ਕੱਚੀ ਗੜ੍ਹੀ ਚਮਕੌਰ ਦੀ

 (ਸਮਾਜ ਵੀਕਲੀ) 22 ਦਸੰਬਰ 1704 ਈਸਵੀ ਨੂੰ  ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋ ਗਿਆ।ਗੜ੍ਹੀ ਦੇ ਦੁਆਲੇ ਧਰਮ ਨੇਮ ਦੀਆਂ ਸੁਗੰਧਾਂਹਾਰਨ ਵਾਲੇ ਇਖ਼ਲਾਕਹੀਨ ਰਾਜੇ ਤੇ ਮੁਗਲ ਹਾਕਮਾਂ ਨੇ ਬੇਓੜਕੀ ਫੌਜ ਨਾਲ ਘੇਰਾ ਪਾ ਲਿਆ।ਸ਼ਾਹੀ ਫ਼ੌਜ਼ ਦੇ ਘੇਰੇ ਵਿੱਚ ਘਿਰੇ ਹੋਏ ਦਸਮੇਸ਼ ਗੁਰੂ ਜੀ ਤੇ ਸਿੰਘਾਂ ਨੇ ਹੌਂਸਲਾ ਨਹੀਂ ਹਾਰਿਆ।ਆਪਣੀ ਸਟੈਂਡ ‘ਤੇ ਅਡੋਲ ਤੇ ਅਹਿੱਲ ਦ੍ਰਿੜਤਾ ਨਾਲ ਖੜ੍ਹੇ ਸਨ।ਉਨ੍ਹਾਂ ਨੂੰ ਮੌਤ ਦਾ ਫ਼ਿਕਰ ਨਹੀਂ ਸੀ, ਸਗੋਂ ਧਰਮ ਲਈ ਜੁਲਮ ਵਿਰੁੱਧ ਜੂਝਦਿਆਂ ਸ਼ਹਾਦਤ ਪਾਉਣ ਦੀ ਚਾਹ ਸੀ।ਏਡੇ ਵੱਡੇ ਘੇਰੇ ਵਿੱਚ ਘਿਰੇ ਹੋਏ ਦਸਮੇਸ਼ ਗੁਰੂ ਜੀ ਤੇ ਸਿੰਘ ਚੜ੍ਹਦੀ ਕਲਾ ਵਿੱਚ ਸਨ।ਪੜ੍ਹਨ-ਸੁਣਨ ਵਾਲੇ ਦੋਸਤੋ ! ਸੋਚੋ ! ਇੱਕ ਪਾਸੇ ਭੁੱਖਣ-ਭਾਣੇ ਲੰਮੇ ਸਫਰ ਦੇ ਵਿੱਚ ਲੜਦੇ-ਭਿੜਦੇ, ਥੱਕੇ-ਟੁੱਟੇ ਚਾਲੀ ਸਿੱਖ ਹੋਣ, ਦੂਜੇ ਪਾਸੇ ਦਸ ਲੱਖ ਸ਼ਾਹੀ ਫ਼ੌਜ਼, ਜਿਨ੍ਹਾਂ ਕੋਲ ਉਸ ਵਕਤ ਵਧੀਆ ਹਥਿਆਰ ਸਨ।ਪੇਟ ਭਰਨ ਲਈ ਅਨੇਕਾਂ ਪਦਾਰਥ ਸਨ।ਕਿਸੇ ਸਾਜੋ-ਸਮਾਨ ਦੀ ਕਮੀ ਨਹੀਂ ਸੀ।ਦੁਸ਼ਮਣ ਬੇਸ਼ੁਮਾਰ ਗਿਣਤੀ ਵਿੱਚ ਹੋਵੇ ।ਯੁੱਧ ਵਿੱਚ ਲੜਨ ਉਪਰੰਤ ਮੌਤ ਯਕੀਨੀ ਹੋਵੇ।ਐਸੀ ਸਥਿਤੀ ਵਿੱਚ ਲੜਨ ਮਰਨ ਦਾ ਹੀਆ ਕੀਤਾ ਤਾਂ ਉਹ ਸਿਰਫ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਕੀਤਾ ਸੀ।ਸਾਰੀ ਦੁਨੀਆਂ ਦਾ ਇਤਿਹਾਸ ਫਰੋਲ ਕੇ ਵੇਖ ਲਵੋ।ਦੁਨੀਆਂ ਵਿੱਚ ਤੁਹਾਨੂੰ ਕੋਈ ਵੀ ਐਸਾ ਸੈਨਾਪਤੀ, ਬਾਦਸ਼ਾਹ, ਜਨਰਲ ਜਾਂ ਆਗੂ ਨਹੀਂ ਮਿਲੇਗਾ, ਜਿਨ੍ਹੇ ਕੇਵਲ ਚਾਲੀ ਆਦਮੀਆਂ ਨਾਲ ਲੱਖਾਂ ਦੀ ਅਣਗਿਣਤ ਫ਼ੌਜ਼ ਨਾਲ ਮੁਕਾਬਲਾ ਕੀਤਾ ਹੋਵੇ।ਜਾਂ ਮੁਕਾਬਲਾ ਕਰਨ ਦਾ ਹੌਂਸਲਾ ਵੀ ਰੱਖਿਆ ਹੋਵੇ।ਅਜਿਹੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ ਤੇ ਨਾ ਹੀ ਮਿਲੇਗੀ।ਸ਼ਹਿਨਸ਼ਾਹ ਜਰਮਨ, ਰੂਸ ਤੇ ਆਸਟਰੀਆ ਨੇ ਅਣਗਿਣਤ ਫ਼ੌਜ਼ ਦੇ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਨੈਪੋਲੀਅਨ ਦੇ ਹਵਾਲੇ ਕਰ ਦਿੱਤਾ, ਪਰ ਟਾਕਰਾ ਕਰਨ ਦੀ ਹਿੰਮਤ ਨਹੀਂ ਦਿਖਾਈ।ਮਿਸਰ ਦੇ ਇਸਲਾਮ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਆਪ ਨੂੰ ਨੈਪੋਲੀਅਨ ਦੇ ਹਵਾਲੇ ਕਰ ਦਿੱਤਾ, ਕੋਈ ਬੁਰਾਈ ਨਹੀਂ ਸਮਝੀ।ਅਜੇ ਕੱਲ੍ਹ ਦੀਆਂ ਗੱਲਾਂ ਹਨ ਕਿ ਜਨਰਲ ਕਰਾਂਉਜੀ ਵਰਗੇ ਮਨਚਲੇ ਜਰਨੈਲ ਨੇ ਕਈ ਤੋਪਾਂ ਤੇ ਚਾਰ ਹਜ਼ਾਰ ਸਿਪਾਹੀ ਕੋਲ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਅੰਗਰੇਜ਼ੀ ਫ਼ੌਜ਼ ਦੇ ਸਪੁਰਦ ਕਰ ਦਿੱਤਾ ।ਹੋਰ ਸੁਣੋ : ਸੰਨ 1971 ਦੀ ਬੰਗਲਾਦੇਸ਼ ਦੀ ਲੜਾਈ ਵਿੱਚ ਪਾਕਿਸਤਾਨੀ ਜਨਰਲ ਅਮੀਰ ਅਬਦੁੱਲਾ ਖਾਨ ਨਿਆਜ਼ੀ (Amir Abdullah Khan Niazi) ਨੇ 93000 ਫ਼ੌਜ਼, ਬੇਅੰਤ ਗੋਲਾ-ਬਰੂਦ ਤੇ ਛੇ ਮਹੀਨਿਆਂ ਦਾ ਰਾਸ਼ਨ ਕੋਲ ਹੁੰਦਿਆਂ ਹੋਇਆਂ ਵੀ ਜਨਰਲ ਜਗਜੀਤ ਸਿੰਘ ਅਰੋੜਾ ਅੱਗੇ ਆਤਮ-ਸਮਰਪਣ ਕਰ ਦਿੱਤਾ, ਪਰ ਧੰਨ ਸਨ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਬਹਾਦਰ ਸਿੰਘ! ਜਿਨ੍ਹਾਂ ਦੇ ਚਿਹਰਿਆਂ ‘ਤੇ ਅਗੰਮੀ ਜੋਸ਼ ਝਲਕ ਰਿਹਾ ਸੀ।ਧਰਮ ਯੁੱਧ ਲਈ ਮਰਨ ਦਾ ਚਾਅ ਹਿਰਦੇ ਵਿੱਚ ਲਬਾਲਬ ਭਰਿਆ ਹੋਇਆ ਹੈ।ਰਸਨਾ ‘ਤੇ ਨਾਮ ਚੱਲ ਰਿਹਾ ਏ, ਪਰ ਧਿਆਨ ਹੋਣ ਜਾ ਰਹੀ ਅਨੋਖੀ ਜੰਗ ‘ਤੇ ਕੇਂਦਰਿਤ ਹੈ।ਏਡੀ ਵੱਡੀ ਮੁਗਲ ਫੌਜ ਨਾਲ ਚਾਲੀ ਸਿੰਘਾਂ ਦਾ ਮੁਕਾਬਲਾ ਹੋਣ ਜਾ ਰਿਹਾ ਏ।ਉਸ ਵਕਤ ਦੀ ਗਵਾਹੀ ਗੁਰੂ ਜੀ ਖ਼ੁਦ ‘ਜ਼ਫ਼ਰਨਾਮੇ’ ਵਿੱਚ ਦਿੰਦੇ ਹਨ-
  ਗੁਰਸਨਹ ਚਿ ਕਾਰੇ ਕੁਨਦ ਚਿਹਲ ਨਰ॥
  ਕਿ ਦਹ ਲਕ ਬਰ ਆਯਦ ਬਰੋ ਬੇਖ਼ਬਰ॥੧੯॥
ਗੁਰੂ ਜੀ ਔਰੰਗਜ਼ੇਬ ਨੂੰ ਸੰਬੋਧਨ ਕਰਦੇ ਹੋਏ ਆਖਦੇ ਹਨ- ‘ ਭੁੱਖਣ-ਭਾਣੇ ਚਾਲੀ ਆਦਮੀ ਕੀ ਕਰਦੇ, ਜਦ ਦਸ ਲੱਖ ਆਦਮੀ ਉਨ੍ਹਾਂ ‘ਤੇ ਅਚਾਨਕ ਹਮਲਾ ਕਰ ਦੇਣ।’
ਗੁਰ ਬਿਲਾਸ ਪਾਤਸ਼ਾਹੀ-੧੦ ਅਨੁਸਾਰ-
ਸਮ ਮਖੀਆ ਤੁਰਕਨ ਗਨ ਆਏ।
ਦਹ ਲਖ਼ ਮਾਨ ਅੰਤ ਨਹੀਂ ਪਾਏ।
ਸ੍ਰੀ ਗੁਰ ਸੋਭਾ ਦੇ ਲਿਖਾਰੀ ਮੁਤਾਬਿਕ-
 ਕਹਾਂ ਬੀਰ ਚਾਲੀ ਛਧਾਵੰਤ ਭਾਰੇ।
ਕਹਾਂ ਏਕ ਨੌਂ ਲਾਖ ਆਏ ਹਕਾਰੇ।
ਜ਼ਫ਼ਰਨਾਮਾ ਦੇ 19 ਨੰਬਰ ਸ਼ੇਅਰ ਵਿੱਚ ਵੀ ‘ਦਹ ਲਖ਼’ ਸ਼ਬਦ ਆਇਆ ਹੈ, ਜਿਸ ਦਾ ਭਾਵ ਬੇਸ਼ੁਮਾਰ ਤੋਂ ਹੈ।ਜਰਾ ਖਿਆਲ ਕਰੋ ਕਿ ਅਨੰਦਪੁਰ ਨੂੰ ਘੇਰਨ ਵਾਲੀ ਸਰਹਿੰਦ ਤੇ ਲਾਹੌਰ ਦੀ ਫ਼ੌਜ਼, ਬਾਈਧਾਰ ਦੇ ਰਾਜਿਆਂ ਦੀ ਫ਼ੌਜ਼,  ਇਸ ਤੋਂ ਛੁੱਟ ਇਲਾਕੇ ਦੇ ਰੰਘੜ-ਗੁੱਜਰ,ਚੋਰ-ਲੁਟੇਰੇ ਆਦਿ, ਜੋ ਗੁਰੂ ਜੀ ਦਾ ਖ਼ਜ਼ਾਨਾ ਲੁੱਟਣ ਦੀ ਤਾਕ ਵਿੱਚ ਸਨ।ਬਾਕੀ ਦਿੱਲੀ ਤੋਂ ਆਈ ਹੋਰ ਫ਼ੌਜ਼ ਵੀ ਨਾਲ ਰਲ ਗਈ।ਜਹਾਦ ਦੇ ਨਾਂ ‘ਤੇ ਆਮ ਮੁਲਖਈਆ ਵੀ ਗੁਰੂ ਜੀ ਦੇ ਵਿਰੁੱਧ ਉਠ ਪਿਆ।ਇਸ ਸਾਰੀ ਫ਼ੌਜ਼ ਦਾ ਇਕੱਠ ਹੋ ਜਾਣਾ ‘ਦਸ ਲੱਖ’ ਦੇ ਕਥਨ ਨੂੰ ਸੱਚ ਸਾਬਿਤ ਕਰਦਾ ਏ।
   ਜੰਗ ਸ਼ੁਰੂ ਹੋਣ ਤੋਂ ਪਹਿਲਾਂ ਨਵਾਬ ਵਜੀਦ ਖਾਨ ਆਤਮ ਸਮਰਪਣ ਕਰਨ ਲਈ ਆਖਦਾ ਹੈ, ਪਰ ਦਸਮ ਪਿਤਾ ਜੀ ਜੰਗ ਕਰਨ ਲਈ ਤੀਰਾਂ ਦੀ ਬੁਛਾੜ ਕਰਦੇ ਹਨ।ਲਤੀਫ਼ ਲਿਖਦਾ ਹੈ ਕਿ ਖਵਾਜ਼ਾ ਮਹਿਮੂਦ ਅਲੀ ਨੇ ਇੱਕ ਏਲਚੀ ਗੜ੍ਹੀ ਵਿਚ ਭੇਜਿਆ ਕਿ ਗੁਰੂ ਜੀ ਆਪਣੇ ਆਪ ਨੂੰ ਸ਼ਾਹੀ ਫ਼ੌਜ਼ ਦੇ ਹਵਾਲੇ ਕਰ ਦੇਣ, ਉਨ੍ਹਾਂ ਦੀ ਜਾਨ ਬਖਸ਼ੀ ਕਰ ਦਿੱਤੀ ਜਾਏਗੀ।ਏਲਚੀ ਨੇ ਪੈਗਾਮ ਦੇਣ ਉਪਰੰਤ ਕੁੱਝ ਕੁਬੋਲ ਗੁਰੂ ਜੀ ਦੀ ਸ਼ਾਨ ਵਿਚ ਬੋਲੇ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਤਲਵਾਰ ਕੱਢ ਕੇ ਕਿਹਾ, “ਅਗਰ ਤੂੰ ਗੁਰੂ ਪਿਤਾ ਦੀ ਸ਼ਾਨ ਦੇ ਖਿਲਾਫ਼ ਕੁੱਝ ਹੋਰ ਬੋਲਿਆ ਤਾਂ ਮੈਂ ਤੇਰੇ ਟੋਟੇ-ਟੋਟੇ ਕਰ ਦੇਵਾਂਗਾ।ਜਾਹ, ਏਥੋਂ ਚੁੱਪ ਕਰਕੇ ਚਲਾ ਜਾ ! ਤੂੰ ਜੋ ਕਹਿਣਾ ਸੀ-ਕਹਿ ਲਿਆ ਤੇ ਅਸੀਂ ਉਹ ਸੁਣ ਲਿਆ ਏ।ਬਾਕੀ ਗੱਲਾਂ ਮੈਦਾਨੇ ਜੰਗ ਵਿੱਚ ਹੋਣਗੀਆਂ।” ਇਹ ਸ਼ਬਦ ਸਾਹਿਬਜ਼ਾਦੇ ਤੇ ਸਿੰਘਾਂ ਦੀ ਚੜ੍ਹਦੀ ਕਲਾ ਨੂੰ ਦਰਸਾਉਣ ਲਈ ਕਾਫੀ ਸੀ।ਏਥੋਂ ਅਨੁਮਾਨ ਲਾਇਆ ਜਾ ਸਕਦਾ ਏ ਕਿ ਗੁਰੂ ਜੀ ਤੇ ਉਨ੍ਹਾਂ ਦੇ ਸਿੰਘ ਸ਼ਾਹੀ ਫ਼ੌਜ਼ ਦੇ ਘੇਰੇ ਵਿੱਚ ਵੀ ਕਿੰਨੀ ਚੜ੍ਹਦੀ ਕਲਾ ਵਿਚ ਸਨ।ਜਿਵੇਂ ਉਨ੍ਹਾਂ ਨੂੰ ਮੌਤ ਦਾ ਜਰਾ ਵੀ ਭੈਅ ਨਹੀਂ ਸੀ ।
   ਇਸ ਤੋਂ ਬਾਅਦ ਦੁਵੱਲੀ ਯੁੱਧ ਸ਼ੁਰੂ ਹੋ ਗਿਆ।ਦੋਹਾਂ ਪਾਸਿਆਂ ਤੋਂ ਤੀਰ ਤੇ ਗੋਲੀਆਂ ਦਾ ਮੀਂਹ ਵਰ੍ਹਣ ਲੱਗ ਪਿਆ ।ਮੁਗਲ ਸਿਪਾਹੀ ਗੜ੍ਹੀ ਦੇ ਨੇੜੇ ਨਹੀਂ ਸੀ ਪਹੁੰਚ ਸਕੇ।ਜੋ ਪਹੁੰਚਣ ਦੀ ਕੋਸ਼ਿਸ਼ ਕਰਦਾ, ਬੱਸ ਮਾਰਿਆ ਜਾਂਦਾ।ਭਖੇ ਹੋਏ ਮੈਦਾਨ ਨੂੰ ਵੇਖ ਕੇ ਮੁਗਲ ਫੌਜਾਂ ਦੇ ਇੱਕ ਜਰਨੈਲ ਨਾਹਰ ਖਾਂ ਨੇ ਅਛੋਪਲੇ ਜਿਹੇ ਪਾਉੜੀ ਲਾ ਕੇ ਗੜ੍ਹੀ ਦੀ ਛੱਤ ‘ਤੇ ਚੜ੍ਹਨ ਦੀ ਅਸਫਲ ਕੋਸ਼ਿਸ਼ ਕੀਤੀ।ਜਦ ਉਸ ਦੀਵਾਰ ਤੋ ਜਰਾ ਕੁ ਸਿਰ ਉਪਰ ਕੀਤਾ ਤਾਂ ਗੁਰੂ ਜੀ ਨੇ ਤੀਰ ਮਾਰ ਕੇ ਜਮਪੁਰ ਪਚਾ ਦਿੱਤਾ।ਉਸ ਦੇ ਡਿੱਗਣ ਸਾਰ ਗਨੀ ਖਾਂ ਨੇ ਸਿਰ ਕੱਢਿਆ ਤਾਂ ਗੁਰੂ ਜੀ ਨੇ ਗੁਰਜ ਨਾਲ ਉਹਦਾ ਸਿਰ ਭੰਨ ਸੁੱਟਿਆ।ਤੀਜਾ ਖਵਾਜ਼ਾ ਮਹਿਮੂਦ ਅਲੀ, ਜਿਸ ਨੂੰ ਗੁਰੂ ਜੀ ਨੇ ਜ਼ਫ਼ਰਨਾਮੇ ਵਿੱਚ ਬੁਜ਼ਦਿਲ ਤੇ ਡਰਪੋਕ ਹੋਣ ਕਰਕੇ ਮਰਦੂਦ ਲਿਖਿਆ ਏ, ਨੇ ਸਾਥੀਆਂ ਨੂੰ ਮਰਦੇ ਦੇਖ ਕੇ ਕੰਧ ਦੀ ਓਟ ਲੈ ਕੇ ਆਪਣਾ ਆਪ ਬਚਾਇਆ ਤੇ ਭੱਜ ਨਿਕਲਿਆ।ਇੱਕ ਪਾਸੇ ਸਿੰਘਾਂ ਦੀ ਬੀਰਤਾ ਤੇ ਦੂਜੇ ਪਾਸੇ ਮੁਗਲਾਂ ਦੀ ਕਾਇਰਤਾ ਨੇ ਸ਼ਾਹੀ ਫ਼ੌਜ਼ ਵਿੱਚ ਘਬਰਾਹਟ ਪੈਦਾ ਕਰ ਦਿੱਤੀ।
    ਨਵਾਬ ਵਜੀਰ ਖਾਂ ਨੇ ਫ਼ੌਜਾਂ ਨੂੰ ਇੱਕੋ ਵਾਰ ਹਮਲਾ ਕਰਨ ਦੀ ਹਦਾਇਤ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਹਮਲੇ ਨੂੰ ਪਛਾੜਨ ਲਈ ਪੰਜ-ਪੰਜ ਸਿੰਘਾਂ ਦੇ ਜਥੇ ਬਾਹਰ ਭੇਜਣੇ ਸ਼ੁਰੂ ਕੀਤੇ।ਜਿਨ੍ਹਾਂ ਨੇ ਬਾਹਰ ਨਿਕਲ ਕੇ ਮੁਗਲ ਫੌਜਾਂ ਦੇ ਆਹੂ ਲਾਹ ਸੁੱਟੇ।ਹਰ ਪਾਸੇ ਅੱਲ੍ਹਾ-ਅੱਲ੍ਹਾ ਦੀ ਹਾਲ ਦੁਹਾਈ ਮੱਚ ਗਈ।ਗੜ੍ਹੀ ਉਪਰੋਂ ਗੁਰੂ ਜੀ ਤੇ ਸਿੰਘ ਤੀਰਾਂ ਦੀ ਵਰਖਾ ਕਰਨ ਲੱਗੇ।ਉਸ ਵਕਤ ਦੇ ਦ੍ਰਿਸ਼ ਦੀ ਤਸਵੀਰ ਜੋਗੀ ਅੱਲ੍ਹਾ ਯਾਰ ਖਾਂ ਇਉਂ ਖਿੱਚਦਾ ਏ-
ਦੀਵਾਰੋਂ ਦਰ ਪੈ ਪੁਸ਼ਤੋ ਪੈ ਜਬ ਸਿੰਘ ਹਟ ਗਏ ।
ਡਰ ਡਰ ਮੁਗਲਰੀਨ ਸਭੀ ਪੀਛੇ ਹਟ ਗਏ ।
ਫੁਰਮਾਏ ਕਲਗੀਧਰ ਕਿ ਅਬ ਏਕ ਏਕ ਜਵਾਂ ਚਲੇ।
ਪਾ ਪਾ ਕੇ ਹੁਕਮ ਭੇੜੋਂ ਮੇਂ ਬੱਬਰ ਸ਼ੇਰ ਚਲੇ।
ਘੁਸਤੇ ਹੀ ਰਨ ਮੇਂ ਜੰਗ ਕਾ ਪਲਾ ਝੁਕਾ ਦੀਆ।
ਜਿਸ ਤਰਫ ਤੇਗ ਤੋਲ ਕੇ ਪਹੁੰਚੇ, ਭਗਾ ਦੀਆ।
ਏਕ ਏਕ ਲਾਖ ਲਾਖ ਸੇ ਮੈਦਾਨ ਮੇਂ ਲੜਾ।
ਜਿਸ ਥਾਂ ਪੈ ਸਿੰਘ ਅੜ ਗਏ, ਝੰਡਾ ਵਹਾਂ ਗੜਾ।
   ਜਦ ਸ਼ਾਹੀ ਫ਼ੌਜ਼ ਦੇ ਤੂਫਾਨੀ ਹਮਲੇ ਨੂੰ ਸਿੰਘ ਰੋਕਣ ਤੋਂ ਅਸਮਰੱਥ ਦਿੱਸੇ ਤਾਂ ਕਲਗੀਧਰ ਪਿਤਾ ਜੀ ਆਪ ਗੜ੍ਹੀ ਤੋਂ ਬਾਹਰ ਨਿਕਲ ਕੇ ਮੁਗਲ ਫੌਜਾਂ ‘ਤੇ ਇਉਂ ਝਪਟੇ, ਜਿਵੇਂ ਭੇਡਾਂ ਦੇ ਇੱਜੜ ‘ਤੇ ਸ਼ੇਰ ਆ ਪਏ। ਦਸਮ ਪਿਤਾ ਜੀ ਦੀ ਤਲਵਾਰ ਅੱਗੇ ਮੁਗਲ ਫੌਜਾਂ ਦੇ ਘਾਣ ਲੱਥ ਗਏ।ਗੁਰੂ ਜੀ ਨੇ ਐਸੀ ਤਲਵਾਰ ਵਾਹੀ ਕਿ ਚੁਫੇਰੇ ਕੁਰਲਾਹਟ ਮੱਚ ਗਈ।ਮੁਗਲ ਗੜ੍ਹੀ ਤੋਂ ਪਾਸੇ ਭੱਜਣ ਲੱਗੇ।ਕਵੀ ਜੋਗੀ ਜੀ ਦਸ਼ਮੇਸ਼ ਦੀ ਤਲਵਾਰ ਦੀ ਤਾਰੀਫ਼ ਕਰਦਾ ਲਿਖਦਾ ਹੈ-
ਕਿਸ ਮੁੰਹ ਸੇ ਕਰੂੰ ਤੇਗਿ ਖ਼ਮਦਾਰ ਕੀ ਤਾਰੀਫ਼ ।
ਗੋਬਿੰਦ ਕੀ ਬਖਸ਼ੀ ਹੂਈ ਤਲਵਾਰ ਕੀ ਤਾਰੀਫ਼ ।
ਕਹਤੇ ਥੇ ਅਦੂ ਬਰਕ ਹੈ ਤਲਵਾਰ ਨਹੀਂ ਹੈ।
ਇਸ ਕਾਟ ਕਾ ਦੇਖਾ ਕਭੀ ਹਥਿਆਰ ਨਹੀਂ ਹੈ।
ਤਲਵਾਰ ਵੁਹ ਖੂੰਖਾਰ ਥੀ ਤੋਬਾ ਹੀ ਭਲੀ ਹੈ।
ਲਾਖੋਂ ਕੀ ਹੀ ਜਾਂ ਲੈ ਕੇ ਬਲਾ ਸਰ ਸੇ ਟਲੀ ਹੈ।
ਪਲਟਨ ਪੈ ਗਿਰੀ ਕਾਟ ਦੀਆ ਪਲ ਮੇਂ ਰਸਾਲਾ ।
ਸਰ ਉਸਕਾ ਉਛਾਲਾ ਕਭੀ ਧੜ ਉਸਕਾ ਉਛਾਲਾ ।
ਤਲਵਾਰ ਸੀ ਤਲਵਾਰ ਥੀ ਕਿਆ ਜਾਨੀਏ ਕਿਆ ਥੀ।
ਖੂੰਖਾਰ ਥੀ ਖੂੰਖਾਰ ਥੀ ਆਫ਼ਤ ਥੀ ਬਲਾ ਥੀ।
   ਇਸ ਤਰ੍ਹਾਂ ਮੈਦਾਨੇ ਜੰਗ ਵਿੱਚ ਹਫੜਾ ਦਫੜੀ ਮੱਚ ਗਈ।ਸਿੰਘ ਮੁਗਲ ਫੌਜ ‘ਤੇ ਹਾਵੀ ਹੋ ਗਏ।ਗੁਰੂ ਜੀ ਫਿਰ ਵਾਪਸ ਗੜ੍ਹੀ ਵਿਚ ਆ ਗਏ ।ਕੁੱਝ ਚਿਰ ਬਾਅਦ ਸ਼ਾਹੀ ਫ਼ੌਜ਼ ਨੇ ਫਿਰ ਚਾਰ ਚੁਫੇਰਿਓਂ ਹਮਲਾ ਕਰ ਦਿੱਤਾ।ਗੜ੍ਹੀ ਤੋਂ ਬਾਹਰ ਘੋਰ ਸੰਗਰਾਮ ਹੋ ਰਿਹਾ ਸੀ।ਲੋਹੇ ਤੇ ਲੋਹਾ ਖੜਕ ਰਿਹਾ ਸੀ।ਸੈਂਕੜੇ ਲਾਸ਼ਾਂ ਮੈਦਾਨ ਵਿੱਚ ਪਾਈਆ ਸਨ।ਲਹੂ ਮਿੱਝ ਦਾ ਚਿੱਕੜ ਹੋ ਗਿਆ।’ਹਾਇ,ਹਾਇ’ ਦੇ ਰੌਲੇ ਨਾਲ ਅਸਮਾਨ ਗੂੰਜ ਰਿਹਾ ਸੀ।ਏਨਾ ਲਹੂ ਚਮਕੌਰ ਦੀ ਧਰਤੀ’ਤੇ ਡੁੱਲ੍ਹਿਆ ਕਿ ਧੂੜ ਵੀ ਉਡਣੋਂ ਬੰਦ ਹੋ ਗਈ।ਮੁਗਲ ਫੌਜਾਂ ਦੇ ਹਮਲੇ ਨੂੰ ਸਿੰਘਾਂਨੇ ਜਾਨਾਂ ਵਾਰ ਕੇ ਰੋਕਿਆ।ਨਵਾਬ ਵਜ਼ੀਰ ਖਾਂ ਨੇ ਫਿਰ ਗੜ੍ਹੀ ‘ਤੇ ਕਬਜ਼ਾ ਕਰਨ ਲਈ ਹਮਲਾ ਕੀਤਾ।ਇਸ ਹਮਲੇ ਦੀ ਕਮਾਂਡਿੰਗ ਹਦੈਤ ਖਾਂ, ਇਸਮਾਇਲ ਖਾਂ, ਅਨਵਰ ਖਾਂ, ਸੁਲਤਾਨ ਖਾਂ, ਭੂਰੇ ਖਾਂ ਆਦਿਕ ਜਰਨੈਲਾਂ ਨੇ ਸੰਭਾਲੀ।ਹਮਲਾਵਰ ਗੜ੍ਹੀ ਵੱਲ ਵਧੇ।ਹਰ ਕੋਈ ਜਾਣਦਾ ਸੀ ਕਿ ਏਡਾ ਵੱਡਾ ਹਮਲਾ ਰੋਕਣਾ ਅਸਾਨ ਕੰਮ ਨਹੀਂ, ਪਰ ਸਿੰਘਾਂ ਦੇ ਇਰਾਦਿਆਂ ਅੱਗੇ ਇਹ ਇੱਕ ਮਾਮੂਲੀ ਹਮਲਾ ਸੀ।ਇਸ ਹਮਲੇ ਨੂੰ ਰੋਕਣ ਲਈ ਗੁਰੂ ਜੀ ਨੇ ਆਪਣੇ ਜਿਗਰ ਦੇ ਟੁੱਕੜੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਚੁਣਿਆ ਤੇ ਕਿਹਾ-
    ਹੇ ਸੁਤ ! ਤੁਮ ਹਮਕੋ ਹੋ ਪਿਆਰੇ ।
     ਤੁਰਕ ਨਾਸ ਹਿਤ,ਤੁਮ ਤਨ ਧਾਰੇ।
       ਜੋ ਆਪਨੇ ਸਿਰ ਰਨ ਮੇਂ ਲਾਗੇ।
      ਤਾ ਕਰ ਨਾਸ ਮਲੇਸ਼ ਸੁ ਭਾਗੇ।
  ਅੱਗੋਂ ਅਜੀਤ ਸਿੰਘ ਬੋਲਿਆ-
   ਅਜੀਤ ਸਿੰਘ ਤਬ ਕਰ ਅਰਦਾਸਾ।
   ਕਹਯੋ: ਦੇਖੀਐ ਆਜ ਤਮਾਸ਼ਾ ।
        (ਗੁਰ ਬਿਲਾਸ ਪਾਤਸ਼ਾਹੀ-੧੦)
   ਅਜੀਤ ਸਿੰਘ ਜੰਗ ਲਈ ਤਿਆਰ ਹੋਇਆ।ਨਾਲ ਅੱਠ ਸਿੰਘ ਤਿਆਰ ਕੀਤੇ।ਉਸ ਵਕਤ ਅਜੀਤ ਸਿੰਘ ਦੀ ਉਮਰ ਅਠਾਰਾਂ ਕੁ ਵਰ੍ਹਿਆਂ ਦੀ ਸੀ।ਅਜੀਤ ਸਿੰਘ ਦੀ ਅਗਵਾਈ ਹੇਠ ਸਿੰਘਾਂਦੇ ਜਥੇ ਨੇ ਗੜ੍ਹੀ ‘ਚੋਂ ਬਾਹਰ ਨਿਕਲਦਿਆਂ ਹੀ ਜੈਕਾਰਾ ਛੱਡਿਆ।ਅਜੀਤ ਸਿੰਘ ਨੂੰ ਅੱਗੇ ਵਧਦਾ ਦੇਖ ਕੇ ਦੁਸ਼ਮਣ ਪਲ ਭਰ ਲਈ ਹੈਰਾਨ ਹੋਇਆ ਕਿਉਂਕਿ ਉਨ੍ਹਾਂ ਦੀਆਂ ਧਰਮ-ਪੁਸਤਕਾਂ ਵਿੱਚ ਕੋਈ ਐਸਾ ਬਾਪ ਮੌਜੂਦ ਨਹੀਂ ਸੀ, ਜੋ ਆਪਣੇ ਬੇਟੇ ਨੂੰ ਸ਼ਹੀਦ ਹੋਣ ਲਈ ਮੈਦਾਨੇ ਜੰਗ ਵਿੱਚ ਭੇਜੇ।ਫਿਰ ਮੁਗਲ ਫੌਜਾਂ ਨੇ ਅਜੀਤ ਸਿੰਘ ਨੂੰ ਚੁਫੇਰਿਓਂ ਘੇਰ ਲਿਆ।
    ਅਜੀਤ ਸਿੰਘ ਦੇ ਤਿੱਖੇ ਤੀਰਾਂ ਨੇ ਦੁਸ਼ਮਣ ਦੀਆਂ ਛਾਤੀਆਂ ਵਿੰਨ ਸੁੱਟੀਆਂ।ਸਾਹਿਬਜ਼ਾਦੇ ਨੇ ਲਲਕਾਰ ਕੇ ਕਿਹਾ ਕਿ ਜਿਨੂੰ ਲੜਨ ਮਰਨ ਦਾ ਚਾਅ ਏ, ਉਹ ਸਾਹਮਣੇ ਆਏ।ਕਵੀ ਸੈਨਾਪਤੀ ਦੇ ਸ਼ਬਦਾਂ ਅਨੁਸਾਰ-
ਕਰੀ ਅਵਾਜ਼ ਅਬ ਆਉ ਅਰਮਾਨ ਜਿਹ, ਸਕਲ ਦਲ ਦੇਖਿ ਦਉਰੇ ਅਪਾਰੋ।
ਘੇਰ ਚਹੁ ਦਿਸ ਲਿਯੋ ਆਨਿ ਤੁਰਕਾਨ ਨੇ, ਕਰਤ ਸੰਗਰਾਮ ਰਣਜੀਤ ਭਾਰੋ।
  ਕਈ ਸਾਹਮਣੇ ਆਏ, ਪਰ ਵਾਪਸ ਨਾ ਗਏ।ਅਜੀਤ ਸਿੰਘ ਐਸਾ ਲੜਿਆ  ਕਿ ਦੁਸ਼ਮਣ ‘ਖੁਦਾ!ਖੁਦਾ!’ ਕਰਨ ਲੱਗੇ।ਸ੍ਰੀ ਗੁਰੂ ਸੋਭਾ ਗ੍ਰੰਥ ਵਿੱਚ ਪੜ੍ਹੋ :
 ਲੇਤਿ ਪਰੋਇ ਪਠਾਨ ਕੋ ਸਭਹਨ ਸਾਂਗ ਦਿਖਲਾਏ।
ਦੇਖਤ ਹੀ ਸਭ ਕਰਤ ਹੈ : ਅਰੇ ਖੁਦਾਇ ਖੁਦਾਇ !
   ਬੇਸ਼ੱਕ ਮੁਗਲ ਸੈਨਾ ਦਾ ਹਮਲਾ ਸਿੰਘਾਂ ਨੇ ਜੰਮ ਕੇ ਰੋਕਿਆ, ਪਰ ਇਹ ਮੁਕਾਬਲਾ ਕੋਈ ਬਰਾਬਰ ਦਾ ਨਹੀਂ ਸੀ।ਸਗੋਂ ਗਿਣਤੀ ਦੇ ਨੌਂ ਸੂਰਮਿਆਂ ਨਾਲ ਬੇਓੜਕੀ ਫੌਜ ਦਾ ਮੁਕਾਬਲਾ ਕੁਦਰਤੀ ਅਸੂਲਾਂ ਦੇ ਵਿਰੁੱਧ ਸੀ।ਇੱਕ ਪਾਸੇ ਗਿਣਤੀ ਦੀਆਂ ਨੌਂ ਜਿੰਦਾਂ, ਗਿਣਤੀ ਦੇ ਤੀਰ ਹਥਿਆਰ ਆਦਿ, ਪਰ ਦੂਜੇ ਪਾਸੇ ਅਣਗਿਣਤ ਫ਼ੌਜ਼ਾਂ ! ਤੀਰ ਮੁੱਕੇ ਤੇ ਸਿੰਘਾਂ ਨੇ ਤਲਵਾਰਾਂਧੂਹ ਲਈਆਂ।ਅਜੀਤ ਸਿੰਘ ਸੂਰਮੇ ਕੋਲ ਨੇਜ਼ਾ ਸੀ, ਜਿਸ ਨਾਲ ਉਹ ਦੁਸ਼ਮਣ ‘ਤੇ ਵਾਰ ਕਰਦਾ ਸੀ।ਅਜੀਤ ਸਿੰਘ ਨੇ ਇੱਕ ਮੁਗਲ ਸਰਦਾਰ ਅਨਵਰ ਖਾਂ ਮਲੇਰਕੋਟਲੇ ਵਾਲਾ, ਜੀਹਦਾ ਸਾਰਾ ਸਰੀਰ ਲੋਹੇ ਦੀ ਸੰਜੋਅ ਨਾਲ ਢਕਿਆ ਹੋਇਆ ਸੀ, ਪਰ ਉਹਦੇ ਸਾਹਮਣੇ ਸ਼ਹਿਜ਼ਾਦਾ ਅਜੀਤ ਸਿੰਘ ਸਿਰਫ ਤਨ ਦੇ ਕੱਪੜਿਆਂਵਿੱਚ ਈ ਸੀ।ਉਹ ਦੋਵੇਂ ਸੂਰਮੇ ਇੱਕ ਦੂਜੇ,’ਤੇ ਵਾਰ ਕਰ ਰਹੇ ਸੀ।ਸ਼ਹਿਜ਼ਾਦਾ ਅਜੀਤ ਸਿੰਘ ਤੇਜੀ ਨਾਲ ਸੋਚ ਰਿਹਾ ਸੀ ਕਿ ਲੋਹੇ ਵਿੱਚ ਮੜ੍ਹੇ ਅਨਵਰ ਖਾਂ ਦੇ ਵਾਰ ਕਿੱਥੇ ਕੀਤਾ ਜਾਏ ? ਪਰ ਅਨਵਰ ਖਾਂ ਦਾ ਸਾਰਾ ਸਰੀਰ ਲੋਹੇ ਨਾਲ ਢਕਿਆ ਹੋਇਆ ਸੀ।ਸਾਹਿਬਜ਼ਾਦੇ ਅਜੀਤ ਸਿੰਘ ਨੇ ਰਕਾਬਾਂ ‘ਤੇ ਖੜ੍ਹੇ ਹੋ ਕੇ, ਪੂਰੇ ਜ਼ੋਰ ਨਾਲ ਨੇਜ਼ਾ ਅਨਵਰ ਖਾਂ ਜੀ ਛਾਤੀ ਵਿੱਚ ਮਾਰਿਆ, ਜਿਹੜਾ ਲੋਹੇ ਦੀ ਸੰਜੋਅ ਨੂੰ ਪਾੜ ਕੇ ਛਾਤੀ ਵਿੱਚ ਜਾ ਧਸਿਆ।ਨੇਜ਼ਾ ਵਾਪਸ ਖਿੱਚਿਆ ਤਾ ਨੇਜ਼ੇ ਦੀ ਅਣੀ ਮੁੜ ਗਈ।ਨੇਜ਼ਾ ਛਾਤੀ ਵਿੱਚ ਖੁੱਭਿਆ ਰਿਹਾ।ਨੇਜ਼ੇ ਦੀ ਫਾਲ ਅਨਵਰ ਖਾਂ ਦੀ ਛਾਤੀ ਵਿੱਚ ਰਹਿ ਗਈ ਤੇ ਡਾਂਗ ਅਜੀਤ ਸਿੰਘ ਦੇ ਹੱਥ ਵਿੱਚ! ਫਿਰ ਉਸ ਸ੍ਰੀ ਸਾਹਿਬ ਸੰਭਾਲ ਲਈ।ਲੜਦੇ-ਲੜਦੇ ਅੱਠ ਸਿੰਘ ਸ਼ਹੀਦ ਹੋ ਗਏ, ਪਰ ਅਜੀਤ ਸਿੰਘ ਇਕੱਲਾਹੀ ਲੜਦਾ ਰਿਹਾ।ਇਕ ਮੁਗਲ ਸਰਦਾਰ ਨੇ ਨੇਜ਼ਾ ਮਾਰਿਆ।ਅਜੀਤ ਸਿੰਘ ਨੇ ਵਾਰ ਬਚਾਇਆ, ਪਰ ਘੋੜਾ ਜਖ਼ਮੀ ਹੋ ਗਿਆ।ਫਿਰ ਸਾਹਿਬਜ਼ਾਦਾ ਅਜੀਤ ਸਿੰਘ ਪੈਦਲ ਹੋ ਕੇ ਤਲਵਾਰ ਦੇ ਕ੍ਰਿਸ਼ਮੇ ਦਿਖਾਉਣ ਲੱਗੇ।ਅਜੀਤ ਸਿੰਘ ਦੀ ਚੱਲਦੀ ਤਲਵਾਰ ਦੀ ਤਾਰੀਫ਼ ਕਵੀ ਸੈਨਾਪਤੀ ਇੰਝ ਕਰਦਾ ਏ-
ਟੂਟ ਕੇ ਸਾਂਗ ਦੁਇ ਟੂਕ ਹੁਇ ਭੁਈ ਪਰੀ, ਗਹੀ ਤਲਵਾਰ ਦਲ ਦਲ ਬਹੁਤ ਮਾਰੇ।
ਏਕ ਕੇ ਸੀਸ ਧਰਿ ਦੁਇ ਟੁਕਰੇ ਕਰੇ, ਦੁਇ ਕੇ ਸੀਸ ਧਰਤ ਕਰਤ ਚਾਰੇ।
ਭਾਂਤਿ ਇਹ ਪੂਰ ਪਰਵਾਹ ਦੀਨੇ ਕਈ, ਰਕਤ ਦਰਿਆਉ ਮੇ ਪਰੇ ਸਾਰੇ।
   ਅਜੀਤ ਸਿੰਘ ਨੂੰ ਇਕੱਲਾ ਲੜਦਾ ਤੱਕ ਕੇ, ਸ਼ਾਹੀ ਸੈਨਾ ਇੱਕੇ ਵਾਰ ਆ ਪਈ। ਹਰ ਇੱਕ ਫੌਜੀ ਦਾ ਇੱਛਾ ਸੀ ਕਿ ਸਹਿਜ਼ਾਦਾ ਅਜੀਤ ਸਿੰਘ ਉਸ ਦੇ ਵਾਰ ਨਾਲ ਮਰੇ। ਹਰ ਕੋਈ ਸਹਿਜ਼ਾਦੇ ਦੀ ਮੌਤ ਆਪਣੇ ਨਾਂ ਲਿਖਣਾ ਚਾਹੁੰਦਾ ਸੀ। ਸਹਿਜ਼ਾਦਾ ਅਜੀਤ ਸਿੰਘ ਸ਼ਾਹੀ ਫੌਜੀ ਦੇ ਵਿਚਕਾਰ ਘਿਰ ਚੁੱਕਾ ਸੀ। ਚੁਫੇਰਿਓਂ ਵਾਰ ਹੋ ਰਹੇ ਸੀ। ਸਹਿਜ਼ਾਦਾ ਅਜੀਤ ਸਿੰਘ ਦੀ ਤਲਵਾਰ ਖੁੰਢੀ ਹੋ ਗਈ, ਪਰ ਲੜਣ ਦਾ ਚਾਅ ਮੱਠਾ ਨਹੀਂ ਸੀ ਹੋਇਆ। ਅਚਾਨਕ ਪਿੱਛੋਂ ਇੱਕ ਵਾਰ ਹੋਇਆ। ਪਿੱਛੋਂ ਵਾਰ ਕਰਨ ਵਾਲਾ ਸਈਅਦ ਜਲਾਲੂਦੀਨ ਦਾ ਪੁੱਤਰ ਸੀ, ਉਸ ਦਾ ਨੇਜ਼ਾ ਅਜੀਤ ਸਿੰਘ ਦੀ ਛਾਤੀ ‘ਚੌਂ  ਪਾਰ ਨਿਕਲ ਗਿਆ। ਚੁਫੇਰਿਓਂ ਹੋਏ ਅਣਗਿਣਤ ਵਾਰਾਂ ਨਾਲ ਅਜੀਤ ਸਿੰਘ ਸ਼ਹੀਦ ਹੋ ਗਿਆ।
    ਇਤਿਹਾਸ ਦੱਸਦਾ ਏ ਕਿ ਅਜੀਤ ਸਿੰਘ ਦੇ ਜਿਸਮ ‘ਤੇ 300 ਤੋਂ ਵੱਧ ਫੱਟ (ਜਖ਼ਮ) ਸਨ।
    ਦਸਮ ਪਿਤਾ ਜੀ ਇਹ ਯੁੱਧ ਅੱਖੀਂ ਦੇਖ ਰਹੇ ਸੀ। ਸਾਹਿਬਜ਼ਾਦੇ ਅਜੀਤ ਸਿੰਘ ਦੀ ਸ਼ਹਾਦਤ ਹੋਈ ਦੇਖਕੇ ; ਗੁਰੂ ਜੀ ਅਫਸੋਸ ਨਹੀਂ ਕਰਦੇ। ਅੱਖਾਂ ‘ਚੌਂ  ਹੰਝੂ ਨਹੀਂ ਕਰਦੇ। ਦੁੱਖ ਨਹੀਂ ਮਨਾਉਂਦੇ। ਆਪਣੇ ਉਦੇਸ਼ ਦਾ ਤਿਆਗ ਨਹੀਂ ਕਰਦੇ। ਸਗੋਂ ਅਕਾਲ ਪੁਰਖ ਦਾ ਸ਼ੁਕਰ ਕਰਦੇ ਹੋਏ ਜੈਕਾਰਾ ਛੱਡਿਆ ਤੇ ਫੁਰਮਾਇਆ-
 ਪੀਓ ਪਿਆਲਾ ਪੇੑਮ ਕਾ, ਭਯੋ ਸੁਮਨ ਅਵਤਾਰ।
 ਆਜ ਖਾਸ ਭਏ ਖਾਲਸਾ, ਸਤਿਕਾਰ ਕੇ ਦਰਬਾਰ।
     ਪਾਠਕ ਜੀ! ਤੁਸੀਂ ਰੁਸਤਮ ਦੀ ਕਹਾਣੀ ਪੜੵੀ  ਹੋਵੇਗੀ ਕਿ ਜਦੋਂ ਉਸ ਗਲਤੀ ਨਾਲ ਆਪਣੇ ਪੁੱਤਰ ਨੂੰ ਕਤਲ ਕਰ ਦਿੱਤਾ ਸੀ। ਪਿੱਛੋਂ ਪਤਾ ਲੱਗਣ ‘ਤੇ ਰੁਸਤਮ ਕਿਵੇਂ ਰੋਂਦਾ ਤੇ ਪਛਤਾਉਂਦਾ ਹੋਇਆ ਗਸ਼ਾਂ ਖਾ-ਖਾ ਕੇ ਡਿੱਗਦਾ ਸੀ। ਨੈਪੋਲੀਅਨ ਜਿਹਾ ਬਹਾਦਰ ਜਰਨੈਲ ਵੀ ਰੂਸ ਦੀ ਲੜਾਈ ਵਿੱਚ ਆਪਣੇ ਇੱਕ ਬਹਾਦਰ ਜਨਰਲ ਦੀ ਮੌਤ ‘ਤੇ ਵੈਣ ਪਾਉਂਦਾ ਤੇ ਹੰਝੂ ਕੇਰਦਾ ਰਿਹਾ। ਮਹਾਂਭਾਰਤ ਦੇ ਯੁੱਧ ਵਿੱਚ ਅਭਿਮੰਨਿਊ ਦੀ ਮੌਤ ਦੇਖ ਕੇ ਅਰਜਨ ਨੇ ਆਪਣਾ ਧਨੁੱਖ ਸੁੱਟ ਦਿੱਤਾ ਤੇ ਕਿੑਸ਼ਨ ਦੇ ਗਲ ਲੱਗ ਕੇ ਰੋ ਰਿਹਾ ਸੀ।ਕੌਰਵ ਸੈਨਾ ਦੇ ਸੈਨਾਪਤੀ ਦਰੋਣਾਚਾਰੀਆ ਦੀ ਮੌਤ ‘ਤੇ ਦੁਰਯੋਧਨ ਧਾਹਾਂ ਮਾਰ ਕੇ ਰੋਇਆ।ਰਾਵਣ ਨਾਲ ਹੋਏ ਲੰਕਾ ਯੁੱਧ ਵਿੱਚ ਜਦ ਲਛਮਣ ਮੂਰਛਿਤ ਹੋ ਗਿਆ ਤਾਂ ਸ੍ਰੀ ਰਾਮ ਚੰਦਰ ਜੀ ਰੋਂਦੇ ਚੁੱਪ ਨਹੀਂ ਸੀ ਕਰਦਾ ਤੇ ਹਨੂੰਮਾਨ ਨੂੰ ਵਿੰਧਿਆਚਲ ਪਹਾੜ ਤੋਂ ਸੰਜੀਵਨੀ ਬੂਟੀ ਲਿਆਉਣ ਲਈ ਤਰਲੇ ਕਰਦਾ ਰਿਹਾ, ਪਰ ਧੰਨ ਸੀ ਗੁਰੂ ਗੋਬਿੰਦ ਸਿੰਘ ਜੀ! ਜੋ ਵੱਡੇ ਪੁੱਤਰ ਦੀ ਸ਼ਹਾਦਤ  ‘ਤੇ ਜੈਕਾਰੇ ਛੱਡਦਾ ਏ ਤੇ ਵਾਹਿਗੁਰੂ ਦਾ ਧੰਨਵਾਦ ਕਰਦਾ ਏ।ਅੱਲ੍ਹਾ ਯਾਰ ਖਾਂ ਜੋਗੀ ਜੀ ਬਹੁਤ ਖੂਬਸੂਰਤ ਟੂਕ ਦਿੰਦੇ ਹਨ-
ਬੇਟੇ ਕੇ ਕਤਲ ਕੀ ਪਹੁੰਚੀ ਜੂੰ ਹੀ ਖਬਰ ।
ਜਾਨਾ ਕਿ ਬਾਪ ਨੇ ਹੂਆ ਕਤਲ ਵੁਹ ਪਿਸਰ।
ਸ਼ੁਕਰ ਅਕਾਲ ਕਾ ਕੀਆ ਝਟ ਉਠਾ ਕੇ ਸਰ।
ਔਰ ਅਰਜ਼ ਕੀ ਕਿ ਬੰਦਾ ਪੈ ਕਿਰਪਾ ਕੀ ਕਰ ਨਜਰ।
ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ।
ਬੇਟੇ ਕੀ ਜਾਨ ਧਰਮ ਕੀ ਖਾਤਰ ਫਿਦਾ ਹੂਈ।
   ਅਜੀਤ ਸਿੰਘ ਦੇ ਸ਼ਹੀਦ ਹੋਣ ਤੋਂ ਬਾਅਦ ਸਾਹਿਬਜ਼ਾਦੇ ਜੁਝਾਰ ਸਿੰਘ ਨੂੰ ਵੀ ਚਾਅ ਚੜ੍ਹਿਆ।ਜੋਸ਼ ਨੇ ਉਬਾਲਾ ਖਾਧਾ।ਜੁਝਾਰ ਸਿੰਘ ਗੁਰੂ ਪਿਤਾ ਜੀ ਕੋਲ ਆਏ ਤੇ ਸ਼ਹਾਦਤ ਪ੍ਰਾਪਤ ਕਰਨ ਲਈ ਆਪਾ ਪੇਸ਼ ਕੀਤਾ।ਗੁਰੂ ਪਿਤਾ ਜੀ ਨੇ ਜੁਝਾਰ ਸਿੰਘ ਦਾ ਮੱਥਾ ਚੁੰਮਿਆ ।ਘੁੱਟ ਕੇ ਛਾਤੀ ਨਾਲ ਲਾਇਆ ਤੇ ਆਖਿਆ: ‘ ਜਾਓ, ਮੇਰੇ ਲਾਲ ! ਸੂਰਮੇ ਦਾ ਕਰਮ ਧਰਮ ਯੁੱਧ ਵਿੱਚ ਰੰਗ ਮਚਾਉਣਾ ਏਂ। ਧਰਮ ਲਈ ਮਰਨ ਵਾਲੇ ਬੰਦਿਆਂ ਦੀ ਏਥੇ ਉਸਤਤਿ ਤੇ ਦਰਗਾਹ ਵਿੱਚ ਮਾਨ ਸੁੱਖ ਮਿਲਦਾ ਹੈ।’ ਜੋਗੀ ਜੀ ਦੇ ਸ਼ਬਦਾਂ ਅਨੁਸਾਰ-
ਮਰਨੇ ਸੇ ਕਿਸੀ ਯਾਰ ਕੋ ਹਮ ਨੇ ਨਹੀਂ ਰੋਕਾ।
ਫਰਜ਼ੰਦ ਇ ਵਫ਼ਾਦਾਰ ਕੋ ਹਮ ਨੇ ਨਹੀਂ ਰੋਕਾ।
ਤੁਮ ਕੋ ਭੀ ਇਸੀ ਰਾਹ ਪੇ ਕੁਰਬਾਨ ਕਰੇਂਗੇ।
ਸਦ ਸ਼ੁਕਰ ਹੈ ਹਮ ਭੀ ਕਭੀ ਖੰਜਰ ਸੇ ਮਰੇਂਗੇ।
  ਗੁਰੂ ਪਿਤਾ ਜੀ ਤੋਂ ਹੁਕਮ ਸੁਣ ਕੇ, ਸਾਹਿਬਜ਼ਾਦਾ ਜੁਝਾਰ ਸਿੰਘ ਕਿਸੇ ਅਗੰਮੀ ਜੋਸ਼ ਦੀ ਧਾਰਾ ਵਿੱਚ ਵਹਿ ਕੇ ਬੋਲਿਆ-
ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈ ਆਤਾ।
ਖੁਦ ਬੜ ਕੇ ਗਲਾ ਤੇਗ ਪੇ ਧਰਨਾ ਤੋ ਹੈ ਆਤਾ।
ਰੋਕੇ ਸੇ ਕਭੀ ਸ਼ੇਰ ਕਾ ਬੱਚਾ ਭੀ ਰੁਕਾ ਹੈ ?
ਝੂਠੇ ਤੋ ਰੁਕੇਂ ਕਿਆ ਕੋਈ ਸੱਚਾ ਭੀ ਰੁਕਾ ਹੈ?
ਪਤਝੜ ਮੇ ਸਮਰ ਸ਼ਾਖ ਪੈ ਕੱਚਾ ਭੀ ਰੁਕਾ ਹੈ?
ਸਰ ਦੇਨੇ ਸੇ ਰੱਬ ਕੋ ਕੋਈ ਅੱਛਾ ਭੀ ਰੁਕਾ ਹੈ?
   ਸਾਹਿਬਜ਼ਾਦਾ ਜੁਝਾਰ ਸਿੰਘ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਜੰਗ ਕਰਨ ਜਾ ਰਿਹਾ ਸੀ।ਸਾਹਿਬਜ਼ਾਦਾ ਅਜੀਤ ਸਿੰਘ ਤਾਂ ਪਹਿਲਾਂ ਵੀ ਤਿੰਨ ਜੰਗਾਂ ਲੜ ਚੁੱਕਾ ਸੀ ।ਰੋਪੜ ਦੇ ਪਠਾਣਾਂ ਨੂੰ ਸੋਧ ਕੇ ਪੰਡਿਤ ਜਾਨਕੀ ਦਾਸ ਦੀ ਕੁੜੀ ਛਡਵਾ ਕੇ ਲਿਆਇਆ ਸੀ।ਇਹ ਜੰਗ ਅਜੀਤ ਸਿੰਘ ਦੀ ਅਗਵਾਈ ਹੇਠ ਹੋਈ।ਪਰ ਸਾਹਿਬਜ਼ਾਦਾ ਜੁਝਾਰ ਸਿੰਘ ਅੱਜ ਪਹਿਲੀ ਵਾਰ ਮੈਦਾਨੇ ਜੰਗ ਵਿੱਚ ਪੈਰ ਧਰ ਰਿਹਾ ਸੀ।ਨਾਜਾਂ ਤੇ ਲਾਡਾਂ ਨਾਲ ਪਲੇ ਸ਼ਹਿਜ਼ਾਦੇ ਨੂੰ ਗੁਰੂ ਪਿਤਾ ਜੀ ਨੇ ਆਪਣੇ ਕੋਲੋਂ ਇਕ ਖੰਜਰ ਦੇਂਦੇ ਹੋਏ ਹਦਾਇਤ ਕੀਤੀ-
ਹਮ ਦੇਤੇ ਹੈਂ ਖੰਜਰ ਉਸੇ ਸ਼ਮਸ਼ੀਰ ਸਮਝਨਾ।
ਨੇਜ਼ੋਂ ਕੀ ਜਗ੍ਹਾ ਦਾਦਾ ਕਾ ਤੀਰ ਸਮਝਨਾ।
ਜਿਤਨੇ ਮਰੇ ਉਸ ਸੇ ਉਨ੍ਹੇ ਬੇਪੀਰ ਸਮਝਨਾ।
ਜਖ਼ਮ ਆਏ ਤੋ ਹੋਨਾ ਨਹੀਂ ਦਿਲਗੀਰ ਸਮਝਨਾ।
ਜਬ ਤੀਰ ਕਲੇਜੇ ਮੇਂ ਲਗੇ ‘ਸੀ’ ਨਹੀਂ ਕਰਨਾ ।
ਉਫ! ਮੂੰਹ ਸੇ ਮਿਰੀ ਜਾਂ ਕਭੀ ਭੀ ਨਹੀਂ ਕਰਨਾ ।
   ਕਵੀ ਕਰਤਾਰ ਸਿੰਘ ਬਲੱਗਣ ਨੇ ਵੀ ਬੜੀਆ ਸੋਹਣੀਆਂ ਸਤਰਾਂ ਲਿਖੀਆਂ ਨੇ-
ਮੇਰੇ ਲਾਲਾਂ ਤੋਂ ਮਹਿੰਗਿਆ ਮੋਤੀਆ ਓਏ !
ਆਬ ਤੇਰੇ ‘ਤੇ ਨਵੀਂ ਚੜ੍ਹਾਣ ਲੱਗਾ ।
ਮੇਰੇ ਦੁੱਧਾਂ ਦੇ ਪਾਲਿਆ ਮੱਖਣਾ ਓਏ !
ਤੈਨੂੰ ਪੱਥਰਾਂ ਨਾਲ ਟਕਰਾਣ ਲੱਗਾ ।
ਚੰਦਰਮਾ ਤੋਂ ਚਿੱਟਿਆ ਚਾਨਣਾ ਓਏ !
ਤੈਨੂੰ ਤੇਗਾਂ ਦੇ ਸਾਏ ਚਮਕਾਣ ਲੱਗਾ ।
ਮੇਰੇ ਸਿਹਰਿਆਂ ਵਾਲਿਆ, ਬਿਨਾਂ ਸਾਹਿਓਂ,
ਤੈਨੂੰ ਮੌਤ ਦੇ ਨਾਲ ਪਰਨਾਣ ਲੱਗਾ ।
   ਗੁਰੂ ਪਿਤਾ ਜੀ ਨੇ ਜੁਝਾਰ ਸਿੰਘ ਦੇ ਨਾਲ ਆਪਣੇ ਪਿਆਰੇ ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ ਤੇ ਤਿੰਨ ਹੋਰ ਸਿੰਘਾਂ ਦੇ ਜਥੇ ਨਾਲ ਜੁਝਾਰ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ।ਸਾਹਿਬਜ਼ਾਦੇ ਦੀ ਉਸ ਵਕਤ ਉਮਰ ਕੇਵਲ 14 ਸਾਲ 8 ਮਹੀਨੇ ਤੇ 17 ਦਿਨ ਸੀ।ਮੈਦਾਨ ਵਿੱਚ ਆਉਣ ਸਾਰ ਤਰਥੱਲ ਮੱਚ ਗਿਆ।ਦੁਵੱਲੀ ਵਾਰ ਹੋਣ ਲੱਗੇ।ਲੋਥਾਂ ਡਿੱਗਣ ਲੱਗੀਆਂ। ਸ਼ਾਹੀ ਫ਼ੌਜ਼ ਨੇ ਛੇ ਜਿੰਦਾਂ ਨੂੰ ਘੇਰ ਲਿਆ। ਛੇ ਸੂਰਮੇ ਤਨੋਂ ਮਨੋਂ ਹੋ ਕੇ ਲੜਨ ਲੱਗੇ।ਉਨ੍ਹਾਂ ਦੇ ਮਨਾਂ ਵਿੱਚ ਕੋਈ ਲੋਭ-ਲਾਲਚ, ਵੈਰ, ਈਰਖਾ ਆਦਿ ਨਹੀਂ ਸੀ।ਉਹ ਤਾਂ ਸਿਰਫ ਭਾਰਤ ਵਿੱਚੋਂ ਜ਼ੁਲਮ ਦਾ ਖਾਤਮਾ ਕਰਨ ਲਈ ਜਾਨਾਂ ਹੂਲ ਕੇ ਯੁੱਧ ਕਰ ਰਹੇ ਸਨ।ਦਿਨ ਦਾ ਅਖੀਰਲਾ ਪਹਿਰ ਬੀਤ ਰਿਹਾ ਸੀ।ਜਦ ਮੁਗਲਾਂ ਨੇ ਸ਼ਹਿਜਾਦੇ ਨੂੰ ਘੇਰੇ ਵਿੱਚ ਲੈ ਲਿਆ ਤਾਂ ਗੁਰੂ ਪਿਤਾ ਜੀ ਨੇ ਗੜ੍ਹੀ ਵਿਚੋਂ ਤੀਰਾਂ ਦੀ ਬੁਛਾੜ ਸ਼ੁਰੂ ਕਰ ਦਿੱਤੀ। ਪਿਤਾ ਗੁਰੂ ਜੀ ਦੇ ਤੀਰਾਂ ਦੀ ਛਾਂ ਹੇਠ ਜੁਝਾਰ ਸਿੰਘ ਲੜਦਾ ਰਿਹਾ ਤੇ ਸੈਨਾ ਦੇ ਆਹੂ ਲਾਹੁੰਦਾ ਰਿਹਾ।ਇਕ-ਇਕ ਕਰਕੇ ਸਿੰਘ ਸ਼ਹੀਦ ਹੁੰਦੇ ਗਏ।ਉਨ੍ਹਾਂ ਯੋਧਿਆਂ ਨੇ ਦੱਸ ਦਿੱਤਾ ਸੀ ਕਿ ਇੱਕ ਇੱਕ ਸਿੰਘ ਸਵਾ-ਸਵਾ ਲੱਖ ਨਾਲ ਮੁਕਾਬਲਾ ਕਰ ਸਕਦਾ ਹੈ।
     ਜੁਝਾਰ ਸਿੰਘ ਲੜਦਾ-ਲੜਦਾ ਉਸ ਜਗ੍ਹਾ ‘ਤੇ ਪਹੁੰਚ ਗਿਆ, ਜਿਥੇ ਵੱਡੇ ਭਰਾ ਅਜੀਤ ਸਿੰਘ ਦੀ ਲਾਸ਼ ਪਈ ਸੀ।ਉਸ ਥਾਂ ‘ਤੇ ਅਚਾਨਕ ਇੱਕ ਤੀਰ ਜੁਝਾਰ ਸਿੰਘ ਦੀ ਛਾਤੀ ਵਿੱਚ ਆ ਕੇ ਵੱਜਾ।ਜਿਵੇਂ ਤਾਜ਼ੇ ਖਿੜੇ ਗੁਲਾਬ ਦੀਆਂ ਪੱਤੀਆਂ ਨੂੰ ਕੋਈ ਕੰਡਾ ਪਾੜ ਸੁੱਟਦਾ ਏ, ਤਿਵੇਂ ਜੁਝਾਰ ਸਿੰਘ ਦਾ ਦਿਲ ਤੀਰ ਨਾਲ ਚੀਰਿਆ ਗਿਆ। ਕਵੀ ਅੱਲ੍ਹਾ ਯਾਰ ਖਾਂ ਲਿਖਦਾ ਹੈ-
ਇਤਨੇ ਮੇਂ ਖਦੰਗ ਆ ਕੇ ਲਗਾ ਹਾਇ ਜਿਗਰ ਮੇਂ।
ਥਾ ਤੀਰ ਕਲੇਜੇ ਮੇਂ ਯਾ ਕਾਂਟਾ ਗੁਲਿ ਤਰ ਮੇਂ।
ਤਾਰੀਕ ਜ਼ਮਾਨਾ ਹੂਆ ਸਤਿਗੁਰ ਕੀ ਨਜ਼ਰ ਮੇਂ।
ਤੂਫਾਨ ਉਠਾ,ਖਾਕ ਉੜੀ,ਬਹਰ ਮੇਂ, ਬਰ ਮੇਂ।
     ਇਸ ਤਰ੍ਹਾਂ ਸੈਆਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਕੇ ਬਹਾਦਰ ਯੋਧਾ ਜੁਝਾਰ ਸਿੰਘ ਸ਼ਹੀਦ ਹੋ ਗਿਆ।ਗੁਰੂ ਪਿਤਾ ਜੀ ਨੇ ਜੈਕਾਰਾ ਛੱਡ ਕੇ, ਵਾਹਿਗੁਰੂ ਦਾ ਸ਼ੁਕਰ ਕੀਤਾ। ਇਧਰ ਜੁਝਾਰ ਸਿੰਘ ਸ਼ਹੀਦੀ ਪਾ ਗਿਆ, ਓਧਰ ਸੂਰਜ ਸਾਰੇ ਦਿਨ ਦੀ ਡਿਊਟੀ ਪੂਰੀ ਕਰ ਕੇ ਮੂੰਹ ਛੁਪਾ ਗਿਆ।ਇਹ ਯੁੱਧ ਪਿਆਰੇ ਮੋਹਕਮ ਸਿੰਘ ਦੀ ਸ਼ਹੀਦੀ ਤੋਂ ਸ਼ੁਰੂ ਹੋਇਆ ਸੀ ਤੇ ਸਾਹਿਬਜ਼ਾਦੇ ਜੁਝਾਰ ਸਿੰਘ ਦੀ ਸ਼ਹੀਦੀ ਨਾਲ ਸਮਾਪਤ ਹੋ ਗਿਆ।
    ਚਮਕੌਰ ਬਾਰੇ ਜੋਗੀ ਅੱਲ੍ਹਾ ਯਾਰ ਖਾਂ ਲਿਖਦਾ ਹੈ: ” ਅਗਰ ਕਿਸੇ ਨੇ ਤੀਰਥ ਯਾਤਰਾ ਕਰਨੀ ਏਂ ਤਾਂ ਚਮਕੌਰ ਦੀ ਕਰੋ ਕਿਉਂਕਿ ਇਸ ਥਾਂ ‘ਤੇ ਦਸ਼ਮੇਸ਼ ਪਿਤਾ ਜੀ ਨੇ ਧਰਮ, ਦੇਸ਼ ਤੇ ਕੌਮ ਲਈ ਆਪਣੇ ਦੋ ਵੱਡੇ ਪੁੱਤਰ ਕੁਰਬਾਨ ਕਰ ਦਿੱਤੇ ਸੀ।”
     ਹਿੰਦੁਸਤਾਨ ਵਿੱਚ ਇੱਕ ਹੀ ਤੀਰਥ ਹੈ, ਉਹ ਹੈ ਚਮਕੌਰ ਸਾਹਿਬ!
ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ।
ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ।
ਚਮਕ ਹੈ ਮਹਰ ਕੀ ਚਮਕੌਰ! ਤੇਰੇ ਜ਼ਰਰੋਂ ਮੈਂ,
ਯਹੀਂ ਸੇ ਬਨ ਕੇ ਸਤਾਰੇ ਗਏ ਅਸਮਾਂ ਕੇ ਲੀਏ।
 ਸੁਖਦੇਵ ਸਿੰਘ ਭੁੱਲੜ 
  ਸੁਰਜੀਤ ਪੁਰਾ ਬਠਿੰਡਾ 
   94170-46117

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰ ਰੁੱਤ ਦੇ ਆਪਣੇ ਨਜ਼ਾਰੇ
Next articleਬਿਨਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