲ਼ੀ ਅੱਖ ਹਾਕਮਾਂ ਜੋ ਪੈਲ਼ੀ ਉੱਤੇ ਰੱਖ ਲਈ,
ਜੰਗ ਦੇ ਮੈਦਾਨੀ ਅਸੀਂ ਕਮਰ ਹੁਣ ਕੱਸ ਲਈ;
ਅਨੰਦਪੁਰ ਸਜਿਆ ਐਲਾਨ ਹੋਇਆ ਖ਼ਾਲਸੇ ਦਾ,
ਸਿਰ ਦੇਣੇ ਪੈਣੇ ਇਹ ਮੁਹੱਬਤਾਂ ਦੀ ਰੀਤ ਏ;
ਹਾਲ਼ੀਆਂ ਤੇ ਪਾਲ਼ੀਆਂ ਦੀ ਅਵਾਜ਼ ਜੋ ਬੁਲੰਦ ਕਰੇ,
ਸ਼ਾਇਰਾਂ ਨੂੰ ਆਖੋ ਕੋਈ ਲਿਖੋ ਐਸਾ ਗੀਤ ਵੇ….;
ਮਿੱਟੀ ਜੋ ਪੁਲੀਤ ਹੋਈ,ਪਾਣੀ ਨੇਂ ਜੋ ਗੰਧਲੇ,
ਫਿੱਕੜੇ ਜਹੇ ਪਰਨੇ ਮੁੜ ਹੋ ਜਾਣੇ ਰੰਗਲੇ;
‘ਧਾਲੀਵਾਲਾ’ ਮੁੱਖ ਨੇਂ ਅਨੰਦਪੁਰ ਵੱਲ੍ਹ ਹੋ ਗਏ,
ਕੱਚੀ ਗੜ੍ਹੀ ਫਿਰ ਸਾਡੀ ਕਰ ਰਹੀ ਉਡੀਕ ਏ;
ਹਾਲ਼ੀਆਂ ਤੇ ਪਾਲ਼ੀਆਂ ਦੀ ਅਵਾਜ਼ ਜੋ ਬੁਲੰਦ ਕਰੇ,
ਸ਼ਾਇਰਾਂ ਨੂੰ ਆਖੋ ਕੋਈ ਲਿਖੋ ਐਸਾ ਗੀਤ ਵੇ….;
ਅੰਬਰਾਂ ‘ਤੇ ਝੂਲੇ ਝੰਡਾ ਕਿਰਤੀ ਕਿਸਾਨਾਂ ਦਾ,
ਆਸਰਾ ਹੀ ਬੜਾ ਸਾਨੂੰ ਕੇਸਰੀ ਨਿਸ਼ਾਨਾਂ ਦਾ;
ਅੱਤ ਦੀ ਨਾਂ ਰਹਿੰਦੀ ਹਕੂਮਤ ਇਸ ਜੱਗ ‘ਤੇ,
ਕੌਮ ਲੇਖੇ ਲੱਗੇ ਯੋਧੇ ਰਹਿੰਦੇ ਯਾਦ ਹਸ਼ਰ ਤੀਕ ਨੇਂ;
ਹਾਲ਼ੀਆਂ ਤੇ ਪਾਲ਼ੀਆਂ ਦੀ ਅਵਾਜ਼ ਜੋ ਬੁਲੰਦ ਕਰੇ,
ਸ਼ਾਇਰਾਂ ਨੂੰ ਆਖੋ ਕੋਈ ਲਿਖੋ ਐਸਾ ਗੀਤ ਵੇ….;
ਤੇਰੇ ਵਰ੍ਹਦੇ ਤੀਰਾਂ ਅੱਗੇ ਹਿੱਕ ਡਾਹਕੇ ਖੜਾਂਗੇ,
ਸਿਰ ਤਲ਼ੀ ‘ਤੇ ਧਰਲਾਂਗੇ,ਤੇ ਹੱਕਾਂ ਲਈ ਲੜਾਂਗੇ;
ਸਿਦਕਾਂ ਨਾਲ ਅਸੀਂ ਮੂੰਹ ਮੋੜੇ ਕਿਰਪਾਨਾਂ ਦੇ,
ਖ਼ੈਬਰ ਤੋਂ ਮਾਰ ਸਾਡੀ ਖਿਦਰਾਣੇ ਤੀਕ ਏ;
ਹਾਲ਼ੀਆਂ ਤੇ ਪਾਲ਼ੀਆਂ ਦੀ ਅਵਾਜ਼ ਜੋ ਬੁਲੰਦ ਕਰੇ,
ਸ਼ਾਇਰਾਂ ਨੂੰ ਆਖੋ ਕੋਈ ਲਿਖੋ ਐਸਾ ਗੀਤ ਵੇ….!!”
ਹਰਕਮਲ ਧਾਲੀਵਾਲ
ਸੰਪਰਕ:- 8437403720
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly