ਸਫ਼ਲਤਾ ਦਾ ਅਸਲੀ ਰਾਜ

ਪਰਮ 'ਪ੍ਰੀਤ' ਬਠਿੰਡਾ
ਪਰਮ ‘ਪ੍ਰੀਤ’ ਬਠਿੰਡਾ
(ਸਮਾਜ ਵੀਕਲੀ) ਦੁਨੀਆਂ ਉੱਤੇ ਅਜਿਹਾ ਕੋਈ ਵੀ ਮਨੁੱਖ ਪੈਂਦਾ ਨਹੀਂ ਹੋਇਆ ਜਿਸ ਦਾ ਕੋਈ ਖ਼ੁਆਬ ਨਾ ਹੋਵੇ ਜਾਂ ਉਹ ਦੌਲਤ ਸ਼ੌਹਰਤ ਦੀ ਚਾਹਤ ਨਾ ਰੱਖਦਾ ਹੋਵੇ ਪਰ ਇਸ ਜੱਗ ਉੱਤੇ ਕੁੱਝ ਵੀ ਮੁਫ਼ਤੀ ਹੀ ਪ੍ਰਾਪਤ ਨਹੀਂ ਹੁੰਦਾ ਹਰ ਚੀਜ਼ ਦਾ ਆਪਣਾ ਇੱਕ ਮੁੱਲ ਹੁੰਦਾ ਹੈ ਜਿਸ ਨੂੰ ਅਦਾ ਕਰਕੇ ਹੀ ਅਸੀਂ ਉਸ ਚੀਜ਼ ਜਾਂ ਸਹੂਲਤ ਨੂੰ ਖ੍ਰੀਦ ਸਕਦੇ ਹਾਂ ਉਸੇ ਤਰ੍ਹਾਂ ਸਫ਼ਲਤਾ ਜਾਂ ਕਾਮਯਾਬੀ ਦੀ ਵੀ ਕੀਮਤ ਹੈ ਉਹ ਹੈ ਸਖ਼ਤ ਮਿਹਨਤ ਜਾਂ ਕਿਰਤ ਕਰਨਾ । ਕਹਿਣ ਨੂੰ ਤਾਂ ਸਫ਼ਲਤਾ ਜਾਂ ਕਾਮਯਾਬੀ ਮਾਤਰ ਚਾਰ ਅੱਖਰਾਂ ਦਾ ਇੱਕ ਛੋਟਾ ਜਿਹਾ ਲਫ਼ਜ਼ ਹੈ ਪਰ ਇਸ ਦੇ ਅਰਥ ਬਹੁਤ ਵੱਡੇ ਅਤੇ ਗਹਿਰੇ ਹਨ ਜਿੰਨਾਂ ਨੂੰ ਸਾਰੀ ਉਮਰ ਇਹਨਾਂ ਅਰਥਾਂ ਦੀ ਸਮਝ ਨਹੀਂ ਪੈਂਦੀ ਉਹ ਸਾਰਾ ਜੀਵਨ ਦੁੱਖ ਭੋਗਦੇ ਰਹਿੰਦੇ ਹਨ । ਸਫ਼ਲਤਾ ਸ਼ਬਦ ਬੋਲਣ ਨੂੰ ਭਾਵੇਂ ਸੌਖਾ ਹੈ ਪਰ ਇਸ ਨੂੰ ਆਪਣੇ ਜੀਵਨ ਵਿੱਚ ਪ੍ਰਾਪਤ ਕਰਨਾ ਬਹੁਤ ਕਠਿਨ ਹੈ । ਸਫ਼ਲਤਾ ਪ੍ਰਾਪਤ ਕਰਨ ਲਈ ਤੁਹਾਡਾ ਸਭ ਤੋਂ ਪਹਿਲਾਂ ਕਾਰਜ਼ ਆਪਣਾ ਇੱਕ ਲਕਸ਼ ਚੁਣਨਾ ਹੈ ਕਿਉਂਕਿ ਨਿਸ਼ਾਨੇ ਸਾਧੇ ਬਿਨਾਂ ਤੀਰ ਨੂੰ ਹਵਾ ਵਿੱਚ ਚਲਾਉਣ ਨਾਲ ਤੀਰ ਕਦੇ ਵੀ ਕਿਸੇ ਨਿਸ਼ਾਨੇ ‘ਤੇ ਨਹੀਂ ਲੱਗ ਸਕਦਾ ਅਤੇ ਮੁੜ ਧਰਤੀ ਤੇ ਆ ਡਿੱਗਦਾ ਹੈ । ਇਸ ਲਈ ਆਪਣਾ ਇੱਕ ਨਿਸ਼ਾਨਾ ਮਿੱਥ ਕੇ ਉਸ ਉੱਪਰ ਧਿਆਨ ਕੇਂਦਰਿਤ ਕਰਨ ਉਪਰੰਤ ਹੀ ਵਿਅਕਤੀ ਸਫ਼ਲਤਾ ਵੱਲ ਆਪਣੇ ਕਦਮ ਵਧਾ ਸਕਦਾ ਹੈ। ਸਫ਼ਲਤਾ ਦੀ ਪ੍ਰਾਪਤੀ ਲਈ ਸਮੇਂ ਦਾ ਵੀ ਵਿਸ਼ੇਸ਼ ਮਹੱਤਵ ਹੈ। ਹਰ ਇਨਸਾਨ ਨੂੰ ਜ਼ਿੰਦਗੀ ਵਿੱਚ ਸਫ਼ਲ ਹੋਣ ਲਈ ਇੱਕ ਮੌਕਾ ਜ਼ਰੂਰ ਮਿਲਦਾ ਹੈ ਪਰ ਜੇ ਉਹ ਮਿਲੇ ਮੌਕੇ ਦਾ ਸਮਾਂ ਖੁੰਝਾਂਅ ਦੇਵੇਂ ਤਾਂ ਕਦੇ ਵੀ ਸਫ਼ਲਤਾ ਦੀ ਪ੍ਰਾਪਤੀ ਨਹੀਂ ਹੋ ਸਕਦੀ, ਕਿਉਂਕਿ ਲੰਘਿਆ ਸਮਾਂ ਕਦੇ ਵੀ ਵਾਪਸ ਨਹੀਂ ਆਉਂਦਾ ਇਸ ਲਈ ਸਫ਼ਲਤਾ ਦੇ ਲਈ ਸਮੇਂ ਦੇ ਮਹੱਤਵ ਨੂੰ ਸਮਝਦੇ ਹੋਏ ਸਮੇਂ ਦੀ ਕ਼ਦਰ ਕਰਦੇ ਹੋਏ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਲੇਟ ਉਠਣ ਵਾਲੇ, ਦੇਰ ਰਾਤ ਤੱਕ ਮੋਬਾਈਲ ਜਾਂ ਟੀ ਵੀ ਦੇਖ ਕੇ ਆਪਣੇ ਕੀਮਤੀ ਵਕ਼ਤ ਨੂੰ ਗਵਾ ਦੇਣ ਵਾਲੇ ਸਫਲਤਾ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਲੰਘੇ ਵੇਲੇ ਨੂੰ ਸਾਰੀ ਜ਼ਿੰਦਗੀ ਪਛਤਾਉਂਦੇ ਰਹਿੰਦੇ ਹਨ । ਸਫ਼ਲਤਾ ਪ੍ਰਾਪਤ ਕਰਨ ਲਈ ਹਰੇਕ ਵਿਅਕਤੀ ਨੂੰ ਵਿਦਿਆਰਥੀ ਜੀਵਨ ਤੋਂ ਹੀ ਕਿਸੇ ਮਹਾਨ ਸ਼ਖ਼ਸੀਅਤ ਨੂੰ ਆਪਣਾ ਆਦਰਸ਼ ਬਣਾਉਣਾ ਚਾਹੀਦਾ ਹੈ, ਜਿੰਨਾਂ ਦੇ ਜੀਵਨ ਤੋਂ ਉਸਨੂੰ ਅੱਗੇ ਵੱਧਣ ਲਈ ਪ੍ਰੇਰਣਾ ਮਿਲਦੀ ਹੈ । ਉਹਨਾਂ ਨੇ ਆਪਣੇ ਜੀਵਨ ਵਿੱਚ ਕਿੰਨੀਆਂ ਕਠਿਨਾਈਆਂ ਦੇ ਬਾਵਜੂਦ ਕਾਮਯਾਬੀ ਪ੍ਰਾਪਤ ਕੀਤੀ ਹੈ ਤੋਂ ਤੁਹਾਨੂੰ ਨਿਰੰਤਰ ਮਿਹਨਤ ਕਰਨ ਦੀ ਊਰਜਾ ਅਤੇ ਤਾਕਤ ਮਿਲਦੀ ਰਹਿੰਦੀ ਹੈ ਜਿਸ ਤੋਂ ਪ੍ਰੇਰਨਾ ਲੈ ਕੇ ਤੁਸੀਂ ਲਗਾਤਾਰ ਸਖ਼ਤ ਮਿਹਨਤ ਕਰਦੇ ਹੋਏ ਅਤੇ ਰੋਜ਼ ਆਪਣੀ ਮੰਜ਼ਿਲ ਵੱਲ ਵੱਧਦੇ ਜਾਂਦੇ ਹੋ । ਸਫ਼ਲਤਾ ਪ੍ਰਾਪਤ ਕਰਨ ਲਈ ਵਿਅਕਤੀ ਨੂੰ ਮਨ ਵਿੱਚ ਦ੍ਰਿੜ੍ਹ ਸੰਕਲਪ ਕਰਨਾ ਚਾਹੀਦਾ ਹੈ । ਕਦੇ ਵੀ ਵਿਅਕਤੀ ਨੂੰ ਅਸਫਲਤਾਵਾਂ ਅਤੇ ਮੁਸੀਬਤਾਂ ਨੂੰ ਸਾਹਮਣੇ ਦੇਖ ਡਰਨਾ ਜਾਂ ਘਬਰਾਉਣਾ ਨਹੀਂ ਚਾਹੀਦਾ। ਜੇਕਰ ਤੁਸੀਂ ਆਪਣੇ ਆਪ ਉੱਤੇ ਵਿਸ਼ਵਾਸ ਰੱਖੋਗੇ ਤਾਂ ਦੁਨੀਆਂ ਵੀ ਤੁਹਾਡੇ ਉੱਤੇ ਵਿਸ਼ਵਾਸ ਰੱਖੇਗੀ ਅਤੇ ਤੁਹਾਡੇ ਆਤਮ ਵਿਸ਼ਵਾਸ ਵਿੱਚ ਲਗਾਤਾਰ ਵਾਧਾ ਹੋਵੇਗਾ, ਤੁਸੀਂ ਬਿਨਾਂ ਥੱਕੇ ਨਿਰੰਤਰ ਆਪਣੀ ਮੰਜ਼ਿਲ ਵੱਲ ਵਧਦੇ ਰਹੋਂਗੇ। ਸਫ਼ਲਤਾ ਦੀਆਂ ਪੌੜੀਆਂ ਚੜ੍ਹਦੇ ਰਹਿਣ ਲਈ ਆਪਣੇ ਵੱਡਿਆਂ ਦਾ ਅਸ਼ੀਰਵਾਦ ਅਤੇ ਉਹਨਾਂ ਦਾ ਮਸ਼ਵਰਾ ਵੀ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ। ਇਸ ਲਈ ਆਪਣੇ ਗੁਰੂਆਂ ਅਤੇ ਬਜ਼ੁਰਗਾਂ ਦਾ ਹਮੇਸ਼ਾ ਸਤਿਕਾਰ ਕਰੋ।  ਉਹ ਆਪਣੇ ਤਜੁਰਬੇ ਵਿਚੋਂ ਜੋ ਵੀ ਗੁਰ ਤੁਹਾਡੇ ਝੋਲੀ ਪਾਉਂਦੇ ਹਨ ਉਸ ਨੂੰ ਖਿੜੇ ਮੱਥੇ ਸਵਿਕਾਰ ਕਰੋ, ਉਹਨਾਂ ਦੁਆਰਾ ਦਿੱਤੇ ਮਸ਼ਵਰਿਆਂ ਨੂੰ ਹਮੇਸ਼ਾ ਧਿਆਨ ਵਿੱਚ ਰੱਖੋ ।  ਸਫ਼ਲਤਾ ਦਾ ਮੂਲ ਮੰਤਰ ਸਖ਼ਤ ਮਿਹਨਤ ਨੂੰ ਕਿਹਾ ਜਾਂਦਾ ਹੈ, ਪ੍ਰੰਤੂ ਮਿਹਨਤ ਇਮਾਨਦਾਰੀ ਨਾਲ ਕੀਤੀ ਜਾਣੀ ਚਾਹੀਦੀ ਹੈ ਮੈਦਾਨ ਵਿੱਚ ਜਿੱਤ ਵੀ ਦੂਜਿਆਂ ਨੂੰ ਹਰਾਉਣ ਦੀ ਭਾਵਨਾ ਰੱਖਣ ਵਾਲਿਆਂ ਦੀ ਨਹੀਂ ਸਗੋਂ ਜਿੱਤ ਦੀ ਭਾਵਨਾ ਰੱਖਣ ਵਾਲਿਆਂ ਦੀ ਹੀ ਹੁੰਦੀ ਹੈ ਇਸ ਕਦੇ ਵੀ ਕਿਸੇ ਨਾਲ ਧੋਖਾ ਕਰਕੇ ਅੱਗੇ ਵੱਧਣ ਬਾਰੇ ਨਾ ਸੋਚੋ । ਕਈ ਵਾਰ ਅਸੀਂ ਮੰਜ਼ਿਲ ਦੇ ਬਿਲਕੁੱਲ ਨੇੜੇ ਪਹੁੰਚ ਕੇ ਵੀ ਅਸਫ਼ਲ ਹੋ ਜਾਂਦੇ ਹਾਂ ਉਸ ਦਾ ਵੱਡਾ ਕਾਰਨ ਹੈ ਓਵਰ ਕੰਫੀਡੈਂਨਸ! ਅਜਿਹੇ ਸਮੇਂ ਵਿਅਕਤੀ ਨਾਲ ਉਵੇਂ ਹੀ ਹੁੰਦਾ ਹੈ ਜਿਵੇਂ ਸੱਪ-ਸੀਡੀ ਦੀ ਖੇਡ ਖੇਡਦੇ ਸਮੇਂ ਜਿੱਤ ਤੋਂ ਦੋ ਕਦਮ ਦੂਰ ਖੜ੍ਹੇ ਖਿਡਾਰੀ ਨੂੰ ਸੱਪ ਡਸ ਲੈਂਦਾ ਹੈ ਅਤੇ ਖਿਡਾਰੀ ਅਰਸ਼ ਤੋਂ ਫਰਸ਼ ਤੇ ਆ ਡਿੱਗਦਾ ਹੈ। ਉਸੇ ਤਰ੍ਹਾਂ ਸਫ਼ਲਤਾ ਦੇ ਬਿਲਕੁੱਲ ਨੇੜੇ ਆ ਕੇ ਵਿਅਕਤੀ ਕਈ ਵਾਰ ਅਵੇਸਲਾ ਹੋ ਜਾਂਦਾ ਹੈ ਅਤੇ ਇਸੇ ਕਰਕੇ ਉਸ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ। ਇਹ ਲਈ ਮੰਜ਼ਿਲ ਪ੍ਰਾਪਤ ਹੋਣ ਤੱਕ ਆਰਾਮ ਹਰਾਮ ਹੈ । ਜੇਕਰ ਤੁਸੀਂ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਸਖ਼ਤ ਮਿਹਨਤ ਕਰੋਂਗੇ ਤਾਂ ਬੇਸ਼ੱਕ ਸਫ਼ਲਤਾ ਤੁਹਾਡੇ ਕਦਮ ਚੁੰਮੇਗੀ ਅਤੇ ਤੁਸੀਂ ਬੁਲੰਦੀਆਂ ਨੂੰ ਛੂਹੋਂਗੇ।
ਪਰਮ ‘ਪ੍ਰੀਤ’ ਬਠਿੰਡਾ
ਅਧਿਆਪਿਕਾ ਅਤੇ ਲੇਖਿਕਾ
ਸਰਕਾਰੀ ਹਾਈ ਸਕੂਲ ਮਲਕਾਣਾ ਬਠਿੰਡਾ97805-63304
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article*ਬੁੱਧ ਬਾਣ*
Next articleਸਰਕਾਰੀ ਪ੍ਰਾਇਮਰੀ ਸਕੂਲ ਚੱਕ ਸਾਹਬੂ ਦੇ ਵਿਦਿਆਥੀਆਂ ਨੂੰ ਵਰਦੀਆਂ ਵੰਡੀਆਂ