(ਸਮਾਜ ਵੀਕਲੀ)
ਕਮਲ ਸੋਹਣਾ ਸੁਨੱਖਾ ਮੁੰਡਾ , ਛੇ ਫੁੱਟ ਲੰਬਾ, ਮੋਟੀਆਂ ਅੱਖਾਂ ,ਤਿੱਖਾ ਨੱਕ ਦੇਖਣ ਤੋਂ ਜਮ੍ਹਾਂ ਹੀ ਰਾਜਕੁਮਾਰ ਜਿਹਾ ਲੱਗਦਾ ਸੀ । ਪਰਿਵਾਰ ਦੀ ਮਾਲੀ ਹਾਲਤ ਵੀ ਬਹੁਤ ਵਧੀਆ ਸੀ ਤੇ ਪੜ੍ਹਾਈ ਵਿੱਚ ਵੀ ਉਸ ਨੇ ਫਾਰਮੇਸੀ ਕੀਤੀ ਹੋਈ ਸੀ । ਬੋਲਚਾਲ ਤਾਂ ਉਸੀ ਇੰਨੀ ਵਧੀਆ ਸੀ ਕਿ ਹਰ ਗੱਲ ਵਿੱਚ ਆਪਣੇ ਤੋਂ ਵੱਡਿਆਂ ਨੂੰ ਦੋ ਦੋ ਵਾਰ ਜੀ ਕਹਿ ਕੇ ਬੁਲਾਉਂਦਾ, ਕਮੀ ਸੀ ਤਾਂ ਸਿਰਫ ਇੱਕ ਹੀ ! ਉਸ ਦੀ ਸੰਗਤ । ਉਸ ਦੇ ਕੁਝ ਦੋਸਤਾਂ ਨੇ ਉਸ ਨੂੰ ਨਸ਼ੇ ਦੀ ਆਦਤ ਵੱਲ ਲਾ ਦਿੱਤਾ ।ਪਰਿਵਾਰ ਨੇ ਬਥੇਰਾ ਸਮਝਾਇਆ । ਪਰ ਉਸ ਦੀ ਆਦਤ ਦਿਨੋ ਦਿਨ ਵਿਗੜਦੀ ਜਾ ਰਹੀ ਸੀ ।ਅਖੀਰ ਪਰਿਵਾਰ ਨੇ ਇਹ ਸੋਚਿਆ ਕਿ ਕਿਉਂ ਨਾ ਇਸ ਦਾ ਵਿਆਹ ਕਰ ਦਿੱਤਾ ਜਾਵੇ ਸ਼ਾਇਦ ਨਸ਼ਾ ਛੱਡ ਦੇਵੇ !
ਪਰਿਵਾਰ ਨੇ ਕਮਲ ਦਾ ਬਹੁਤ ਹੀ ਸੋਹਣੀ , ਸਿਆਣੀ ਕੁੜੀ ਪਰਮ ਨਾਲ ਵਿਆਹ ਕਰ ਦਿੱਤਾ । ਕਮਲ ਦੇ ਘਰਦਿਆਂ ਨੂੰ ਯਕੀਨ ਸੀ ਕਿ ਹੁਣ ਉਹ ਗ੍ਰਹਿਸਤੀ ਵਿੱਚ ਪੈ ਕੇ ਨਸ਼ਾ ਅਤੇ ਮਾੜੀ ਸੰਗਤ ਛੱਡ ਦੇਵੇਗਾ। ਪਰ ਕਮਲ ਦੀਆਂ ਆਦਤਾਂ ਦਿਨੋਂ ਦਿਨ ਵਿਗੜਦੀਆ ਜਾ ਰਹੀਆਂ ਸਨ।
ਸਾਲ ਕੁ ਮਗਰੋਂ ਕਮਲ ਦੇ ਘਰ ਧੀ ਦਾ ਜਨਮ ਹੋਇਆ । ਉਸਦੇ ਘਰ ਦਿਆਂ ਦੀ ਆਸ ਫੇਰ ਜਾਗ ਪਈ ਕਿ ਸ਼ਾਇਦ ਹੁਣ ਕਮਲ ਧੀ ਦਾ ਬਾਪ ਬਣ ਕੇ ਨਸ਼ਾ ਛੱਡ ਦੇਵੇਗਾ ।ਪਰ ਜੇ ਇੱਕ ਵਾਰ ਆਦਤ ਪੈ ਜਾਵੇ ਉਹ ਕਿੱਥੇ ਛੁੱਟਦੀ ਏ ? ਕਮਲ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆਇਆ ਘਰਦਿਆਂ ਨੇ ਉਸ ਨੂੰ ਨਸ਼ਾ ਛੁਡਾਊ ਕੇਂਦਰ ਤੱਕ ਭੇਜ ਦਿੱਤਾ । ਪਰ ਕੋਈ ਫ਼ਰਕ ਨਾ ਪਿਆ । ਪਰਮ (ਕਮਲ ਦੀ ਪਤਨੀ ) ਹਰ ਵੇਲੇ ਆਪਣੇ ਆਪ ਨੂੰ ਕੋਸਦੀ ਰਹਿੰਦੀ ਕਿ ਮੇਰੀ ਕਿਸਮਤ ਵਿੱਚ ਕੀ ਲਿਖਿਆ ?
ਕੁਝ ਸਮੇਂ ਬਾਅਦ ਕਮਲ ਦੇ ਘਰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖ਼ਸ਼ੀ । ਪਰਿਵਾਰ ਨੂੰ ਫਿਰ ਇੱਕ ਆਸ ਬੱਝੀ ਕਿ ਹੁਣ ਸ਼ਾਇਦ ਕਮਲ ਨਸ਼ੇ ਤੋਂ ਦੂਰ ਹੋ ਜਾਵੇਗਾ । ਪਰ ਕਮਲ ਦੀ ਆਦਤ ਦਿਨ ਬ ਦਿਨ ਵਿਗੜਦੀ ਜਾ ਰਹੀ ਸੀ । ਇੱਥੋਂ ਤਕ ਕਿ ਹੁਣ ਉਸ ਨੇ ਆਪਣੀ ਨਸ਼ੇ ਦੀ ਪੂਰਤੀ ਲਈ ਲੋਕਾਂ ਤੋਂ ਪੈਸੇ ਮੰਗਣੇ ਤੱਕ ਸ਼ੁਰੂ ਕਰ ਦਿੱਤੇ ਸਨ ।ਇਸ ਨਾਲ ਘਰਦਿਆਂ ਤੇ ਉਲਟਾ ਕਰਜ਼ਾ ਚੜ੍ਹਨਾ ਸ਼ੁਰੂ ਹੋ ਗਿਆ । ਇੱਥੋਂ ਤੱਕ ਕਿ ਉਸ ਦੇ ਮਾਂ ਬਾਪ ਨੇ ਆਪਣੀ ਪ੍ਰਾਪਰਟੀ ਵਿੱਚੋਂ ਬੇਦਖ਼ਲ ਤੱਕ ਕਰ ਦਿੱਤਾ ।
ਕਮਲ ਦੀ ਇਸ ਬੁਰੀ ਆਦਤ ਦਾ ਨਤੀਜਾ ਉਸ ਦੀ ਪਤਨੀ ਤੇ ਪਰਿਵਾਰ ਭੁਗਤ ਰਹੇ ਸਨ । ਅਖੀਰ ਉਸ ਨੂੰ ਨਸ਼ਾ ਛੁਡਾਉਣ ਲਈ ਦੁਬਾਰਾ ਫਿਰ ਨਸ਼ਾ ਛੁਡਾਊ ਕੇਂਦਰ ਤੋਂ ਦਵਾਈ ਦਿਵਾਉਣੀ ਸ਼ੁਰੂ ਕੀਤੀ ਜਿਥੇ ਉਨ੍ਹਾਂ ਨੇ ਛੇ ਮਹੀਨੇ ਤੱਕ ਰੱਖਿਆ । ਇੱਕ ਵਾਰ ਉਸ ਨੇ ਨਸ਼ਾ ਲੈਣਾ ਬਿਲਕੁਲ ਛੱਡ ਦਿੱਤਾ , ਪਰ ਜਦੋਂ ਹੀ ਉਹ ਘਰ ਵਾਪਿਸ ਆਇਆ ਉਸ ਦਾ ਹਾਲ ਪਹਿਲਾਂ ਵਾਲਾ ਹੀ ਹੋ ਗਿਆ ।
ਕਮਲ ਨੇ ਵੀ ਹਰ ਵਾਰ ਨਸ਼ਾ ਛੱਡਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਸ਼ੇ ਉਸ ਤੇ ਭਾਰੀ ਪੈ ਚੁੱਕੇ ਸਨ । ਉਸ ਦੇ ਪਰਿਵਾਰ ਦੇ ਮੈਂਬਰ ਵੀ ਮਜਬੂਰ ਹੋ ਚੁੱਕੇ ਸਨ ,ਸੋਚਦੇ ਸਨ ਕਿ ਇਸ ਦਾ ਨਸ਼ਾ ਕਿਵੇਂ ਛੁਡਵਾਇਆ ਜਾਵੇ ?
ਕਮਲ ਦਾ ਇਹੀ ਹਾਲ ਰਿਹਾ। ਅਖੀਰ ਇੱਕ ਦਿਨ ਉਸ ਨੇ ਪਾਗਲਾਂ ਵਾਂਗ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ।ਜਿਸ ਕਾਰਨ ਉਸ ਦੇ ਦਿਮਾਗ ਦੀ ਨਾੜੀ ਫਟ ਗਈ ਅਤੇ ਉਸ ਨੇ ਆਪਣੇ ਪ੍ਰਾਣ ਤਿਆਗ ਦਿੱਤੇ ।
ਕਮਲ ਦੇ ਉਮਰ ਸਿਰਫ਼ ਚਾਲੀ ਸਾਲ ਦੀ ਹੀ ਸੀ ਉਸ ਦੇ ਨਸ਼ੇ ਕਰਨ ਦੀ ਆਦਤ ਨੇ ਇੱਕ ਹੱਸਦਾ ਵੱਸਦਾ ਪਰਿਵਾਰ ਉਜਾੜ ਦਿੱਤਾ । ਕਮਲ ਪਿੱਛੇ ਆਪਣੀ ਪਤਨੀ ,ਤਿੰਨ ਸਾਲ ਦਾ ਪੁੱਤਰ ਅਤੇ ਦਸ ਸਾਲ ਦੀ ਬੇਟੀ ਨੂੰ ਰੋਂਦਿਆਂ ਛੱਡ ਕੇ ਹਮੇਸ਼ਾ ਲਈ ਚਲਾ ਗਿਆ ।
ਮਨਪ੍ਰੀਤ ਕੌਰ( ਸਾਇੰਸ ਮਿਸਟ੍ਰੈਸ)
ਸਰਕਾਰੀ ਹਾਈ ਸਕੂਲ ਸਮਾਓ ਮਾਨਸਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly