ਟੋਕੀਓ (ਸਮਾਜ ਵੀਕਲੀ) : ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ ਨੇ ਕਰੋਨਾਵਾਇਰਸ ਮਹਾਮਾਰੀ ਨਾਲ ਜੁੜੀਆਂ ਸਮੱਸਿਆਵਾਂ ਦੇ ਬਾਵਜੂਦ ਓਲੰਪਿਕ ਖੇਡਾਂ ਦੀ ਸਫ਼ਲ ਅਤੇ ਸੁਰੱਖਿਅਤ ਸਮਾਪਤੀ ਲਈ ਅੱਜ ਦੇਸ਼ਵਾਸੀਆਂ ਦਾ ਧੰਨਵਾਦ ਕੀਤਾ। ਸੁਗਾ ਨੇ ਸਹਿਯੋਗ ਅਤੇ ਸਮਰਥਨ ਲਈ ਲੋਕਾਂ ਦਾ ਸ਼ੁਕਰਗੁਜ਼ਾਰ ਹੁੰਦਿਆਂ ਕਿਹਾ, ‘‘ਟੋਕੀਓ ਖੇਡਾਂ ਇੱਕ ਸਾਲ ਲਈ ਮੁਲਤਵੀ ਜ਼ਰੂਰ ਕੀਤੀਆਂ ਗਈਆਂ ਅਤੇ ਸਖ਼ਤ ਹਦਾਇਤਾਂ ਦਰਮਿਆਨ ਸਮਾਪਤ ਹੋਈਆਂ। ਮੈਨੂੰ ਲਗਦਾ ਹੈ ਕਿ ਅਸੀਂ ਮੇਜ਼ਬਾਨ ਦੇਸ਼ ਦੀ ਆਪਣੀ ਜ਼ਿੰਮੇਵਾਰੀ ਬਖ਼ੂਬੀ ਨਿਭਾਉਣ ਵਿੱਚ ਸਫਲ ਰਹੇ।’’
ਟੋਕੀਓ ਓਲੰਪਿਕ ਖੇਡਾਂ ਦਰਸ਼ਕਾਂ ਤੋਂ ਬਗ਼ੈਰ ਹੋਈਆਂ ਹਨ। ਖਿਡਾਰੀ ਖੇਡ ਪਿੰਡ ਵਿੱਚ ਹੀ ਬਾਇਓ ਸੁਰੱਖਿਆ ਮਾਹੌਲ ਤਕ ਸੀਮਤ ਰਹੇ। ਉਨ੍ਹਾਂ ਨੂੰ ਮੈਦਾਨ ’ਤੇ ਖੇਡ ਸਮਾਪਤ ਹੋਣ ਦੇ ਤੁਰੰਤ ਮਗਰੋਂ ਮਾਸਕ ਪਹਿਨਣਾ ਪੈ ਰਿਹਾ ਸੀ ਅਤੇ ਉਹ ਮੁਕਾਬਲਿਆਂ ਤੋਂ ਤੁਰੰਤ ਮਗਰੋਂ ਜਾਪਾਨ ਤੋਂ ਆਪਣੇ ਦੇਸ਼ਾਂ ਨੂੰ ਰਵਾਨਾ ਹੋ ਰਹੇ ਸਨ। ਇਨ੍ਹਾਂ ਖੇਡਾਂ ਨਾਲ ਜਾਪਾਨ ਨੇ ਆਪਣੇ ਦ੍ਰਿੜ੍ਹ ਇਰਾਦੇ ਦੀ ਵੀ ਵੰਨਗੀ ਪੇਸ਼ ਕੀਤੀ ਅਤੇ ਸੁਗਾ ਨੇ ਵੀ ਦੇਸ਼ ਲਈ ਰਿਕਾਰਡ 58 ਤਗ਼ਮੇ ਜਿੱਤਣ ਵਾਲੇ ਖਿਡਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ, ‘‘ਕੁੱਝ ਨੇ ਤਗ਼ਮੇ ਜਿੱਤੇ ਅਤੇ ਕੁੱਝ ਨੇ ਨਹੀਂ, ਪਰ ਉਨ੍ਹਾਂ ਸਾਰਿਆਂ ਦੇ ਪ੍ਰਦਰਸ਼ਨ ਨਾਲ ਅਸੀਂ ਅੱਗੇ ਵੱਧ ਰਹੇ ਸੀ।’’ ਸੁਗਾ ਨਾਗਾਸਾਕੀ ਵਿੱਚ ਅਮਰੀਕਾ ਵੱਲੋਂ ਪ੍ਰਮਾਣੂ ਬੰਬ ਡੇਗਣ ਦੀ 76ਵੀਂ ਵਰ੍ਹੇਗੰਢ ਮੌਕੇ ਓਲੰਪਿਕ ਬਾਰੇ ਬੋਲ ਰਹੇ ਸਨ। ਸੁਗਾ ਨੂੰ ਮਹਾਮਾਰੀ ਦੌਰਾਨ ਖੇਡਾਂ ਕਰਵਾਉਣ ਕਾਰਨ ਦੇਸ਼ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly