ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ) ਸ਼ਬਦਾਂ ਵਿੱਚ ਬੜੀ ਤਾਕਤ ਹੁੰਦੀ ਹੈ। ਇਹ ਵਾਕ ਕਾਫੀ ਹੱਦ ਤੱਕ ਸਹੀ ਹੈ। ਪਰ ਸ਼ਬਦਾਂ ਵਿੱਚ ਹੀ ਅਸਲ ਤਾਕਤ ਹੁੰਦੀ ਹੈ। ਕਿਸੇ ਦੀ ਸ਼ਖਸੀਅਤ ਦੀ ਬਿਆਨੀ ਉਸ ਦੇ ਸ਼ਬਦ ਕਰਦੇ ਹਨ। ਕਿਸੇ ਨੂੰ ਜਾਨਣ ਲਈ ਉਸਦੇ ਸ਼ਬਦਾਂ ਨੂੰ ਜਾਣਣਾ ਪੈਂਦਾ ਹੈ। ਕਿਸੇ ਨੂੰ ਸਮਝਣ ਦਾ ਰਾਹ ਉਸ ਦੇ ਸ਼ਬਦ ਹਨ। ਸ਼ਬਦ ਹੀ ਸੰਬੰਧ ਬਣਾਉਂਦੇ ਹਨ। ਸ਼ਬਦ ਹੀ ਸੰਬੰਧ ਤੋੜ ਦਿੰਦੇ ਹਨ।
ਕਹਿੰਦੇ ਨੇ ਕਿਸੇ ਵਿਅਕਤੀ ਦੀ ਪਛਾਣ ਉਸ ਦੀ ਬੋਲ ਬਾਣੀ ਤੋਂ ਹੁੰਦੀ ਹੈ। ਬੋਲ ਬਾਣੀ ਸ਼ਬਦ ਹੀ ਤਾਂ ਹਨ। ਅਸੀਂ ਪੰਜਾਬੀ ਇਸ ਗੱਲ ਨੂੰ ਬਖੂਬੀ ਸਮਝ ਸਕਦੇ ਹਾਂ ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਸ਼ਬਦ ਨਾਲ ਜੋੜਿਆ ਹੈ। ਉਹਨਾਂ ਕਿਹਾ ਕਿ ਸ਼ਬਦ ਹੀ ਗੁਰੂ ਹੈ। ਜ਼ਿੰਦਗੀ ਦਾ ਤੱਤ ਸਾਰ ਜੇ ਕਿਤੋਂ ਪਾਉਣਾ ਹੈ ਤਾਂ ਉਹ ਸ਼ਬਦ ਵਿੱਚੋਂ ਹੀ ਮਿਲੇਗਾ। ਇਸੇ ਲਈ ਇਹ ਬਹੁਤ ਜਰੂਰੀ ਹੈ ਕਿ ਸ਼ਬਦਾਂ ਦੀ ਵਰਤੋਂ ਬਹੁਤ ਸੋਚ ਸਮਝ ਕੇ ਕੀਤੀ ਜਾਵੇ।
ਮੁਸ਼ਕਿਲ ਉੱਥੇ ਆਉਂਦੀ ਹੈ ਜਦੋਂ ਅਸੀਂ ਸ਼ਬਦਾਂ ਵੱਲ ਹੀ ਧਿਆਨ ਨਹੀਂ ਦਿੰਦੇ। ਜੋ ਮੂੰਹ ਵਿੱਚ ਆਉਂਦਾ ਹੈ ਉਹ ਕਹਿ ਦਿੰਦੇ ਹਾਂ ਬਿਨਾਂ ਇਸ ਗੱਲ ਨੂੰ ਸੋਚੇ ਕਿ ਇਸ ਦਾ ਅਸਰ ਸਾਹਮਣੇ ਵਾਲੇ ਤੇ ਕੀ ਪੈਂਦਾ ਹੈ।
ਸਾਡੇ ਸ਼ਬਦ ਕਿਸੇ ਦਾ ਹੌਸਲਾ ਤੋੜ ਸਕਦੇ ਹਨ। ਸਾਡੇ ਸ਼ਬਦ ਕਿਸੇ ਡਿੱਗੇ ਹੋਏ ਵਿੱਚ ਵੀ ਜਾਨ ਫੂਕ ਦਿੰਦੇ ਹਨ। ਸ਼ਬਦਾਂ ਦਾ ਹੀ ਕਮਾਲ ਹੈ ਕਿ ਮਾਂ ਬੱਚੇ ਨੂੰ ਸ਼ੇਰ ਬਣਾ ਦਿੰਦੀ ਹੈ ਹੱਲਾਸ਼ੇਰੀ ਨਾਲ। ਕਿਸੇ ਬਿਮਾਰ ਨੂੰ ਕਹੇ ਗਏ ਸਾਡੇ ਸ਼ਬਦ ਉਸ ਵਿੱਚ ਜਿਉਣ ਦੀ ਇੱਛਾ ਪੈਦਾ ਕਰ ਦਿੰਦੇ ਹਨ।
ਕਿਸੇ ਨੂੰ ਗੁੱਸੇ ਵਿੱਚ ਕਹੇ ਗਏ ਸ਼ਬਦ ਉਸ ਦੀ ਸ਼ਖਸੀਅਤ ਨੂੰ ਖਤਮ ਕਰ ਸਕਦੇ ਹਨ। ਸ਼ਬਦ ਹੀ ਅਸਲੀ ਤਾਕਤ ਹਨ।
ਅਸੀਂ ਅਕਸਰ ਜਦੋਂ ਦਸ਼ਮ ਪਾਤਸ਼ਾਹ ਦੀ ਗੱਲ ਕਰਦੇ ਹਾਂ ਤਾਂ ਇਹ ਕਹਿੰਦੇ ਹਾਂ ਕਿ ਉਹਨਾਂ ਨੇ ਸਾਨੂੰ ਦੱਸਿਆ ਹੈ ਕਿ ਜ਼ੁਲਮ ਕਰਨਾ ਤੇ ਜ਼ੁਲਮ ਸਹਿਣਾ ਪਾਪ ਹੈ। ਉਹਨਾਂ ਸਾਨੂੰ ਜ਼ੁਲਮ ਦਾ ਸਾਹਮਣਾ ਕਰਨ ਦੀ ਤਾਕਤ ਬਖਸ਼ੀ ਹੈ। ਅਸੀਂ ਇਹ ਅਣਗੌਲਿਆਂ ਕਰ ਜਾਂਦੇ ਹਾਂ ਕਿ ਉਹਨਾਂ ਸਾਨੂੰ ਸ਼ਬਦਾਂ ਦੀ ਮਹਿਮਾ ਵੀ ਦੱਸੀ ਹੈ। ਗੁਰੂ ਸਾਹਿਬ ਨੇ ਇੱਕ ਜ਼ਫਰਨਾਮਾ ਲਿਖ ਕੇ ਔਰੰਗਜ਼ੇਬ ਵਰਗੇ ਕੱਟੜ ਧਰਮੀ ਦੀ ਆਤਮਾ ਵਿੱਚੋਂ ਅਹੰਕਾਰ ਖੇਰੂੰ ਖੇਰੂੰ ਕਰ ਦਿੱਤਾ ਸੀ। ਜਫਰਨਾਮਾ ਇਸ ਗੱਲ ਦਾ ਗਵਾਹ ਹੈ ਕਿ ਕਿਵੇਂ ਸ਼ਬਦ ਦੀ ਤਾਕਤ ਕਿਸੇ ਨੂੰ ਹਰਾ ਸਕਦੀ ਹੈ।
ਕਹਿੰਦੇ ਨੇ ਜਦੋਂ ਮਹਾਂਭਾਰਤ ਦਾ ਯੁੱਧ ਹੋ ਰਿਹਾ ਸੀ ਤਾਂ ਕਰਨ ਦਾ ਸਾਰਥੀ ਹਰ ਵਾਰ ਜਦੋਂ ਅਰਜਨ ਵਾਰ ਕਰਦਾ ਤਾਂ ਹੌਲੀ ਜਿਹੀ ਅਰਜੁਨ ਦੀ ਤਾਰੀਫ ਕਰ ਦਿੰਦਾ। ਬਸ ਇਸ ਨਾਲ ਹੌਲੀ ਹੌਲੀ ਕਰਨ ਦਾ ਹੌਸਲਾ ਡਿੱਗਦਾ ਗਿਆ। ਇਹ ਸ਼ਬਦ ਹੀ ਸਨ ਜਿਨਾਂ ਨੇ ਉਸਨੂੰ ਕਮਜ਼ੋਰ ਕਰ ਦਿੱਤਾ। ਸ਼ਬਦ ਜੇ ਹੌਸਲਾ ਵਧਾਉਂਦੇ ਹਨ ਤਾਂ ਹੌਸਲਾ ਢਾਹ ਵੀ ਦਿੰਦੇ ਹਨ।
ਕੁਝ ਲੋਕ ਬਹੁਤ ਪ੍ਰਤਿਭਾਸ਼ਾਲੀ ਹੁੰਦੇ ਪਰ ਉਹਨਾਂ ਨੂੰ ਸ਼ਬਦਾਂ ਦੀ ਵਰਤੋਂ ਸਹੀ ਕਰਨੀ ਨਹੀਂ ਆਉਂਦੀ ਇਸੇ ਲਈ ਉਹ ਆਪਣੀ ਕਾਬਲੀਅਤ ਦਾ ਪੂਰਾ ਲਾਭ ਨਹੀਂ ਲੈ ਸਕਦੇ। ਉਹ ਲੋਕ ਜੋ ਆਪਣੇ ਸ਼ਬਦਾਂ ਨੂੰ ਸਹੀ ਢੰਗ ਨਾਲ ਇਸਤੇਮਾਲ ਕਰਨਾ ਜਾਣਦੇ ਹਨ ਜਿਨਾਂ ਨੂੰ ਗੱਲਬਾਤ ਕਰਨ ਦਾ ਹੁਨਰ ਹੁੰਦਾ ਹੈ ਜਿੰਦਗੀ ਵਿੱਚ ਕਾਮਯਾਬ ਹੋ ਜਾਂਦੇ ਹਨ। ਸ਼ਬਦਾਂ ਦਾ ਸਹੀ ਤੇ ਉਚਿਤ ਸਮੇਂ ਤੇ ਇਸਤੇਮਾਲ ਬੰਦੇ ਦੀ ਗੱਲ ਬਾਤ ਨੂੰ ਅਸਰਦਾਰ ਬਣਾਉਂਦਾ ਹੈ।
ਸ਼ਬਦਾਂ ਦੀ ਸਲੀਕੇ ਨਾਲ ਵਰਤੋਂ ਲਈ ਮਨੁੱਖ ਕੋਲ ਸ਼ਬਦ ਵੀ ਹੋਣੇ ਚਾਹੀਦੇ ਹਨ। ਆਪਣਾ ਸ਼ਬਦ ਭੰਡਾਰ ਵਧਾਉਣ ਲਈ ਸਾਨੂੰ ਸਾਹਿਤ ਦੇ ਨਾਲ ਨਾਲ ਅਖ਼ਬਾਰ ਵੀ ਪੜਨੇ ਚਾਹੀਦੇ ਹਨ। ਵੱਖ ਵੱਖ ਭਾਸ਼ਾਵਾਂ ਦੀ ਜਾਣਕਾਰੀ ਵੀ ਸ਼ਬਦ ਭੰਡਾਰ ਨੂੰ ਵਧਾਉਂਦੀ ਹੈ। ਮਨੁੱਖ ਨੂੰ ਆਪਣੀ ਬੋਲ ਚਾਲ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj