ਦੇਸ਼, ਸਮਾਜ ਅਤੇ  ਆਪਣੀ ਕੌਮ ਦੀ ਸੇਵਾ ਲਈ ਹਮੇਸ਼ਾ ਸਮਰਪਿਤ ਰਹੇ ਸਰਦਾਰ ਕਰਨੈਲ ਸਿੰਘ ਦਿਆਲਪਰੀ ਨਮਿੱਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਕੱਲ੍ਹ 18 ਜਨਵਰੀ ਦਿਨ ਵੀਰਵਾਰ ਨੂੰ

ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)-ਜਲੰਧਰ –  ਉਘੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦੇ ਸਤਿਕਾਰਯੋਗ ਪਿਤਾ ਸੂਬੇਦਾਰ ਕਰਨੈਲ ਸਿੰਘ ਦਿਆਲਪੁਰੀ ( ਨੰਬਰਦਾਰ ) ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿੱਤ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਉਨ੍ਹਾਂ ਦੇ ਜੱਦੀ ਘਰ  ਜਲੰਧਰ- ਅੰਮ੍ਰਿਤਸਰ ਰੋਡ ਤੇ ਸਥਿਤ ਪਿੰਡ ਦਿਆਲਪਰ ਨੇੜੇ ਕਰਤਾਰਪੁਰ ਵਿਖੇ 18 ਜਨਵਰੀ, ਦਿਨ ਵੀਰਵਾਰ ਨੂੰ ਪਵੇਗਾ । ਪਾਠ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ  12 ਤੋਂ 2 ਵਜੇ ਤੱਕ ਪਿੰਡ ਦੇ ਗੁਰਦੁਆਰਾ ਬੋਹੜਵਾਲਾ  ਸਾਹਿਬ ਵਿਖੇ ਆਯੋਜਿਤ ਹੋਵੇਗਾ ।। ਸਰਦਾਰ ਕਰਨੈਲ ਸਿੰਘ ਦਿਆਲਪਰੀ ਜੀ ਦਾ ਸਮੁੱਚਾ ਜੀਵਨ ਦੇਸ਼, ਕੌਮ ਅਤੇ ਆਪਣੇ ਭਾਈਚਾਰੇ ਦੀ ਸੇਵਾ ਅਤੇ ਖੁਸ਼ਹਾਲੀ ਨੂੰ ਸਮਰਪਿਤ ਰਿਹਾ ।  ਉਨ੍ਹਾਂ  ਦਾ ਜਨਮ 15 ਅਕਤੂਬਰ, 1946 ਨੂੰ ਪਿੰਡ ਆਲੋਵਾਲ ਨੇੜੇ ਜੱਸੋਨੰਗਲ  ਜਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਸਵਰਗੀ ਸਰਦਾਰ ਅੱਛਰ ਸਿੰਘ ਅਤੇ ਮਾਤਾ ਬਚਨ ਕੌਰ ਦੇ ਘਰ ਹੋਇਆ। ਸਰਦਾਰ ਕਰਨੈਲ ਸਿੰਘ ਦਿਆਲਪਰੀ  ਹੋਰੀਂ 8 ਭਰਾ ਸਨ ਅਤੇ ਇਨ੍ਹਾਂ ਦੀਆਂ 2 ਭੈਣਾਂ ਸਨ।