ਅਸਲ ਗੀਤਕਾਰ ਮੇਲਿਆਂ ਦੇ ਮੁਥਾਜ ਨਹੀਂ

ਬਲਜਿੰਦਰ ਸਿੰਘ " ਬਾਲੀ ਰੇਤਗੜੵ "
(ਸਮਾਜ ਵੀਕਲੀ) ਕਲਾ ਦੇ ਕਿਰਤੀ, ਕਲਮ ਦੇ ਪੁਜਾਰੀ , ਕੌਮ ਦੇ ਕਾਮੇ ਅਕਸਰ ਆਰਥਿਕ ਤੌਰ ਤੇ ਨਿਰਬਲ ਹੁੰਦੇ ਹਨ। ਭੋਲ਼ੇ, ਸਿੱਧੇ- ਸਾਦੇ ਬਸ ਆਪਣੀ ਸੋਚ , ਆਪਣੇ ਕਰਮ ਨੂੰ ਕਿਰਤ ਕਰਨ ਤੱਕ ਸੀਮਤ ਕਰ ਲੈਂਦੇ ਹਨ। ਸਮਾਜਿਕ ਅਤੇ ਰਾਜਨੀਤਿਕ ਗਤੀਵਿਧੀਆਂ ਤੋਂ ਅਨਾੜੀ ਆਰਥਿਕ ਪੱਖੋਂ ਬਹੁਤ ਪਛੜੇ ਹੁੰਦੇ ਸਨ। ਆਰਥਿਕ ਤੌਰ ਤੇ ਕਮਜ਼ੋਰ ਲੋਕ ਜੇਕਰ ਦੋ ਦਿਨ ਕੰਮ ਨਹੀਂ ਕਰਨਗੇ ਤਾਂ ਪੀਪੇ ਚੋਂ ਆਟਾ ਖਤਮ ਹੋ ਜਾਵੇਗਾ। ਚੁੱਲ੍ਹੇ ਤਪਦੇ ਰੱਖਣ ਲਈ ਹਰ ਰੋਜ਼ ਆਪਣਾ ਸ਼ੋਸਣ ਕਰਵਾਉਣ ਲਈ ਚੌਂਕ ਵਿਚ ਜਾ ਕੇ ਆਪਣੀ ਦੇਹ ਦਸ ਘੰਟਿਆਂ ਲਈ ਵੇਚਣੀ ਹੀ ਪਵੇਗੀ। ਹੋਰ ਕੋਈ ਹੀਲ਼ਾ ਨਹੀਂ। ਚੌਂਕ ਨਹੀਂ ਤਾਂ ਪਿੰਡ ਵਿੱਚ ਕਿਸੇ ਜਿਮੀਂਦਾਰ ਤੋਂ ਨਾ ਚਾਹੁੰਦਿਆਂ ਵੀ ਸ਼ੋਸਣ ਕਰਵਾਉਣਾ ਹੀ ਪਵੇਗਾ। ਇਹੋ ਹਾਲ ਪੰਜਾਬ ਦੇ ਗੀਤਕਾਰਾਂ ਦਾ ਹੋ ਰਿਹਾ ਹੈ। ਗੀਤਾਂ ਦੀਆਂ ਡਾਇਰੀਆਂ ਚੁੱਕ ਚੁੱਕ ਆਪਣੀ ਆਰਥਿਕ ਅਤੇ ਮਾਨਸਿਕ ਲੁੱਟ ਕਰਵਾਉਣ ਲਈ ਰਿਕਾਰਡਿੰਗ ਕੰਪਨੀਆਂ ਅਤੇ ਗਾਇਕਾਂ ਅੱਗੇ ਜਾ ਗਿੜਗੜਾਉਂਦੇ ਹਨ।
           ਪੰਜਾਬੀ  ਗੀਤਕਾਰ ਵੀ ਅਕਸਰ ਕਿਸਾਨਾਂ ਜਾਂ ਕਿਰਤੀਆਂ ਦੇ ਘਰੋਂ ਹੀ ਜੰਮਦੇ ਰਹੇ ਹਨ। ਕਲਾ ਜੰਮਦੀ ਵੀ ਗਰੀਬੀ ‘ਚ ਹੈ ਅਤੇ ਮਰਦੀ ਵੀ ਗਰੀਬੀ ਵਿਚ ਹੈ । ਸ਼ਾਹੂਕਾਰਾਂ, ਵਿਉਪਾਰੀਆਂ, ਕਾਰਖਾਨੇਦਾਰਾਂ ਦੇ ਧੀ-ਪੁੱਤ ਨਾ ਸਾਹਿਤ ਰਚਣ ਵਾਲਿਆਂ ਵਿਚ ਨੇ, ਨਾ ਕਲਾ ਦੇ ਕਿਸੇ ਹੋਰ ਖੇਤਰ ਵਿੱਚ। ਜੇਕਰ ਕਲਾ ਦੇ ਹੋਰ ਖੇਤਰ ਦੀ ਗੱਲ ਨਾ ਕਰੀਏ ਅੱਜ ਆਪਾਂ ਗਾਇਕੀ ਅਤੇ ਗੀਤਕਾਰੀ ਦੀ ਗੱਲ ਕਰੀਏ ਤਾਂ ਇਸ ਲੇਖ ਲਈ ਵਿਸ਼ਾ ਕਾਫ਼ੀ ਹੈ ਅਤੇ ਮਹੱਤਵਪੂਰਨ ਵੀ ਹੈ।
       ਪੰਜਾਬੀ ਗੀਤਕਾਰੀ ਨੂੰ ਤਿੰਨ ਪੱਖਾਂ ਤੋਂ ਵਿਚਾਰੀਏ ਤਾਂ ਫਿਲਮੀ ਗੀਤ, ਤਵਿਆਂ- ਆਡੀਓ ਕੈਸਟਾਂ ਦੇ ਰਾਹੀਂ ਰਿਕਾਰਡ ਹੋਏ ਗੀਤ ਅਤੇ ਸਾਹਿਤ ਦੀ ਪਰਖ਼ ਤੇ ਖ਼ਰੇ ਉਤਰਦੇ ਕਿਤਾਬਾਂ ਰਾਹੀਂ ਲਾਇਬ੍ਰੇਰੀਆਂ ਵਿੱਚ ਪਹੁੰਚੇ ਗੀਤ ਹਨ। ਫਿਲਮੀ ਪਰਦਿਆਂ ਦੇ ਪਿੱਛੇ ਸੁਣਨ ਵਾਲੇ ਗੀਤ ਫਿਲਮ ਦੀ ਕਹਾਣੀ ਮੁਤਾਬਿਕ , ਸੀਨ ਸਮਝਾ ਕੇ ਲਿਖਵਾਏ ਵਿਸ਼ੇਸ ਗੀਤ ਹਨ। ਇਹਨਾਂ ਗੀਤਾਂ ਦੇ ਲਿਖ਼ਾਰੀ ਅਕਸਰ ਪੜੇ ਲਿਖੇ , ਸਰਕਾਰੀ ਨੌਕਰੀਆਂ ਕਰਦੇ ਗੀਤਕਾਰ ਵੀ ਸਨ ਅਤੇ ਨੰਦ ਲਾਲ ਨੂਰਪੁਰੀ ਜਿਹੇ ਅਨਮੋਲ ਹੀਰੇ ਵੀ, ਜੋ ਆਰਥਿਕ ਤੰਗੀਆਂ ਤੋਂ ਅੱਕੇ ਖੂਹ ‘ਚ ਛਾਲ਼ ਮਾਰ ਖੁਦਕਸ਼ੀ ਕਰ ਗਏ।ਕੁੱਝ ਓਹ ਵੀ ਸਨ, ਜਿਹਨਾਂ ਦਾ ਆਰਥਿਕ ਤੌਰ ਤੇ ਹੱਥ ਮਜ਼ਬੂਤ ਸੀ। ਉਹਨਾਂ ਦੀ ਪਹੁੰਚ ਵੀ ਫਿਲਮ ਇੰਡਸਟਰੀ ਤੱਕ ਸੀ। ਉਹ ਆਪਣੇ ਹੱਕ ਜਾਂ ਰੋਇਲਟੀ ਬਾਰੇ ਵਾਕਿਫ਼ ਸਨ। ਉਹਨਾਂ ਨੂੰ ਅਕਸਰ ਉਹਨਾਂ ਦਾ ਹੱਕ ਪ੍ਰਾਪਤ ਹੁੰਦਾ ਰਿਹਾ ਹੈ। ਇਹਨਾਂ ਨੂੰ ਰਿਕਾਰਡਿੰਗ ਸਟੂਡੀਓ ਅਤੇ ਫਿਲਮੀ ਸੈਟ , ਸਟੇਜਾਂ ਉਪਰ ਯੋਗ ਮਾਨ-ਸਨਮਾਨ ਵੀ ਮਿਲਦਾ ਰਿਹਾ। ਇਹ ਹੱਕ ਅਦਾ ਕਰਨਾ ਸੰਗੀਤ ਇੰਡਸਟਰੀ ਅਤੇ ਫਿਲਮ ਇੰਡਸਟਰੀ ਦੀ ਮਜ਼ਬੂਰੀ ਵੀ ਸੀ। ਉਹਨਾਂ  ਦੀ ਜ਼ਰੂਰਤ ਪੂਰੀ ਕਰਨ ਲਈ ਇਹ ਅਤਿ ਜਰੂਰੀ ਸੀ। ਵਿਉਪਾਰੀ ਉਂਝ ਧੇਲਾ ਨਹੀਂ ਦਿੰਦਾ। ਕਾਣੀ ਕੌਡੀ ਵੀ ਕਿਸੇ ਗੀਤਕਾਰ ਦੀ ਝੋਲੀ ਨਹੀਂ ਪਾਉਂਦੇ ਗਾਇਕ ਅਤੇ ਰਿਕਾਰਡਿੰਗ ਕੰਪਨੀਆਂ ਦੇ ਮਾਲਕ।  ਕਿਸੇ ਵਿਸ਼ੇਸ ਗੀਤਕਾਰ ਦਾ ਨਾਮ ਨਹੀਂ ਲਵਾਂਗਾ। ਇਹ ਗੀਤਕਾਰ ਆਪਣੀ ਕਲਮ ਦੇ ਸਿਰ ਤੇ ਨਾਮਣਾ ਖੱਟਦੇ ਰਹੇ। ਗੀਤ ਚੋਰੀ ਦੇ ਇਲਜ਼ਾਮ ਤੋ ਰਹਿਤ ਸਨ। ਇਹਨਾਂ ਦਾ ਦਾਰੂ-ਪਿਆਲ਼ਾ ਅਤੇ ਬੋਟੀ-ਸ਼ੀਟ ਚੱਲਦੀ ਰਹੀ।
           ਦੂਸਰਾ ਪੱਖ ਹੈ ਤਵਿਆਂ ਤੇ ਆਡੀਓ ਕੈਸਿਟਾਂ ਦੀ ਰਿਕਾਰਡਿੰਗ ਦਾ। ਇਹਨਾਂ ਗੀਤਾਂ ਨੇ ਧਾਰਮਿਕ ਵਿਸ਼ਿਆ ਨੂੰ ਮੁੱਖ ਰੱਖਿਆ। ਪੁਰਾਤਨ ਕਿੱਸਿਆਂ ਦੇ ਆਧਾਰ ਤੇ ਗੀਤ ਲਿਖੇ ਅਤੇ ਰਿਕਾਰਡ ਕਰਵਾਏ। ਸਮਾਜਿਕ ਰਿਸ਼ਤਿਆ ਤੇ ਕਦਰਾਂ ਕੀਮਤਾਂ, ਰਸਮਾਂ-ਰਿਵਾਜ਼ਾਂ ਨੂੰ ਆਪਣਾ ਆਧਾਰ ਬਣਾਇਆ। ਰਿਸ਼ਤਿਆਂ ਦੇ ਤਾਣੇ-ਬਾਣੇ ਦੁਆਲ਼ੇ ਘੁੰਮਦੇ ਮਨੋਰੰਜਨ ਤੱਕ ਹੀ ਸੀਮਤ ਰਹੇ। ਇਹਨਾਂ ਦੀ  ਸਮਾਜ ਨੂੰ ਕੋਈ ਸੇਧ, ਕੋਈ ਦੇਣ  ਨਹੀਂ ਰਹੀ, ਸਿਰਫ਼ ਮਨੋਰੰਜਨ ਤੱਕ ਹੀ ਸੀਮਤ ਰਹੇ। ਕਿਰਤੀਆਂ-ਕਿਸਾਨਾਂ ਦੇ ਸ਼ੋਸਣ ਨੂੰ ਨਜ਼ਰ ਅੰਦਾਜ਼ ਕਰਕੇ ਲਾਊਡ ਸਪੀਕਰਾਂ ਰਾਹੀ ਵੱਜਦੇ ਰਹੇ। ਗੀਤਕਾਰ ਗਾਇਕਾਂ ਦੇ ਨਾਲ਼ ਬੋਤਲਾਂ ਦੇ ਡਾਟ ਪੱਟਦੇ ਰਹੇ। ਦਿਉਰ- ਭਰਜਾਈ , ਜੇਠ-ਭਰਜਾਈ ,ਜੀਜੇ-ਸਾਲੀ ਦੇ ਰਿਸ਼ਤਿਆਂ ਨੂੰ ਬਦਨਾਮ ਕਰਦੇ ਗੰਦ ਪਰੋਸਦੇ ਰਹੇ। ਧੌਲ਼ੀਆਂ ਦਾਹੜੀਆਂ ਵਾਲੇ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ। ਟਰੱਕ ਡਰਾਈਵਰਾਂ ਦੇ ਅਕਸ ਨੂੰ ਸਮਾਜ ਵਿੱਚ ਦਾਗੋ-ਦਾਗ਼ ਕੀਤਾ। ਛੜਿਆਂ ਦੀ ਰੱਜ ਕੇ ਮਿੱਟੀ ਪਲ਼ੀਤ ਕੀਤੀ। ਅਮਲ ਕਰਦੇ ਵਿਆਕਤੀਆਂ ਨੂੰ ਕਿਤੇ ਖੜਨ ਜੋਗਾ ਨਹੀਂ ਛੱਡਿਆ। ਔਰਤਾਂ ਜੋ ਸਾਡੀਆਂ ਹੀ ਮਾਂਵਾਂ ਹਨ, ਭੈਣਾਂ ਹਨ, ਮਾਸੀਆਂ ਹਨ, ਭੂਆ ਹਨ, ਚਾਚੀਆਂ-ਤਾਈਆਂ ਦੇ ਪਾਕਿ-ਪਵਿੱਤਰ ਰਿਸ਼ਤਿਆਂ ਦੀ ਐਸੀ-ਤੈਸੀ ਕੀਤੀ। ਰੰਨ-ਰੰਨਾਂ ਦੇ ਸ਼ਬਦ ਨਾਲ਼ ਗੀਤਾਂ ਵਿੱਚ ਬੇ-ਇੱਜ਼ਤ ਕੀਤਾ। ਇਹੋ ਜਿਹੇ ਅਯਾਸ਼ ਗੀਤਕਾਰ ਸੱਭਿਅਕ ਸਮਾਜ ਤੇ ਬਦ-ਨੁਮਾ ਦਾਗ਼ ਹਨ।
     ਇਹ ਕਲਮਾਂ ਪੰਜਾਬੀ ਕੌਮ ਦੀ ਕਿਰਦਾਰਕੁਸ਼ੀ ਕਰਨ ਵਾਲੀਆਂ ਹਨ। ਇਹ ਲੇਖਕ ਸਨਮਾਨ ਦੇ ਯੋਗ ਕਿਵੇਂ ਹੋ ਸਕਦੇ ਹਨ। ਇਹੋ ਜਿਹੇ ਗੀਤ ਲਿਖਣ ਵਾਲੇ ਤਾਂ ਪੰਜਾਬੀ ਸੰਸਕਾਰਾਂ, ਪੰਜਾਬ, ਪੰਜਾਬੀ ਮਾਂ-ਬੋਲੀ, ਪੰਜਾਬੀ ਗ਼ੈਰਤ ਦੇ ਮੁਜ਼ਰਿਮ ਤਾਂ ਹਨ ਹੀ, ਇਹਨਾਂ ਦੇ ਨਾਲ਼ ਇਹੋ ਜਿਹੇ ਗੀਤਾਂ ਨੂੰ ਆਵਾਜ਼ ਦੇਣ ਵਾਲੇ ਵੀ ਊਤ ਹੀ ਹਨ। ਜੇਕਰ ਇਹਨਾਂ ਦੀ ਕਲਾ ‘ਚ ਦਮ ਹੁੰਦਾ ਤਾਂ ਇਹ ਸਾਫ਼ -ਸੁਥਰੀ, ਸੱਭਿਅਕ ਸ਼ਬਦਾਵਲ਼ੀ ਵਾਲੇ ਗੀਤ ਗਾ ਕੇ ਕਿਉਂ ਨਹੀਂ ਆਪਣੇ ਝੰਡੇ ਗੱਡ ਸਕੇ। ਅਸਲ ਵਿੱਚ ਇਹ ਗਾਇਕ ਵੀ ਰਾਗ਼ਾਂ ਦੇ ਗਿਆਨ ਤੋਂ ਕੋਰੇ ਕਹੇ ਜਾ ਸਕਦੇ ਹਨ। ਗਿਆਨ ਅਤੇ ਕਲਾ ਤੋਂ ਕੋਰੇ ਮਨੁੱਖ ਹੀ ਸਸਤੀ ਸ਼ੋਹਰਤ ਦੇ ਚਾਹਵਾਨ ਹੋ ਸਕਦੇ ਹਨ। ਜਿਹਨਾਂ ਨੇ ਸੰਗੀਤ ਦੇ ਉਸਤਾਦਾਂ ਤੋਂ ਸੰਗੀਤ ਦੀਆਂ ਬਰੀਕੀਆਂ ਸਿੱਖ ਕੇ ਕੁੱਝ ਹਾਸਿਲ ਕੀਤਾ ਹੁੰਦਾ ਹੈ ,ਉਹ ਕਲਾ ਨੂੰ ਕੌਡੀਆਂ ਦੇ ਭਾਅ ਮੂਰਖਾਂ ਦੇ ਅੱਗੇ ਪੇਸ਼ ਨਹੀਂ ਕਰਦੇ। ਸਿਰਫ਼  ਚਿੱਟੇ ਸ਼ਮਲ਼ੇ ਵਾਲੀ ਪੱਗ ਬੰਨ ਕੇ ਕੁੜਤੇ-ਚਾਦਰੇ ਪਾ ਕੇ ਗਾਇਕ ਨਹੀਂ ਬਣਿਆ ਜਾ ਸਕਦਾ। ਹੇਕਾਂ ਲਾ ਕੇ ਕਲਾ ਦੇ ਜੌਹਰ ਨਹੀਂ ਦਿਖਾਏ ਜਾ ਸਕਦੇ। ਇਹੋ ਜਿਹੇ ਗਾਇਕ ਚੰਗੇ ਗੀਤ ਗਾਉਣਗੇ, ਉਹਨਾਂ ਤੋਂ ਇਹ ਆਸ ਵੀ ਨਹੀਂ ਰੱਖਣੀ ਚਾਹੀਂਦੀ। ਇਹੋ ਜਿਹੇ ਗਾਇਕ ਹੀ ਘਟੀਆ ਮਿਆਰ ਦੀ ਗੀਤਕਾਰੀ ਨੂੰ ਉਤਸ਼ਾਹਿਤ ਕਰਦੇ ਹਨ। ਇਹ ਘਟੀਆ ਮਿਆਰ ਦੀ ਗੀਤਕਾਰੀ ਰਚਣ ਵਾਲੇ ਲੋਕਾਂ ਤੋਂ ਵੱਧ ਗੁਨਾਹਗਾਰ ਹਨ।
         ਸ਼ਿਵ ਕੁਮਾਰ ਬਟਾਲਵੀ , ਸੰਤ ਰਾਮ ਉਦਾਸੀ ਵਰਗੇ ਗੀਤਕਾਰ ਵੀ ਹੋਏ ਹਨ। ਜੋ ਆਪਣੀਆ ਅਮਿੱਟ ਪੈੜਾਂ ਛੱਡ ਗਏ ਹਨ। ਉਹਨਾਂ ਦੇ ਗੀਤ ਸਾਹਿਤ ਦੇ ਖੇਤਰ ਵਿੱਚ ਆਪਣੀ
ਵਿਲੱਖਣ ਥਾਂ ਰੱਖਦੇ ਹਨ। ਵਿਦਿਅਕ ਅਦਾਰਿਆਂ ਵਿੱਚ ਉਹਨਾਂ ਦਾ ਨਾਮ ਸਤਿਕਾਰ ਨਾਲ਼ ਅਤੇ ਫ਼ਕਰ ਨਾਲ਼ ਲਿਆ ਜਾਂਦਾ ਹੈ। ਅਮੀਰ ਸ਼ਬਦਾਵਲ਼ੀ ਨਾਲ਼ ਲਾਇਬਰੇਰੀਆਂ ਦੀ ਸੋਭਾ ਬਣੇ ਹਨ। ਜਿੱਥੇ ਕਿਤੇ ਵੀ ਪੰਜਾਬੀ ਵੱਸਦਾ ਹੈ, ਇਹਨਾਂ ਦੇ ਲਿਖੇ ਗੀਤ ਸੁਣਦਾ ਹੈ। ਮਹਿਫ਼ਲ਼ਾਂ ਦੇ ਸ਼ਿੰਗ਼ਾਰ ਹਨ ਇਹਨਾਂ ਦੇ ਰਚੇ ਗੀਤ।
       ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਜੀਵਨ ਨੂੰ ਕਲੰਕਿਤ ਕਰਕੇ ਕਈ ਗੀਤਕਾਰ ਬਨਾਮ ਗੀਤ ਚੋਰ ਮਾਫ਼ੀਆ ਧੜਾਧੜ ਕੈਸਟਾਂ ਕੱਢਦੇ ਰਹੇ। ਕਾਲਜ ਪੜੵਦੇ ਮੁੰਡਿਆਂ ਨੂੰ ਰਾਂਝੇ ਬਣਾ ਕੇ ਪ੍ਰਿੰਸੀਪਲ ਅੱਗੇ ਪੇਸ਼ ਕਰਦੇ ਰਹੇ। ਕੀ ਲਿਖੀਆਂ ਇਹਨਾਂ ਬਾਰੇ। ਮੈਨੂੰ ਯਾਦ ਹੈ ਕਿ ਪਟਿਆਲਾ ਯੂਨੀਵਰਸਿਟੀ ਦੇ ਪ੍ਰੋਫੈਸਰ ਸਵਰਗਵਾਸੀ ਅਨੂਪ ਵਿਰਕ ਜੀ ਨੇ ਆਪਣੀ ਗੀਤਾਂ ਦੀ ਕਿਤਾਬ “ਹਾਜ਼ਿਰ ਹਰਫ਼ ਹਮੇਸ਼” ਦਿੰਦਿਆਂ ਆਪਣੇ ਗੀਤ ਚੋਰੀ ਕਰਨ ਦਾ ਇਲਜ਼ਾਮ ਪੰਜਾਬ ਦੇ ਇੱਕ ਪ੍ਰਸਿਧ ਗੀਤਕਾਰ ਦੇ ਨਾਮ ਲਾਇਆ। ਉਹ ਗੀਤ ਵੀ ਉਸ ਕਿਤਾਬ ਵਿੱਚ ਪੰਨਾ ਨੰਬਰ 108 ਤੇ ਛਪਿਆ ਹੋਇਆ ਹੈ। ਜਿਸ ਦਾ ਗੀਤ ਚੋਰੀ ਹੁੰਦਾ ਹੈ ਉਹ ਵੀ  ਪ੍ਰਸਿੱਧ ਗੀਤਕਾਰ, ਓਹ ਵੀ ਪ੍ਰੋਫੈਸਰ ਪੰਜਾਬੀ ਵਿਸ਼ੇ ਦਾ , ਉਸ ਨੂੰ ਕੋਈ ਰੋਆਲਿਟੀ ਨਹੀ।ਇਹ ਗੀਤ ਵੀ ਬਹੁਤ ਹਿੱਟ ਹੋਇਆ । ਗੀਤ ਚੋਰ ਨੇ ਛੇਵਾਂ ਅੰਤਰਾ ਪਹਿਲਾ ਬਣਾ ਦਿੱਤਾ, ਬਾਕੀ ਆਪ ਲਿਖ ਦਿੱਤੇ। ਸਥਾਈ ਵਿੱਚ ਹਾਣੀਆ ਚੱਕ ਕੇ ਸੋਹਣੀਏ ਨੀ ਕਰ ਦਿੱਤਾ। ਗਾਇਕ ਮਾਲਵੇ ਦਾ ਅਤੇ ਕੈਸਿਟ ਕੰਪਨੀ ਦਾ ਮਾਲਕ ਵੀ ਮਾਲਵੇ ਦਾ। ਇਹ ਲੋਕ ਕਿਸੇ ਦੇ ਦਿਲ ਦੇ ਖੂਨ ਦੀ ਮਹਿੰਦੀ ਆਪਣੇ ਹੱਥਾਂ ਤੇ ਲਾਉਣ ਵੇਲੇ ਬਿਲਕੁਲ ਵੀ ਸ਼ਰਮ ਨਹੀਂ ਕਰਦੇ। ਤੁਸੀਂ ਇਕ ਗੀਤ ਚੋਰੀ ਕਰੋਂਗੇ ਤਾਂ ਤੁਹਾਡਾ ਬਣਿਆ ਨਾਮ ਸਾਰਾ ਹੀ ਖੂਹ-ਖਾਤੇ ਪੈ ਜਾਵੇਗਾ।
           ਦੂਹਰੇ ਅਰਥ ਦੀ ਦੋ-ਗਾਣਾ ਗੀਤਕਾਰੀ ਕਰਨ ਵਾਲੇ ਅਤੇ ਗਾਉਣ ਵਾਲੇ ਕੀ ਗੀਤ ਵਿਧਾ ਦੇ ਮੱਥੇ ਉੱਤੇ ਕਲੰਕ ਨਹੀਂ । ਇਹਨਾਂ ਨੂੰ ਲੋਈਆਂ ਦੇ ਕੇ, ਮੋਮੈਂਟੋ ਦੇ ਕੇ , ਗੀਤਕਾਰਾਂ ਦੇ ਮੇਲਿਆਂ-ਅਖਾੜਿਆਂ, ਸਭਾਵਾਂ  ਤੇ ਕੀ ਸਨਮਾਨ ਕਰਨਾ ਚਾਹੀਂਦਾ ਹੈ ਜਾਂ ਲਾਹ-ਪਾਹ ਕਰਨੀ ਚਾਹੀਦੀ ਹੈ। ਇਹ ਸਮਾਜ ਦੇ ਲੇਖਕਾਂ-ਬੁੱਧੀਜੀਵੀਆਂ , ਪੱਤਰਕਾਰਾਂ, ਅਖ਼ਵਾਰਾਂ ਨੂੰ ਵੀ ਚਿੰਤਨ ਕਰਨ ਦੀ ਲੋੜ ਹੈ। ਸਮਾਜ ਵਿੱਚ ਸੰਸਥਾਵਾਂ ਵਲੋਂ ਕਰਵਾਏ ਜਾ ਰਹੇ ਸੱਭਿਆਚਾਰਕ ਪ੍ਰੋਗਰਾਮਾਂ ਤੋਂ ਇਹੋ ਜਿਹੇ ਗੀਤਕਾਰ, ਕਲਮਕਾਰ ਅਤੇ ਕਲਾਕਾਰਾਂ ਨੂੰ ਦੂਰ ਰੱਖਿਆ ਜਾਵੇ। ਗੀਤ ਵਿਧਾ ਸਮਾਜ ਨੂੰ ਸਾਫ਼-ਸੁਥਰਾ, ਸੂਝਵਾਨ, ਚੇਤਨਤਾ ਦੇ ਸਕਦੀ ਹੈ। ਸੰਗੀਤ ਦੀ ਸੁਰ ਵਿੱਚ ਇਸ ਦੇ ਸ਼ਬਦ ਹਥਿਆਰ ਦਾ ਕੰਮ ਕਰ ਸਕਦੇ ਹਨ। ਇਹ ਸ਼ਬਦ ਹਥਿਆਰ ਦਾ ਇਸਤੇਮਾਲ ਕੌਮ ਦੇ ਹੱਕ ਲਈ, ਸਦੀਵੀ ਸੱਚ ਲਈ , ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਲਈ ਕੀਤਾ ਜਾਵੇ। ਗੀਤ ਵਿਧਾ ਨੂੰ ਰੌਸ਼ਨੀ ਦਾ ਬਿੰਬ ਬਣਾਇਆ ਜਾਵੇ। ਮਨੁੱਖੀ ਕਦਰਾਂ-ਕੀਮਤਾਂ ਦੇ ਹੋ ਰਹੇ ਘਾਣ ਵਿਰੁੱਧ ਲੋਕ ਜਾਗ੍ਰਿਤੀ ਲਈ ਕੀਤਾ ਜਾਵੇ। ਗਰੀਬਾਂ ਨੂੰ ਆਰਥਿਕ ਅਤੇ ਮਾਨਸਿਕ ਸ਼ੋਸਣ ਤੋਂ ਬਚਾਉਣ ਲਈ ਕੀਤਾ ਜਾਵੇ। ਪੰਜਾਬ, ਪੰਜਾਬੀ ਮਾਂ-ਬੋਲੀ, ਪੰਜਾਬ ਦੀ ਧਰਤੀ, ਪੰਜਾਬ ਦੇ ਇਤਿਹਾਸ , ਪੰਜਾਬ ਦੇ ਯੋਧਿਆ, ਜੁਝਾਰੂਆਂ  ਦੀ ਗੱਲ ਪੰਜਾਬੀ ਗੀਤਕਾਰੀ ਵਿੱਚ ਹੋਵੇ। ਪੰਜਾਬ ਦੇ ਅਣਖੀ-ਗ਼ੈਰਤਮੰਦ ਕਿਰਦਾਰਾਂ ਨੂੰ ਮੁੜ ਸੁਰਜੀਤ ਕਰਨ ਲਈ ਗੀਤ ਵਿਧਾ ਦੀ ਵਰਤੋਂ ਕੀਤੀ ਜਾਵੇ ਨਾ ਕਿ ਕਿਰਦਾਰਕੁਸ਼ੀ ਲਈ। ਤਿਲ ਤਿਲ ਮਰ ਰਹੀ ਕਿਸਾਨੀ , ਕਰਜ਼ਿਆਂ ਦੀ ਤਰਾਸ਼ਦੀ ਨੂੰ ਕਲਮ ਦੀ ਨੋਕ ਤੇ ਲਿਆਂਦਾ ਜਾਵੇ। ਦਿਹਾੜੀਦਾਰ ਕਾਮਿਆਂ ਦੇ ਹਰ ਪੱਖੋਂ ਹੋ ਰਹੇ ਸ਼ੋਸਣ ਦੀ ਗੱਲ ਵੀ ਗੀਤਕਾਰੀ ਨੇ ਹੀ ਕਰਨੀ ਹੈ।ਪੰਜਾਬੀ ਨੌਜਵਾਨੀ ਜੋ ਫ਼ੁਕਰਾਪਣ ਵਿੱਚ ਘਰੋਂ ਬੇਘਰ ਹੋ ਰਹੀ ਹੈ ,ਨੂੰ ਝੰਜੋੜਿਆ ਜਾਵੇ। ਖੁਦ ਹੀ ਬੇ- ਵਤਨ ਹੋ ਕੇ ਲਾ-ਵਾਰਿਸ ਹੋ ਰਹੀ ਪੰਜਾਬੀ ਕੌਮ ਨੂੰ ਹਲੂਣਾ ਦੇ ਕੇ ਅਕਲ ਦੇਣਾ ਵੀ ਪੰਜਾਬੀ ਗੀਤਕਾਰਾਂ ਦਾ ਫਰਜ਼ ਹੈ। ਨੌਜਵਾਨ ਕੁੜੀਆਂ ਬਾਜ਼ਾਰ ਦੀ ਵਸਤੂ ਬਣ ਕੇ ਅਸ਼ਲੀਲਤਾ ਦੀ ਹਰ ਹੱਦ ਪਾਰ ਕਰ ਰਹੀਆਂ ਹਨ, ਉਹਨਾਂ ਦੇ ਫਿਸਲਦੇ ਪੈਰਾਂ ਨੂੰ ਰੋਕਣਾ ਵੀ ਪੰਜਾਬੀ ਗੀਤਕਾਰਾਂ ਦਾ ਹੀ  ਫਰਜ਼ ਹੈ। ਨਾੜ ਨੂੰ ਅੱਗ ਲਾ ਕੇ ਪੰਛੀਆਂ ਨੂੰ ਸਾੜ ਦੇਣਾ, ਹਰੇ ਭਰੇ ਰੁੱਖਾਂ ਨੂੰ ਅੱਗ ਦੀਆਂ ਲਪਟਾਂ ਵਿੱਚ ਸਾੜਨ ਤੇ ਗੀਤਕਾਰਾਂ ਦੇ ਮਨ ਨਹੀਂ ਪਸੀਜਦੇ ? ਨਸ਼ਿਆ ਨਾਲ਼ ਜਵਾਨੀ ਖਤਮ ਕਰ ਦਿੱਤੀ ਪਰ ਗੀਤਕਾਰ ਮਾਹੀਆ ਢੋਲੇ ਲਿਖ ਰਹੇ ਹਨ!
             ਸਿਰਫ਼ ਮੇਲਿਆਂ ਵਿੱਚ ਭੇਡਾਂ ਚਾਲ ਦਾ ਹਿੱਸਾ ਬਣ ਕੇ ਅਖ਼ਵਾਰਾਂ ਦੀਆਂ ਸੁਰਖ਼ੀਆਂ ਵਿੱਚ ਛਾਅ ਜਾਣ ਨਾਲ਼ ਤੁਸੀਂ ਝੰਡੇ ਨਹੀਂ ਗੱਡ ਸਕਦੇ। ਜਿੱਥੇ ਵੀ ਬੈਠੇ ਹੋਂ, ਆਪਣੀ ਕਲਮ ਬੇਬਾਕ ਪੰਜਾਬ ਦੇ ਹਿੱਤਾਂ ਲਈ ਚਲਾ ਕੇ ਇਸ ਪੰਜਾਬ ਦੀ ਮਿੱਟੀ ਦਾ ਆਪਣੇ ਸਿਰ,ਤੋਂ ਰਿਣ ਉਤਾਰੋ। ਕੋਈ ਗਾਇਕ ਗਾਵੇ ਜਾਂ ਨਾ ਗਾਵੇ, ਇਸ ਦੀ ਚਿੰਤਾ ਨਾ ਕਰੋ। ਰਾਇਲਟੀ ਨਾਲ਼ ਅਸੀਂ ਪੂੰਜੀਪਤੀ ਨਹੀਂ ਬਣ ਜਾਣਾ। ਗੀਤ ਚੋਰਾਂ ਦੇ ਨੱਕ ‘ਚ ਨਕੇਲ਼ ਪਾਉਣੀ ਤਾਂ ਹੀ ਸੋਭਾ ਦੇਵੇਗੀ ਜੇਕਰ ਤੁਸੀ ਆਦਰਸ਼ ਗੀਤਕਾਰੀ ਦੇ ਮੈਦਾਨ ਵਿੱਚ ਖੜੇ ਹੋਵੋਂਗੇ। ਆਪਣੇ ਗੀਤ ਸਾਹਿਤ ਦੀ ਕਸਵੱਟੀ ਤੇ ਪੂਰੇ ਉਤਾਰਨ ਦੇ ਕਾਬਿਲ ਹੋਵੋ। ਗੀਤ ਵਿਧਾ ਦੀਆਂ ਕਿਤਾਬਾਂ ਪਾਠਕਾਂ ਤੱਕ ਪਹੁੰਚਣ ਦਿਓ। ਤੁਹਾਡੇ ਗੀਤ ਗਾਇਕ ਹੀ ਨਹੀਂ ਆਮ ਪਾਠਕ ਵੀ ਗਾਉਣਗੇ। ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਵੀ ਗਾਉਣਗੇ। ਆਪਣੀ ਲੇਖਣੀ, ਆਪਣੀ ਕਲਮ ਲੋਕਾਂ ਨੂੰ ਸਮੱਰਪਤ ਕਰ ਦਿਓ। ਲੋਕ ਆਪਣੇ ਮਹੁੱਬਤ ਦਾ ਤਾਜ਼ ਇਕ ਨਾ ਇਕ ਦਿਨ ਤੁਹਾਡੇ ਸੀਸ ਸਜਾ ਦੇਣਗੇ। ਤੁਹਾਡੇ ਗੀਤਾਂ ਦੀਆਂ ਤੁਕਾਂ  ਖੁਦ ਬਾ ਖੁਦ ਲੋਕ- ਅਗਵਾਈ ਕਰਨਗੀਆਂ।ਭੀੜਾਂ ਦੇ ਮੁਥਾਜ ਹੋ ਕੇ ਨਾ ਰਹਿ ਜਾਇਓ, ਆਪਣੇ ਇਲਮ ਦੀ ਵਰਤੋਂ ਸੁਚੱਜੇ ਤਰੀਕੇ ਨਾਲ਼ ਲੋਕਾਈ ਲਈ ਕਰੋ।
         ਬਲਜਿੰਦਰ ਸਿੰਘ ” ਬਾਲੀ ਰੇਤਗੜੵ “
           9465129168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੇਲ ਕੋਚ ਫੈਕਟਰੀ ਵਿਖੇ 82ਵੀਂ ਆਲ ਇੰਡੀਆ ਰੇਲਵੇ ਪੁਰਸ਼ ਚੈਂਪੀਅਨਸ਼ਿਪ ਸਮਾਪਤ
Next articleਪੰਜਾਬੀ ਭਾਸ਼ਾ ਦੇ ਵਿਸ਼ਵ ਭਰ ਵਿੱਚ ਪ੍ਰਚਾਰ ਅਤੇ ਸੱਭਿਆਚਾਰਕ ਸੁਰੱਖਿਅਣ ਅਤੇ ਵਿਕਾਸ ਲਈ ਰਣਨੀਤੀਆਂ-