ਮਾਨਸੂਨ ਤੋਂ ਪਹਿਲਾਂ ਹੀ ਬੇਮੌਸਮੀ ਬਰਸਾਤ ਵਰਾ ਰਹੀ ਆਪਣਾ ਕਹਿਰ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਭਾਵੇਂ ਕਿ ਮਾਨਸੂਨ ਦੀ ਰੁੱਤ ਆਉਣ ਵਿੱਚ ਅਜੇ ਸਮਾਂ ਹੈ ਪਰ ਇਸਤੋਂ ਪਹਿਲਾ ਹੀ ਬੇ-ਮੌਸਮੀ ਬਰਸਾਤ ਆਪਣਾ ਕਹਿਰ ਵਰਪਾ ਰਹੀ ਹੈ। ਕਪੂਰਥਲਾ ਦੇ ਪਿੰਡ ਉੱਚਾ ਬੇਟ ਵਿਖੇ ਮੀਂਹ ਦਾ ਕਹਿਰ ਵੇਖਣ ਨੂੰ ਮਿਲਿਆ ਹੈ, ਜਿੱਥੇ ਇੱਕ ਮਕਾਨ ਦੀ ਛੱਤ ਡਿੱਗ ਪੈਣ ਕਾਰਨ ਦਿਹਾੜੀ ਟੱਪਾ ਕਰਕੇ ਆਪਣਾ ਗੁਜ਼ਾਰਾ ਕਰਨ ਵਾਲੇ ਗਰੀਬ ਦਾ ਭਾਂਵੇ ਨਿੱਤ ਵਰਤੋਂ ਵਾਲਾ ਜਰੂਰੀ ਸਮਾਨ ਨੁਕਸਾਨਿਆ ਗਿਆ ਪਰ ਉਹ ਵਾਲ-ਵਾਲ ਬਚ ਗਏ। ਘਰ ਦੇ ਮਾਲਕ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਘਰ ਦੇ ਕਮਰੇ ਅੰਦਰ ਸੁੱਤਾ ਪਿਆ ਸੀ ਕਿ ਅਚਾਨਕ ਤੜਕਸਾਰ ਉਨਾਂ ਦੇ ਲੜਕੇ ਦੀ ਨੀਂਦ ਖੁੱਲੀ ਤੇ ਉਸਨੇ ਕੁੱਝ ਮਿੱਟੀ ਦੇ ਟੁਕੜੇ ਛੱਤ ਤੋਂ ਡਿੱਗਦੇ ਹੋਏ ਵੇਖੇ ਲੜਕੇ ਨੇ ਤੁਰੰਤ ਸ਼ੋਰ ਮਚਾ ਕੇ ਪਰਿਵਾਰ ਨੂੰ ਉਠਾ ਕੇ ਬਾਹਰ ਲਿਆਂਦਾ। ਪਰਿਵਾਰ ਦੇ ਤਿੰਨ ਮੈਂਬਰ ਜਿਉਂ ਹੀ ਕਮਰੇ ਚੋ ਬਾਹਰ ਨਿਕਲੇ ਤਾਂ ਕਮਰੇ ਦੀ ਛੱਤ ਡਿੱਗ ਪਈ। ਉਨਾਂ ਦੱਸਿਆ ਕਿ ਛੱਤ ਡਿੱਗਣ ਕਾਰਨ ਅੰਦਰ ਪਿਆ ਸਮਾਨ ਜਿਸ ਵਿੱਚ ਪੇਟੀ, ਮੰਜਾ, ਬਰਤਨ ਤੇ ਹੋਰ ਸਮਾਨ ਸ਼ਾਮਲ ਹੈ, ਬੁਰੀ ਤਰਾਂ ਨੁਕਸਾਨੇ ਗਏ। ਉਨਾਂ ਦੱਸਿਆ ਕਿ ਘਰ ਦੇ ਨਾਲ ਲਗਦੇ ਹਿੱਸਿਆਂ ’ਚ ਵੀ ਤਰੇੜਾਂ ਆ ਗਈਆਂ ਹਨ ਤੇ ਇਹ ਕਿਸੇ ਸਮੇਂ ਵੀ ਡਿੱਗ ਸਕਦਾ ਹੈ। ਉਨਾਂ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਪਰਿਵਾਰ ਨੂੰ ਯੋਗ ਸਹਾਇਤਾ ਮੁਹੱਈਆ ਕਰਵਾਈ ਜਾਵੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly