ਫਤਹਿਗੜ੍ਹ ਪੰਜਤੂਰ (ਸਮਾਜ ਵੀਕਲੀ): ਇੱਥੋਂ ਦੇ ਸਰਕਾਰੀ ਸੀਨੀਅਰ ਸਮਾਰਟ ਸਕੂਲ ਦਾ ਪ੍ਰਬੰਧ ਕਰੀਬ ਢਾਈ ਸਾਲ ਤੋਂ ਪ੍ਰਿੰਸੀਪਲ ਗੁਰਾ ਦੱਤ 160 ਕਿਲੋਮੀਟਰ ਦੀ ਦੂਰੀ ਤੋਂ ਚਲਾ ਰਹੇ ਹਨ। ਉਂਝ ਲੰਬੀ ਦੂਰੀ ਤੋਂ ਸਕੂਲ ਸੰਭਾਲਣ ਦਾ ਇਹ ਨਿਵੇਕਲਾ ਮਾਮਲਾ ਨਹੀਂ ਹੈ ਬਲਕਿ ਸੂਬੇ ’ਚ ਹੋਰ ਵੀ ਅਨੇਕਾਂ ਅਜਿਹੇ ਸੀਨੀਅਰ ਸੈਕੰਡਰੀ ਸਕੂਲ ਹਨ ਜਿਥੋਂ ਦੇ ਕਾਰਜਕਾਰੀ ਪ੍ਰਿੰਸੀਪਲ ਦੂਰ- ਦੁਰੇਡੇ ਜ਼ਿਲ੍ਹਿਆਂ ਤੋਂ ਹੋਣ ਦੇ ਬਾਵਜੂਦ ਕੰਮਕਾਜ ਦੇਖ ਰਹੇ ਹਨ।
ਜਾਣਕਾਰੀ ਅਨੁਸਾਰ ਨਵੰਬਰ 2019 ਵਿੱਚ ਹੁਸ਼ਿਆਰਪੁਰ ਤੋਂ ਬਦਲ ਕੇ ਆਏ ਪ੍ਰਿੰਸੀਪਲ ਗੁਰਾਂ ਦਾਸ ਨੇ ਇੱਥੋਂ ਦੇ ਸਰਕਾਰੀ ਸੀਨੀਅਰ ਸਮਾਰਟ ਸਕੂਲ ਦਾ ਕਾਰਜਭਾਰ ਸੰਭਾਲਿਆ ਸੀ। ਕੁਝ ਮਹੀਨਿਆਂ ਬਾਅਦ ਹੀ ਪ੍ਰਿੰਸੀਪਲ ਗੁਰਾਂ ਦਾਸ ਦੀ ਬਦਲੀ ਤਲਵਾੜਾ ਸ਼ਹਿਰ ਦੇ ਲੜਕੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋ ਗਈ। ਲੇਕਿਨ ਸਿੱਖਿਆ ਵਿਭਾਗ ਵਲੋਂ ਉਕਤ ਪ੍ਰਿੰਸੀਪਲ ਨੂੰ ਬਤੌਰ ਕਾਰਜਕਾਰੀ ਪ੍ਰਿੰਸੀਪਲ ਇੱਥੇ ਵੀ ਕੰਮ ਕਰਦੇ ਰਹਿਣ ਦੇ ਹੁਕਮ ਦੇ ਦਿੱਤੇ। ਉਸ ਵੇਲੇ ਤੋਂ ਲੈ ਕੇ ਅੱਜ ਤਕ ਢਾਈ ਸਾਲ ਦਾ ਵਕਫ਼ਾ ਬੀਤ ਜਾਣ ਦੇ ਬਾਵਜੂਦ ਪ੍ਰਿੰਸੀਪਲ ਗੁਰਾਂ ਦਾਸ ਇਥੋਂ ਲਗਪਗ ਇੱਕ ਸੌ ਸੱਠ ਕਿਲੋਮੀਟਰ ਦੀ ਦੂਰੀ ਤੋਂ ਕਾਰਜਕਾਰੀ ਪ੍ਰਿੰਸੀਪਲ ਸਕੂਲ ਦਾ ਪ੍ਰਬੰਧ ਚਲਾ ਰਹੇ ਹਨ। ਜਾਣਕਾਰੀ ਮੁਤਾਬਕ ਮਈ 2021 ਵਿੱਚ ਉਸ ਵੇਲੇ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਪ੍ਰਿੰਸੀਪਲ ਗੁਰਾ ਦਾਸ ਤੋਂ ਡੀਡੀ ਪਾਵਰਾਂ ਵਾਪਸ ਲੈ ਕੇ ਨਜ਼ਦੀਕੀ ਸਕੂਲ ਕੈਲਾ ਤੇ ਪ੍ਰਿੰਸੀਪਲ ਵਿਨੋਦ ਸ਼ਰਮਾ ਨੂੰ ਦੇ ਦਿੱਤੀਆਂ ਸਨ, ਪ੍ਰੰਤੂ ਦੋ ਮਹੀਨਿਆਂ ਬਾਅਦ ਹੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਇਸ ਫੈਸਲੇ ਨੂੰ ਉਲਟ ਦਿੱਤਾ ਗਿਆ।
ਦੂਜੇ ਪਾਸੇ, ਇਥੋਂ ਦੇ ਸਕੂਲ ਸਟਾਫ ਨੂੰ ਭਾਰੀ ਦਿੱਕਤਾਂ ਵਿਚੋਂ ਲੰਘਣਾ ਪੈ ਰਿਹਾ ਹੈ। ਹਰੇਕ ਮਹੀਨੇ ਬਣਨ ਵਾਲੇ ਤਨਖਾਹ ਅਤੇ ਖਰਚਾ ਬਿੱਲਾਂ ਲਈ ਪ੍ਰਿੰਸੀਪਲ ਦੇ ਆਉਣ ਦੀ ਉਡੀਕ ਹੁੰਦੀ ਰਹਿੰਦੀ ਹੈ। ਤਲਵਾੜੇ ਵਾਲਾ ਪ੍ਰਿੰਸੀਪਲ ਕਈ ਵਾਰ ਦੋ ਦੋ ਮਹੀਨੇ ਬਾਅਦ ਹੀ ਸਕੂਲ ਫੇਰੀ ਪਾਉਂਦਾ ਹੈ, ਜਿਸ ਸਦਕਾ ਸਕੂਲ ਦਾ ਸਾਰਾ ਕੰਮਕਾਜ ਹੀ ਰੁਕਿਆ ਰਹਿੰਦਾ ਹੈ।
ਕੀ ਹੈ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਪਾਸ ਸਰਕਾਰੀ ਹਾਈ ਸਕੂਲਾਂ ਦੀਆਂ ਡੀ ਡੀ ਪਾਵਰਾਂ ਜ਼ਿਲ੍ਹਿਆਂ ਵਿੱਚ ਹੀ ਰੱਖਣ ਦੇ ਅਧਿਕਾਰ ਹਨ ਲੇਕਿਨ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀਆਂ ਡੀਡੀ ਪਾਵਰਾਂ ਲਈ ਅਲੱਗ ਨੀਤੀ ਹੈ। ਜੇਕਰ ਕੋਈ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰਿੰਸੀਪਲ ਸਥਾਈ ਨਿਯੁਕਤੀ ਦੌਰਾਨ ਬਦਲ ਦਿੱਤਾ ਜਾਂਦਾ ਹੈ ਤਾਂ ਸਕੂਲ ਵਿੱਚ ਨਵੀਂ ਨਿਯੁਕਤੀ ਹੋਣ ਤਕ ਉਸੇ ਪ੍ਰਿੰਸੀਪਲ ਦੀ ਹੀ ਨਿਗਰਾਨ ਪ੍ਰਿੰਸੀਪਲ ਵਜੋਂ ਨਿਯੁਕਤੀ ਕਰ ਦਿੱਤੀ ਜਾਂਦੀ ਹੈ। ਬੇਸ਼ੱਕ ਬਦਲੇ ਪ੍ਰਿੰਸੀਪਲ ਦੀ ਕਿੰਨੀ ਵੀ ਦੂਰੀ ’ਤੇ ਤਾਇਨਾਤੀ ਕਿਉਂ ਨਾ ਹੋ ਜਾਵੇ। ਇਸੇ ਨੀਤੀ ਤਹਿਤ ਹੀ ਇਥੋਂ ਦਾ ਲੰਬੀ ਦੂਰੀ ’ਤੇ ਬਦਲੀ ਹੋਇਆ ਪ੍ਰਿੰਸੀਪਲ ਕੰਮ ਕਰ ਰਿਹਾ ਹੈ।
ਨਵੇਂ ਵਿਧਾਇਕ ਨੇ ਮਾਮਲੇ ’ਤੇ ਹੈਰਾਨਗੀ ਪ੍ਰਗਟਾਈ
ਹਲਕਾ ਧਰਮਕੋਟ ਤੋਂ ਨਵੇਂ ਚੁਣੇ ਗਏ ਆਪ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਇਸ ਮਾਮਲੇ ’ਤੇ ਹੈਰਾਨਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਸਿੱਖਿਆ ਨੀਤੀ ਦਾ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਪਾਸ ਲੈ ਕੇ ਜਾਣਗੇ ਅਤੇ ਨੀਤੀ ਵਿੱਚ ਬਦਲਾਅ ਕੀਤਾ ਜਾਵੇਗਾ।
ਕੀ ਕਹਿੰਦੇ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ
ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਸ਼ੀਲ ਕੁਮਾਰ ਦਾ ਕਹਿਣਾ ਸੀ ਕਿ ਸਰਕਾਰ ਦੀ ਪਾਲਿਸੀ ਮੁਤਾਬਕ ਬਦਲੇ ਗਏ ਪ੍ਰਿੰਸੀਪਲ ਨੂੰ ਘੱਟੋ ਘੱਟ ਹਫਤੇ ’ਚ ਤਿੰਨ ਦਿਨ ਸਕੂਲ ਵਿੱਚ ਕੰਮ ਕਰਨਾ ਹੁੰਦਾ ਹੈ,ਜੇਕਰ ਇਸ ਸਕੂਲ ਦਾ ਪ੍ਰਬੰਧਕੀ ਪ੍ਰਿੰਸੀਪਲ ਇੱਥੇ ਹਫ਼ਤੇ ਦੇ ਤਿੰਨ ਦਿਨ ਕੰਮ ਕਰਨ ਨਹੀਂ ਆਉਂਦਾ ਤਾਂ ਉਸ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਅਨੇਕਾਂ ਹੋਰ ਸਕੂਲ ਹਨ ਜਿੱਥੇ ਸਥਾਈ ਤੌਰ ’ਤੇ ਪ੍ਰਿੰਸੀਪਲ ਨਿਯੁਕਤ ਨਹੀਂ ਹਨ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ’ਤੇ ਮੀਟਿੰਗਾਂ ਦੌਰਾਨ ਉਹ ਸਾਰਾ ਮਾਮਲਾ ਸਕੱਤਰ ਐਜੂਕੇਸ਼ਨ ਪੰਜਾਬ ਦੇ ਧਿਆਨ ਵਿੱਚ ਲਿਆਉਂਦੇ ਰਹਿੰਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly