ਨਵੀਂ ਦਿੱਲੀ/ਟਿਕਰੀ ਹੱਦ (ਯਾਦ ਦੀਦਾਵਰ)- ਕਿਰਤੀ ਕਿਸਾਨ ਯੂਨੀਅਨ ਨੇ ਸ਼ੁੱਕਰਵਾਰ ਨੂੰ ਟਿਕਰੀ ਹੱਦ ‘ਤੇ ਮੋਰਚੇ ਤੇ ਪਹਿਲੇ ਦਿਨ ਤੋਂ ਡਟੇ ਕਿਰਤੀ ਕਿਸਾਨ ਯੂਨੀਅਨ ਦੇ ਨੌਜਵਾਨ ਆਗੂਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਟਿੱਕਰੀ ਬਾਰਡਰ ਦੀ ਸੰਯੁਕਤ ਕਿਸਾਨ ਮੋਰਚੇ ਦੀ ਸਮੁੱਚੀ ਕਮੇਟੀ ਹਾਜਿਰ ਰਹੀ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਿਹਾ ਕਿ ਹਰਪ੍ਰੀਤ ਸਿੰਘ ਝਬੇਲਵਾਲੀ, ਜਗਰੂਪ ਸਿੰਘ ਸੂਬਾ ਕੋਟਲੀ, ਮਨਿੰਦਰ ਸਿੰਘ ਬੱਬੂ, ਗਗਨਦੀਪ ਸਿੰਘ ਥਾਂਦੇਵਾਲਾ 26 ਨਵੰਬਰ ਤੋਂ ਮੋਰਚੇ ਵਿਚਚ ਡਟੇ ਹੋਏ ਹਨ ਅਤੇ ਇੱਕ ਵਾਰ ਵੀ ਘਰ ਵਾਪਿਸ ਨਹੀਂ ਗਏ।
ਹਰਪ੍ਰੀਤ ਸਿੰਘ ਝਬੇਲਵਾਲੀ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਆਗੂ ਹਨ, ਨੇ ਕਿਹਾ ਕਿ ਜੋ ਪੰਜਾਬ ਦੀ ਜਵਾਨੀ ਬਾਰੇ ਇਹ ਭਰਮ ਬਣਾਇਆ ਗਿਆ ਹੈ ਕਿ ਇਹ ਸਿਰਫ ਤੱਤੇ ਐਕਸ਼ਨਾਂ ਚ ਹੀ ਆਉਂਦੀ ਪਰ ਠਰੰਮੇ ਨਾਲ ਕੋਈ ਕੰਮ ਨਹੀਂ ਕਰ ਸਕਦੀ, ਇਸ ਧਾਰਨਾ ਨੂੰ ਇਹਨਾਂ ਨੌਜਵਾਨਾਂ ਨੇ ਤੋੜਿਆ ਹੈ, ਜੋ ਮਨੋਹਰ ਖੱਟਰ ਸਰਕਾਰ ਦੀਆਂ ਰੋਕਾਂ ਵੀ ਹਟਾਉਂਦੇ ਆਏ ਤੇ ਹਰ ਉਤਰਾਅ ਚੜਾਅ ਵਿੱਚ ਮੋਰਚੇ ਵਿਚਚ ਡਟੇ ਰਹੇ। ਸਾਥੀ ਹਰਪ੍ਰੀਤ ਸਿੰਘ ਝਬੇਲਵਾਲੀ ਜੋ ਅਮ੍ਰਿਤਧਾਰੀ ਸਿੱਖ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਮੋਰਚੇ ਦੀ ਸਟੇਜ ਦੀ ਜਿੰਮੇਵਾਰੀ ਨਿਭਾਉਂਦਾ ਹੈ ਤੇ ਦੇਰ ਰਾਤ ਤੱਕ ਅਲੱਗ ਅਲੱਗ ਕੈਪਾਂ ਚ ਜਾ ਕੇ ਲੋਕਾਂ ਦੀ ਮੁਸ਼ਕਿਲਾਂ ਹੱਲ ਕਰਨ ਚ ਮਸ਼ਰੂਫ ਰਹਿੰਦਾ ਹੈ।
ਮਨਿੰਦਰ ਬੱਬੂ ਤੇ ਗਗਨਦੀਪ ਮੋਰਚੇ ਦੇ ਹਰ ਕੈਂਪ ਚ ਪਾਣੀ ਦੀ ਸੇਵਾ ਕਰਦੇ ਹਨ ਤੇ ਅੱਧੀ ਰਾਤ ਵੀ ਆਵਾਜ ਮਾਰਨ ਤੇ ਕਿਸੇ ਦੀ ਵੀ ਮਦਦ ਲਈ ਤਿਆਰ ਰਹਿੰਦੇ ਹਨ।ਜਗਰੂਪ ਸਿੰਘ (ਸੂਬਾ ਕੋਟਲੀ) ਜਿਸ ਨੂੰ ਇੱਕ ਲੱਤ ਤੋਂ ਪੋਲੀਓ ਹੈ ਪਰ ਇਹ ਉਸਦੇ ਇਰਾਦਿਆਂ ਨੂੰ ਕਮਜੋਰ ਨਹੀ ਕਰ ਸਕਿਆ। ਖੱਟਰ ਸਰਕਾਰ ਦੀਆਂ ਰੋਕਾਂ ਹਟਾਉਣ ਚ ਹੋਰਨਾਂ ਨੌਜਵਾਨਾਂ ਨਾਲ ਮੋਹਰੀ ਰਿਹਾ ਅਤੇ ਹੁਣ ਮੋਰਚੇ ਦੀ ਜਿੰਦ ਜਾਨ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਇਹ ਨੌਜਵਾਨ ਕਿਸਾਨ ਆਗੂ ਅੰਦੋਲਨ ਵਿੱਚ ਪਹਿਲੇ ਦਿਨ ਤੋਂ ਹੀ ਡਟੇ ਹੋਏ ਹਨ, ਅਤੇ ਕਾਨੂੰਨ ਰੱਦ ਕਰਵਾ ਕੇ ਹੀ ਘਰ ਵਾਪਿਸ ਜਾਣਗੇ।ਇਸ ਮੌਕੇ ਬੀਕੇਯੂ ਡਕੌੰਦਾ ਦੇ ਬਲਦੇਵ ਸਿੰਘ ਭਾਈ ਰੂਪਾ, ਬੀਕੇਯੂ ਰਾਜੇਵਾਲ ਦੇ ਪ੍ਰਗਟ ਸਿੰਘ ਪੰਜਾਬ ਕਿਸਾਨ ਯੂਨੀਅਨ ਦੇ ਜਸਵੀਰ ਕੌਰ ਨੱਤ, ਕੁਲ ਹਿੰਦ ਕਿਸਾਨ ਸਭਾ ਦੇ ਸੁਰਿੰਦਰ ਢੰਡੀਆਂ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਫੜੇ ਭਾਇਕੇ ਨੇ ਵੀ ਬੋਲਦਿਆਂ ਕਿਹਾ ਕੇ ਇਹ ਸਿਰਫ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤੇ ਕਾਰਕੁੰਨ ਹੀ ਨਹੀ ਬਲਕਿ ਸਮੁੱਚੇ ਟਿੱਕਰੀ ਮੋਰਚੇ ਦੇ ਥੰਮ ਨੇ ਤੇ ਅਜਿਹੇ ਨੌਜਵਾਨ ਹੋਰਾਂ ਨੌਜਵਾਨਾਂ ਲਈ ਵੀ ਪ੍ਰੇਰਣਾ ਸਰੋਤ ਹਨ।