ਵਧੀਆ ਸਿਹਤ ਦਾ ਰਾਜ਼

(ਸਮਾਜ ਵੀਕਲੀ) 

ਮੈਂ ਮਾਹਿਲਪੁਰ ਦੇ ਗੋਲਡਨ ਮੈਰਿਜ ਪੈਲੇਸ ਵਿੱਚ ਆਪਣੀ ਬਹੂ ਦੇ ਭਰਾ ਦਾ ਵਿਆਹ ਅਟੈਂਡ ਕਰਨ ਲਈ ਆਪਣੇ ਪਰਿਵਾਰ ਸਮੇਤ ਆਇਆ ਹੋਇਆ ਸੀ। ਜਦੋਂ ਸਾਰੀ ਜੰਜ ਚਾਹ ਪੀ ਰਹੀ ਸੀ, ਉਦੋਂ ਘੁੰਮਦੀ-ਘੁੰਮਾਂਦੀ ਮੇਰੀ ਬਹੂ ਮੇਰੇ ਕੋਲ ਆ ਕੇ ਖੜ੍ਹ ਗਈ ਤੇ ਆਖਣ ਲੱਗੀ,”ਡੈਡੀ ਜੀ,ਇਹ ਜੋ ਤੁਹਾਡੇ ਸੱਜੇ ਪਾਸੇ ਸੱਜੇ ਪਾਸੇ ਬੈਠੇ ਚਾਹ ਪੀ ਰਹੇ ਆ,ਇਹ ਮੇਰੀ ਮੰਮੀ ਜੀ ਦੇ ਫੁਫੜ ਜੀ ਆ।ਇਹ ਸਾਡੇ ਘਰ ਕਦੇ-ਕਦਾਈਂ ਹੀ ਆਂਦੇ ਆ।ਇਹ ਆਪਣੇ ਘਰ ਦੇ ਕੰਮਾਂ ‘ਚ ਜ਼ਿਆਦਾ ਬਿਜੀ ਰਹਿੰਦੇ ਆ।”

ਮੈਂ ਉਸ ਨੂੰ ਸਿਰ ਝੁਕਾ ਕੇ ਨਮਸਕਾਰ ਕੀਤੀ ਤੇ ਆਖਿਆ,”ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ।ਤੁਹਾਡੀ ਸਿਹਤ ਤਾਂ ਠੀਕ ਰਹਿੰਦੀ ਆ?”

“ਸਿਹਤ ਤਾਂ ਮੇਰੀ ਠੀਕ ਆ। ਕੁੱਝ ਦਿਨਾਂ ਤੋਂ ਅੱਖਾਂ ਤੋਂ ਝਾਉਲਾ, ਝਾਉਲਾ ਦਿੱਸਣ ਲੱਗ ਪਿਆ ਆ।”ਮੇਰੀ ਬਹੂ ਦੇ ਫੁਫੜ ਨੇ ਆਖਿਆ।

ਉਮਰ ਦੇ ਲਿਹਾਜ਼ ਨਾਲ ਕਈ ਬੀਮਾਰੀਆਂ ਬੰਦੇ ਨੂੰ ਲੱਗ ਹੀ ਜਾਂਦੀਆਂ ਨੇ।” ਮੈਂ ਆਖਿਆ।

“ਮੇਰੀ ਉਮਰ ਹਾਲੇ ਬਹੁਤੀ ਨ੍ਹੀ ਹੋਈ।”

“ਤੁਹਾਡੀ ਉਮਰ ਕਿੰਨੀ ਕੁ ਆ?”

“ਮੇਰੀ ਉਮਰ ਅੱਸੀ ਸਾਲ ਹੋ ਚੱਲੀ ਆ।”

“ਹਾਲੇ ਤਾਂ ਤੁਹਾਡੀ ਸਿਹਤ ਬਹੁਤ ਵਧੀਆ ਆ।ਤੁਹਾਨੂੰ ਦੇਖ ਕੇ ਤਾਂ ਨ੍ਹੀ ਲੱਗਦਾ ਕਿ ਤੁਹਾਡੀ ਉਮਰ ਅੱਸੀ ਸਾਲ ਦੀ ਹੋਣ ਵਾਲੀ ਆ।ਵੈਸੇ ਤੁਹਾਡੀ ਵਧੀਆ ਸਿਹਤ ਦਾ ਰਾਜ਼ ਕੀ ਆ।”

“ਬੱਸ ਜੀ ਮੈਂ ਤਲੀਆਂ ਤੇ ਮਿੱਠੀਆਂ ਚੀਜ਼ਾਂ ਬਹੁਤ ਘੱਟ ਖਾਂਦਾ ਆਂ। ਤੁਹਾਡੇ ਸਾਮ੍ਹਣੇ ਮੈਂ ਚਾਹ ਦਾ ਵੀ ਅੱਧਾ ਕੱਪ ਪੀਤਾ ਆ।ਸ਼ਰਾਬ ਮੈਂ ਕਦੇ ਪੀਤੀ ਨ੍ਹੀ। ਸਵੇਰੇ ਉੱਠ ਕੇ ਇੱਕ ਘੰਟਾ ਸੈਰ ਕਰੀਦੀ ਆ। ਦਿਨ ‘ਚ ਦੋ ਵੇਲੇ ਰੋਟੀ ਖਾਈਦੀ ਆ। ਰਾਤ ਨੂੰ ਇੱਕ ਗਲਾਸ ਗਰਮ ਦੁੱਧ ਦਾ ਪੀ ਲਈਦਾ ਆ।”

ਉਸ ਦੀਆਂ ਗੱਲਾਂ ਸੁਣ ਕੇ ਮੇਰਾ ਧਿਆਨ ਉਨ੍ਹਾਂ ਮੁੰਡਿਆਂ ਵੱਲ ਚਲਾ ਗਿਆ, ਜੋ ਖਾਣ, ਪੀਣ ਦੀਆਂ ਚੀਜ਼ਾਂ ਛੱਡ ਕੇ ਨਸ਼ੇ ਦੇ ਟੀਕੇ ਲਾ ਕੇ ਆਪਣੀ ਮੌਤ ਆਪ ਖਰੀਦੀ ਜਾਂਦੇ ਆ।ਅੱਸੀ ਸਾਲ ਦੀ ਉਮਰ ਕਿਸ ਦੀ ਹੋਣੀ ਆਂ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐਕਸ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਾਨਦਾਰ ਰਿਹਾ ਮਹਿਕਦੇ ਅਲਫਾਜ਼ ਦਾ ਕਵੀ ਦਰਬਾਰ
Next articleਬਾਬਾ ਸਾਹਿਬ ਡਾਕਟਰ ਬੀ .ਆਰ. ਅੰਬੇਡਕਰ ਜੀ ਦੇ 66ਵਾਂ ਪਰਿਨਿਭਾਨ ਦਿਨ ਨੂੰ ਸਮੱਰਪਿਤ ਪ੍ਰੋਗਰਾਮ ਕਰਾਇਆ