ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸ ਜਤਾਈ ਹੈ ਕਿ ਦੇਸ਼ ਦੀ ਡਰੋਨ ਸੈਕਟਰ ’ਚ ਵਧ ਰਹੀ ਸਮਰੱਥਾ ਦੁਨੀਆ ਨੂੰ ਨਵੀਂ ਅਗਵਾਈ ਦੇਵੇਗੀ। ਉਨ੍ਹਾਂ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ 100 ‘ਕਿਸਾਨ ਡਰੋਨਾਂ’ ਨੂੰ ਝੰਡੀ ਦਿਖਾਈ ਜੋ ਖੇਤਾਂ ’ਚ ਕੀਟਨਾਸ਼ਕ ਛਿੜਕਣ ਦੇ ਨਾਲ ਨਾਲ ਹੋਰ ਸਾਜ਼ੋ ਸਾਮਾਨ ’ਚ ਸਹਾਇਤਾ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ‘ਕਿਸਾਨ ਡਰੋਨ’ ਨਵੇਂ ਇਨਕਲਾਬ ਦੀ ਸ਼ੁਰੂਆਤ ਹਨ। ਕਿਸਾਨ ਫਲ, ਸਬਜ਼ੀਆਂ ਅਤੇ ਫੁੱਲਾਂ ਵਰਗੀਆਂ ਆਪਣੀਆਂ ਜਿਣਸਾਂ ਨੂੰ ਘੱਟ ਸਮੇਂ ’ਚ ਮੰਡੀਆਂ ਤੱਕ ਪਹੁੰਚਾਉਣ ਲਈ ਡਰੋਨਾਂ ਦੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ 21ਵੀਂ ਸਦੀ ’ਚ ਇਹ ਆਧੁਨਿਕ ਕਿਸਾਨੀ ਸਹੂਲਤਾਂ ਪ੍ਰਦਾਨ ਕਰਨ ਦਾ ਨਵਾਂ ਅਧਿਆਏ ਹੈ।
ਅਧਿਕਾਰੀਆਂ ਨੇ ਕਿਹਾ ਹੈ ਕਿ ਕਿਸਾਨਾਂ ਲਈ ਇਹ ਨਿਵੇਕਲੀ ਮੁਹਿੰਮ ਹੈ। ਆਪਣੇ ਭਾਸ਼ਣ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ’ਚ ਡਰੋਨ ਸਟਾਰਟ-ਅੱਪਜ਼ ਦਾ ਨਵਾਂ ਸੱਭਿਆਚਾਰ ਤਿਆਰ ਹੋ ਗਿਆ ਹੈ। ‘ਇਨ੍ਹਾਂ ਦੀ ਗਿਣਤੀ ਛੇਤੀ ਹੀ 200 ਤੋਂ ਵਧ ਕੇ ਹਜ਼ਾਰਾਂ ਹੋ ਜਾਵੇਗੀ ਜਿਸ ਨਾਲ ਵੱਡੇ ਪੱਧਰ ’ਤੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।’ ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਏਗੀ ਕਿ ਸੈਕਟਰ ਦੇ ਵਿਕਾਸ ’ਚ ਕੋਈ ਅੜਿੱਕਾ ਨਾ ਖੜ੍ਹਾ ਹੋਵੇ ਅਤੇ ਉਸ ਨੇ ਪਹਿਲਾਂ ਹੀ ਇਸ ਦੇ ਉਭਾਰ ਲਈ ਕਈ ਸੁਧਾਰ ਵਾਲੇ ਕਦਮ ਉਠਾਏ ਹਨ। ਸ੍ਰੀ ਮੋਦੀ ਨੇ ਕਿਹਾ,‘‘ਜੇਕਰ ਨੀਤੀਆਂ ਸਹੀ ਹੋਣ ਤਾਂ ਮੁਲਕ ਅਗਾਂਹ ਵਧ ਸਕਦਾ ਹੈ, ਇਹ ਉਸ ਦੀ ਮਿਸਾਲ ਹੈ। ਡਰੋਨਾਂ ਨੂੰ ਕੁਝ ਸਾਲ ਪਹਿਲਾਂ ਤੱਕ ਰੱਖਿਆ ਸੈਕਟਰ ਨਾਲ ਜੋੜਿਆ ਜਾਂਦਾ ਸੀ ਪਰ ਹੁਣ ਇਹ ਕਿਸਾਨਾਂ ਦੇ ਕੰਮ ਵੀ ਆਉਣਗੇ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਡਰੋਨ ਸੈਕਟਰ ਨੂੰ ਖੋਲ੍ਹਣ ਦੇ ਖ਼ਦਸ਼ਿਆਂ ’ਚ ਕੋਈ ਸਮਾਂ ਬਰਬਾਦ ਨਹੀਂ ਕੀਤਾ ਸਗੋਂ ਨੌਜਵਾਨਾਂ ਦੇ ਹੁਨਰ ’ਤੇ ਭਰੋਸਾ ਕਰਕੇ ਨਵੀਂ ਮਾਨਸਿਕਤਾ ਨਾਲ ਕਦਮ ਅੱਗੇ ਵਧਾਏ। ਡਰੋਨਾਂ ਦੀ ਵੱਖ ਵੱਖ ਖੇਤਰਾਂ ’ਚ ਵਰਤੋਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ‘ਸਵਾਮਿਤਵ ਯੋਜਨਾ’ ਲਈ ਵੀ ਵਰਤੇ ਜਾਂਦੇ ਹਨ ਜਿਸ ਨਾਲ ਪਿੰਡਾਂ ’ਚ ਜ਼ਮੀਨਾਂ ਦੀ ਮਾਲਕੀ ਦਾ ਰਿਕਾਰਡ ਰੱਖਣ, ਦਵਾਈਆਂ ਅਤੇ ਵੈਕਸੀਨਾਂ ਨੂੰ ਇਕ ਤੋਂ ਦੂਜੀ ਥਾਂ ’ਤੇ ਲਿਜਾਣ ਆਦਿ ਜਿਹੇ ਕੰਮ ਵੀ ਲਏ ਜਾ ਸਕਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly