ਅੱਗੇ ਦਾ ਰਸਤਾ 1991 ਨਾਲੋਂ ਜ਼ਿਆਦਾ ਚੁਣੌਤੀਪੂਰਨ: ਮਨਮੋਹਨ ਸਿੰਘ

ਨਵੀਂ ਦਿੱਲੀ (ਸਮਾਜ ਵੀਕਲੀ) : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 1991 ਦੇ ਇਤਿਹਾਸਕ ਬਜਟ ਦੇ 30 ਸਾਲ ਪੂਰੇ ਹੋਣ ’ਤੇ ਅੱਜ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਅੱਗੇ ਦਾ ਰਸਤਾ ਉਸ ਸਮੇਂ ਦੇ ਮੁਕਾਬਲੇ ਜ਼ਿਆਦਾ ਚੁਣੌਤੀਪੂਰਨ ਹੈ ਅਤੇ ਅਜਿਹੇ ਵਿਚ ਇਕ ਰਾਸ਼ਟਰ ਦੇ ਤੌਰ ’ਤੇ ਭਾਰਤ ਨੂੰ ਆਪਣੀਆਂ ਤਰਜੀਹਾਂ ਨੂੰ ਪੁਨਰ ਨਿਰਧਾਰਤ ਕਰਨਾ ਹੋਵੇਗਾ। ਉਨ੍ਹਾਂ ਚੇਤੇ ਕੀਤਾ ਕਿ 1991 ਵਿਚ ਵਿੱਤ ਮੰਤਰੀ ਹੁੰਦਿਆਂ ਉਨ੍ਹਾਂ ਆਪਣਾ ਬਜਟ ਭਾਸ਼ਣ ਵਿਕਟਰ ਹੁਗੋ ਦੇ ਹਵਾਲੇ ਨਾਲ ਇਹ ਕਹਿ ਕੇ ਸਮਾਪਤ ਕੀਤਾ ਸੀ, ‘‘ਧਰਤੀ ’ਤੇ ਕੋਈ ਤਾਕਤ ਉਸ ਵਿਚਾਰ ਨੂੰ ਨਹੀਂ ਰੋਕ ਸਕਦੀ ਜਿਸ ਦਾ ਸਮਾਂ ਆ ਗਿਆ ਹੈ।’’

ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, ‘‘30 ਸਾਲ ਬਾਅਦ, ਇਕ ਰਾਸ਼ਟਰ ਵਜੋਂ ਸਾਨੂੰ ਰੌਬਰਟ ਫਰੋਸਟ ਦੀ ਕਵਿਤਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਤੇ ਮੀਲਾਂ ਦਾ ਸਫ਼ਰ ਤਹਿ ਕਰਨ ਤੋਂ ਬਾਅਦ ਹੀ ਆਰਾਮ ਕਰਨਾ ਹੈ।’’

ਸ੍ਰੀ ਸਿੰਘ ਨੇ ਇਕ ਬਿਆਨ ਵਿਚ ਕਿਹਾ, ‘‘ਇਹ ਸਮਾਂ ਖੁਸ਼ ਹੋਣ ਦਾ ਨਹੀਂ ਹੈ ਬਲਕਿ ਆਤਮ ਪੜਚੋਲ ਤੇ ਸੋਚ-ਵਿਚਾਰ ਕਰਨ ਦਾ ਹੈ। ਅੱਗੇ ਦਾ ਰਸਤਾ 1991 ਦੇ ਸੰਕਟ ਨਾਲੋਂ ਜ਼ਿਆਦਾ ਚੁਣੌਤੀਪੂਰਨ ਹੈ। ਇਕ ਰਾਸ਼ਟਰ ਵਜੋਂ ਸਾਨੂੰ ਆਪਣੀਆਂ ਤਰਜੀਹਾਂ ਨੂੰ ਪੁਨਰ ਨਿਰਧਾਰਤ ਕਰਨਾ ਹੋਵੇਗਾ ਤਾਂ ਜੋ ਹਰੇਕ ਭਾਰਤੀ ਲਈ ਤੰਦਰੁਸਤ ਤੇ ਮਾਣ ਵਾਲੀ ਜ਼ਿੰਦਗੀ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ 30 ਸਾਲ ਪਹਿਲਾਂ 1991 ਵਿਚ ਅੱਜ ਦੇ ਦਿਨ ਕਾਂਗਰਸ ਪਾਰਟੀ ਨੇ ਭਾਰਤੀ ਅਰਥਚਾਰੇ ਵਿਚ ਮਹੱਤਵਪੂਰਨ ਸੁਧਾਰਾਂ ਦੀ ਸ਼ੁਰੂਆਤ ਕੀਤੀ ਸੀ ਅਤੇ ਦੇਸ਼ ਦੀ ਆਰਥਿਕ ਨੀਤੀ ਲਈ ਇਕ ਨਵਾਂ ਰਾਹ ਤਿਆਰ ਕੀਤਾ ਸੀ।

ਉਨ੍ਹਾਂ ਕਿਹਾ, ‘‘ਖੁਸ਼ ਕਿਸਮਤ ਹਾਂ ਕਿ ਮੈਂ ਕਾਂਗਰਸ ਵਿਚ ਕਈ ਸਾਥੀਆਂ ਨਾਲ ਮਿਲ ਕੇ ਸੁਧਾਰਾਂ ਦੀ ਇਸ ਪ੍ਰਕਿਰਿਆ ’ਚ ਭੂਮਿਕਾ ਨਿਭਾਈ। ਇਸ ਗੱਲ ਤੋਂ ਮੈਨੂੰ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਪਿਛਲੇ ਤਿੰਨ ਦਹਾਕਿਆਂ ਵਿਚ ਸਾਡੇ ਦੇਸ਼ ਨੇ ਸ਼ਾਨਦਾਰ ਆਰਥਿਕ ਤਰੱਕੀ ਕੀਤੀ ਪਰ ਮੈਂ ਕੋਵਿਡ ਕਰ ਕੇ ਹੋਈ ਤਬਾਹੀ ਤੇ ਕਰੋੜਾਂ ਨੌਕਰੀਆਂ ਜਾਣ ਤੋਂ ਬਹੁਤ ਦੁੱਖੀ ਹਾਂ।’’

ਮਨਮੋਹਨ ਸਿੰਘ ਨੇ ਕਿਹਾ, ‘‘ਸਿਹਤ ਤੇ ਸਿੱਖਿਆ ਖੇਤਰ ਪਿੱਛੇ ਰਹਿ ਗਏ ਅਤੇ ਇਹ ਸਾਡੀ ਆਰਥਿਕ ਤਰੱਕੀ ਦੇ ਨਾਲ ਨਹੀਂ ਚੱਲ ਸਕੇ। ਐਨੀਆਂ ਸਾਰੀਆਂ ਜ਼ਿੰਦਗੀਆਂ ਤੇ ਨੌਕਰੀਆਂ ਗਈਆਂ ਹਨ, ਇਹ ਨਹੀਂ ਹੋਣਾ ਚਾਹੀਦਾ ਸੀ।’’

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਦਾ ਕਲੇਸ਼ ਹੁਣ ਮੁੱਕਿਆ: ਰਾਹੁਲ
Next articleਕ੍ਰਿਕਟ: ਸ੍ਰੀਲੰਕਾ ਨੇ ਭਾਰਤ ਨੂੰ ਹਰਾਇਆ