ਕਰਨੈਲ ਸਿੰਘ ਦਿਆਲਪਰੀ ਸਭ ਤੋਂ ਵੱਡੇ ਸਨ।ਉਨ੍ਹਾਂ ਨੇ ਉਚ ਵਿਦਿਆ ਹਾਸਲ ਕੀਤੀ।ਬੀਏ , ਬੀਐੱਡ, ਈ.ਟੀ.ਟੀ. , ਸਿਖਿਆ ਪ੍ਰਾਪਤ ਕਰਨੈਲ ਸਿੰਘ ਦਿਆਲਪਰੀ ਹੋਰਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਆਰਮੀ ਐਜੂਕੇਸ਼ਨ ਕੋਰ ( ਏ.ਈ.ਸੀ.) ਵਜੋਂ ਕੀਤੀ ।  ਆਰਮੀ ਵਿਚ ਸੇਵਾ ਦੌਰਾਨ ਉਨ੍ਹਾਂ ਨੇ ਦੇਸ਼ ਦੀ ਰੱਖਿਆ ਵਾਸਤੇ 1965 ਅਤੇ 1971 ਦੀਆਂ ਦੋ ਜੰਗਾਂ ਵੀ ਲੜੀਆਂ।ਆਰਮੀ ਵਿਚ ਸੇਵਾ ਦੌਰਾਨ ਸਰਦਾਰ ਕਰਨੈਲ ਸਿੰਘ ਇਲਾਹਾਬਾਦ, ਦੇਹਰਾਦੂਨ, ਨੀਫਾ ਬਾਰਡਰ, ਡਿਬਰੂਗੜ੍ਹ ( ਆਸਾਮ ) ਦੇਵ – ਲਾਲੀ ਨਾਸਿਕ( ਮਹਾਰਾਸ਼ਟਰ) ਗੁਹਾਟੀ, ਜਲੰਧਰ ਛਾਉਣੀ ਆਦਿ ਵਿਖੇ ਸੇਵਾਵਾਂ ਨਿਭਾਈਆਂ। ਆਰਮੀ ਵਿਚ ਵੱਖ ਵੱਖ ਅਹੁਦਿਆਂ ਤੇ ਸੇਵਾਵਾਂ ਨਿਭਾਉਂਦੇ ਦਿਆਲਪਰੀ ਸਾਹਿਬ ਆਰਮੀ ਵਿਚੋਂ ਸੂਬੇਦਾਰ ਦੇ ਸਤਿਕਾਰਤ ਅਹੁਦੇ ਤੋਂ ਸੇਵਾ ਮੁਕਤ ਹੋਏ। ਆਰਮੀ ਵਿਚੋਂ ਸੇਵਾ ਮੁਕਤੀ ਤੋਂ ਬਾਅਦ ਕਰਨੈਲ ਸਿੰਘ ਦਿਆਲਪਰੀ ਜੀ ਨੇ ਪੰਜਾਬ ਸਰਕਾਰ ਦੇ ਸਿਖਿਆ ਵਿਭਾਗ ਵਿਚ  ਸੇਵਾ ਕੀਤੀ।ਉਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਐਲੀਮੈਂਟਰੀ ਸਕੂਲ ਪੱਤੜ ਕਲਾਂ , ਦਿੱਤੂ ਨੰਗਲ ਵਿਚ ਸੈਂਟਰ ਹੈੱਡ ਟੀਚਰ  (ਸੀ.ਐਚ.ਟੀ.)ਵਜੋਂ ਸੇਵਾਵਾਂ ਨਿਭਾਈਆਂ।ਸਿਖਿਆ ਵਿਭਾਗ ਵਿਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਕਰਨੈਲ ਸਿੰਘ ਦਿਆਲਪਰੀ ਨੂੰ 26 ਜਨਵਰੀ ਦੇ ਦਿਹਾੜੇ ਪੰਜਾਬ ਸਰਕਾਰ ਦੀ ਤਰਫੋਂ ਜਲੰਧਰ ਜਿਲ੍ਹਾ ਪ੍ਰਸਾਸ਼ਨ ਨੇ  ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਵਧੀਆ ਅਧਿਆਪਕ ਵਜੋਂ ਸਨਮਾਨਿਤ ਵੀ ਕੀਤਾ।ਇਸ ਉਪਰੰਤ ਉਨ੍ਹਾਂ ਨੇ ਸੈਨਿਕ ਭਲਾਈ ਦਫਤਰ ਜਲੰਧਰ ਵਿਚ ਵੀ ਦੋ ਸਾਲ ਸੈਨਿਕ ਟਰੇਨਿੰਗ ਲੈਣ ਆਉਂਦੇ ਬੱਚਿਆਂ ਨੂੰ ਪੜ੍ਹਾਇਆ।ਮਿੰਟਗੁੰਮਰੀ ਸਕੂਲ ਜਲੰਧਰ ਵਿਚ ਅਕਾਊਂਟ ਦੀ ਸੇਵਾ ਵੀ ਨਿਭਾਈ।ਵੱਖ ਵੱਖ ਵਿਭਾਗਾਂ ਵਿਚ ਸੇਵਾਵਾਂ ਨਿਭਾਊਣ ਤੋਂ ਬਾਅਦ ਵੀ ਕਰਨੈਲ ਸਿੰਘ ਦਿਆਲਪਰੀ ਨੇ ਹਮੇਸ਼ਾ ਆਪਣੇ ਆਪ ਨੂੰ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਸੇਵਾਵਾਂ ਵਿਚ ਹਮੇਸ਼ਾ ਹੀ ਰੁਝਾਈ ਰੱਖਿਆ।ਉਹ ਮੁਲਾਜ਼ਮ ਹੱਕਾਂ ਲਈ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸਰਗਰਮ ਮੈਂਬਰ ਵਜੋਂ  ਹਮੇਸ਼ਾ ਲੜਦੇ ਰਹੇ। ਪਿੰਡ ਦਿਆਲਪੁਰ ਦੇ ਲੋਕਾਂ ਦੀ ਸੇਵਾ ਵਾਸਤੇ ਵੀ ਉਹ ਹਮੇਸ਼ਾ ਤਤਪਰ ਰਹਿੰਦੇ ਸਨ। ਆਖਰੀ ਸਾਹ ਲੈਣ ਸਮੇਂ ਵੀ ਉਹ ਪਿੰਡ ਦੇ ਨੰਬਰਦਾਰ ਸਨ ਅਤੇ ਨੰਬਰਦਾਰ ਯੂਨੀਅਨ ਕਰਤਾਰਪੁਰ ਜਲੰਧਰ ਦੇ ਪ੍ਰੈਸ ਸਕੱਤਰ ਸਨ। ਫੌਜ ਵਿੱਚ ਲੰਬਾ ਸਮਾਂ ਸੇਵਾ ਕਰਕੇ ਬਤੌਰ ਸੂਬੇਦਾਰ ਸੇਵਾ ਮੁਕਤ ਹੋਏ ਦਿਆਲਪੁਰੀ ਸਾਹਿਬ ਸਮਾਜ ਸੇਵਾ ਦੇ ਕੰਮਾਂ ਵਿੱਚ ਲਗਾਤਾਰ ਸਰਗਰਮ ਰਹੇ। ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਦੌਰਾਨ ਦਿਆਲਪਰੀ ਸਾਹਿਬ ਨੇ ਆਪਣੇ ਪਰਿਵਾਰ ਅਤੇ ਜਾਤੀ ਭਾਈਚਾਰੇ ਦੀ ਸੇਵਾ ਅਤੇ ਸਾਂਭ ਸੰਭਾਲ ਕਰਨ ਵਿਚ ਵੀ ਕੋਈ ਕਸਰ ਨਹੀਂ ਛੱਡੀ।  ਸਰਦਾਰ ਕਰਨੈਲ ਸਿੰਘ ਦਿਆਲਪਰੀ ਨੇ ਆਪਣੇ ਬਾਜੀਗਰ ਭਾਈਚਾਰੇ ਦੇ ਵਿਸ਼ਵ ਪ੍ਰਸਿੱਧ ਦਰਬਾਰ ਬਾਬਾ ਹਾਥੀ ਰਾਮ ਜੀ ਗੁਣਾਚੌਰ ਦੀ  ਵੀ  ਸਮਰੱਥਾ ਅਨੁਸਾਰ ਸੇਵਾ ਕੀਤੀ।ਉਹ ਬਾਬਾ ਹਾਥੀ ਰਾਮ ਵੈਲਫੇਅਰ ਕਮੇਟੀ ਦੇ ਚੋਣ ਕਮੇਟੀ ਮੈਂਬਰ ਵੀ ਰਹੇ। ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਉਨ੍ਹਾਂ ਪਰਿਵਾਰਾਂ ਦੇ ਆਪਸੀ ਝਗੜੇ ਨਿਪਟਾਉਣ ਸਬੰਧੀ ਵੀ ਤਨਦੇਹੀ ਨਾਲ ਕੰਮ ਕੀਤਾ।ਉਨ੍ਹਾਂ ਦੇ ਧਰਮ ਪਤਨੀ ਬੀਬੀ ਸਵਿੰਦਰ ਕੌਰ ਭਾਵੇਂ ਅਨਪੜ੍ਹ ਸਨ ਪਰ ਦਿਆਲਪਰੀ ਹੋਰਾਂ ਨੇ ਉਨ੍ਹਾਂ ਨੂੰ ਹਰ ਖੇਤਰ, ਘਰ ਪਰਿਵਾਰ ਅਤੇ ਸਮਾਜਿਕ ਜਿੰਮੇਵਾਰੀਆਂ ਵਿਚ ਪੂਰਾ ਸਾਥ, ਮਾਣ ਅਤੇ ਸਤਿਕਾਰ ਦਿੱਤਾ।ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਵਧੀਆ ਸਿੱਖਿਆ ਸੰਸਕਾਰ ਦੇ ਸਮਾਜ ਦੇ ਜਿੰਮੇਵਾਰ ਨਾਗਰਿਕ ਬਣਾਇਆ ।ਉਨ੍ਹਾਂ ਦੇ  ਸਪੁੱਤਰ ਦਲਵਿੰਦਰ ਦਿਆਲਪਰੀ   ਨੇ   ਕੌਮਾਂਤਰੀ ਪੱਧਰ ਦੇ ਗਾਇਕ  ਵਜੋਂ ਮੇਲਿਆਂ ਦੇ ਬਾਦਸ਼ਾਹ ਦਾ ਖਿਤਾਬ ਹਾਸਲ ਕੀਤਾ। ਦਲਵਿੰਦਰ ਦਿਆਲਪਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਲਵਿੰਦਰ ਸਿੰਘ ਤੋਂ ਦਲਵਿੰਦਰ ਦਿਆਲਪਰੀ ਦਾ ਨਾਮ ਵੀ ਉਨ੍ਹਾਂ ਦੇ ਪਿਤਾ ਕਰਨੈਲ ਸਿੰਘ ਦਿਆਲਪਰੀ ਸਾਹਿਬ ਨੇ ਹੀ ਦਿੱਤਾ। ਦਲਵਿੰਦਰ ਦਿਆਲਪਰੀ ਨੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਵੱਡੀਆਂ ਸੇਵਾਵਾਂ ਨਿਭਾਈਆਂ।ਦਲਵਿੰਦਰ ਦਿਆਲਪਰੀ ਨੇ ਵੀ ਆਪਣੇ ਪਿਤਾ ਜੀ ਦੀ ਸਿੱਖਿਆ ਮੁਤਾਬਕ ਪਤਨੀ ਜਸਵਿੰਦਰ ਕੌਰ ਦੇ ਸਹਿਯੋਗ ਨਾਲ   ਸਮਾਜ ਸੇਵਾ ਦੇ ਖੇਤਰ ਵਿੱਚ ਵੱਡੇ ਕੰਮ ਕੀਤੇ ਹਨ ।ਆਪਣੇ ਪਿਤਾ ਜੀ ਦੀ ਪ੍ਰੇਰਨਾ ਨਾਲ ਉਨ੍ਹਾਂ ਨੇ ਕੋਰੋਨਾ ਸੰਕਟ ਸਮੇਂ ਗਾਇਕਾਂ ਅਤੇ ਹੋਰ ਲੋੜਵੰਦ ਲੋਕਾਂ ਦੀ ਮਦਦ ਕੀਤੀ ।ਉਨ੍ਹਾਂ ਦੇ ਦੂਸਰੇ ਪੁੱਤਰ ਰਾਜਵਿੰਦਰ ਸਿੰਘ, ਕੇਂਦਰ ਸਰਕਾਰ ਦੀ  ਸੀਆਈਐਸਐਫ  ਵਿਚ ਬਤੌਰ ਇੰਸਪੈਕਟਰ ਦਿੱਲੀ ਵਿੱਚ ਸੇਵਾ ਨਿਭਾ ਰਹੇ ਹਨ, ਉਹ ਵੀ ਪਤਨੀ ਭੁਪਿੰਦਰ ਕੌਰ ਨਾਲ ਮਿਲ ਕੇ ਪਰਿਵਾਰ ਤੇ ਸਮਾਜ ਦੀ ਵੱਡੀ ਸੇਵਾ ਕਰ ਰਹੇ ਹਨ। ਇਕ ਧੀ ਪਰਮਜੀਤ ਕੌਰ  ਤੇ ਜਵਾਈ ਰਛਪਾਲ ਸਿੰਘ ਮਸ਼ਾਲ ਇੰਗਲੈਂਡ ਵਿਚ ਸੈਟਲ ਹਨ ਅਤੇ ਦੂਸਰੀ ਧੀ ਸਰਬਜੀਤ ਕੌਰ  ਅਤੇ ਜਵਾਈ ਮਲਕੀਤ ਸਿੰਘ ਲਾਲਕਾ ਇਟਲੀ ਵਿੱਚ ਸੈਟਲ ਹਨ। ਉਨ੍ਹਾਂ ਦੇ ਪੋਤਰੇ ਹਰਸਿਮਰਨਜੀਤ  ਸਿੰਘ, ਹਰਮਨਜੋਤ ਸਿੰਘ , ਸੁਖਪ੍ਰੀਤ ਸਿੰਘ ਕੈਨੇਡਾ ਵੀ ਆਪਣੇ ਦਾਦੇ ਵੱਲੋਂ ਦਿੱਤੀ ਸਿੱਖਿਆ ਲੜ ਬੰਨ੍ਹ ਕੇ ਚੱਲ ਰਹੇ ਹਨ। ਪੋਤੀ ਆਕਾਸ਼ਦੀਪ ਕੌਰ ਐਮ. ਏ. ਹਿਸਟਰੀ ਕਰ ਰਹੀ ਹੈ ਅਤੇ ਸ਼ਹਿਨਾਜ਼ ਕੌਰ ਬੀਸੀਏ ਕਰ ਰਹੀ ਹੈ।ਸਰਦਾਰ  ਕਰਨੈਲ  ਸਿੰਘ ਦਿਆਲਪਰੀ ਨਮਿੱਤ 18 ਜਨਵਰੀ ਦਿਨ ਵੀਰਵਾਰ ਨੂੰ   ਸ਼ਰਧਾਂਜਲੀ ਸਮਾਗਮ ਵਿਚ ਦੇਸ਼ ਵਿਦੇਸ਼ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸਖਸ਼ੀਅਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਦੇ ਸਮਾਜ ਅਤੇ ਦੇਸ਼ ਨੂੰ ਵਧੀਆ, ਸੋਹਣਾ ਅਤੇ ਖੁਸ਼ਹਾਲ ਬਣਾਉਣ ਲਈ ਪਾਏ ਯੋਗਦਾਨ ਦਾ ਜ਼ਿਕਰ ਕਰਨਗੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleSL Navy arrests 10 TN fishermen for crossing into its waters
Next articleਸਾਹਿਬ ਏ ਕਮਾਲ