(ਸਮਾਜ ਵੀਕਲੀ) ਪਿੰਡ ਦੀ ਸੱਥ ਵਿੱਚਪਿੰਡ ਬੈਠੇ ਰਿਟਾਇਰਡ ਸਰਕਾਰੀ ਪ੍ਰਿੰਸੀਪਲ ਸਰਦਾਰ ਸੁਜਾਨ ਸਿੰਘ ਨੇ, “ਸੱਚ” ਦੇ ਵਿਸ਼ੇ ਉੱਪਰ ਹੋ ਰਹੀ । ਵਿਚਾਰ ਚਰਚਾ ਵਿੱਚ ਆਪਣੇ ਜੀਵਨ ਦੀ ਇੱਕ ਸੱਚੀ ਘਟਨਾ ਨੂੰ ਸੁਣਾਉਂਦਿਆਂ ਦੱਸਿਆ ਕਿ” ਮੈਨੂੰ ਇੱਕ ਪ੍ਰਾਈਵੇਟ ਸਕੂਲ ਦੇ ਸਲਾਨਾ ਇਨਾਮ ਵੰਡ ਸਮਾਰੋਹ ਵਿੱਚ ਜਾਣ ਦਾ ਮੌਕਾ ਮਿਲਿਆ, ਉਸ ਸਕੂਲ ਦਾ ਪੰਜਾਬੀ ਵਿਸ਼ੇ ਦਾ ਅਧਿਆਪਕ ਸਕੂਲੋਂ ਗੱਡੀ ਵਿੱਚ ਮੈਨੂੰ ਲੈਣ ਲਈ ਮੇਰੇ ਘਰ ਆਇਆ , ਮੇਰੇ ਘਰ ਤੋਂ 25 ਕੁ ਮਿੰਟਾਂ ਦਾ ਰਾਸਤਾ ਸੀ ਸਕੂਲ ਤੱਕ ਦਾ, ਮੈਨੂੰ ਬੋਲਣ ਲਈ ਇੱਕ ਵਿਸ਼ਾ ਵੀ ਦਿੱਤਾ ਗਿਆ ਸੀ,ਕਿ ਇਹ ਇੱਕ ਆਦਰਸ਼ ਸਕੂਲ ਹੈ। ਇਸ ਸਬੰਧੀ ਬੋਲਣ ਯੋਗ ਨੁਕਤੇ ਸਨ, ਕਿ ਸਕੂਲ ਬੱਚਿਆਂ ਤੇ ਅਧਿਆਪਕਾਂ ਲਈ ਬਹੁਤ ਕੁਝ ਕਰ ਰਿਹਾ ਹੈ। ਮੈਂ ਘਰੋਂ ਬਹੁਤ ਚੰਗੇ-ਚੰਗੇ ਵਿਚਾਰ ਮਨ ਵਿੱਚ ਸੋਚ ਕੇ ਆਇਆ ਅਤੇ ਮੰਚ ਤੋਂ ਬੋਲਣ ਲਈ ਇੱਕ ਲੰਮਾ ਲਿਖਤੀ ਭਾਸ਼ਣ ਤਿਆਰ ਕਰ ਲਿਆਂਦਾ। ਮੈਂ ਸੁਤੇ-ਸੁਭਾਅ ਹੀ, ਮੈਨੂੰ ਲੈਣ ਆਏ, ਅਧਿਆਪਕ ਨੂੰ ਪੁੱਛ ਲਿਆ, ਸਰ ਹੋਰ ਸਕੂਲ ਤੁਹਾਡੇ ਲਈ ਕੀ ਕੁਝ ਬਿਹਤਰੀ ਲਈ ਕਰ ਰਿਹਾ ਹੈ ਜੀ, ਅੱਜ ਕੱਲ੍ਹ, ਫਿਰ ਅਧਿਆਪਕ ਨੇ ਪਹਿਲਾਂ ਤਾਂ ਝਿਜਕ ਮੰਨੀ ਕੁਝ ਵੀ ਬੋਲਣ ਲਈ, ਪਰ ਫਿਰ ਮੇਰੇ ਹੱਲਾ ਸ਼ੇਰੀ ਦੇਣ ਤੋਂ ਬਾਅਦ ਉਹ ਬੋਲੇ, ਤੇ ਕਹਿੰਦੇ ਸਰ, ਸੱਚ ਦੱਸਾਂ ਜਾਂ ਝੂਠ , ਮੈਂ ਮੁਸਕਰਾਇਆ ਤੇ ਕਿਹਾ,ਕਿ ਤੁਸੀਂ ਇੱਕ ਆਦਰਸ਼ ਸਕੂਲ ਦੇ ਅਧਿਆਪਕ ਹੋ, ਸੱਚ ਹੀ ਬੋਲੋ , ਮੈਂ ਕਿਸੇ ਨਾਲ ਵੀ ਤੁਹਾਡੇ ਸੱਚ ਅਤੇ ਝੂਠ ਵਾਲੇ ਪਰਦੇ ਦੀ ਗੱਲ ਸਾਂਝੀ ਨਹੀਂ ਕਰਾਂਗਾ। ਅਧਿਆਪਕ ਨੇ ਕਿਹਾ,” ਕਿ ਮੈਂ 11000 ਰੁਪਏ ਤਨਖ਼ਾਹ ਲੈਂਦਾ ਹਾਂ ਜੀ, ਤੇ ਰਿਕਾਰਡ ਵਿੱਚ ਮੇਰੀ ਤਨਖ਼ਾਹ 24 ਹਜ਼ਾਰ ਹੈ। ਇੱਕ ਤੋਂ ਵੱਧ ਛੁੱਟੀ ਲੈਣ ਤੇ ਤਨਖ਼ਾਹ ਕੱਟੀ ਜਾਂਦੀ ਹੈ। ਇੱਕ ਘੰਟਾ ਦੇਰੀ ਨਾਲ਼ ਆਉਣ ਤੇ ਪੈਸੇ ਕੱਟੇ ਜਾਂਦੇ ਹਨ । ਜੇਕਰ ਕਦੀ ਅਧਿਆਪਕ ਕਈ ਘੰਟੇ ਸਕੂਲ ਵਿੱਚ ਵੱਧ ਵੀ ਲਗਾਉਣ ਤਾਂ ,ਪੈਸੇ ਤਾਂ ਕੀ, ਸ਼ਾਬਾਸ਼ੀ! ਵੀ ਨਹੀਂ ਦਿੱਤੀ ਜਾਂਦੀ। ਪੀ.ਐੱਫ ਅਤੇ ਈ.ਐਸ.ਆਈ ਦਾ ਕੋਈ ਫੰਡ ਨਹੀਂ ਕੱਟਿਆ ਜਾਂਦਾ, ਸਗੋਂ ਇੱਕ ਮਹੀਨੇ ਦੀ ਅਡਵਾਂਸ ਸੈਲਰੀ ਸਾਡੇ ਕੋਲੋਂ ਸਕਿਉਰਟੀ ਦੇ ਰੂਪ ਵਿੱਚ ਜ਼ਰੂਰ ਕੱਟ ਲਈ ਜਾਂਦੀ ਹੈ ।ਸਲਾਨਾ ਤਨਖ਼ਾਹ ਵਧਾਉਣ ਲਈ ਸਾਡਾ ਤਜ਼ਰਬਾ ਅਤੇ ਯੋਗਤਾ ਨਹੀਂ ਵੇਖੀ ਜਾਂਦੀ, ਇਹ ਜ਼ਰੂਰ ਵੇਖਿਆ ਜਾਂਦਾ ਹੈ, ਕਿ ਤੁਸੀਂ ਸਕੂਲ ਵਿੱਚ ਬੱਚੇ ਕਿੰਨੇ ਦਾਖ਼ਲ ਕਰਵਾਏ ਹਨ । ਸਮਾਂ ਸਾਰਨੀ ਵਿੱਚ ਅਧਿਆਪਕਾਂ ਨੂੰ ਦੋ ਪੀਰੀਅਡ ਫ੍ਰੀ ਦਿੱਤੇ ਜਾਂਦੇ ਹਨ। ਦੋਵਾਂ ਦੀ ਹੀ ਆਏ ਦਿਨ ਐਡਜਸਟਮੈਂਟ ਲਗਾ ਕੇ, ਅਧਿਆਪਕਾਂ ਤੋਂ ਪੂਰਾ ਦਿਨ ਹੀ ਕੰਮ ਲਿਆ ਜਾਂਦਾ ਹੈ । ਅਕਸਰ ਹੀ ਦੂਜੇ ਸ਼ਨੀਵਾਰ ਦੀ ਛੁੱਟੀ ਇਹ ਕਹਿ ਕੇ, ਕੱਟ ਲਈ ਜਾਂਦੀ ਹੈ,ਕਿ ਇਸ ਦਾ ਤੁਹਾਨੂੰ ਫਾਇਦਾ ਜਰੂਰ ਦਿੱਤਾ ਜਾਵੇਗਾ। ਇਹ ਛੁੱਟੀ ਦਾ ਫਾਇਦਾ, ਫਿਰ ਸਕੂਲ ਦੇ ਸਲਾਨਾ ਫੰਕਸ਼ਨ ਦੀ ਤਿਆਰੀ ਲਈ ਫ੍ਰੀ ਕਰਕੇ ਦਿੱਤਾ ਜਾਂਦਾ ਹੈ।” ਗੱਡੀ ਹੌਲੀ ਤੇ ਅਧਿਆਪਕ ਦੀਆਂ ਗੱਲਾਂ ਬਹੁਤ ਤੇਜ਼ੀ ਨਾਲ ਚੱਲ ਰਹੀਆਂ ਸਨ । ਉਹਨਾਂ ਨੂੰ ਲੱਗ ਰਿਹਾ ਸੀ, ਕਿ ਸਕੂਲ ਪਹੁੰਚਣ ਤੋਂ ਪਹਿਲਾਂ ਸਾਰੇ ਸੱਚ ਬੋਲ ਲਏ ਜਾਣ, ਮੈਂ ਕਿਹਾ ਹੋਰ ਵੀ ਸੁਣਾਓ, ਕੋਈ ਆਦਰਸ਼ ਸਕੂਲ ਦੇ ਕਿੱਸੇ।
ਮੇਰੇ ਤੇ ਯਕੀਨ ਜਿਹਾ ਕਰਕੇ ਉਨ੍ਹਾਂ ਨੇ ਉੱਤਰ ਦਿੱਤਾ,ਆਦਰਸ਼ ਸਕੂਲ ਵਿੱਚ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ ਜੀ,ਪ੍ਰਿੰਸੀਪਲ ਸਾਹਿਬ ਮੈਨੇਜ਼ਮੈਂਟ ਦੇ ਮੈਂਬਰ ਸੋਫੇ ਤੇ ਉੱਚੀਆਂ ਕੁਰਸੀਆਂ ਤੇ ਏ.ਸੀ ਲਾ ਕੇ ਬਿਰਾਜਦੇ ਹਨ। ਅਧਿਆਪਕਾਂ ਲਈ ਸਟਾਫ਼ ਰੂਮ ਤੋਂ ਬਿਨ੍ਹਾਂ, ਕਿਤੇ ਬੈਠਣ ਲਈ ਕੁਰਸੀ ਨਹੀਂ, ਸਾਰੇ ਅਧਿਆਪਕ ਖੜ੍ਹਕੇ ਹੀ ਡਿਊਟੀ ਕਰਦੇ ਹਨ। ਅਧਿਆਪਕਾਂ ਦੀਆਂ ਮਜ਼ਬੂਰੀਆਂ ਵਿੱਚ ਲਈਆਂ, ਇੱਕ ਤੋਂ ਵੱਧ ਛੁੱਟੀਆਂ ਦੇ ਪੈਸੇ ਕੱਟ ਕੇ, ਸਕੂਲ ਦੇ ਆਦਰਸ਼ ਫੰਡ ਵਿੱਚ ਸਲਾਨਾ ਵਾਧਾ ਕੀਤਾ ਜਾਂਦਾ ਹੈ। ਥੋੜੇ ਦਿਨਾਂ ਦੀਆਂ ਗਰਮੀਆਂ ਤੇ ਸਰਦੀਆਂ ਦੀਆਂ ਛੁੱਟੀਆਂ ਕੇਵਲ ਬੱਚਿਆਂ ਲਈ ਹੀ ਹੁੰਦੀਆਂ ਹਨ । ਪਰ ਆਦਰਸ਼ ਸਕੂਲ ਦੇ ਅਧਿਆਪਕ ਘਰੋਂ ਤੇਲ ਫੂਕਦੇ ਹੋਏ ਆਪੋ ਆਪਣੇ ਸਾਧਨਾਂ ਤੇ, ਸਕੂਲ ਵਿੱਚ ਆਨਲਾਈਨ ਕਲਾਸਾਂ ਲਗਾਉਣ ਆਉਂਦੇ ਹਨ । ਹੁਣ ਬਿਲਕੁਲ਼ ਸਾਹਮਣੇ ਆਦਰਸ਼ ਸਕੂਲ ਦਾ ਗੇਟ ਆ ਗਿਆ ਸੀ। ਗੱਡੀ ਅੰਦਰ ਵੜੀ ਤੇ ਆਦਰਸ਼ ਸਕੂਲ ਦੀ ਮਨੇਜਮੈਂਟ ਹਾਰ ਅਤੇ ਬੁੱਕੇ ਚੁੱਕੀ ਸਵਾਗਤ ਲਈ ਖੜ੍ਹੀ ਸੀ। ਹਾਰ ਪਵਾਉਂਦਾ ਮੈਂ ਸੋਚੀ ਪੈ ਗਿਆ,ਕਿ ਜੋ ਮੈਂ ਆਪਣੇ ਸ਼ੁਰੂਆਤੀ ਭਾਸ਼ਣ ਵਿੱਚ ਬੋਲਣ ਲਈ ਘਰੋਂ ਵੱਡੀਆਂ ਵੱਡੀਆਂ ਗੱਲਾਂ ਲਿਖ ਕੇ ਲਿਆਇਆ ਹਾਂ । ਇਹ ਆਦਰਸ਼ ਸਕੂਲ ਦੀ ਅਸਲ ਕਹਾਣੀ ਤੇ ਕੀ ਨਿਕਲੀ। ਹੁਣ ਮੈਨੂੰ ਸਮਝ ਨਹੀਂ ਆ ਰਹੀ ਸੀ। ਕਿ ਮੈਂ ਸੱਚ ਬੋਲਾਂ ਜਾਂ ਝੂਠ , ਮੈਨੂੰ ਅਧਿਆਪਕ ਦੁਆਰਾ ਦੱਸੀਆਂ ਗੱਲਾਂ ਮੁਤਾਬਕ ਆਪਣੇ ਵਿਚਾਰ ਹੁਣ ਝੂਠੇ ਜਾਪ ਰਹੇ ਸਨ। ਪਰ ਸਮੇਂ ਦੀ ਅਸਲੀਅਤ ਇਹੀ ਹੈ। ਕਿ ਲੋਕਾਂ ਨੂੰ ਝੂਠ ਹੀ ਸੱਚ ਜਾਪਦਾ ਹੈ। ਜਦੋਂ ਮੈਂ ਘਰੋਂ ਤਿਆਰ ਕੀਤਾ ਭਾਸ਼ਣ ਸਰੋਤਿਆਂ ਅੱਗੇ ਪੇਸ਼ ਕੀਤਾ ਤਾਂ, ਮੇਰੀਆਂ ਹਕੀਤ ਜਾਣਦੇ ਹੋਏ ਮੈਨੂੰ ਝੂਠੀਆਂ ਜਾਪਦੀਆਂ ਗੱਲਾਂ ਤੇ, ਸਭ ਨੇ ਖੂਬ ਤਾੜੀਆਂ ਮਾਰੀਆਂ ,ਮੈਂ ਇਸ ਸਮਾਗਮ ਵਿੱਚੋਂ ਅਸਲ ਸੱਚ ਦਾ ਪਾਠ ਸਿੱਖਕੇ ਆਇਆ ਸੀ। ਹੁਣ ਮੈਂ ਉਸ ਦਿਨ ਤੋਂ ਬਾਅਦ ਅਕਸਰ ਸੋਚਦਾ ਹਾਂ, ਕਿ “ਪਤਾ ਨਹੀਂ ਕਦੋਂ ਤੱਕ ਪ੍ਰਾਈਵੇਟ ਸਕੂਲ ਦੇ ਅਧਿਆਪਕਾਂ ਦਾ ਇਹ ਸੱਚ, ਇੰਝ ਹੀ ਝੂਠ ਬੋਲ-ਬੋਲ ਕੇ ਵਡਿਆਇਆ, ਤੇ ਸਰਾਹਿਆ ਜਾਂਦਾ ਰਹੇਗਾ”।
ਸੰਦੀਪ ਸਿੰਘ ‘ਬਖੋਪੀਰ ‘
ਸੰਪਰਕ:-9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj