ਬਰਨਾਲਾ (ਸਮਾਜ ਵੀਕਲੀ) ( ਚੰਡਿਹੋਕ ) ਲੋਕ ਰੰਗ ਸਾਹਿਤ ਸਭਾ ਬਰਨਾਲਾ ਵੱਲੋਂ, ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿਚ ‘ਸਮਾਂਤਰ ਨਜ਼ਰੀਆ’ ਪਰਚੇ ਦਾ ਅਕਤੂਬਰ-ਦਸੰਬਰ 2024 ਅੰਕ ਲੋਕ ਅਰਪਣ ਕੀਤਾ ਗਿਆ। ਪਰਚੇ ਵਿਚ ਪ੍ਰਕਾਸ਼ਿਤ ਰਚਨਾਵਾਂ ‘ਤੇ ਤਸੱਲੀ ਪਰਗਟ ਕਰਨ ਉਪਰੰਤ ਬਹੁ-ਵਿਧਾਵੀ ਲੇਖਕ ਮਾਲਵਿੰਦਰ ਸ਼ਾਇਰ ਵੱਲੋਂ ਆਪਣੀ ਨਵੀਂ ਕਹਾਣੀ ‘ਪਰਵਾਸ ਦਾ ਦਰਦ’ ਦਾ ਪਾਠ ਕੀਤਾ ਗਿਆ। ਇਸ ਮੌਕੇ ਕਹਾਣੀ ‘ਤੇ ਹੋਈ ਬਹਿਸ ਵਿਚ ਭਾਗ ਲੈਂਦਿਆਂ ਡਾ. ਰਾਮ ਪਾਲ ਸ਼ਾਹਪੁਰੀ ਨੇ ਕਿਹਾ ਕਿ ਕਹਾਣੀ ਵਿਚ ਪੇਸ਼ ਕੁਝ ਘਟਨਾਵਾਂ ਵਿਸਥਾਰ ਦੀ ਮੰਗ ਕਰਦੀਆਂ ਹਨ। ਤੇਜਾ ਸਿੰਘ ਤਿਲਕ ਦਾ ਵਿਚਾਰ ਸੀ ਕਿ ਪਰਵਾਸ ਹੁਣ ਕੋਈ ਅਲੋਕਾਰੀ ਗੱਲ ਨਹੀਂ ਰਹੀ ਜੇ ਇਹ ਕਹਾਣੀ ਕਿਸੇ ਠੋਸ ਘਟਨਾ ‘ਤੇ ਅਧਾਰਿਤ ਹੁੰਦੀ ਤਾਂ ਇਸ ਨੇ ਹੋਰ ਖੂਬਸੂਰਤ ਬਣ ਜਾਣਾ ਸੀ। ਭੋਲਾ ਸਿੰਘ ਸੰਘੇੜਾ ਅਤੇ ਡਾ ਅਨਿਲ ਸ਼ੋਰੀ ਦਾ ਮੱਤ ਸੀ ਕਿ ਕਹਾਣੀਕਾਰ ਨੂੰ ਗਲਪੀ ਭਾਸ਼ਾ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਤੇਜਿੰਦਰ ਚੰਡਿਹੋਕ ਅਤੇ ਰਾਮ ਸਰੂਪ ਸ਼ਰਮਾਂ ਦਾ ਸਾਂਝਾ ਵਿਚਾਰ ਸੀ ਕਿ ਕਹਾਣੀ ਸਾਡੇ ਅੱਜ ਦੇ ਰਾਜਨੀਤਕ ਢਾਂਚੇ ਬਾਰੇ ਕਈ ਸਵਾਲ ਖੜ੍ਹੇ ਕਰਦੀ ਹੈ। ਮੇਜਰ ਸਿੰਘ ਗਿੱਲ, ਲਛਮਣ ਦਾਸ ਮੁਸਾਫਿਰ ਅਤੇ ਸੁਰਿੰਦਰ ਸਿੰਘ ਦਾ ਵਿਚਾਰ ਸੀ ਕਿ ਲੇਖਕ ਨੇ ਇਕ ਪਰਿਵਾਰ ਦੇ ਪਰਵਾਸ ਕਰਨ ਉਪਰੰਤ ਪੈਦਾ ਹੋਏ ਦੁਖਾਂਤ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ਮਾਲਵਿੰਦਰ ਸ਼ਾਇਰ ਨੇ ਕਹਾਣੀ ਬਾਰੇ ਪਰਗਟ ਕੀਤੇ ਸੁਝਾਵਾਂ ਨੂੰ ਜੀ ਆਇਆਂ ਕਿਹਾ। ਅੰਤ ਵਿਚ ਭੋਲਾ ਸਿੰਘ ਸੰਘੇੜਾ ਨੇ ਇਸ ਗੋਸ਼ਟੀ ਵਿਚ ਸ਼ਿਰਕਤ ਕਰਨ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly