(ਸਮਾਜ ਵੀਕਲੀ)
ਅਖੌਤੀ ਸਿਆਣਿਆਂ ,ਬਾਬਿਆਂ ਵੱਲੋਂ ਪੁੱਛਾਂ ਕੱਢਣ ਦਾ ਕੰਮ ਕਈ ਤਰੀਕਿਆਂ ਨਾਲ ਚੱਲਦਾ ਹੈ। ਚਲਦੇ ਕੰਮਾਂ ’ਚ ਰੁਕਾਵਟ, ਬਿਮਾਰੀ, ਘਰ ’ਚ ਹੁੰਦਾ ਨੁਕਸਾਨ, ਵਿਦੇਸ਼ ਯਾਤਰਾ ਵਰਗੇ ਕੰਮਾਂ ਦੇ ਨਾ ਬਣਨ ਦੇ ਕਲਪਿਤ ਕਾਰਨ ਅਤੇ ਤਾਂਤਰਿਕ/ਗੈਬੀ ਸ਼ਕਤੀਆਂ ਰਾਹੀਂ ਉਪਾਅ ਦੱਸਣ ਨੂੰ ਪੁੱਛਾਂ ਕੱਢਣ ਨਾਲ ਜੋੜ ਲਿਆ ਜਾਂਦਾ ਹੈ। ਇਹ ਕੰਮ ਘਰਾਂ, ਦੁਕਾਨਾਂ ਅਤੇ ਚੈਨਲਾਂ ਰਾਹੀਂ ਚਲਾਇਆ ਜਾਂਦਾ ਹੈ। ਕੁੱਝ ‘ਜਗ੍ਹਾ’ ’ਤੇ ਚੌਂਕੀ ਲਗਾ ਕੇ ਢੋਲ-ਛੈਣੇ ਖੜਕਾ ਕੇ ਪੁੱਛਾਂ ਕੱਢਣ ਦਾ ਕੰਮ ਪੁਰਾਣੇ ਸਮੇਂ ਤੋਂ ਹੀ ਚਲਦਾ ਆ ਰਿਹਾ ਹੈ। ਸ਼ੋਸਲ ਮੀਡੀਏ ਕਾਰਨ ਅਤੇ ਲੋਕਾਂ ਦੇ ਇੱਕ ਹੱਦ ਤੱਕ ਜਾਗਿ੍ਰਤ ਹੋਣ ਕਾਰਨ ਇਹ ਕੰਮ ਕਾਫੀ ਘਟ ਗਿਆ ਹੈ। ਪੁੱਛਾਂ ਦੇਣ ਵਾਲਾ ਭਰੇ ਪੰਡਾਲ ਵਿੱਚੋਂ ਆਵਾਜ਼ ਦੇ ਕੇ ਬੁਲਾਉਦਾ ਹੈ ਕਿ ਉਹ ਖੜ੍ਹਾ ਹੋਵੇ ਜਿਹੜਾ ਫਲਾਣੀ ਗੱਲ ਪੁੱਛਣੀ ਚਾਹੁੰਦਾ ਹੈ ਜਾਂ ਕਈ ਵਾਰ ਵਿਅਕਤੀ ਜਾਂ ਪਿੰਡ ਦਾ ਨਾਮ ਲੈ ਕੇ ਵੀ ਆਵਾਜ਼ ਮਾਰੀ ਜਾਂਦੀ ਹੈ ਜਿਸ ਦਾ ਪੁੱਛਾਂ ਲੈਣ ਵਾਲੇ ਵਿਅਕਤੀ ’ਤੇ ਬਾਬੇ ਦੇ ਪਹੁੰਚੇ ਹੋਣ ਦਾ ਪੱਕਾ ਅਸਰ ਪੈ ਜਾਂਦਾ ਹੈ। ਫਿਰ ਬਾਬਾ ਜੋ ਵੀ ਕਾਰਨ ਜਾਂ ਉਪਾਅ ਦਸਦਾ ਹੈ, ਵਿਅਕਤੀ ‘ਠੀਕ ਹੈ’ ਕਹਿ ਕੇ ਸਵੀਕਾਰ ਕਰ ਲੈਂਦਾ ਹੈ।
ਆਮ ਤੌਰ ’ਤੇ ਇਹ ਪੇਸ਼ਾਵਰ ਲੋਕ ਤਜ਼ਰਬੇ ਕਾਰਨ ਤੇ ਲੋਕਾਂ ਦੇ ਲਾਈਲੱਗ ਸੁਭਾਅ ਕਾਰਨ ਮਾਹਿਰ ਹੋ ਜਾਂਦੇ ਹਨ। ਆਮ ਕਰਕੇ ਇਹ ਸਾਰੇ ਪਾਖੰਡੀ ਦੁੱਖਾਂ-ਤਕਲੀਫ਼ਾਂ ਲਈ ਕਿਸੇ ਗੁਆਂਢੀ ਨੂੰ ਜ਼ਿੰਮੇਵਾਰ ਠਹਿਰਾਉਦੇ ਹਨ, ਗ੍ਰਹਿਆਂ ਦੇ ਕ੍ਰੋਪ ਹੋਣ ਦੀ ਗੱਲ ਜਾਂ ਗ੍ਰਹਿਆਂ ਦਾ ਉਹਨਾਂ ਦੀ ਰਾਸ਼ੀ ਦੇ ਅਨੁਕੂਲ ਨਾ ਹੋਣਾ, ਕਿਸੇ ਦਾ ਖੁਵਾਇਆ, ਕਿਸੇ ਦਾ ਕਰਾਇਆ, ਟੂਣਾ ਟੱਪਿਆ ਆਦਿ ਵਰਗੀਆਂ ਝੂਠੀਆਂ ਗੱਲਾਂ ਦਸਦੇ ਹਨ।
ਸਮਾਜ ਦਾ ਵੱਡਾ ਹਿੱਸਾ, ਆਪਣੀਆਂ ਸਮੱਸਿਆਵਾਂ ਦੇ ਅਸਲ ਕਾਰਨ ਲੱਭਣ ਤੋਂ ਅਸਮਰੱਥ ਹੋਣ ਕਾਰਨ, ਇਨ੍ਹਾਂ ਪਾਖੰਡੀਆਂ ਵੱਲ ਤੁਰਿਆ ਰਹਿੰਦਾ ਹੈ। ਪੜਤਾਲ ਕਰਕੇ ਵਿਸ਼ਵਾਸ ਕਰਨ ਦੀ ਗੱਲ ਤਾਂ ਅਜੇ ਬਹੁਤ ਦੂਰ ਹੈ।
ਅਜਿਹੀਆਂ ਥਾਵਾਂ ’ਤੇ ਏਜੰਟਾਂ ਦਾ ਅਜਿਹਾ ਜਾਲ ਵਿਛਾਇਆ ਹੁੰਦਾ ਹੈ ਜਿਹੜਾ ਉੱਥੇ ਆਉਣ ਵਾਲੇ ਹਰ ਗਾਹਕ ਤੋਂ ਆਉਦਿਆਂ ਹੀ ਗੱਲਾਂ-ਗੱਲਾਂ ਵਿੱਚ ਹਰ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਲੈਂਦਾ ਹੈ। ਇਹ ਏਜੰਟ ਵੀ ਆਮ ਦੁਖੀਆਂ ਦੀ ਤਰ੍ਹਾਂ ਬਾਬੇ ਤੋਂ ਇਲਾਜ ਕਰਾਉਣ ਦਾ ਅਤੇ ਬਾਬੇ ਦੀਆਂ ‘ਸ਼ਕਤੀਆਂ’ ਦਾ ਪ੍ਰਭਾਵ ਬਣਾਉਦੇ ਹਨ ਤੇ ਗੱਲਾਂ-ਗੱਲਾਂ ਵਿੱਚ ਵਿਅਕਤੀ ਤੋਂ ਪਿੰਡ, ਸਮੱਸਿਆ ਤੇ ਨਾਮ ਤੱਕ ਪਤਾ ਕਰ ਜਾਂਦੇ ਹਨ। ਇਹ ਸਾਰੀ ਜਾਣਕਾਰੀ ਮੁੱਖ ‘ਬਾਬੇ’ ਤੱਕ ਪਹੁੰਚਾ ਦਿੰਦੇ ਹਨ। ਇਸ ਜਾਣਕਾਰੀ ’ਤੇ ਅਧਾਰਿਤ ਬਾਬਾ ਪੁੱਛ ਕੱਢ ਦਿੰਦਾ ਹੈ
ਅਜਿਹੇ ਅਖੌਤੀ ਸਿਆਣਿਆਂ ਦੀਆਂ ਦੁਕਾਨਦਾਰੀਆਂ ਵਧੀਆ ਚਲਦੀਆਂ ਨੇ। ਮਾਨਸਿਕ ਰੋਗਾਂ ਅਤੇ ਸਰੀਰਕ ਅਲਾਮਤਾਂ ਨਾਲ ਸਤਾਏ ਲੋਕਾਂ ਦੀ ਇਹ ਅੰਨੇਵਾਹ ਲੁੱਟ ਕਰਦੇ ਨੇ । ਸਿਰਫ ਆਰਥਿਕ ਲੁੱਟ ਹੀ ਨਹੀਂ ਕਰਦੇ , ਸਗੋਂ ਕਈ ਵਾਰੀ ਜਿਸਮਾਨੀ ਲੁੱਟ ਵੀ ਕਰਦੇ ਨੇ । ਕਈ ਅਖੌਤੀ ਸਿਆਣੇ ਧਾਗੇ –ਤਵੀਤ ਦਿੰਦੇ ਨੇ ,ਜਿਨ੍ਹਾਂ ਨਾਲ ਮੁੰਡਾ ਹੋਣ ਦਾ ਭਰਮ ਹੁੰਦਾ ਹੈ । ਅਜਿਹੀ ਸਥਿਤੀ ‘ਚ ਫਸੀ ਔਰਤ ਕਈ ਵਾਰ ਆਪਣੀ ਜਿਸਮਾਨੀ ਲੁੱਟ –ਖਸੁੱਟ ਵੀ ਕਰਵਾ ਲੈਂਦੀ ਹੈ ।
ਇਸ ਤਰ੍ਹਾਂ ਦਾ ਕੇਸ
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਕੋਲ ਆਇਆ। ਇੱਕ ਵਿਅਕਤੀ ਕਿੱਤੇ ਵਜੋਂ ਵਧੀਆ ਮੰਨਿਆਂ –ਪ੍ਰਮੰਨਿਆਂ ਕਾਰੀਗਰ ਸੀ । ਉਸ ਦੀਆਂ ਤਿਂਨ ਧੀਆਂ ਸਨ ਤੇ ਉਸਦੀ ਘਰਵਾਲੀ ਸਦੀਵੀ ਵਿਛੋੜਾ ਦੇ ਗਈ ਸੀ। ਇਸ ਲਈ ਉਹ ਸਦਾ ਘੋਰ ਨਿਰਾਸ਼ਾ ਵਿੱਚ ਡੁਬਿਆ ਰਹਿੰਦਾ । ਉਹ ਹਰ ਸਮੇਂ ਉਚਾਟ ਰਹਿੰਦਾ । ਉਸਨੂੰ ਕੁਝ ਵੀ ਨਹੀਂ ਸੀ ਸੁੱਝਦਾ । ਉਸਦੇ ਮਨ ਉੱਤੇ ਬਹੁਤ ਗਹਿਰਾ ਪ੍ਰਭਾਵ ਪਿਆ ਅਤੇ ਉਹ ਚਿੰਤਾ ਦੇ ਡੂੰਘੇ ਸਮੁੰਦਰ ਵਿੱਚ ਡੁੱਬ ਗਿਆ।
ਉਹ ਆਪਣੀਆਂ ਧੀਆਂ ਦੇ ਭਵਿੱਖ ਬਾਰੇ ਸੋਚਣ ਲੱਗ ਪੈਂਦਾ ਹੈ । ਅਜੇ ਉਸਦੀਆਂ ਲੜਕੀਆਂ ਕੰਵਾਰੀਆਂ ਸਨ। ਚਿੰਤਾ ਤੇ ਨਿਰਾਸ਼ਾ ‘ਚ ਡੁੱਬਣ ਕਾਰਨ ਉਸਨੂੰ ਮਹਿਸੂਸ ਹੋਣ ਲੱਗਾ ਕਿ ਉਸਨੂੰ ਕੋਈ ਓਪਰੀ ਸ਼ੈ ਚਿੰਬੜ ਗਈ ਹੈ,ਕਿਸੇ ਨੇ ਕੁੱਝ ਕਰਵਾ ਦਿੱਤਾ ਹੈ, ਜਿਸ ਕਾਰਨ ਉਹ ਹਰ ਸਮੇਂ ਡਰਦਾ ਰਹਿੰਦਾ ।
ਉਸ ਦੇ ਮਨ ਵਿੱਚ ਇਹ ਭਰਮ ਪੈਦਾ ਹੋ ਗਿਆ ਹੈ ਕਿ ਉਸਨੂੰ ਕੋਈ ਭੂਤ-ਪ੍ਰੇਤ ਚਿੰਬੜੀ ਹੈ। ਜਦੋਂ ਇਸ ਤਰ੍ਹਾਂ ਦਿਲਗੀਰੀ ਵਧਦੀ ਗਈ ਤਾਂ ਉਸਨੇ ਆਪਣੇ ਨੇੜੇ ਪਿੰਡ ਦੇ ਸਿਆਣੇ ਨਾਲ ਸੰਪਰਕ ਕੀਤਾ, ਜੋ ਪੁੱਛਾਂ ਕੱਢਣ ਦਾ ਕੰਮ ਕਰਦਾ ਸੀ। ਉਸ ਅਖੋਤੀ ਸਿਆਣੇ ਨੇ ਉਸਨੂੰ ਆਪਣੇ ਚੁੰਗਲ ਵਿੱਚ ਫਸਾ ਲਿਆ,ਇਹ ਮਾਨਸਿਕ ਰੋਗੀ ਉਸਦੇ ਪੂਰੀ ਤਰ੍ਹਾਂ ਪ੍ਰਭਾਵ ਵਿੱਚ ਆ ਗਿਆ ਪੁੱਛਾਂ ਕੱਢਣ ਵਾਲੇ ਅਖੌਤੀ ਸਿਆਣੇ ਨੂੰ ਵੀ ਉਸ ਉਤੇ ਪੂਰਾ ਵਿਸਵਾਸ਼ ਹੋ ਗਿਆ ,ਉਨਾਂ ਦੋਵਾਂ ਵਿੱਚ ਆਪਸੀ ਸਾਂਝ ਬਣ ਗਈ ਅਤੇ ਉਸਨੂੰ ਪੁੱਛਾਂ ਕੱਢਣ ਦਾ ਗੁਰ ਦੇਣਾ ਸੁਰੂ ਕਰ ਦਿੱਤਾ। ਉਸ ਨੂੰ ਸਮਝਾਇਆ ਕਿ ਪੁੱਛਾਂ ਕਿਵੇ ਕੱਢਣੀਆਂ ਹਨ।ਚੇਲਾ ਮੁੰਨਣ ਉਪਰੰਤ ਸਾਧਾ ਵੀ ਪੁੱਛਾਂ ਦੇਣ ਲੱਗ ਪਿਆ ਤੇ ਉਸਦੀ ਮਾਨਸਿਕ ਤਸੱਲੀ ਹੋਣੀ ਸ਼ੁਰੂ ਹੋ ਗਈ। ਉਹ ਪਹਿਲਾਂ ਨਾਲੋਂ ਕੁੱਝ ਰਾਹਤ ਮਹਿਸੂਸ ਕਰਦਾ ਸੀ। ਹੁਣ ਉਹ ਨਿਰਾਸ਼ ਘੱਟ ਰਹਿਦਾ ਸੀ।ਹਰ ਵੇਲੇ ਪੁਛਾਂ ਕੱਢਣ ਦਾ ਅਭਿਆਸ ਕਰਦੇ ਰਹਿਣਾ।ਆਪਣੇ ਗੁਮਾਸਤੇ ਤਿਆਰ ਕਰ ਲਏ, ਤਕੜਾ ਜੁਗਾੜ ਬਣਾ ਲਿਆ। ਹਰ ਵੇਲੇ ਆਪਣੇ ਆਪ ਨੂੰ ਖੁਸ਼ ਰੱਖਣ ਦੇ ਯਤਨ ਕਰਦਾ ।ਲਾਈਲੱਗ ਅਨੇਕਾਂ ਜਨਾਨੀਆਂ ਪੁੱਛਾਂ ਲੈਣ ਆਉਂਦੀਆ ਸਨ।
ਪੁੱਛਾ ਦੇਣ ਦਾ ਕੰਮ ਉਸਨੇ ਨਿਰੰਤਰ ਜਾਰੀ ਰੱਖਿਆ ਅਤੇ ਦੁੱਖਾਂ ਤੋ ਪੀੜਤ ਲੋਕਾਂ ਦੀ ਪੂਰੀ ਆਰਥਿਕ ਲੁੱਟ ਕਰਦਾ। ਜਦੋਂ ਤੋਂ ਉਸਨੇ ਇਹ ਧੰਦਾ ਸੁਰੂ ਕੀਤਾ ਸੀ, ਉਦੋਂ ਤੋਂ ਹੀ ਕਾਰੀਗਰੀ ਦਾ ਕੰਮ ਪੂਰੀ ਤਰ੍ਹਾਂ ਛ਼ੱਡ ਗਿਆ ਸੀ। ਹੱਥੀ ਮਿਹਨਤ ਕਰਨੀ ਛੱਡ ਦਿੱਤੀ ਤੇ ਉਹ ਇਸ ਕਿੱਤੇ ਵਿੱਚ ਕਾਫੀ ਮਾਹਿਰ ਬਣ ਗਿਆ।
ਕੁੱਝ ਸਮਾ ਇਸ ਤਰ੍ਹਾਂ ਉਸ ਦਾ ਧੰਦਾ ਚਲਦਾ ਰਿਹਾ ਪ੍ਰੰਤੂ ਉਹ ਇਸ ਕਿੱਤੇ ਤੋ ਵੀ ਅੱਕ ਗਿਆ ਕਿਉਂਕਿ ਉਸਦੀਆਂ ਤਿੰਨ ਧੀਆਂ ਵੀ ਭੂਤਾਂ-ਪ੍ਰੇਤਾਂ ਤੋਂ ਪੀੜਤ ਹੋ ਗਈਆਂ ਅਤੇ ਸਿਰ ਮਾਰਨ ਲੱਗ ਪਈਆਂ। ਉਹ ਆਪ ਵੀ ਸਿਰ ਮਾਰਨ ਲਗ ਪਿਆ, ਉਦਾਸੀ ਭਾਰੀ ਪੈ ਗਈ ।ਉਸਦੇ ਚੇਲਿਆਂ
ਨੇ ਉਸਦੀਆਂ ਕੁੜੀਆਂ ਨਾਲ ਸੰਬੰਧ ਬਣਾ ਲਏ ।ਉਸਨੂੰ ਬਹੁਤ ਔਖ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਦੋ ਉਹ ਬਹੁਤ ਜਿਆਦਾ ਦੁੱਖੀ ਹੋ ਗਿਆ ਤਾ ਉਸਨੇ ਕਿਸੇ ਵਿਗਿਆਨਿਕ ਵਿਚਾਰਾਂ ਦੇ ਧਾਰਨੀ ਨਾਲ ਸੰਪਰਕ ਕੀਤਾ।
ਉਸ ਵਿਆਕਤੀ ਨੇ ਤਰਕਸ਼ੀਲ ਸੁਸਾਇਟੀ ਸੰਗਰੂਰ ਨਾਲ ਰਾਬਤਾ ਕਾਇਮ ਕਰਨ ਦੀ ਸਲਾਹ ਦਿੱਤੀ।
ਜਦੋਂ ਉਹ ਸਾਡੇ ਕੋਲ ਪਹੁੰਚਿਆ ਤਾਂ ਉਸ ਸਮੇਂ ਉਹ ਬਹੁਤ ਨਿਰਾਸ਼ ਅਤੇ ਦੁੱਖੀ ਹੋ ਚੁੱਕਿਆ ਸੀ। ਉਹ ਸਾਡੇ ਕੋਲ ਆਪ ਹੀ ਫੁੱਟ ਪਿਆ ਕਿ ਮੈਂ ਪਹਿਲਾਂ ਕਾਰੀਗਰ ਦਾ ਕੰਮ ਕਰਦਾ ਸੀ। ਪਤਨੀ ਮਰਨ ਕਰਕੇ ਮੈਂ ਪੁੱਛਾਂ ਦੇਣ ਦਾ ਕੰਮ ਸੁਰੂ ਕਰ ਦਿੱਤਾ ਤੇ ਹੁਣ ਮੇਰੀਆਂ ਜਵਾਨ ਕੁੜੀਆਂ ਵੀ ਸਿਰ ਮਾਰਨ ਲੱਗ ਪਈਆਂ ਨੇ। ਸਾਡੇ ਘਰ ਵਿੱਚ ਭੂਤਾ-ਪ੍ਰੇਤਾਂ ਦਾ ਸਾਇਆ ਹੈ ਅਤੇ ਰਾਤ ਨੂੰ ਮੈਨੂੰ ਅਨੇਕਾਂ ਜਨਾਨੀਆਂ ਦਿਸਦੀਆਂ ਨੇ। ਕਈ ਭੂਤਾਂ ਬੜੀਆਂ ਕਰੂਪ ਹੁੰਦੀਆਂ ਨੇ। ਜਿਸ ਕਰਕੇ ਮੈਨੂੰ ਹੁਣ ਡਰ ਲੱਗਣ ਲੱਗ ਪਿਆ ਹੈ।ਮੇਰੇ ਵਿਅਕਤੀ ਮੇਰੀਆਂ ਕੁੜੀਆਂ ਤੇ ਮੈਲੀ ਅੱਖ ਰੱਖਦੇ ਹਨ
ਉਸਦੀ ਮਨੋਵਿਗਿਆਨਕ ਤੇ ਵਿਗਿਆਨਕ ਨਜ਼ਰੀਏ ਤੋਂ ਸਾਰੀ ਵਿਥਿਆ ਸੁਣੀ। ਮੈਂ ਉਸਨੂੰ ਬਹੁਤ ਸਾਰੇ ਉਸਾਰੂ,ਹੌਂਸਲਾ ਵਧਾਊ ਸਾਰਥਿਕ ਸੁਝਾਅ ਦਿੰਦਿਆਂ ਕਿਹਾ ਕਿ ਜੇਕਰ ਤੂੰ ਪੁੱਛਾਂ ਦੇਣ ਦਾ਼ ਕੰਮ ਕਰਦਾ ਰਹੇਂਗਾ ਤਾਂ ਇਸ ਨਾਲ ਤੇਰੀਆਂ ਮੁਟਿਆਰ ਲੜਕੀਆਂ ਤੇ ਮਾੜਾ ਅਸਰ ਪਵੇਗਾ। ਇਸ ਲਈ ਤੂੰ ਇਹ ਧੰਦਾ ਛੱਡ ਕੇ ਕਿਰਤ ਕਰਨੀ ਸ਼ੁਰੂ ਕਰ। ਮੈਂ ਗੱਲਬਾਤ ਰਾਹੀਂ ਉਸਦੇ ਅਚੇਤ ਚੋਂ ਅਨੇਕਾਂ ਭੂਤ, ਚੁੜੇਲਾਂ, ਜੋ ਜ਼ਨਾਨੀਆਂ ਦੇ ਰੂਪ ਵਿੱਚ ਉਸਨੂੰ ਤੰਗ ਕਰਦੀਆਂ ਸਨ, ਕੱਢੀਆਂ।
ਚੌਥੀ ਵਾਰ ਜਦੋਂ ਉਹ ਸਾਡੇ ਕੋਲ਼ ਆਇਆ ਤਾ ਉਸਦੀਆਂ ਅੱਖਾਂ ਵਿੱਚ ਚਮਕ ਸੀ ਅਤੇ ਉਹ ਖੁਸ਼ ਨਜ਼ਰ ਆ ਰਿਹਾ ਸੀ। ਉਸਨੇ ਆਪਣਾ ਪਹਿਲਾ ਵਾਲਾ ਕਿੱਤਾ ਕਰਨਾ ਸੁਰੂ ਕਰ ਦਿੱਤਾ ਸੀ। ਉਸਦੀਆਂ ਧੀਆਂ ਵੀ ਹੁਣ ਸਿਰ ਮਾਰਨੋਂ ਹੱਟ ਗਈਆਂ ਸਨ ਤੇ ਉਨ੍ਹਾਂ ਦੀ ਕਸਰ ਵੀ ਦੂਰ ਹੋ ਗਈ ਸੀ।ਇਸ ਤਰ੍ਹਾਂ ਤਰਕਸ਼ੀਲਾਂ ਨੇ ਉਸ ਦੇ ਅਚੇਤ ਮਨ ਵਿੱਚ ਬੈਠੇ ਕਲਪਿਤ ਭੂਤਾਂ ਦੇ ਡਰ ਨੂੰ ਮਨੋਵਿਗਿਆਨਕ ਢੰਗ ਨਾਲ ਕੱਢ ਕੇ ਮਿਹਨਤ ਤੇ ਸਚਾਈ ਵਾਲੇ ਪਾਸੇ ਲਾਇਆ।
ਮਾਸਟਰ ਪਰਮ ਵੇਦ
ਜ਼ੋਨ ਮੁਖੀ, ਤਰਕਸ਼ੀਲ ਸੁਸਾਇਟੀ ਪੰਜਾਬ
ਅਫਸਰ ਕਲੋਨੀ ਸੰਗਰੂਰ
9417422349
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly