ਸੰਗਰੂਰ 23 ਸਤੰਬਰ – ਤਰਕਸ਼ੀਲ਼ ਸੁਸਾਇਟੀ ਪੰਜਾਬ ਦਾ ਇਕ ਵਫ਼ਦ ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਤੇ ਬਲਵੀਰ ਲੌਂਗੋਵਾਲ ਦੀ ਅਗਵਾਈ ਹੇਠ ਐਸ ਸੀ ਈ ਆਰ ਟੀ ਦੇ ਨਿਰਦੇਸ਼ਕ ਨੂੰ ਮੁਹਾਲੀ ਵਿਖੇ ਮਿਲਿਆ ਅਤੇ ਮੰਗ ਕੀਤੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਸ਼੍ਰੇਣੀ ਦੇ ਸਿਲੇਬਸ ਵਿੱਚ ਜੀਵ ਵਿਕਾਸ ਸਿਧਾਂਤ ਸਮੇਤ ਵੱਖ ਵੱਖ ਮਹੱਤਵਪੂਰਨ ਵਿਗਿਆਨਕ ਪਾਠਕ੍ਰਮਾਂ ਨੂੰ ਬਰਕਰਾਰ ਰੱਖਿਆ ਜਾਵੇ। ਇਸ ਸੂਬਾ ਪੱਧਰੀ ਵਫਦ ਵਿੱਚ ਤਰਕਸ਼ੀਲ਼ ਆਗੂ ਅਜੀਤ ਪ੍ਰਦੇਸੀ, ਗੁਰਮੀਤ ਖਰੜ ,ਸਤਪਾਲ ਸਲੋਹ ਅਤੇ ਸੁਰਜੀਤ ਮੁਹਾਲੀ ਸ਼ਾਮਿਲ ਹੋਏ। ਇਸ ਮੌਕੇ ਵਿਭਾਗ ਦੇ ਨਿਰਦੇਸ਼ਕ ਨੂੰ ਸੌਂਪੇ ਮੰਗ ਪੱਤਰ ਵਿੱਚ ਸੂਬਾ ਕਮੇਟੀ ਆਗੂਆਂ ਨੇ ਦੱਸਿਆ ਕਿ ਕੌਮੀ ਪੱਧਰ ਉੱਤੇ ਪਾਠਕ੍ਰਮ ਨਿਰਧਾਰਿਤ ਕਰਨ ਵਾਲੀ ਸੰਸਥਾ ਐਨ ਸੀ ਈ ਆਰ ਟੀ ਵੱਲੋਂ ਵਿਦਿਆਰਥੀਆਂ ਉੱਤੋਂ ਬੋਝ ਘਟਾਉਣ ਦੇ ਨਾਂ ਉੱਤੇ ਦਸਵੀਂ ਸ਼੍ਰੇਣੀ ਦੇ ਸਿਲੇਬਸ ਵਿਚੋਂ ਜੀਵ-ਵਿਕਾਸ (Evolution), ਤੱਤਾਂ ਦੀ ਆਵਰਤੀ ਸਾਰਨੀ (Periodic Table), ਊਰਜਾ ਦੇ ਸੋਮੇ, ਕੁਦਰਤੀ ਸਾਧਨਾਂ ਦੀ ਸਾਂਭ ਸੰਭਾਲ ਅਤੇ ਹੋਰ ਕਈ ਮਹੱਤਵਪੂਰਨ ਪਾਠਕ੍ਰਮ ਬਾਹਰ ਕੱਢੇ ਗਏ ਹਨ ਜਿਸਦਾ ਤਰਕਸ਼ੀਲ਼ ਸੁਸਾਇਟੀ ਪੰਜਾਬ ਵਲੋਂ ਵਿਰੋਧ ਕੀਤਾ ਗਿਆ ਹੈ। ਵਿਦਿਆਰਥੀਆਂ ਦੀ ਬੁਨਿਆਦੀ ਸਮਝ ਬਨਾਉਣ ਵਾਲੇ ਅਜਿਹੇ ਪਾਠਕ੍ਰਮਾਂ ਦਾ ਕੱਢਿਆ ਜਾਣਾ ਵਿਦਿਆਰਥੀਆਂ ਨੂੰ ਵਿਗਿਆਨਕ ਜਾਣਕਾਰੀ ਤੋਂ ਹੀ ਵਾਂਝਾ ਨਹੀਂ ਕਰਦਾ ਸਗੋਂ ਉਨ੍ਹਾਂ ਵਿੱਚ ਵਿਗਿਆਨਕ ਨਜ਼ਰੀਆ ਪੈਦਾ ਹੋਣ ਵਿੱਚ ਵੀ ਰੁਕਾਵਟ ਬਣਦਾ ਹੈ ਜਦ ਕਿ ਵਿਗਿਆਨਕ ਚੇਤਨਾ ਪੈਦਾ ਕਰਨੀ ਸੰਵਿਧਾਨ ਦੀ ਧਾਰਾ 51-ਏ ਤਹਿਤ ਹਕੂਮਤਾਂ ਦਾ ਸੰਵਿਧਾਨਕ ਫਰਜ ਹੈ। ਤਰਕਸ਼ੀਲ਼ ਆਗੂਆਂ ਨੇ ਸਿੱਖਿਆ ਅਧਿਕਾਰੀਆਂ ਨੂੰ ਸਪਸ਼ਟ ਕੀਤਾ ਕਿ ਸਿੱਖਿਆ, ਕੇਂਦਰ ਅਤੇ ਰਾਜਾਂ ਦੀ ਸਮਵਰਤੀ ਸੂਚੀ (Concurrent List) ਵਿੱਚ ਸ਼ਾਮਲ ਵਿਸ਼ਾ ਹੈ ਅਤੇ ਰਾਜ ਸਰਕਾਰਾਂ ਆਪਣੇ ਲੋਕਾਂ ਦੀਆਂ ਲੋੜਾਂ, ਹਾਲਤਾਂ ਅਤੇ ਇਛਾਵਾਂ ਅਨੁਸਾਰ ਆਪਣਾ ਪਾਠਕ੍ਰਮ ਨਿਰਧਾਰਿਤ ਕਰਨ ਲਈ ਆਜਾਦ ਹਨ। ਇਸ ਲਈ ਤਰਕਸ਼ੀਲ਼ ਸੁਸਾਇਟੀ ਵਲੋਂ ਵਿਗਿਆਨ ਦੇ ਬੁਨਿਆਦੀ ਸੰਕਲਪਾਂ ਨੂੰ ਸਕੂਲੀ ਸਿੱਖਿਆ ਵਿਚੋਂ ਹਟਾਉਣ ਦੀ ਪੰਜਾਬ ਸਿੱਖਿਆ ਵਿਭਾਗ ਦੀ ਕਿਸੇ ਵੀ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਤਰਕਸ਼ੀਲ ਆਗੂ ਮਾਸਟਰ ਪਰਮਵੇਦ, ਕ੍ਰਿਸ਼ਨ ਸਿੰਘ ਤੇ ਸੁਰਿੰਦਰ ਪਾਲ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸੀ ਈ ਆਰ ਟੀ ਦੇ ਅਧਿਕਾਰੀਆਂ ਡਾ. ਰਮਿੰਦਰਜੀਤ ਕੌਰ ਅਤੇ ਮੈਡਮ ਨਵਨੀਤ ਕੱਦ ਨੇ ਤਰਕਸ਼ੀਲ਼ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਤਰਕਸ਼ੀਲ਼ ਸੁਸਾਇਟੀ ਵਲੋਂ ਦਿੱਤੇ ਮੰਗ ਪੱਤਰ ਨੂੰ ਹਾਂ ਪੱਖੀ ਕਾਰਵਾਈ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਿਲੇਬਸ ਕਮੇਟੀ ਨੂੰ ਭੇਜਿਆ ਜਾਵੇਗਾ ਅਤੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਪੰਜਾਬ ਵਿਚਲੀ ਸਕੂਲੀ ਸਿੱਖਿਆ ਨੂੰ ਕੌਮਾਂਤਰੀ ਗਿਆਨ – ਵਿਗਿਆਨ ਦੀਆਂ ਲੋੜਾਂ ਦੇ ਹਾਣ ਦੀ ਬਣਾਉਣ ਲਈ ਗੰਭੀਰ ਯਤਨ ਕੀਤੇ ਜਾਣਗੇ।
ਮਾਸਟਰ ਪਰਮਵੇਦ
ਜੋਨ ਮੁਖੀ
ਤਰਕਸ਼ੀਲ਼ ਸੁਸਾਇਟੀ ਪੰਜਾਬ
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly