HOME ਪੰਜਾਬ ‘ਚ ਧੱਕੇਸ਼ਾਹੀ ਦਾ ਸ਼ਿਕਾਰ ਹੋਈ ਐਨ ਆਰ ਆਈ ਅਲਕਾ ਰਾਣੀ ਨੇ...

ਪੰਜਾਬ ‘ਚ ਧੱਕੇਸ਼ਾਹੀ ਦਾ ਸ਼ਿਕਾਰ ਹੋਈ ਐਨ ਆਰ ਆਈ ਅਲਕਾ ਰਾਣੀ ਨੇ ਭਵਿੱਖ ਚ ਆਪਣੇ ਵਤਨ ਪੰਜਾਬ ਜਾਣ ਤੋ ਕੀਤੀ ਤੌਬਾ

1
ਕੈਪਸ਼ਨ :- ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੀ ਹੋਈ ਪੀੜਤ ਅਲਕਾ ਰਾਣੀ ਅਤੇ ਇੰਡੀਅਨ ਵਰਕਰਜ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੀਤਲ ਸਿੰਘ ਗਿੱਲ, ਤਸਵੀਰ :- ਸੁਖਜਿੰਦਰ ਸਿੰਘ ਢੱਡੇ

* ਅਲਕਾ ਰਾਣੀ ਦੇ ਨਾਬਾਲਗ ਬੱਚੇ ਦੇ ਮਨ ਚ ਅਜੇ ਵੀ ਸਹਿਮ

ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)– ਯੂ ਕੇ ਦੀ ਵਸਨੀਕ ਐਨ.ਆਰ.ਆਈ ਮਹਿਲਾ ਅਲਕਾ ਰਾਣੀ ਨਾਲ ਪੰਜਾਬ ਦੌਰੇ ਦੌਰਾਨ ਵਾਪਰੀ ਹੱਡਬੀਤੀ ਨੇ ਪ੍ਰਵਾਸੀ ਭਾਈਚਾਰੇ ਵਿੱਚ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ। ਆਪਣੇ ਨਾਬਾਲਿਗ ਪੁੱਤਰ ਨਾਲ ਆਪਣੇ ਵਤਨ ਪੰਜਾਬ ਗਈ ਅਲਕਾ ਰਾਣੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਹੁਸ਼ਿਆਰਪੁਰ ਪੁਲਿਸ ਵੱਲੋਂ ਉਸ ‘ਤੇ ਝੂਠਾ ਕੇਸ ਦਰਜ ਕਰਕੇ ਉਸ ਨੂੰ ਅਤੇ ਉਸ ਦੇ ਬਿਮਾਰ ਨਾਬਾਲਿਗ ਬੱਚੇ ਨੂੰ ਥਾਣੇ ਲਿਜਾ ਕੇ ਤੱਕ ਤੰਗ ਪ੍ਰੇਸ਼ਾਨ ਕੀਤਾ ਗਿਆ। ਬੀਤੇ ਦਿਨ ਪੰਜਾਬ ‘ਚ ਖੱਜਲ-ਖੁਆਰੀ ਸਹਿਣ ਤੋਂ ਬਾਅਦ ਇੰਗਲੈਂਡ ਪਰਤੀ ਅਲਕਾ ਰਾਣੀ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਆਪਣੀ ਦਰਦਨਾਕ ਕਹਾਣੀ ਬਿਆਨ ਕਰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਪਣੇ ਭਰਾ ਅਤੇ ਪੁੱਤਰ ਨਾਲ ਪੰਜਾਬ ਗਈ ਸੀ, ਪਰ ਉਥੇ ਪੁੱਜਣ ਦੇ ਅਗਲੇ ਹੀ ਦਿਨ ਉਸ ‘ਤੇ ਹੁਸਿਆਰਪੁਰ ਪੁਲਿਸ ਵੱਲੋ ਐਫ.ਆਈ.ਆਰ. ਦਰਜ ਕਰ ਦਿੱਤੀ ਗਈ। ਉਸ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਉਸ ਸਮੇਂ ਤੇਜ਼ ਬੁਖਾਰ ਸੀ, ਫਿਰ ਵੀ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਰਹਿਮਦਿਲੀ ਨਾ ਦਿਖਾਈ ਗਈ। “ਮੇਰੇ ਨਾਲ ਅਪਰਾਧੀਆਂ ਵਾਂਗ ਵਤੀਰਾ ਕੀਤਾ ਗਿਆ, ਜਦਕਿ ਮੈਂ ਬਿਲਕੁਲ ਬੇਕਸੂਰ ਸੀ,” ਅਲਕਾ ਰਾਣੀ ਨੇ ਭਾਵੁਕ ਹੋਦਿਆ  ਕਿਹਾ ਕਿ ਥਾਣੇ ਦਾ ਮਾਹੌਲ ਇੰਨਾ ਡਰਾਉਣਾ ਸੀ ਕਿ ਉਸ ਦਾ ਪੁੱਤਰ ਵੀ ਸਹਿਮ ਗਿਆ ਅਤੇ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਬੇਸਹਾਰਾ ਮਹਿਸੂਸ ਕਰਨ ਲੱਗੀ। ਅਲਕਾ ਰਾਣੀ ਨੇ ਕਿਹਾ ਕਿ ਪੰਜਾਬ ਵਿੱਚ ਨਾ ਤਾਂ ਉਸ ਨੂੰ ਕਾਨੂੰਨੀ ਸਹਾਇਤਾ ਮਿਲੀ ਅਤੇ ਨਾ ਹੀ ਇਨਸਾਫ ਦੀ ਕੋਈ ਉਮੀਦ ਨਜ਼ਰ ਆਈ। ਹਾਲਾਤਾਂ ਤੋਂ ਮਜਬੂਰ ਹੋ ਕੇ ਉਸ ਨੇ ਇੰਗਲੈਂਡ ਵਿੱਚ ਇੰਡਿਯਨ ਵਰਕਰਜ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਦੇ ਜਨਰਲ ਸਕੱਤਰ ਸੀਤਲ ਸਿੰਘ ਗਿੱਲ ਨਾਲ ਸੰਪਰਕ ਕੀਤਾ। ਉਨ੍ਹਾਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਇੰਗਲੈਂਡ ਦੇ ਐਮ.ਪੀਜ਼, ਸੰਬੰਧਿਤ ਮੰਤਰਾਲਿਆਂ ਅਤੇ ਯੂ ਕੇ ਵਿਚ ਸਥਿਤ ਇੰਡੀਅਨ ਹਾਈ ਕਮਿਸ਼ਨ ਤੱਕ ਮਾਮਲਾ ਪਹੁੰਚਾਇਆ ਗਿਆ। ਇਸ ਦਖਲਅੰਦਾਜ਼ੀ ਤੋਂ ਬਾਅਦ ਹੀ ਪੁਲਿਸ ਵੱਲੋਂ ਅਲਕਾ ਰਾਣੀ ‘ਤੇ ਦਰਜ ਕੀਤਾ ਗਿਆ ਕੇਸ ਰੱਦ ਕੀਤਾ ਗਿਆ ਅਤੇ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਪਾਸਪੋਰਟ ਵਾਪਸ ਕੀਤੇ ਗਏ, ਜਿਸ ਨਾਲ ਉਹ ਵਾਪਸ ਯੂ ਕੇ ਆ ਸਕੀ। ਹਾਲਾਂਕਿ ਇਸ ਸਾਰੀ ਪ੍ਰਕਿਰਿਆ ਦੌਰਾਨ ਉਸ ਨੂੰ ਕਰੀਬ 5 ਹਜ਼ਾਰ ਪੌਂਡ ਦਾ ਆਰਥਿਕ ਨੁਕਸਾਨ ਝੱਲਣਾ ਪਿਆ, ਜੋ ਅਜੇ ਤੱਕ ਵਾਪਸ ਨਹੀਂ ਮਿਲਿਆ। ਯੂ ਕੇ ਪਹੁੰਚ ਕੇ ਅਲਕਾ ਰਾਣੀ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ, “ਜੇ ਆਪਣੇ ਹੀ ਵਤਨ ਵਿੱਚ ਐਨ.ਆਰ.ਆਈਜ਼ ਨਾਲ ਇਹੋ ਜਿਹਾ ਵਤੀਰਾ ਹੋਵੇਗਾ ਤਾਂ ਕੌਣ ਵਾਪਸ ਜਾਣਾ ਚਾਹੇਗਾ?” ਉਸ ਨੇ ਕਿਹਾ ਕਿ ਇਸ ਤਜਰਬੇ ਨੇ ਉਸ ਦਾ ਪੰਜਾਬ ‘ਤੇ ਭਰੋਸਾ ਹਿਲਾ ਦਿੱਤਾ ਹੈ ਅਤੇ ਹੁਣ ਉਹ ਭਵਿੱਖ ਵਿੱਚ ਕਦੇ ਵੀ ਪੰਜਾਬ ਜਾਣ ਬਾਰੇ ਨਹੀਂ ਸੋਚੇਗੀ। ਉਸ ਨੇ ਵਿਦੇਸ਼ਾਂ ਵਿੱਚ ਵੱਸਦੇ ਐਨ.ਆਰ.ਆਈ ਭਾਈਚਾਰੇ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਜਾਣ ਤੋਂ ਪਹਿਲਾਂ ਉਹ ਪੂਰੀ ਤਰ੍ਹਾਂ ਸੋਚ-ਵਿਚਾਰ ਕਰਨ, ਕਿਉਂਕਿ ਉਥੇ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋ ਰਹੇ ਹਨ। ਇਸ ਮੌਕੇ ਇੰਡਿਯਨ ਵਰਕਰਜ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਤਲ ਸਿੰਘ ਗਿੱਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਐਨ.ਆਰ.ਆਈਜ਼ ਨਾਲ ਵਾਪਰ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ‘ਤੇ ਤੁਰੰਤ ਰੋਕ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀ ਸੂਬੇ ਦੀ ਤਰੱਕੀ ਲਈ ਪੰਜਬ ਚ ਨਿਵੇਸ਼ ਕਰਨ ਦੇ ਇੱਛੁਕ ਹਨ, ਪਰ ਜੇ ਉਨ੍ਹਾਂ ਨਾਲ ਇਸੇ ਤਰ੍ਹਾਂ ਦੀ ਧੱਕੇਸ਼ਾਹੀ ਜਾਰੀ ਰਹੀ ਤਾਂ ਉਹ ਪੰਜਾਬ ਨਾਲੋਂ ਮੂੰਹ ਮੋੜ ਸਕਦੇ ਹਨ। ਸ. ਗਿੱਲ ਨੇ ਚੇਤਾਵਨੀ ਦਿੱਤੀ ਕਿ ਇਹ ਮਾਮਲਾ ਸਿਰਫ ਇਕ ਵਿਅਕਤੀ ਦੀ ਪੀੜ ਨਹੀਂ, ਸਗੋਂ ਪੂਰੇ ਐਨ.ਆਰ.ਆਈ ਭਾਈਚਾਰੇ ਦੇ ਭਰੋਸੇ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਐਨ.ਆਰ.ਆਈਜ਼ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਉਹ ਨਿਰਭੈ ਹੋ ਕੇ ਆਪਣੇ ਵਤਨ ਪੰਜਾਬ ਜਾ ਆ ਸਕਣ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪ੍ਰੈੱਸ ਦੀ ਆਜ਼ਾਦੀ ਬਿਨਾਂ ਲੋਕਤੰਤਰ ਅਧੂਰਾ – ਸੰਜੈ ਰਾਠੀ
Next articleTarksheel Society Opposes Bail Granted to Accused in Dr. Dabholkar Murder Case