ਮਾਮਲਾ ਐਕਸਪ੍ਰੈਸ ਵੇਅ ਲਈ ਐਕਵਾਇਰ ਕੀਤੀ ਜ਼ਮੀਨ ਦਾ ਘੱਟ ਮੁਆਵਜ਼ਾ ਦੇਣ ਦਾ
ਪ੍ਰੋਜੈਕਟ ਡਾਇਰੈਕਟਰ ਨੇ ਧਰਨੇ ਵਿੱਚ ਪਹੁੰਚ ਕੇ ਸੁਣੀਆਂ ਕਿਸਾਨਾਂ ਦੀਆਂ ਮੁਸ਼ਕਿਲਾਂ
ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਹਲਕਾ ਸੁਲਤਾਨਪੁਰ ਲੋਧੀ ਦੇ ਵੱਖ ਵੱਖ ਪਿੰਡਾਂ ਦੀ ਜ਼ਮੀਨ ਐਕਵਾਇਰ ਕਰਕੇ ਉਸਾਰੇ ਜਾ ਰਹੇ ਬਠਿੰਡਾ -ਜਾਮਨਗਰ -ਟਿੱਬਾ ਅਤੇ ਦਿੱਲੀ ਕਟੜਾ ਅਮ੍ਰਿੰਤਸਰ ਐਕਸਪ੍ਰੈਸ ਵੇਅ ਦੇ ਨਿਰਮਾਣ ਕਾਰਜਾਂ ਨੂੰ ਅੱਜ ਰੋਡ ਸੰਘਰਸ਼ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨਾਂ ਨੇ ਜ਼ਮੀਨਾਂ ਦਾ ਮੁਆਵਜ਼ਾ ਘੱਟ ਦਿੱਤੇ ਜਾਣ ਅਤੇ ਹੋਰ ਮੰਗਾਂ ਨੂੰ ਲੈਕੇ ਰੋਕ ਦਿੱਤਾ ਅਤੇ ਪਿੰਡ ਮਸੀਤਾਂ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਅੱਜ ਸਵੇਰ ਤੋਂ ਸ਼ੁਰੂ ਹੋਏ ਧਰਨੇ ਵਿੱਚ ਐਕਸਪ੍ਰੈਸ ਵੇਅ ਨਾਲ਼ ਪ੍ਰਭਾਵਿਤ ਹੋ ਰਹੇ ਕਿਸਾਨਾਂ,ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਭਰਵੀਂ ਸ਼ਮੂਲੀਅਤ ਕਰਦਿਆਂ ਨੈਸ਼ਨਲ ਹਾਈਵੇ ਅਥਾਰਟੀ ਅਤੇ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਹੱਲ ਨਹੀਂ ਕਰ ਦਿੱਤਾ ਜਾਂਦਾ,ਉਹ ਉਦੋਂ ਤੱਕ ਕਿਸੇ ਵੀ ਤਰ੍ਹਾਂ ਦੇ ਨਿਰਮਾਣ ਕਾਰਜ ਸ਼ੁਰੂ ਹੋਣ ਦੇਣਗੇ।ਇਸ ਮੌਕੇ ਬੋਲਦਿਆਂ ਰੋਡ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਦਿਆਲ ਸਿੰਘ ਜੋਸਨ ਨੇ ਕਿਹਾ ਕਿ ਐਕਵਾਇਰ ਕੀਤੀਆਂ ਗਈਆਂ ਜ਼ਮੀਨਾਂ ਦਾ ਮੁਆਵਜ਼ਾ ਤੈਅ ਕਰਨ ਸਮੇਂ ਨੈਸ਼ਨਲ ਹਾਈਵੇ ਅਥਾਰਟੀ ਅਤੇ ਪ੍ਰਸ਼ਾਸਨ ਨੇ ਕਿਸਾਨਾਂ ਨਾਲ਼ ਵੱਡਾ ਧੋਖਾ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਤਿੰਨੇ ਤਹਿਸੀਲਾਂ ਵਿੱਚ ਜ਼ਮੀਨਾਂ ਦਾ ਬੇਸਿਕ ਰੇਟ 55ਤੋਂ 60 ਲੱਖ ਦੇ ਕਰੀਬ ਹੈ,ਜਦ ਕਿ ਅਥਾਰਟੀ ਅਤੇ ਪ੍ਰਸ਼ਾਸਨ ਇਸ ਦਾ ਭਾਅ5 ਤੋਂ 10 ਲੱਖ ਹੀ ਮਿਥਿਆ ਹੈ। ਉਨ੍ਹਾਂ ਨੇ ਕਿਹਾ ਪ੍ਰਭਾਵਿਤ ਹੋ ਰਹੇ ਕਿਸਾਨਾਂ ਨੇ ਇਨਸਾਫ਼ ਲੈਣ ਲਈ ਆਰਬੀਟੇਟਰ ਦੇ ਅਪੀਲ ਕੀਤੀ ਪਰ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਉੱਥੋਂ ਵੀ ਕੋਈ ਇਨਸਾਫ਼ ਨਹੀਂ ਮਿਲਿਆ।ਜਦ ਕਿ ਨੈਸ਼ਨਲ ਹਾਈਵੇ ਅਥਾਰਟੀ ਨੇ ਜ਼ਮੀਨਾਂ ਦਾ ਕਬਜ਼ਾ ਲਿਆ ਸੀ ਤਾਂ , ਇਹ ਦਾਅਵਾ ਕੀਤਾ ਸੀ ਕਿ ਆਰਬੀਟੇਟਰ ਦੇ ਅਪੀਲ ਲਾਉਣ ਤੇ 6 ਮਹੀਨੇ ਦੇ ਅੰਦਰ ਅੰਦਰ ਫੈਸਲਾ ਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਕਿਸਾਨਾਂ ਦੀਆਂ ਮੋਟਰਾਂ, ਜ਼ਮੀਨਦੋਜ਼ ਪਾਈਪ ਅਤੇ ਮਕਾਨਾਂ ਅਤੇ ਬਿਜਲੀ ਦੀਆਂ ਲਾਇਨਾਂ ਸੰਬੰਧੀ ਵੀ ਯੋਗ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਅਥਾਰਟੀ ਵੱਲੋਂ ਜਿਹੜੇ ਅੰਡਰਪਾਸ ਬਣਾਏ ਜਾ ਰਹੇ ਹਨ ਉਹ ਕਿਸਾਨਾਂ ਦੀ ਮੰਗ ਅਨੁਸਾਰ ਨਹੀਂ ਬਣ ਰਹੇ।ਇਸ ਮੌਕੇ ਬੋਲਦਿਆਂ ਮੀਤ ਪ੍ਰਧਾਨ ਬਖਸ਼ੀਸ਼ ਸਿੰਘ ਤਲਵੰਡੀ ਚੌਧਰੀਆਂ ਨੇ ਕਿਹਾ ਕਿ ਜਿਹੜੀਆਂ ਜ਼ਮੀਨਾਂ ਦੋਫਾੜ ਹੋ ਗਈਆਂ ਹਨ ਉਨ੍ਹਾਂ ਦਾ ਵੀ ਪ੍ਰਸ਼ਾਸਨ ਨੇ ਯੋਗ ਮੁਆਵਜ਼ਾ ਨਹੀਂ ਦਿੱਤਾ। ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਲਿਫਟਰ ਨੇ ਕਿਹਾ ਕਿ ਮੁਸ਼ਤਰਕਾ ਖਾਤਿਆਂ ਕਾਰਨ ਕਿਸਾਨਾਂ ਵਿੱਚ ਆਪਸੀ ਵਿਵਾਦ ਪੈਦਾ ਹੋ ਗਏ।
ਜੇਕਰ ਪ੍ਰਸ਼ਾਸਨ ਨੇ ਜ਼ਮੀਨ ਐਕਵਾਇਰ ਕਰਨ ਤੋਂ ਪਹਿਲਾਂ ਸਰਵੇ ਕਰਵਾ ਕੇ ਕਬਜ਼ਾਧਾਰੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਹੁੰਦਾ ਤਾਂ ਅਜਿਹੀ ਸਮੱਸਿਆ ਪੈਦਾ ਨਾ ਹੁੰਦੀ।ਇਸ ਮੌਕੇ ਰੋਡ ਸੰਘਰਸ਼ ਕਮੇਟੀ ਨੇ ਮੰਗ ਕੀਤੀ ਕਿ ਜ਼ਮੀਨ ਮਾਲਕਾਂ ਨੂੰ ਯੂਨੀਵਰਸਲ ਐਵਾਰਡ ਧਾਰਾ 28-7 ਤਹਿਤ ਇਕਸਾਰ ਮੁਆਵਜ਼ਾ ਦਿੱਤਾ ਜਾਵੇ , ਅੰਡਰਪਾਸ ਖੁੱਲ੍ਹੇ ਅਤੇ ਮਸੀਨਰੀ ਦੇ ਮੁਤਾਬਿਕ ਤਿਆਰ ਕੀਤੇ ਜਾਣ, ਬਿਜਲੀ ਦੇ ਕਨੈਕਸਨਾਂ ਦੀ ਬਦਲੀ ਅਤੇ ਸਿੰਚਾਈ ਲਈ ਪਾਇਪਲਾਇਨ ਦਿੱਤੀ ਜਾਵੇ।ਹੜ ਅਤੇ ਪਾਣੀ ਦੀ ਨਿਕਾਸੀ ਲਈ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ।ਉੱਧਰ ਸ਼ਾਮ ਵੇਲੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਡਾਇਰੈਕਟਰ ਵਰੁਣ ਅੰਸਾਰੀ ਅਤੇ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਗੁਰਲੀਨ ਕੌਰ ਧਰਨੇ ਵਾਲੀ ਥਾਂ ਤੇ ਪਹੁੰਚੇ ਅਤੇ ਧਰਨਾਕਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਵਰੁਣ ਅੰਸਾਰੀ ਨੇ ਕਿਹਾ ਕਿ ਕਿਸਾਨਾਂ ਦੀਆਂ ਜੋ ਵੀ ਮੰਗਾਂ ਹਨ, ਉਨ੍ਹਾਂ ਬਾਰੇ ਉਹ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਣਗੇ ਅਤੇ ਇਸ ਦਾ ਜ਼ਲਦ ਹੱਲ ਕੱਢਿਆ ਜਾਵੇਗਾ।ਇਸ ਮੌਕੇ ਜਸਵਿੰਦਰ ਸਿੰਘ ਟਿੱਬਾ, ਮੁਖਤਿਆਰ ਸਿੰਘ, ਰੇਸ਼ਮ ਸਿੰਘ ਅਮਾਨੀਪੁਰ, ਤਰਸੇਮ ਸਿੰਘ ਰਣਧੀਰ ਪੁਰ,ਜੋਗਾ ਸਿੰਘ ਕਾਲੇਵਾਲ, ਬਲਵਿੰਦਰ ਸਿੰਘ, ਮਾਸਟਰ ਚਰਨ ਸਿੰਘ ਸਯੁੰਕਤ ਕਿਸਾਨ ਮੋਰਚਾ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਖਰਾਮ ਸਿੰਘ, ਕੁਲਵੰਤ ਸਿੰਘ, ਬਲਜੀਤ ਸਿੰਘ,ਸੀਤਲ ਟਿੱਬਾ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly