ਫ਼ਰੀਦਕੋਟ (ਸਮਾਜ ਵੀਕਲੀ): ਚੰਗੇ ਸਿਆਸੀ ਭਵਿੱਖ ਦੀ ਆਸ ਨਾਲ ਆਮ ਆਦਮੀ ਪਾਰਟੀ ਛੱਡ ਕੇ ਹੋਰਾਂ ਪਾਰਟੀਆਂ ਵਿੱਚ ਜਾਣ ਵਾਲੇ ਆਗੂਆਂ ਦਾ ਸਿਆਸੀ ਭਵਿੱਖ ਧੁੰਦਲਾ ਹੋ ਗਿਆ ਹੈ। ਜੈਤੋ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਸੀਟ ਤੋਂ ਜੇਤੂ ਰਹੇ ਮਾਸਟਰ ਬਲਦੇਵ ਸਿੰਘ ਤਖਾਣਬੱਧ ਕੁਝ ਸਮਾਂ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਪਰ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਹੀ ਨਹੀਂ ਦਿੱਤੀ। ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇਸ ਹਲਕੇ ਤੋਂ ਅਮੋਲਕ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ, ਜੋ 30 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਗਏ।
ਹਰਦੀਪ ਸਿੰਘ ਕਿੰਗਰਾ 2017 ਵਿੱਚ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋ ਕੇ ਆਜ਼ਾਦ ਚੋਣ ਲੜੇ ਸਨ ਪਰ ਹੁਣ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਹਰਦੀਪ ਸਿੰਘ ਸਿਆਸੀ ਸਰਗਰਮੀਆਂ ਵਿੱਚ ਕਿਤੇ ਨਜ਼ਰ ਨਹੀਂ ਆਏ। ਭਦੌੜ ਹਲਕੇ ਤੋਂ ‘ਆਪ’ ਦੀ ਟਿਕਟ ’ਤੇ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਪਿਰਮਲ ਸਿੰਘ ਨੂੰ ਇਸ ਵਾਰ ਟਿਕਟ ਹੀ ਨਹੀਂ ਮਿਲੀ। ਉਹ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਰੁਪਿੰਦਰ ਕੌਰ ਰੂਬੀ ਨੂੰ ਵੀ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਜਾਣਾ ਮਹਿੰਗਾ ਸਾਬਤ ਹੋਇਆ ਹੈ। ਰੂਬੀ ਦੇ ਕਾਂਗਰਸ ਵਿੱਚ ਜਾਣ ਨਾਲ, ਜਿੱਥੇ ਕਾਂਗਰਸ ਵਿੱਚ ਆਪਸੀ ਫੁੱਟ ਉੱਭਰੀ, ਉੱਥੇ ਰੂਬੀ ਨੂੰ ਵੀ ਇਸ ਦਾ ਸਿਆਸੀ ਨੁਕਸਾਨ ਝੱਲਣਾ ਪਿਆ। ਇਸੇ ਤਰ੍ਹਾਂ ਅਵਤਾਰ ਸਿੰਘ ਸਹੋਤਾ ਨੇ ਜੈਤੋ ਵਿਧਾਨ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਕਾਰਨ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਮੂਲੀਅਤ ਕਰ ਲਈ ਸੀ, ਜਿਨ੍ਹਾਂ ਆਗੂਆਂ ਦੇ ਆਸਰੇ ਸਹੋਤਾ ਕਾਂਗਰਸ ਵਿੱਚ ਗਿਆ ਸੀ, ਉਹ ਸਾਰੇ ਬੁਰੀ ਤਰ੍ਹਾਂ ਚੋਣ ਹਾਰ ਗਏ।
ਇਸ ਦੇ ਉਲਟ ਹੋਰ ਪਾਰਟੀਆਂ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਸਿਆਸੀ ਆਗੂਆਂ ਦੇ ਹੌਂਸਲੇ ਬੁਲੰਦ ਹਨ। ਅਕਾਲੀ ਦਲ ਛੱਡ ਕੇ ‘ਆਪ’ ’ਚ ਸ਼ਾਮਲ ਹੋਏ ਗਗਨਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਦਾ ਯੁੱਗ ਪੰਜਾਬ ਵਿੱਚੋਂ ਅਤੇ ਕਾਂਗਰਸ ਦਾ ਦੇਸ਼ ਵਿੱਚੋਂ ਵਜੂਦ ਖਤਮ ਹੋ ਗਿਆ ਹੈ ਅਤੇ ਉਹ ਆਪਣੇ ਇਲਾਕੇ ਦੇ ਭਲੇ ਲਈ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਤੇ ਉਨ੍ਹਾਂ ਦਾ ਇਹ ਫ਼ੈਸਲਾ ਸਹੀ ਸਾਬਤ ਹੋਇਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly