ਸੁਹਾਗ ਦੀ ਨਿਸ਼ਾਨੀ ਹਨ ਚੂੜੀਆਂ

ਸੂਰੀਆ ਕਾਂਤ ਵਰਮਾ

(ਸਮਾਜ ਵੀਕਲੀ)

ਰੰਗ ਬਰੰਗੀਆਂ ਮਨਮੋਹਕ ਹੁੰਦੀਆਂ ਨੇ ਚੂੜੀਆਂ,
ਸਭਨਾਂ ਦੇ ਮਨ ਭਾਉਂਦੀਆਂ ਨੇ ਚੂੜੀਆਂ।
ਲਾਲ, ਪੀਲੇ,ਹਰੇ,ਨੀਲੇ ਰੰਗਾਂ ਦੀਆਂ,
ਅਪਣੇ ਰੰਗਾਂ ਨਾਲ ਲੁਭਾਉਂਦੀਆਂ ਨੇ ਚੂੜੀਆਂ।
ਗਲੀ ਗਲੀ ਹੋਕਾ ਦਿੰਦਾ ਫਿਰੇ ਬਣਜਾਰਾ
ਚੂੜੀਆਂ ਲੈ ਲਵੋ ਚੂੜੀਆਂ
ਸੁਣ ਹੋਕਾ ਉਸਦਾ
ਘਰੋਂ ਭੱਜੀਆਂ ਆਉਂਦੀਆਂ ਨੇ ਕੁੜੀਆਂ।
ਸੁਹਾਗਨ ਨਾਰੀ ਦੀ ਨਿਸ਼ਾਨੀ ਹਨ ਇਹ ਚੂੜੀਆਂ,
ਦੁਲਹਿਨ ਪਾਉਂਦੀ ਹੈ ਜਦ ਹੱਥਾਂ ਵਿਚ,
ਅਪਸਰਾ ਬਣਾਉਂਦੀਆਂ ਹਨ ਉਸਨੂੰ ਇਹ ਚੂੜੀਆਂ।
ਸਾਜਨ ਵੀ ਮੋਹਿਤ ਹੋ ਜਾਵੇ,
ਸਜਨੀ ਹੱਥਾਂ ਵਿਚ ਜਦੋਂ ਖਣਕਾਉਂਦੀ ਹੈ ਚੂੜੀਆਂ।
ਜਦੋਂ ਆਦਮੀ ਕਰਦਾ ਹੈ ਬੁਜ਼ਦਿਲਾਂ ਵਾਲੇ ਕੰਮ,
ਉਸਦੇ ਹੱਥਾਂ ਵਿਚ ਪਾਈਆਂ ਜਾਂਦੀਆਂ ਨੇ ਫੇਰ ਚੂੜੀਆਂ।
ਮਾਤਮ ਹੋਵੇ ਘਰ ਵਿੱਚ,
ਤਾਂ ਔਰਤ ਦੇ ਹੱਥਾਂ ‘ਚੋਂ ਤੋੜੀਆਂ ਜਾਂਦੀਆਂ ਨੇ ਚੂੜੀਆਂ।
ਸਮਝਣ ਵਾਲੇ ਸਮਝ ਜਾਂਦੇ ਨੇ,
ਮੂਕ ਰਹਿਕੇ ਵੀ ਬਹੁਤ ਕੁਝ ਕਹਿ ਜਾਂਦੀਆਂ ਨੇ ਚੂੜੀਆਂ।

ਅਰਦਾਸ
———
“ਦਾਦਾ ਜੀ ਤੁਸੀਂ ਹਰ ਰੋਜ਼ ਇਹ ਜੰਗ ਲੜਾਈ ਦੀਆਂ ਖ਼ਬਰਾਂ ਵੇਖਣ ਟੀ ਵੀ ਅੱਗੇ ਬਹਿ ਜਾਂਦੇ ਹੋ–ਮੈਨੂੰ ਰਿਮੋਟ ਦਿਓ–ਮੇਰਾ ਕਾਰਟੂਨ ਵੇਖਣ ਦਾ ਟਾਇਮ ਹੈ ਫੇਰ ਮੈਨੂੰ ਮੰਮੀ ਨੇ ਹੋਮ ਵਰਕ ਕਰਵਾਉਣ ਲਈ ਸੱਦ ਲੈਣਾ”। “ਕੁਝ ਸਮਾਂ ਰੁੱਕ ਜਾ ਮੱਲਾ—ਬੱਸ ਪੰਜ ਕੁ ਮਿੰਟ–ਫੇਰ ਤੇਰਾ ਕਾਰਟੂਨ ਚੈਨਲ ਲਗਾ ਦਿੰਦਾ ਹਾਂ”।”ਪਰ ਦਾਦਾ ਜੀ ਇਹ ਜੰਗ ਕਦੋਂ ਖ਼ਤਮ ਹੋਵੇਗੀ–ਤੁਸੀਂ ਤਾਂ ਕਹਿੰਦੇ ਸੀ ਕਿ ਕੱਲ ਨੂੰ ਰੂਸ ਨੇ ਕਬਜ਼ਾ ਕਰ ਲੈਣਾ ਹੈ”। “ਮੱਲਾ ਇਹ ਜੰਗ ਤਾਂ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈਂਦੀ।ਜੰਗ ਕਿਸੇ ਦੀ ਸਗੀ ਨਹੀਂ ਹੁੰਦੀ, ਮਾਲ ਜਾਨ ਦਾ ਨੁਕਸਾਨ ਦੋਨਾਂ ਦੇਸ਼ਾਂ ਦਾ ਹੋਣਾ ਹੈ–ਮੈਨੂੰ ਤਾਂ ਯੂਕਰੇਨ ਵਿੱਚ ਫੱਸੇ ਭਾਰਤੀ ਬੱਚਿਆਂ ਦੀ ਫ਼ਿਕਰ ਲੱਗੀ ਹੋਈ ਹੈ ਜੋ ਅਪਣੀ ਡਾਕਟਰੀ ਦੀ ਪੜ੍ਹਾਈ ਕਰਨ ਲਈ ਯੂਕਰੇਨ ਵਿੱਚ ਫੱਸੇ ਹੋਏ ਹਨ–ਉਹ ਵੇਚਾਰੇ ਭਾਰੀ ਗੋਲਾਬਾਰੀ, ਟੈਂਕਾਂ ਮਿਜ਼ਾਇਲਾਂ ਦੇ ਹਮਲਿਆਂ ਵਿਚ ਭੁੱਖੇ ਥਿਆਏ ਅਪਣੀ ਜ਼ਿੰਦਗੀ ਦੀ ਜੰਗ ਲੜ ਰਹੇ ਹਨ–ਚੱਲ ਉੱਠ–ਆਪਾਂ ਗੁਰਦਵਾਰੇ ਜਾਕੇ ਬੱਚਿਆਂ ਦੀ ਸਲਾਮਤੀ ਲਈ ਤੇ ਜੰਗ ਛੇਤੀ ਬੰਦ ਹੋਣ ਦੀ ਅਰਦਾਸ ਕਰਦੇ ਹਾਂ—-“! “ਠੀਕ ਹੈ ਦਾਦਾ ਜੀ—ਆ ਜਾਓ ਚੱਲੀਏ”—–!

ਸੂਰੀਆ ਕਾਂਤ ਵਰਮਾ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਚੇਤ ਮਨ ਨੂੰ ਕਿਵੇਂ ਟਿਕਾਈਏ
Next articleMEG sailors corner glory at Asian Sailing Championships