ਦਿਹਾਤੀ ਮਜ਼ਦੂਰ ਸਭਾ ਦੀ ਜਲੰਧਰ ਜਿਲ੍ਹਾ ਕਮੇਟੀ ਦਾ ਜੱਥੇਬੰਦਕ ਇਜਲਾਸ ਕਰਵਾਇਆ

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਦਿਹਾਤੀ ਮਜ਼ਦੂਰ ਸਭਾ ਦੀ ਜਲੰਧਰ ਜਿਲ੍ਹਾ ਕਮੇਟੀ ਦਾ ਜੱਥੇਬੰਦਕ ਇਜਲਾਸ ਸ਼ਹੀਦ ਸਾਥੀ ਦੇਸ ਰਾਜ ਸਹੋਤਾ ਨਗਰ, ਸਾਥੀ ਦੇਵ ਫਿਲੌਰ ਯਾਦਗਾਰ ਹਾਲ ਪਿੰਡ ਮਾਹੂੰਵਾਲ ਵਿਖੇ ਸਫਲਤਾ ਸਹਿਤ ਸੰਪੰਨ ਹੋਇਆ। ਜੱਥੇਬੰਦੀ ਦੇ ਸੰਸਥਾਪਕ ਆਗੂ ਸਾਥੀ ਬਖਸ਼ੀ ਪੰਡੋਰੀ ਵਲੋਂ ਡੈਲੀਗੇਟਾਂ ਦੇ ਆਕਾਸ਼ ਗੂੰਜਾਊ ਨਾਹਰਿਆਂ ਦਰਮਿਆਨ ਸੂਹਾ ਝੰਡਾ ਲਹਿਰਾਏ ਜਾਣ ਨਾਲ ਸ਼ੁਰੂ ਹੋਏ ਅਜਲਾਸ ਦੀ ਪ੍ਰਧਾਨਗੀ ਸਾਥੀ ਨਿਰਮਲ ਮਲਸੀਆਂ, ਜਰਨੈਲ ਫਿਲੌਰ, ਬਲਦੇਵ ਸਿੰਘ ਨੂਰਪੁਰੀ ਤੇ ਬੀਬੀ ਰੀਨਾ ਰਾਣੀ ਸ਼ਾਹਕੋਟ ਨੇ ਕੀਤੀ। ਮੰਚ ‘ਤੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ, ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਅਤੇ ਸੂਬਾ ਵਰਕਿੰਗ ਕਮੇਟੀ ਦੇ ਮੈਂਬਰ ਹਰਬੰਸ ਮੱਟੂ ਵੀ ਸੁਸ਼ੋਭਿਤ ਸਨ। ਅਜਲਾਸ ਦਾ ਉਦਘਾਟਨ ਕਰਦਿਆਂ ਸਾਥੀ ਗੁਰਨਾਮ ਸਿੰਘ ਨੇ ਅਜੋਕੀ ਰਾਜਸੀ-ਸਮਾਜਿਕ ਅਵਸਥਾ, ਕਿਰਤੀਆਂ ਦੀ ਤਰਯੋਗ ਜ਼ਿੰਦਗੀ, ਲਹਿਰ ਸਨਮੁੱਖ ਚੁਣੌਤੀਆਂ ਅਤੇ ਭਵਿੱਖੀ ਸੰਗਰਾਮਾਂ ਬਾਰੇ ਵਿਚਾਰ ਰੱਖੇ।
ਪਰਮਜੀਤ ਰੰਧਾਵਾ ਵਲੋਂ ਪੇਸ਼ ਕੀਤੀ ਗਈ ਜਥੇਬੰਦਕ ਰਿਪੋਰਟ ਹਾਜ਼ਰ ਸਾਥੀਆਂ ਦੇ ਉਸਾਰੂ ਸੁਝਾਅ ਅਤੇ ਵਾਧਿਆਂ ਸਮੇਤ ਸਰਵ ਸੰਮਤੀ ਨਾਲ ਪ੍ਰਵਾਨ ਕੀਤੀ ਗਈ। ਸਾਥੀ ਦਰਸ਼ਨ ਨਾਹਰ ਵਲੋਂ ਪੇਸ਼ ਕੀਤੇ ਗਏ ਪੈਨਲ ਰਾਹੀਂ ਨਿਰਮਲ ਮਲਸੀਆਂ ਪ੍ਰਧਾਨ, ਪਰਮਜੀਤ ਰੰਧਾਵਾ ਜਨਰਲ ਸਕੱਤਰ, ਬਲਬੀਰ ਕਾਲਾ ਰਸੂਲਪੁਰ ਤੇ ਰੀਨਾ ਰਾਣੀ ਮੀਤ ਪ੍ਰਧਾਨ, ਬਲਦੇਵ ਸਿੰਘ ਨੂਰਪੁਰੀ ਤੇ ਜਰਨੈਲ ਫਿਲੌਰ ਮੀਤ ਸਕੱਤਰ ਅਤੇ ਦਲਬੀਰ ਸਹੋਤਾ ਮਾਹੂੰਵਾਲ ਖਜ਼ਾਨਚੀ ਦੇ ਚੁਣੇ ਗਏ। ਅਜਲਾਸ ਵਲੋਂ ਪਾਸ ਕੀਤੇ ਮਤਿਆਂ ਰਾਹੀਂ ਆਰ.ਐਸ.ਐਸ. ਦੀ ਅਗਵਾਈ ਵਾਲੀਆਂ ਮਨੂਵਾਦੀ-ਹਿੰਦੂਤਵੀ ਤਾਕਤਾਂ ਦੀਆਂ ਕੁਚਾਲਾਂ ਫੇਲ੍ਹ ਕਰਨ, ਜਾਤੀ-ਪਾਤੀ ਤੇ ਲਿੰਗਕ ਜਬਰ ਤੇ ਵਿਤਕਰੇ ਦੇ ਖਾਤਮੇ, ਗਰੀਬ ਵਸੋਂ ਨੂੰ ਰੋਟੀ-ਕਪੜਾ-ਮਕਾਨ, ਸਿਖਿਆ-ਸਿਹਤ ਸਹੂਲਤਾਂ, ਬਿਜਲੀ-ਪਾਣੀ, ਸਥਾਈ ਰੁਜ਼ਗਾਰ, ਜਨਤਕ ਵੰਡ ਪ੍ਰਣਾਲੀ ਤੇ ਪੈਨਸ਼ਨਾਂ ਦਿੱਤੇ ਜਾਣ ਲਈ ਘੋਲ ਪ੍ਰਚੰਡ ਕਰਨ ਦਾ ਨਿਰਣਾ ਲਿਆ ਗਿਆ।   ਪ੍ਰਬੰਧਕਾਂ ਵਲੋਂ ਉਚੇਚੇ ਉਸਾਰੇ ਗਏ ਸਾਥੀ ਦਇਆ ਪਾਲ ਸਹੋਤਾ ਹਾਲ ਵਿਚ ਜ਼ਿਲ੍ਹੇ ਭਰ ਚੋਂ ਪੁੱਜੇ ਡੈਲੀਗੇਟਾਂ ਨੂੰ ਅਦਬ ਤੇ ਮੋਹ ਨਾਲ ਸਾਦ-ਮੁਰਾਦਾ ਲੰਗਰ ਛਕਾਇਆ ਗਿਆ। ਪਿੰਡ ਵੜਦਿਆਂ ਹੀ ਵਿਛੜੇ ਸਾਥੀ ਬਲਵਿੰਦਰ ਸਿੰਘ ਤਲਵੰਡੀ ਮਾਧੋ ਦੀ ਯਾਦ ਵਿਚ ਗੇਟ ਉਸਾਰਿਆ ਗਿਆ ਸੀ। ਆਰੰਭ ਵਿਚ ਸਦੀਵੀ ਵਿਛੋੜਾ ਦਾ ਗਏ ਦੇਸ਼ ਦੀ ਜਮਹੂਰੀ ਲਹਿਰ ਅਤੇ ਕਿਰਤੀ ਸੰਗਰਾਮ ਦੇ ਮਿਸਾਲੀ ਆਗੂਆਂ ਸਰਵ ਸਾਥੀ ਸੀਤਾ ਰਾਮ ਯੇਚੁਰੀ, ਬਲਵਿੰਦਰ ਸਿੱਧੂ, ਬਖਸ਼ੀ ਰਾਮ ਕੰਗ ਸਾਹਿਬ ਰਾਏ, ਗੁਰਦੀਪ ਬੱਲ ਨੌ, ਹਰਬੰਸ ਕੌਰ ਮਲਸੀਆਂ, ਗਰਦਾਵਰ ਭੱਟੀ ਸਿਆਣੀਵਾਲ, ਨਰੰਜਣ ਦਾਸ ਮਾਹੀ ਪਿੰਡ ਮਾਹੂੰਵਾਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਭਗਵਾਨ ਵਾਲਮੀਕਿ ਜੀ ਮੰਦਿਰ ਅੰਮਿ੍ਤਸਰ ਦੇ ਦਰਸ਼ਨਾਂ ਲਈ ਫਰੀ ਬੱਸ ਰਵਾਨਾ
Next articleਬਰੀ ਹੋਣ ਦੇ ਬਾਵਜੂਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਵਧੀਆਂ, ਰਣਜੀਤ ਕਤਲ ਕੇਸ ‘ਚ ਨੋਟਿਸ ਜਾਰੀ