ਮਿਸ਼ਨ ਵੱਲੋਂ ਸ਼ਰਧਾਂਜਲੀ ਮੀਟਿੰਗ ਆਯੋਜਿਤ
ਸ੍ਰੀ ਮੁਕਤਸਰ ਸਾਹਿਬ, (ਸਮਾਜ ਵੀਕਲੀ) ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਿਪਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਅੱਜ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ, ਸ਼ਹੀਦ ਰਾਜ ਗੁਰੂ ਜੀ ਅਤੇ ਸ਼ਹੀਦ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਥਾਨਕ ਰੇਲਵੇ ਰੋਡ ਸਥਿਤ ਸਿਟੀ ਹੋਟਲ ਵਿਖੇ ਸ਼ਰਧਾਂਜਲੀ ਮੀਟਿੰਗ ਆਯੋਜਿਤ ਕੀਤੀ ਗਈ। ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ ਅਤੇ ਚੇਅਰਮੈਨ ਨਿਰੰਜਣ ਸਿੰਘ ਰੱਖਰਾ ਤੋਂ ਇਲਾਵਾ ਰਾਜੇਸ਼ ਗਿਰਧਰ, ਸਾਹਿਲ ਕੁਮਾਰ ਹੈਪੀ, ਬਲਜੀਤ ਸਿੰਘ ਕੋਆਪਰੇਟਿਵ, ਕੇ.ਐੱਲ. ਮਹਿੰਦਰਾ, ਨਰਿੰਦਰ ਕਾਕਾ, ਜਸ਼ਨਦੀਪ ਜਿੰਮੀ, ਡਾ: ਜਸਵਿੰਦਰ ਸਿੰਘ ਅਤੇ ਵਿਕਰਾਂਤ ਤੇਰੀਆ ਆਦਿ ਮੌਜੂਦ ਸਨ। ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਉਕਤ ਸ਼ਹੀਦਾਂ ਦੇ ਚਿੱਤਰ ਨੂੰ ਹਾਰ ਪੁਆਇਆ ਗਿਆ ਅਤੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਸਮੂਹ ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਸਮੁੱਚੇ ਦੇਸ਼ ਦੇ ਕੀਮਤੀ ਹੀਰੇ ਹੁੰਦੇ ਹਨ ਅਤੇ ਇਹ ਸਮੁੱਚੇ ਸਮਾਜ ਦਾ ਮਾਣ ਹੁੰਦੇ ਹਨ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਸ੍ਰੀ ਢੋਸੀਵਾਲ ਨੇ ਕਿਹਾ ਕਿ ਸੰਨ 1931 ਵਿੱਚ 23 ਮਾਰਚ ਵਾਲੇ ਦਿਨ ਤਿੰਨ ਮਹਾਨ ਇਨਕਲਾਬੀ ਯੋਧੇ ਸ੍ਰ. ਭਗਤ ਸਿੰਘ, ਸ੍ਰੀ ਸੁਖਦੇਵ ਅਤੇ ਸ੍ਰੀ ਰਾਜ ਗੁਰੂ ਦੇਸ਼ ਲਈ ਆਜ਼ਾਦੀ ਦੀ ਲੜਾਈ ਲੜਦੇ ਲੜਦੇ ਭਰ ਜਵਾਨੀ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਗਏ । ਹੱਸਦੇ ਹੱਸਦੇ ਫਾਂਸੀ ਦੇ ਫੰਦੇ ਨੂੰ ਚੁੰਮ ਕੇ ਸਾਰੇ ਸੰਸਾਰ ਵਿੱਚ ਅਦੁੱਤੀ ਉਦਾਹਰਣ ਪੇਸ਼ ਕੀਤੀ।ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਤੇ ਇਨ੍ਹਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj