(ਸਮਾਜ ਵੀਕਲੀ)-ਵਿਚਾਰ ਛੂਤ ਦੇ ਰੋਗ ਵਾਂਗ ਹੁੰਦੇ ਹਨ ਅਤੇ ਇਹ ਬਿਮਾਰੀਆਂ ਵਾਂਗ ਹੀ ਫੈਲਦੇ ਹਨ। ਉਹਨਾਂ ਵਿੱਚ ਇੱਕ ਖਾਸੀਅਤ ਇਹ ਵੀ ਹੁੰਦੀ ਹੈ ਕਿ ਇਹ ਚੁੰਬਕ ਵਾਂਗ ਹੁੰਦੇ ਹਨ ਤੇ ਉਹ ਬਰਾਬਰ ਦੇ ਗੁਣ ਵਾਲੇ ਪਦਾਰਥਾਂ ਨੂੰ ਆਪਣੇ ਵੱਲ ਖਿੱਚਦੇ ਹਨ।
ਉਤਸ਼ਾਹ ਅਤੇ ਆਨੰਦ ਨਾਲ ਭਰੇ ਵਿਚਾਰ ਸਫਲਤਾ ਤੇ ਖ਼ੁਸ਼ੀ ਨੂੰ ਹੀ ਆਪਣੇ ਵੱਲ ਖਿੱਚਦੇ ਹਨ।ਕੰਮ ਸਬੰਧੀ ਆਪਣੀ ਨਿਪੁੰਨਤਾ ਦਾ ਸੋਮਾ, ਤੁਹਾਡਾ ਮਨ ਹੀ ਹੈ ਤੇ ਤੁਹਾਡੇ ਵਿਚਾਰਾਂ ਦਾ ਨਮੂਨਾ ਇਹ ਤੁਹਾਡੀ ਜੀਵਨ ਰੂਪੀ ਇਮਾਰਤ ਹੈ।
ਦੁਨੀਆ ਵਿੱਚ ਅਪਰਾਧ ਐਵੇਂ ਹੀ ਨਹੀਂ ਹੋ ਜਾਂਦੇ।ਅਪਰਾਧੀ ਵਿਅਕਤੀ ਪਹਿਲਾਂ ਆਪਣੇ ਮਨ ਵਿੱਚ ਅਪਰਾਧ ਕਰਦਾ ਹੈ।ਅਪਰਾਧੀ ਵਿਅਕਤੀ ਨੇ ਜਿਹੜਾ ਆਪਣੇ ਸ਼ਰੀਰ ਨਾਲ ਅਪਰਾਧ ਕੀਤਾ ਹੁੰਦਾ ਹੈ ਉਹ ਉਸਦੇ ਮਨ ਦੇ ਵਿਚਾਰਾਂ ਦੀ ਸਿਰਫ ਕੋਸ਼ਿਸ਼ ਹੈ।
ਜਿਹੜਾ ਬੰਦਾ ਅਪਰਾਧੀ ਹੈ ਜਾਂ ਦੋਸ਼ਪੂਰਨ ਕੰਮ ਕਰਦਾ ਹੈ। ਸਾਨੂੰ ਉਸਦੇ ਸੰਬੰਧ ਵਿੱਚ ਹਮਦਰਦੀ ਨਾਲ ਵਿਚਰਨਾ ਪਵੇਗਾ, ਕਿਉਂਕਿ ਮਨੋਵਿਗਿਆਨ ਵੀ ਇਹੋ ਕਹਿੰਦਾ ਹੈ ਕਿ ਹੋਰ ਵਿਅਕਤੀਆਂ ਦੁਆਰਾ ਕੀਤਾ ਗਿਆ ਵਿਵਹਾਰ ਮਨੁੱਖੀ ਮਨ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ।
ਕਈ ਵਾਰ ਵਿਚਾਰ – ਜਾਦੂ ਬੜੀ ਤੇਜੀ ਨਾਲ ਅਸਰ ਕਰਦਾ ਹੈ। ਇਸੇ ਵਿਚਾਰ -ਜਾਦੂ ਨਾਲ ਵਿਅਕਤੀ ਕਈ ਵਾਰ ਦੁਰਘਟਨਾਵਾਂ ,ਦੁੱਖਾਂ ਤੇ ਅਸਫ਼ਲਤਾਵਾਂ ਦੇ ਚੱਕਰ ਵਿੱਚ ਫਸ ਜਾਂਦਾ ਹੈ। ਜਿਹੜੇ ਲੋਕ ਤੁਹਾਡੇ ਮਨ ਵਿੱਚ ਡਰ,ਸ਼ੱਕ ਭਰਮ ਤੇ ਅਸਫ਼ਲਤਾ-ਵਿਚਾਰ ਭਰਦੇ ਹਨ, ਉਹਨਾਂ ਤੋਂ ਤੁਹਾਨੂੰ ਦੂਰ ਹੀ ਰਹਿਣਾ ਚਾਹੀਦਾ ਹੈ।ਕਈ ਵਾਰ ਉਹਨਾਂ ਦੀਆਂ ਮਿੱਠੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ ਤੇ ਬੰਦਾ ਉਹਨਾਂ ਗੱਲਾਂ ਦੇ ਮੋਹਿਨੀ – ਜਾਲ ਵਿੱਚ ਫਸ ਕੇ ਡਰਪੋਕ ,ਸ਼ੱਕੀ ਤੇ ਅਸਫ਼ਲ ਬਣ ਸਕਦਾ ਹੈ।
ਇਸੇ ਤਰ੍ਹਾਂ ਜਿਹੜੇ ਵਿਅਕਤੀ ਹਰ ਗੱਲ ਤੇ ਚੀਜ਼ ਨੂੰ ਨਿਰਾਸ਼ਾਜਨਕ ਨਜ਼ਰੀਏ ਨਾਲ ਹੀ ਦੇਖਦੇ ਤੇ ਅਸਫ਼ਲਤਾ ਦੇ ਵਿਚਾਰਾਂ ਨੂੰ ਹੀ ਮਨ ਵਿੱਚ ਜਗ੍ਹਾ ਦਿੰਦੇ ਹਨ, ਉਹ ਹਮੇਸ਼ਾ ਹੀ ਦੁਖੀ ਰਹਿੰਦੇ ਹਨ,ਉਹ ਕਦੇ ਸਫਲਤਾ ਦਾ ਫ਼ਲ ਨਹੀਂ ਖਾ ਸਕਦੇ।
ਹੋ ਸਕਦਾ ਹੈ ਤੁਸੀਂ ਸਫਲਤਾ ਲਈ ਜੀ-ਤੋੜ ਮਿਹਨਤ ਕਰ ਰਹੇ ਹੋਵੋ, ਪਰ ਜੇ ਤੁਹਾਡੇ ਵਿਚਾਰਾਂ ਵਿੱਚ ਅਸਫ਼ਲਤਾ ਦਾ ਡਰ ਹੈ ਤਾਂ ਤੁਹਾਡੀ ਮਿਹਨਤ ਬੇਕਾਰ ਚਲੀ ਜਾਵੇਗੀ ਤੇ ਤੁਹਾਨੂੰ ਨਿਰਾਸ਼ਾ ਹੀ ਹੋਵੇਗੀ,,,,ਬਹੁਤ ਲੋਕ ਸਿਰਫ ਅਸਫ਼ਲ ਹੋਣ ਕਰਕੇ ਹੀ ਡਰ ਭਰੇ ਵਿਚਾਰਾਂ ਦੇ ਕਾਰਨ ਹੀ ਸਵੈ – ਸ਼ਕਤੀਆ ਖਰਾਬ ਕਰ ਦਿੰਦੇ ਹਨ ਤੇ ਸਫ਼ਲ ਨਹੀਂ ਹੋ ਸਕਦੇ।
ਕਿਸੇ ਮਨੁੱਖ ਦੀ ਵਿਚਾਰ- ਸ਼ਕਤੀ ਦਾ ਕਮਜੋਰ ਜਾਂ ਬਲਵਾਨ ਹੋਣਾ ਓਹਦੀ ਗੱਲਬਾਤ ਤੋਂ ਪਰਗਟ ਹੋ ਜਾਂਦਾ ਹੈ।ਬਹੁਤੇ ਮਨੁੱਖਾਂ ਦੀ ਵਿਚਾਰ ਸ਼ਕਤੀ ਏਨੀ ਜਬਰਦਸਤ ਹੁੰਦੀ ਹੈ ਕਿ ਉਹ ਦੂਜਿਆਂ ਤੇ ਛੇਤੀ ਹੀ ਆਪਣਾ ਪ੍ਰਭਾਵ ਛੱਡ ਜਾਂਦੇ ਹਨ। ਉਹਨਾਂ ਨੂੰ ਵੇਖਦੇ ਹੀ ਦੂਜੇ ਲੋਕਾਂ ਨਵੇਂ ਜੀਵਨ ਦਾ ਸੰਚਾਰ ਹੁੰਦਾ ਹੈ।
ਤੁਹਾਨੂੰ ਚਾਹੀਦਾ ਹੈ ਕੇ ਤੁਸੀਂ ਹਰੇਕ ਕੰਮ ਨੂੰ ਆਸ ,ਉਤਸ਼ਾਹ ਤੇ ਨਿਸ਼ਚੇ ਨਾਲ ਵੇਖੋ ਤੇ ਇਹ ਪੱਕਾ ਨਿਸ਼ਚਾ ਰੱਖੋ ਕਿ ਜੋ ਕੁਝ ਵੀ ਹੋਵੇਗਾ ਚੰਗਾ ਹੀ ਹੋਵੇਗਾ।
ਤੁਹਾਨੂੰ ਆਪਣੇ ਮਨ ਨੂੰ ਹੌਂਸਲਾ ਦਿੰਦੇ ਰਹਿਣਾ ਚਾਹੀਦਾ ਹੈ ਕਿ ਤੁਸੀਂ ਜੋ ਪਾਉਣਾ ਚਾਹੁੰਦੇ ਹੋ ਉਹ ਤੁਹਾਨੂੰ ਜਰੂਰ ਮਿਲੇਗਾ। ਤੁਹਾਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਦੁਨੀਆਂ ਵਿੱਚ ਜਿੱਤ, ਸਫ਼ਲਤਾ ਤੇ ਸੁੱਖ ਪਾਉਣ ਲਈ ਹੀ ਪੈਦਾ ਹੋਏ ਹਨ। ਜੇ ਤੁਸੀਂ ਇੱਕ ਵਾਰ ਪੱਕਾ ਨਿਸ਼ਚਾ ਕਰ ਲਵੋ ਕਿ ਤੁਹਾਨੂੰ ਉਹ ਸਭ ਕੁਝ ਮਿਲਣਾ ਚਾਹੀਦਾ ਹੈ, ਤਾਂ ਸੰਸਾਰ ਦੀ ਕੋਈ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ।
ਇਸ ਤਰ੍ਹਾਂ ਆਸ ਵਿਚਾਰਾਂ ਨੂੰ ਮਨ ਵਿੱਚ ਵਾਰ ਵਾਰ ਦੁਹਰਾਉਣ ਨਾਲ ਤੁਹਾਡੀ ਜਿੱਤ ਪੱਕੀ ਹੈ ਤੇ ਤੁਸੀਂ ਜਿਸ ਚੀਜ਼ ਦੀ ਇੱਛਾ ਕੀਤੀ ਹੈ,ਉਹ ਤੁਹਾਡੇ ਵੱਲ ਖਿੱਚਦੀ ਚਲੀ ਆਵੇਗੀ।
ਰੱਬ ਦੀ ਇਹ ਇੱਛਾ ਹੈ ਕਿ ਮਨੁੱਖ ਆਪਣੇ ਹਾਲਾਤ ਦਾ ਗੁਲਾਮ ਨਾ ਰਹੇ।ਉਹ ਉਹਨਾਂ ਨੂੰ ਜਿੱਤ ਕੇ ਸੁਖ- ਸੁਵਿਧਾਵਾਂ ਮਾਣੇ।ਉਹਨੇ ਕੰਮ ਪੂਰਾ ਕਰਨ ਲਈ ਲਈ ਤੁਹਾਨੂੰ ਮਾਨਸਿਕ ਸ਼ਕਤੀ ਰੂਪੀ ਸੇਵਾਵਾਂ ਦੀ ਸੇਵਾ ਦਿੱਤੀ ਹੈ। ਜੇ ਤੁਸੀਂ ਇਸ ਸ਼ਕਤੀ’ ਤੇ ਭਰੋਸਾ ਰੱਖੋਗੇ , ਤਾਂ ਜੋ ਚਾਹੋਗੇ,ਓਹੀ ਮਿਲੇਗਾ।
ਰਾਜਵੀਰ ਕੌਰ (ਪੰਜਾਬੀ ਮਿਸਟ੍ਰੈਸ) ਸਰਕਾਰੀ ਮਿਡਲ ਸਕੂਲ ਖਜੀਰਪੁਰ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly