ਕਰਮ ਸਿੰਘ ਜ਼ਖ਼ਮੀ ਦੀ ਅਨੁਵਾਦਿਤ ਪੁਸਤਕ ‘ਲੋਕ ਵਿਹਾਰ’ ਹੋਈ ਲੋਕ ਅਰਪਣ
ਸੰਗਰੂਰ, (ਰਮੇਸ਼ਵਰ ਸਿੰਘ) “ਮਾਂ ਬੋਲੀ ਦੇ ਪ੍ਰਚਾਰ-ਪ੍ਰਸਾਰ ਲਈ ਹੋਰਨਾਂ ਭਾਸ਼ਾਵਾਂ ਵਿੱਚੋਂ ਪੰਜਾਬੀ ਵਿੱਚ ਕੀਤੇ ਗਏ ਅਨੁਵਾਦ ਦੀ ਭੂਮਿਕਾ ਬੜੀ ਅਹਿਮ ਹੈ ਕਿਉਂਕਿ ਇਸ ਕਾਰਜ ਨਾਲ ਪੰਜਾਬੀ ਪਾਠਕਾਂ ਨੂੰ ਵੱਖ-ਵੱਖ ਭਾਸ਼ਾਵਾਂ ਅਤੇ ਦੇਸ਼ਾਂ ਦਾ ਸਾਹਿਤ ਪੜ੍ਹਨ ਨੂੰ ਮਿਲਦਾ ਹੈ।” ਇਹ ਸ਼ਬਦ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਧਰਮਸ਼ਾਲਾ ਬਾਬਾ ਹਿੰਮਤ ਸਿੰਘ ਸੰਗਰੂਰ ਵਿਖੇ ਕਰਵਾਏ ਗਏ ਮਹੀਨਾਵਾਰ ਸਾਹਿਤਕ ਸਮਾਗਮ ਵਿੱਚ ਬੋਲਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਮੀਤ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਹੇ। ਇਸ ਸਮਾਗਮ ਵਿੱਚ ਨਵਰੰਗ ਪਬਲੀਕੇਸ਼ਨ ਸਮਾਣਾ ਵੱਲੋਂ ਪ੍ਰਕਾਸ਼ਿਤ ਵਿਸ਼ਵ ਪ੍ਰਸਿੱਧ ਲੇਖਕ ਡੇਲ ਕਾਰਨੇਗੀ ਦੀ ਲਿਖੀ ਅਤੇ ਕਰਮ ਸਿੰਘ ਜ਼ਖ਼ਮੀ ਦੀ ਅਨੁਵਾਦ ਕੀਤੀ ਪੁਸਤਕ ‘ਲੋਕ ਵਿਹਾਰ’ ਲੋਕ ਅਰਪਣ ਕੀਤੀ ਗਈ।
ਪੁਸਤਕ ਸਬੰਧੀ ਚਰਚਾ ਕਰਦਿਆਂ ਪ੍ਰੋ. ਹਰਦੀਪ ਸਿੰਘ ਨੇ ਕਿਹਾ ਕਿ ਹੋਰਨਾਂ ਭਾਸ਼ਾਵਾਂ ਵਿੱਚ ਲਿਖਿਆ ਗਿਆ ਸਾਹਿਤ ਪੰਜਾਬੀ ਪਾਠਕਾਂ ਲਈ ਮੁਹੱਈਆਂ ਕਰਵਾਉਣਾ ਬੇਹੱਦ ਮਹੱਤਵਪੂਰਨ ਅਤੇ ਸ਼ਲਾਘਾਯੋਗ ਕਾਰਜ ਹੈ। ਸਮਾਗਮ ਦੇ ਆਰੰਭ ਵਿੱਚ ਸਵਾਗਤੀ ਸ਼ਬਦ ਕਹਿੰਦਿਆਂ ਕਰਮ ਸਿੰਘ ਜ਼ਖ਼ਮੀ ਨੇ ਸਭਾ ਵੱਲੋਂ ਲੇਖਕ ਭਵਨ ਲਈ ਖਰੀਦੀ ਗਈ ਜਗ੍ਹਾ ਦੀ ਰਜਿਸਟਰੀ ਹੋਣ ’ਤੇ ਹਾਜ਼ਰ ਸਾਹਿਤਕਾਰਾਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਬਹੁਤ ਛੇਤੀ ਲੇਖਕ ਭਵਨ ਦੀ ਉਸਾਰੀ ਦਾ ਕਾਰਜ ਵਿੱਢਿਆ ਜਾਵੇਗਾ। ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਉੱਘੇ ਲੇਖਕਾਂ ਡਾ. ਚਰਨਜੀਤ ਸਿੰਘ ਉਡਾਰੀ ਅਤੇ ਮੇਜਰ ਸਿੰਘ ਰਾਜਗੜ੍ਹ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਇੱਕ ਮਤੇ ਵਿੱਚ ਧਾਰਾ 295-ਏ ਅਧੀਨ ਲੇਖਕਾਂ ’ਤੇ ਪਰਚੇ ਦਰਜ ਕਰਨ ਦਾ ਵਿਰੋਧ ਕੀਤਾ ਗਿਆ।
ਉਪਰੰਤ ਪੰਮੀ ਫੱਗੂਵਾਲੀਆ ਦੇ ਗੀਤ ਨਾਲ ਸ਼ੁਰੂ ਹੋਏ ਕਵੀ ਦਰਬਾਰ ਵਿੱਚ ਜਗਜੀਤ ਸਿੰਘ ਲੱਡਾ, ਲਾਭ ਸਿੰਘ ਝੱਮਟ, ਮੂਲ ਚੰਦ ਸ਼ਰਮਾ, ਰਜਿੰਦਰ ਸਿੰਘ ਰਾਜਨ, ਰਣਜੀਤ ਆਜ਼ਾਦ ਕਾਂਝਲਾ, ਗੁਰੀ ਚੰਦੜ, ਸੁਖਵਿੰਦਰ ਸਿੰਘ ਲੋਟੇ, ਕਰਮ ਸਿੰਘ ਜ਼ਖ਼ਮੀ, ਪਵਨ ਹੋਸ਼ੀ, ਚਰਨਜੀਤ ਸਿੰਘ ਮੀਮਸਾ, ਬਲਜੀਤ ਸਿੰਘ ਬਾਂਸਲ, ਪਰਮਜੀਤ ਕੌਰ ਸੇਖੂਪੁਰ, ਕੁਲਵੰਤ ਖਨੌਰੀ, ਸੁਰਿੰਦਰਪਾਲ ਸਿੰਘ ਸਿਦਕੀ, ਡਾ. ਪਰਮਜੀਤ ਸਿੰਘ ਦਰਦੀ, ਪ੍ਰੋ. ਹਰਦੀਪ ਸਿੰਘ, ਸ਼ਿਵ ਕੁਮਾਰ ਅੰਬਾਲਵੀ, ਕੁਲਦੀਪ ਸਿੰਘ ਸਾਹਿਲ, ਦੀਪਿਕਾ ਸ਼ਰਮਾ, ਪੇਂਟਰ ਸੁਖਦੇਵ ਧੂਰੀ, ਜੰਗੀਰ ਸਿੰਘ ਰਤਨ, ਬਲਵੰਤ ਕੌਰ ਘਨੌਰੀ ਕਲਾਂ, ਜਤਿੰਦਰ ਸਿੰਘ, ਮਹਿੰਦਰਜੀਤ ਸਿੰਘ ਧੂਰੀ, ਮੱਖਣ ਸੇਖੂਵਾਸ, ਰਾਜਿੰਦਰ ਰਾਣੀ ਗੰਢੂਆਂ ਅਤੇ ਕੁਲਵਿੰਦਰ ਸਿੰਘ ਨਾੜੂ ਆਦਿ ਕਵੀਆਂ ਨੇ ਹਿੱਸਾ ਲਿਆ। ਅੰਤ ਵਿੱਚ ਫਰਵਰੀ ਮਹੀਨੇ ਦੇ ਸਾਹਿਤਕ ਸਮਾਗਮ ਦੀ ਸੂਚਨਾ ਦਿੰਦਿਆਂ ਰਜਿੰਦਰ ਸਿੰਘ ਰਾਜਨ ਨੇ ਸਾਰੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਸੁਖਵਿੰਦਰ ਸਿੰਘ ਲੋਟੇ ਅਤੇ ਕੁਲਵੰਤ ਖਨੌਰੀ ਨੇ ਸਾਂਝੇ ਰੂਪ ਵਿੱਚ ਬਾਖ਼ੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly