ਤਰਕਸ਼ੀਲਾਂ ਵੱਲੋਂ ਮਹਿਲਾ ਦੀ ਬਲੀ ਦੇਣ ਲਈ ਉਕਸਾਉਣ ਵਾਲੇ ਤਾਂਤ੍ਰਿਕ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਅਤੇ ਤਾਂਤ੍ਰਿਕਾਂ ਦੇ ਅੱਡੇ ਬੰਦ ਕਰਨ ਦੀ ਮੰਗ

ਮਾਸਟਰ ਪਰਮਵੇਦ (ਸਮਾਜ ਵੀਕਲੀ) : ਬੀਤੇ ਦਿਨੀ ਇੱਕ ਅਖੌਤੀ ਤਾਂਤਰਿਕ ਵੱਲੋਂ ਪਿੰਡ ਫ਼ਿਰੋਜ਼ਪੁਰ (ਫਤਿਹਗੜ੍ਹ ਸਾਹਿਬ) ਦੇ ਦੋ ਵਿਅਕਤੀਆਂ ਨੂੰ ਅਮੀਰ ਬਣਨ ਲਈ ਜਾਦੂ ਟੂਣੇ ਵਜੋਂ ਕਿਸੇ ਔਰਤ ਦੀ ‘ਮਨੁੱਖੀ ਬਲੀ’ ਦੇਣ ਲਈ ਉਕਸਾਇਆ ਗਿਆ ਸੀ।ਇਸ ਬਲੀ ਦੇ ਕੰਮ ਨੂੰ ਪੂਰਾ ਕਰਨ ਲਈ ਉਹਨਾਂ ਵੱਲੋਂ ਆਪਣੇ ਦੋਸਤ ਦੀ ਮਾਤਾ ਨੂੰ ਤਾਂਤ੍ਰਿਕ ਕੋਲ ਮੱਥਾ ਟੇਕਣ ਦੇ ਬਹਾਨੇ ਬੁਲਾਇਆ ਅਤੇ ਦੋਵੇਂ ਵਿਅਕਤੀ ਉਸ ਦਾ ਕਤਲ ਕਰਨ ਲਈ ਪਿੰਡ ਦੀ ਇੱਕ ਸੁੰਨਸਾਨ ਜਗ੍ਹਾ ਲਿਜਾ ਕੇ ਦਾਤਰੀ ਨਾਲ ਹਮਲਾ ਕਰ ਦਿੱਤਾ। ਇਸ ਨਾਲ ਔਰਤ ਦੀ ਗਰਦਨ ਅਤੇ ਸਰੀਰ ਦੇ ਹੋਰ ਅੰਗਾਂ ਤੇ ਗੰਭੀਰ ਸੱਟਾਂ ਲੱਗੀਆਂ। ਪੁਲੀਸ ਨੇ ਭਾਵੇਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਾਂਚ ਕੀਤੀ ਜਾ ਰਹੀ ਹੈ ਪਰ ਤਾਂਤਰਿਕ ਕਿੱਥੇ ਹੈ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਅਨੁਸਾਰ ਵਰਤੀ ਗਈ ਦਾਤਰੀ ਅਤੇ ਮੋਟਰ ਸਾਈਕਲ ਪੁਲਿਸ ਨੇ ਬਰਾਮਦ ਕਰ ਲਏ ਹਨ।ਔਰਤ ਪੀ ਜੀ ਆਈ ਚੰਡੀਗੜ੍ਹ ਇਲਾਜ ਅਧੀਨ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਨੇ ਇਸ ਘਟਨਾ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਹੈ।

ਤਰਕਸ਼ੀਲ ਸੁਸਾਇਟੀ ਪੰਜਾਬ ਭੋਲੇ ਭਾਲੇ ਲੋਕਾਂ ਨੂੰ ਅਜਿਹੇ ਤਾਂਤ੍ਰਿਕਾਂ /ਅਖੌਤੀ ਸਿਆਣਿਆਂ/ਜੋਤਸ਼ੀਆਂ ਆਦਿ ਦੀ ਚੁੰਗਲ ‘ਚੋਂ ਬਚਾਉਣ ਲਈ ਲਗਾਤਾਰ ਯਤਨਸੀਲ ਹੈ, ਪਰ ਫਿਰ ਵੀ ਕੁੱਝ ਲੋਕ ਇਹਨਾਂ ਢੌਂਗੀਆਂ ਦੇ ਭਰਮ ਜਾਲ ਵਿੱਚ ਫਸਕੇ ਆਪਣੇ ਘਰ ਬਰਬਾਦ ਕਰ ਰਹੇ ਹਨ। ਅਜੇ ਮਹੀਨਾ ਕੁ ਪਹਿਲਾਂ ਹੀ ਤਰਕਸ਼ੀਲ ਸੁਸਾਇਟੀ ਵੱਲੋਂ ਹਰ ਤਰ੍ਹਾਂ ਦੀਆਂ ਗ਼ੈਬੀ ਸ਼ਕਤੀਆਂ ਦੇ ਦਾਅਵੇਦਾਰ ਕਹਾਉਣ ਵਾਲੇ ਤਾਂਤਰਿਕਾਂ, ਜੋਤਿਸ਼ੀਆਂ ਅਤੇ ਬਾਬਿਆਂ ਆਦਿ ਵੱਲੋਂ ਚਲਾਏ ਜਾ ਰਹੇ ਅੰਧਵਿਸ਼ਵਾਸ ਫੈਲਾਉਣ ਦੇ ਅੱਡੇ ਬੰਦ ਕਰਵਾਉਣ ਲਈ ਪੰਜਾਬ ਪੱਧਰ ਤੇ ਐਮ ਐਲ ਏਜ਼ ਨੂੰ ਮੰਗ ਪੱਤਰ ਦਿੱਤੇ ਸਨ। ਪਰ ਅਫ਼ਸੋਸ ਕਿ ਕਿਸੇ ਵੀ ਐਮ ਐਲ ਏ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਤਰਕਸ਼ੀਲ ਸੁਸਾਇਟੀ ਪੰਜਾਬ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੀਤਾ ਰਾਮ, ਸੁਰਿੰਦਰ ਪਾਲ, ਚਰਨ ਕਮਲ ਸਿੰਘ, ਜਸਦੇਵ ਸਿੰਘ, ਗੁਰਦੀਪ ਸਿੰਘ ਲਹਿਰਾ ਨੇ ਪੰਜਾਬ ਸਰਕਾਰ ਤੋਂ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਲੋਕਾਂ ਨੂੰ ਅੰਧਵਿਸ਼ਵਾਸਾਂ , ਵਹਿਮਾਂ ਭਰਮਾਂ ਵਿੱਚੋਂ ਨਿਕਲਣ ਤੇ ਆਪਣੀ ਸੋਚ ਨੂੰ ਵਿਗਿਆਨਕ ਬਣਾਉਣ ਦੀ ਅਪੀਲ ਕੀਤੀ ਹੈ।

ਤਰਕਸ਼ੀਲ ਸੁਸਾਇਟੀ ਵੱਲੋਂ ਦਿੱਤੇ ਗਏ ਮੰਗ ਪੱਤਰਾਂ ਦੇ ਅਧਾਰ ਤੇ ਪੰਜਾਬ ਸਰਕਾਰ ਤੋਂ ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਦੀ ਵੀ ਪੁਰਜ਼ੋਰ ਮੰਗ ਕੀਤੀ ਹੈ । ਉਹਨਾਂ ਦਾਅਵਾ ਕੀਤਾ ਕਿ ਅਜਿਹੇ ਤਾਂਤ੍ਰਿਕ ਜਿੱਥੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਪਾਸੋਂ ਮੋਟੀਆਂ ਰਕਮਾਂ ਵਸੂਲਕੇ ਲੁੱਟ ਕਰ ਰਹੇ ਹਨ ,ਉੱਥੇ ਕਈ ਘਰਾਂ ਦੀ ਬਰਬਾਦੀ ਦਾ ਕਾਰਣ ਵੀ ਬਣਦੇ ਹਨ। ਤਰਕਸ਼ੀਲ ਆਗੂਆਂ ਨੇ ਸੁਸਾਇਟੀ ਦੀਆਂ ਰੱਖੀਆਂ 23 ਸ਼ਰਤਾਂ ਵਿੱਚੋਂ ਕੋਈ ਇੱਕ ਪੂਰੀ ਕਰਨ ਤੇ 5 ਲੱਖ ਰੁ ਦਾ ਨਗਦ ਇਨਾਮ ਜਿੱਤਣ ਲਈ ਵੀ ਅਜਿਹੇ ਹਰ ਤਾਂਤ੍ਰਿਕ, ਜੋਤਿਸ਼ੀ ਅਤੇ ਕਰਾਮਾਤੀ ਕਹਾਉਣ ਵਾਲੇ ਬਾਬਿਆਂ ਨੂੰ ਚਣੌਤੀ ਦਿੱਤੀ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸਮੇਂ ਦੀ ਗੱਲ”
Next articleਪੰਜਾਬੀ ਲੋਕ ਗਾਇਕੀ ਦੇ ਥੰਮ ਰਣਜੀਤ ਬਾਵੇ ਦੇ ਯੂਰਪ ਟੂਰ ਦਾ ਪਹਿਲਾ ਪ੍ਰੋਗਰਾਮ 28-04-2023 ਦਿਨ ਸ਼ੁੱਕਰਵਾਰ ਨੂੰ ਹਮਬਰਗ ਵਿੱਚ ਹੋ ਰਿਹਾ।