(ਸਮਾਜ ਵੀਕਲੀ)
ਮੇਰੇ ਲੇਖ ਸੰਗ੍ਰਹਿ ‘ਲੁਕਵਾਂ ਸੱਚ’ ਵਿੱਚੋਂ…
ਭੂਤਾਂ-ਪ੍ਰੇਤਾਂ ਦੀ ਹੋਂਦ ਦਾ ਵਿਸ਼ਵਾਸ ਕਿੰਨਾ ਕੁ ਪੁਰਾਣਾ ਹੈ, ਇਸ ਬਾਰੇ ਠੀਕ-ਠੀਕ ਕੁੱਝ ਵੀ ਕਹਿ ਸਕਣਾ ਤਾਂ ਅਸੰਭਵ ਹੈ ਪਰ ਇੰਨਾ ਜ਼ਰੂਰ ਹੈ ਕਿ ਜਦੋਂ ਮਨੁੱਖ ਨੇ ਇਸ ਵਿਚਾਰ ਨੂੰ ਮੰਨ ਲਿਆ ਕਿ ਸਾਡੇ ਸਰੀਰ ਵਿੱਚ ਕੋਈ ਆਤਮਾ ਨਾਂ ਦੀ ਚੀਜ਼ ਹੁੰਦੀ ਹੈ, ਜਿਸ ਦੇ ਸਰੀਰ ਵਿੱਚ ਹੋਣ ਕਰਕੇ ਹੀ ਅਸੀਂ ਜਿਊਂਦੇ ਰਹਿੰਦੇ ਹਾਂ ਅਤੇ ਉਸ ਦੇ ਸਰੀਰ ਵਿੱਚੋਂ ਨਿੱਕਲਦਿਆਂ ਹੀ ਸਾਡੀ ਮੌਤ ਹੋ ਜਾਂਦੀ ਹੈ, ਤਾਂ ਉਸ ਦੇ ਮਨ ਵਿੱਚ ਇਹ ਸਵਾਲ ਪੈਦਾ ਹੋਣਾ ਵੀ ਸੁਭਾਵਿਕ ਹੀ ਸੀ ਕਿ ਮੌਤ ਤੋਂ ਬਾਅਦ ਇਹ ਆਤਮਾ ਕਿੱਥੇ ਜਾਂਦੀ ਹੈ? ਇਸ ਬਾਰੇ ਵੱਖ-ਵੱਖ ਧਰਮ ਇੱਕ ਦੂਜੇ ਦੇ ਬਿਲਕੁੱਲ ਹੀ ਉਲਟ ਖੜ੍ਹੇ ਦਿਖਾਈ ਦਿੰਦੇ ਹਨ।
ਹਿੰਦੂਆਂ ਅਤੇ ਸਿੱਖਾਂ ਦਾ ਵਿਸ਼ਵਾਸ ਹੈ ਕਿ ਆਤਮਾ ਆਪਣੇ ਚੰਗੇ-ਮਾੜੇ ਕਰਮਾਂ ਦਾ ਫ਼ਲ ਸਵਰਗ ਜਾਂ ਨਰਕ ਵਿੱਚ ਭੋਗਣ ਉਪਰੰਤ ਪੁਨਰ ਜਨਮ ਲੈਂਦੀ ਹੈ, ਬੇਸ਼ੱਕ ਇਸ ਜਵਾਬ ਨੇ ਮਸਲੇ ਨੂੰ ਹੋਰ ਉਲਝਾ ਦਿੱਤਾ ਕਿ ਜੇਕਰ ਮਨੁੱਖ ਨੇ ਆਪਣੇ ਕੀਤੇ ਹੋਏ ਚੰਗੇ-ਮਾੜੇ ਕਰਮਾਂ ਦਾ ਫ਼ਲ ਹੀ ਭੋਗ ਲਿਆ, ਤਾਂ ਫਿਰ ਪੁਨਰ ਜਨਮ ਭਲਾਂ ਕਾਹਦੇ ਲਈ ਹੁੰਦਾ ਹੈ? ਦੁਬਾਰਾ ਜਨਮ ਲੈਣ ਤੋਂ ਬਾਅਦ ਮਨੁੱਖ ਜਿਹੜੇ ਦੁੱਖ-ਸੁੱਖ ਭੋਗਦਾ ਹੈ, ਉਹ ਕਿਹੜੇ ਖਾਤੇ ਵਿੱਚ ਪਾਏ ਜਾਣਗੇ? ਚਲੋ ਖੈਰ, ਦੁਨੀਆ ਦੇ ਦੋ ਵੱਡੇ ਧਰਮ ਇਸਾਈ ਅਤੇ ਇਸਲਾਮ ਤਾਂ ਇਸ ਪੁਨਰ ਜਨਮ ਦੇ ਸਿਧਾਂਤ ਨੂੰ ਵੀ ਮੰਨਣ ਲਈ ਬਿਲਕੁੱਲ ਤਿਆਰ ਨਹੀਂ ਹਨ। ਉਹ ਆਖਦੇ ਹਨ ਕਿ ਚੰਗੇ-ਮਾੜੇ ਕਰਮਾਂ ਦਾ ਹਿਸਾਬ ਤਾਂ ਕਿਆਮਤ ਵਾਲੇ ਦਿਨ ਹੋਵੇਗਾ ਅਤੇ ਉਦੋਂ ਤੱਕ ਉਨ੍ਹਾਂ ਦੀਆਂ ਆਤਮਾਵਾਂ ਕਬਰਾਂ ਵਿੱਚ ਹੀ ਫ਼ੈਸਲੇ ਦੀ ਉਡੀਕ ਵਿੱਚ ਰਹਿਣਗੀਆਂ।
ਫਿਰ ਮਨੁੱਖ ਨੇ ਸੋਚਿਆ ਕਿ ਆਤਮਾ ਸਰੀਰ ਨੂੰ ਛੱਡ ਕਿਉਂ ਜਾਂਦੀ ਹੈ? ਇਸ ਬਾਰੇ ਲੱਗਭੱਗ ਸਾਰੇ ਹੀ ਧਰਮ ਇੱਕਸੁਰ ਹਨ ਕਿ ਆਤਮਾ ਪ੍ਰਮਾਤਮਾ ਦੁਆਰਾ ਲਿਖੀ ਹੋਈ ਉਮਰ ਭੋਗ ਕੇ ਨਿਸ਼ਚਤ ਸਮੇਂ ’ਤੇ ਸਰੀਰ ਛੱਡ ਜਾਂਦੀ ਹੈ। ਫਿਰ ਸਵਾਲ ਪੈਦਾ ਹੋਇਆ ਕਿ ਜੇ ਭਲਾ ਮਨੁੱਖ ਆਪਣੀ ਮਰਜ਼ੀ ਨਾਲ ਮਰ ਜਾਵੇ, ਭਾਵ ਖ਼ੁਦਕੁਸ਼ੀ ਕਰ ਲਵੇ ਤਾਂ ਫਿਰ ਆਤਮਾ ਕਿੱਥੇ ਜਾਂਦੀ ਹੈ? ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤਾਂ ਮਨੁੱਖ ਪ੍ਰਮਾਤਮਾ ਵੱਲੋਂ ਨਿਸ਼ਚਤ ਕੀਤੇ ਸਮੇ ਤੋਂ ਪਹਿਲਾਂ ਹੀ ਮਰ ਜਾਂਦਾ ਹੈ। ਇਸ ਕਰਕੇ ਇੱਥੇ ਇਸ ਵਿਸ਼ਵਾਸ ਨੇ ਜਨਮ ਲਿਆ ਕਿ ਖ਼ੁਦਕੁਸ਼ੀਆਂ ਕਰਨ ਵਾਲੇ ਵਿਅਕਤੀਆਂ ਦੀਆਂ ਆਤਮਾਵਾਂ ਉਨਾ ਚਿਰ ਭੂਤਾਂ-ਪ੍ਰੇਤਾਂ ਦੇ ਰੂਪ ਵਿੱਚ ਹੀ ਭਟਕਦੀਆਂ ਰਹਿੰਦੀਆਂ ਹਨ, ਜਦੋਂ ਤੱਕ ਪ੍ਰਮਾਤਮਾ ਵੱਲੋਂ ਲਿਖੀ ਉਮਰ ਪੂਰੀ ਨਹੀਂ ਹੋ ਜਾਂਦੀ ਕਿਉਂਕਿ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਮਨੁੱਖ ਦੀਆਂ ਅਜਿਹੀਆਂ ਆਪੇ ਬਣਾਈਆਂ ਧਰਨਾਵਾਂ ਨੇ ਹੀ ਭੂਤਾਂ-ਪ੍ਰੇਤਾਂ ਦੇ ਇਸ ਭੰਬਲਭੂਸੇ ਨੂੰ ਜਨਮ ਦਿੱਤਾ ਹੈ।
ਇਸ ਵਿਸ਼ਵਾਸ ਸਬੰਧੀ ਬਹੁਤਾ ਕੁੱਝ ਕਹਿਣ ਨਾਲੋਂ ਸਿਰਫ਼ ਇਹ ਕਹਿਣਾ ਹੀ ਕਾਫ਼ੀ ਹੈ ਕਿ ਜਦੋਂ ਅਸੀਂ ਮੰਨਦੇ ਹਾਂ ਕਿ ਪ੍ਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਕੁੱਝ ਹੋ ਹੀ ਨਹੀਂ ਸਕਦਾ ਤਾਂ ਫਿਰ ਭਲਾਂ ਕੋਈ ਵਿਅਕਤੀ ਉਸ ਦੀ ਮਰਜ਼ੀ ਦੇ ਖ਼ਿਲਾਫ਼ ਮਰ ਕਿਵੇਂ ਸਕਦਾ ਹੈ? ਜੇਕਰ ਮਰ ਸਕਦਾ ਹੈ, ਤਾਂ ਫਿਰ ਇਹ ਨਹੀਂ ਕਹਿਣਾ ਚਾਹੀਦਾ ਕਿ ਸਭ ਕੁੱਝ ਉਸ ਦੇ ਹੁਕਮ ਨਾਲ ਹੀ ਹੋ ਰਿਹਾ ਹੈ ਅਤੇ ਇਸ ਹਾਲਤ ਵਿੱਚ ਉਸ ਨੂੰ ਸਰਬ ਸ਼ਕਤੀਮਾਨ ਵੀ ਨਹੀਂ ਕਿਹਾ ਜਾ ਸਕਦਾ। ਅਸਲ ਵਿੱਚ ਆਤਮਾ ਸ਼ਬਦ ਸੰਸਕ੍ਰਿਤ ਵਿੱਚੋਂ ਆਇਆ ਹੈ, ਜਿਸ ਦਾ ਅੱਖਰੀ ਅਰਥ ‘ਮੈਂ’ ਹੁੰਦਾ ਹੈ ਅਤੇ ਇਸੇ ਸ਼ਬਦ ਨੂੰ ਨਾ ਸਮਝਣ ਕਰਕੇ ਹੀ ਸਾਰਾ ਪੁਆੜਾ ਖੜ੍ਹਾ ਹੋਇਆ ਹੈ। ਵਿਅਕਤੀ ਸਮਝਦਾ ਹੈ ਕਿ ਮੈਂ ਸਰੀਰ ਹਾਂ ਪਰ ਧਰਮ ਕਹਿੰਦਾ ਹੈ ਕਿ ਸਾਡੀ ‘ਮੈਂ’ ਉਹ ਚੇਤਨ ਸ਼ਕਤੀ ਹੈ, ਜੋ ਸਾਡੇ ਸਰੀਰ ਦੇ ਅੰਦਰੋਂ ਦੇਖ ਰਹੀ ਹੈ, ਸੁਣ ਰਹੀ ਹੈ ਅਤੇ ਬੋਲ ਰਹੀ ਹੈ।
ਲੋਕਾਂ ਵੱਲੋਂ ਭੂਤਾਂ-ਪ੍ਰੇਤਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਵੀ ਮੰਨੀਆਂ ਜਾਂਦੀਆਂ ਹਨ। ਭੂਤਾਂ ਦੀ ਸਭ ਤੋਂ ਖ਼ਤਰਨਾਕ ਕਿਸਮ ‘ਕਚੀਲ’ ਮੰਨੀ ਗਈ ਹੈ। ਕਚੀਲ ਤੋਂ ਭਾਵ ਲਿਆ ਜਾਂਦਾ ਹੈ, ਉਸ ਔਰਤ ਦਾ ਭੂਤ, ਜਿਹੜੀ ਜਣੇਪੇ ਦੌਰਾਨ ਜਾਂ ਜਣੇਪੇ ਦੇ ਚਾਲੀ ਦਿਨਾਂ ਦੇ ‘ਸ਼ਿਲੇ’ ਵਾਲੇ ਸਮਝੇ ਜਾਂਦੇ ਸਮੇਂ ਵਿੱਚ ਮਰ ਗਈ ਹੋਵੇ। ਆਪਾਂ ਸਾਰੇ ਜਾਣਦੇ ਹਾਂ ਕਿ ਉਨ੍ਹਾਂ ਦਿਨਾਂ ਵਿੱਚ ਔਰਤਾਂ ਵਾਸਤੇ ਜਣੇਪੇ ਦਾ ਸਮਾਂ ਬਹੁਤ ਦਰਦਨਾਕ ਅਤੇ ਖ਼ਤਰਨਾਕ ਹੁੰਦਾ ਸੀ, ਜਦੋਂ ਸਿਹਤ-ਵਿਗਿਆਨ ਅਜੋਕੇ ਸਮੇਂ ਜਿਹੀਆਂ ਪ੍ਰਾਪਤੀਆਂ ਨਹੀਂ ਸੀ ਕਰ ਸਕਿਆ। ਬਹੁਤ ਸਾਰੀਆਂ ਔਰਤਾਂ ਤਾਂ ਅੱਜ ਵੀ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਦੀਆਂ ਹਨ, ਜਿਨ੍ਹਾਂ ਨੂੰ ਸਮੇਂ ਸਿਰ ਲੋੜੀਂਦੀਆਂ ਸਿਹਤ-ਸਹੂਲਤਾਂ ਨਹੀਂ ਮਿਲ ਸਕਦੀਆਂ।
ਚਾਹੀਦਾ ਤਾਂ ਇਹ ਹੈ ਕਿ ਸਰਕਾਰੀ ਅਤੇ ਗ਼ੈਰ-ਸਰਕਾਰੀ ਤੌਰ ’ਤੇ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਢੁਕਵੇਂ ਉਪਰਾਲੇ ਕੀਤੇ ਜਾਣ ਪਰ ਭੂਤਾਂ-ਪ੍ਰੇਤਾਂ ਦੇ ਗੋਰਖਧੰਦੇ ਵਿੱਚ ਫਸੇ ਹੋਏ ਲੋਕ, ਕਬੂਤਰ ਵਾਂਗ ਅੱਖਾਂ ਮੀਚ ਕੇ ਇਸ ਵਰਤਾਰੇ ਤੋਂ ਬਚਣ ਦਾ ਗਲਤ ਅਤੇ ਮੂਰਖਤਾ ਭਰਿਆ ਢੰਗ ਅਪਣਾ ਕੇ, ਬੇਹੱਦ ਘਿਨਾਉਣਾ ਅਪਰਾਧ ਕਰ ਰਹੇ ਹਨ। ਇਨ੍ਹਾਂ ਨੂੰ ਕਿਹੜਾ ਸਮਝਾਵੇ ਕਿ ਭੂਤ ਦਾ ਮਤਲਬ ਤਾਂ ਬੀਤ ਚੁੱਕਿਆ ਹੁੰਦਾ ਹੈ, ਇਸ ਲਈ ਜੋ ਮਰ ਗਿਆ ਹੋਵੇ, ਉਸ ਨੂੰ ਅਸੀਂ ਬੀਤੇ ਹੋਏ ਸਮੇਂ ਵਾਂਗ ਭੂਤ ਕਹਿ ਦਿੰਦੇ ਹਾਂ, ਜਿਵੇਂ ਆਉਣ ਵਾਲੇ ਸਮੇਂ ਨੂੰ ਭਵਿੱਖ ਅਤੇ ਮੌਜੂਦਾ ਸਮੇਂ ਨੂੰ ਵਰਤਮਾਨ ਕਿਹਾ ਜਾਂਦਾ ਹੈ।
ਭਾਵੇਂ ਇਹ ਮੰਨਿਆ ਗਿਆ ਹੈ ਕਿ ਭੂਤਾਂ-ਪ੍ਰੇਤਾਂ ਦੀ ਮੁਕਤੀ ਉਨਾ ਚਿਰ ਨਹੀਂ ਹੋ ਸਕਦੀ, ਜਿੰਨਾ ਚਿਰ ਉਹ ਆਪਣੀ ਨਿਸ਼ਚਤ ਉਮਰ ਨਹੀਂ ਭੋਗ ਲੈਂਦੇ ਪਰ ਫਿਰ ਵੀ ਇਨ੍ਹਾਂ ਦੀ ‘ਗਤੀ’ ਕਰਵਾਉਣ ਦੇ ਚੱਕਰ ਵਿੱਚ ਬਹੁਤ ਸਾਰੇ ਧਾਰਮਿਕ ਸਥਾਨਾਂ ’ਤੇ ਲੋਕਾਂ ਦੀ ਅੰਨ੍ਹੀ ਲੁੱਟ ਵੀ ਹੋ ਰਹੀ ਹੈ। ਭੂਤਾਂ-ਪ੍ਰੇਤਾਂ ਦੇ ਅਜਿਹੇ ਇਲਾਜ ਦਾ ਸਭ ਤੋਂ ਵੱਡਾ ਕੇਂਦਰ ਹੈ, ਡੇਰਾ ਬਾਬਾ ਵਡਭਾਗ ਸਿੰਘ। ਉੱਥੇ ਮਾਨਸਿਕ ਰੋਗੀਆਂ ਨਾਲ ਜੋ ਅਣਮਨੁੱਖੀ ਵਿਹਾਰ ਕੀਤਾ ਜਾਂਦਾ ਹੈ, ਉਹ ਤਾਂ ਕਹਿਣ-ਸੁਣਨ ਤੋਂ ਹੀ ਬਾਹਰ ਹੈ। ਅੱਜਕੱਲ੍ਹ ਬਹੁਤ ਸਾਰੇ ਈਸਾਈ ਪ੍ਰਚਾਰਕਾਂ ਵੱਲੋਂ ਵੀ ਇਹ ਕਾਰੋਬਾਰ ਧੂਮ-ਧੜੱਕੇ ਨਾਲ ਚਲਾਇਆ ਜਾ ਰਿਹਾ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਕਸਰਾਂ ਹਮੇਸ਼ਾ ਮਾਨਸਿਕ ਤੌਰ ’ਤੇ ਕਮਜ਼ੋਰ ਵਿਅਕਤੀਆਂ ਨੂੰ ਹੀ ਹੁੰਦੀਆਂ ਹਨ। ਕਹਿੰਦੇ ਹਨ ਕਿ ਇੱਕ ਵਾਰ ਕੁੱਝ ਬੱਚੇ ਕਿਸੇ ਮਟੀ ਕੋਲ ਖੇਡ ਰਹੇ ਸਨ। ਉਨ੍ਹਾਂ ਵਿੱਚੋਂ ਕਿਸੇ ਬੱਚੇ ਨੂੰ ਸ਼ਰਾਰਤ ਸੁੱਝੀ ਕਿ ਵਾਰੀ-ਵਾਰੀ ਉਸ ਮਟੀ ਵਿੱਚ ਰੋੜੇ ਮਾਰੇ ਜਾਣ।
ਉਨ੍ਹਾਂ ਵਿੱਚੋਂ ਇੱਕ ਬੱਚਾ ਬਹੁਤ ਡਰਪੋਕ ਸੀ ਕਿਉਂਕਿ ਆਪਣੇ ਘਰੇਲੂ ਅੰਧਵਿਸ਼ਵਾਸੀ ਮਾਹੌਲ ਕਾਰਨ ਉਹ ਭੂਤਾਂ-ਪ੍ਰੇਤਾਂ ਤੋਂ ਬਹੁਤ ਡਰਦਾ ਸੀ। ਬਾਕੀ ਸਾਰਿਆਂ ਨੇ ਤਾਂ ਵਾਰੋ-ਵਾਰੀ ਉਸ ਮਟੀ ਵਿੱਚ ਰੋੜਾ ਮਾਰ ਦਿੱਤਾ ਪਰ ਜਦੋਂ ਉਸ ਬੱਚੇ ਦੀ ਵਾਰੀ ਆਈ ਤਾਂ ਉਸ ਨੇ ਡਰਦੇ ਮਾਰੇ ਨੇ ਆਪਣਾ ਰੋੜਾ ਮਟੀ ਦੇ ਇੱਕ ਪਾਸੇ ਖੜ੍ਹੀ ਝਾੜੀ ਵਿੱਚ ਮਾਰਿਆ। ਕਮਾਲ ਦੀ ਗੱਲ ਇਹ ਹੋਈ ਕਿ ਸਾਰੇ ਬੱਚੇ ਤਾਂ ਠੀਕ-ਠਾਕ ਰਹੇ ਪਰ ਝਾੜੀ ਵਿੱਚ ਰੋੜਾ ਮਾਰਨ ਵਾਲੇ ਬੱਚੇ ਨੂੰ ਫਿਰ ਵੀ ਕਸਰ ਹੋ ਗਈ। ਇਸ ਛੋਟੀ ਜਿਹੀ ਘਟਨਾ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਭੂਤ-ਪ੍ਰੇਤ ਵੀ ਸਿਰਫ਼ ਤੇ ਸਿਰਫ਼ ਰੋਗੀ ਮਨਾਂ ਵਿੱਚ ਹੀ ਵਸਦੇ ਹਨ।
ਇਹ ਵੀ ਸੱਚ ਹੈ ਕਿ ਜ਼ਿਆਦਾਤਰ ਕਸਰਾਂ ਔਰਤਾਂ ਨੂੰ ਹੀ ਹੁੰਦੀਆਂ ਹਨ ਕਿਉਂਕਿ ਇਨ੍ਹਾਂ ਪ੍ਰਤੀ ਸਾਡੇ ਸਮਾਜ ਦਾ ਵਤੀਰਾ ਹਮੇਸ਼ਾ ਹੀ ਬੜਾ ਨਾਂਹ-ਪੱਖੀ ਰਿਹਾ ਹੈ। ਜਨਮ ਤੋਂ ਲੈ ਕੇ ਮਰਦੇ ਦਮ ਤੱਕ ਇਨ੍ਹਾਂ ਨਾਲ ਹਰ ਮਾਮਲੇ ਵਿੱਚ ਵਿਤਕਰਾ ਕੀਤਾ ਜਾਂਦਾ ਹੈ। ਇਹ ਵੀ ਇੱਕ ਵੱਡਾ ਕਾਰਨ ਹੈ ਕਿ ਬਹੁਤੇ ਮਾਨਸਿਕ ਰੋਗ ਕੇਵਲ ਔਰਤਾਂ ਵਿੱਚ ਹੀ ਦੇਖਣ ਵਿੱਚ ਆਉਂਦੇ ਹਨ। ਕੁੱਝ ਲੋਕਾਂ ਦਾ ਵਿਸ਼ਵਾਸ ਹੈ ਕਿ ਭੂਤ-ਪ੍ਰੇਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਅਤੇ ਇਹ ਸਿਰਫ਼ ਮਨ ਦਾ ਵਹਿਮ ਹੀ ਹੁੰਦਾ ਹੈ, ਪਰ ਕੁੱਝ ਲੋਕਾਂ ਦਾ ਇਹ ਮੰਨਣਾ ਹੈ ਕਿ ਭੂਤਾਂ-ਪ੍ਰੇਤਾਂ ਦੀ ਹੋਂਦ ਤਾਂ ਹੁੰਦੀ ਹੈ, ਪਰ ਉਹ ਕਿਸੇ ਨੂੰ ਕਹਿੰਦੇ ਕੁੱਝ ਨਹੀਂ। ਬਹੁਤੇ ਕੇਸਾਂ ਵਿੱਚ ਅਸਲ ਕਾਰਨਾਂ ਨੂੰ ਲੁਕੋਈ ਰੱਖਣ ਲਈ ਵੀ ਭੂਤ-ਪ੍ਰੇਤ ਦਾ ਮਸਲਾ ਬਣਾ ਲਿਆ ਜਾਂਦਾ ਹੈ। ਜ਼ਰੂਰੀ ਗੱਲ ਤਾਂ ਇਹ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਵੀ ਤਰ੍ਹਾਂ ਦੇ ਮਾਨਸਿਕ ਰੋਗ ਦਾ ਸ਼ਿਕਾਰ ਹੋ ਜਾਵੇ, ਤਾਂ ਉਸ ਨੂੰ ਕਿਸੇ ਪਾਖੰਡੀ ਸਾਧ-ਸਿਆਣੇ ਦੇ ਚੁੰਗਲ ਵਿੱਚ ਫਸ ਕੇ ਆਰਥਿਕ, ਸਰੀਰਕ ਅਤੇ ਮਾਨਸਿਕ ਲੁੱਟ ਕਰਵਾਉਣ ਦੀ ਥਾਂ ਕਿਸੇ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਮਾਨਸਿਕ ਰੋਗਾਂ ਦੇ ਇਲਾਜ ਨੂੰ ਆਮ ਆਦਮੀ ਦੀ ਪਹੁੰਚ ਵਿੱਚ ਲਿਆਂਦਾ ਜਾਵੇ। ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਤੰਦਰੁਸਤੀ ਦਾ ਹੋਣਾ ਵੀ ਸਾਡੀ ਸਿਹਤ ਲਈ ਬੇਹੱਦ ਜ਼ਰੂਰੀ ਹੈ।
ਕਰਮ ਸਿੰਘ ਜ਼ਖ਼ਮੀ
ਗੁਰੂ ਤੇਗ ਬਹਾਦਰ ਨਗਰ,
ਹਰੇੜੀ ਰੋਡ, ਸੰਗਰੂਰ-148001
ਸੰਪਰਕ: 98146-28027
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly