ਸਿਰਮੌਰ ਸ਼ਾਇਰਾ ਤਾਹਿਰਾ ਸਰਾਂ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ
ਗੁਰਬਿੰਦਰ ਸਿੰਘ ਰੋਮੀ, ਇੰਟਰਨੈੱਟ (ਸਮਾਜ ਵੀਕਲੀ): ਸ਼ਨੀਵਾਰ ਨੂੰ ਮਹਿਕਦੇ ਅਲਫਾਜ਼ ਸਾਹਿਤਕ ਸਭਾ ਵੱਲੋਂ ਪ੍ਰਬੰਧਕ ਡਾ. ਰਵਿੰਦਰ ਭਾਟੀਆ ਅਤੇ ਡਾ. ਜਗਮੋਹਨ ਸੰਘਾ ਦੀ ਪ੍ਰਧਾਨਗੀ ਸਫ਼ਲ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਲਹਿੰਦੇ ਪੰਜਾਬ ਦੀ ਸ਼ਾਨ ਤੇ ਪੰਜਾਬੀ ਦੀ ਸਿਰਮੌਰ ਸ਼ਾਇਰਾ ਤਾਹਿਰਾ ਸਰਾਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਆਪਣੀਆਂ ਜ਼ਬਰਦਸਤ ਪੇਸ਼ਕਾਰੀਆਂ ਨਾਲ ਪ੍ਰੋਗਰਾਮ ਵਿੱਚ ਰੰਗ ਬੰਨ੍ਹਿਆ। ਕੈਨੇਡਾ, ਅਮਰੀਕਾ, ਜਪਾਨ, ਪਾਕਿਸਤਾਨ ਤੇ ਭਾਰਤ ਤੋਂ ਸ਼ਾਮਲ ਨਾਮਵਾਰ ਸਾਹਿਤਕਾਰਾਂ ਦੀ ਮੌਜੂਦਗੀ ਨੇ ਪ੍ਰੋਗਰਾਮ ਵਿਚ ਚਾਰ ਚੰਨ ਲਗਾ ਦਿੱਤੇ। ਡਾ. ਜਗਮੋਹਨ ਸੰਘਾ ਨੇ ਆਪਣੇ ਮੋਹ ਭਿੱਜੇ ਸ਼ਬਦਾਂ ਵਿੱਚ ਸਭ ਨੂੰ ਜੀ ਆਇਆ ਕਿਹਾ। ਪ੍ਰੋਗਰਾਮ ਦਾ ਆਗਾਜ਼ ਤਾਹਿਰਾ ਸਰਾਂ ਜੀ ਦੀ ਬਾ-ਕਮਾਲ ਗ਼ਜ਼ਲ ਨਾਲ ਹੋਇਆ।
ਪਾਕਿਸਤਾਨ ਤੇ ਕੈਨੇਡਾ ਦੇ ਨਾਮਵਰ ਸ਼ਾਇਰ ਮਕਸੂਦ ਚੌਧਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਆਪਣੀਆਂ ਰਚਨਾਵਾਂ ਨਾਲ ਸਭ ਦਾ ਮਨ ਮੋਹ ਲਿਆ। ਸਤਿਕਾਰਿਤ ਕਵੀਆਂ ਵਿੱਚ ਗੁਰਦੀਪ ਗੁੱਲ, ਸੁਦੇਸ਼ ਨੂਰ, ਮੀਤਾ ਖੰਨਾ, ਆਬਿਦ ਰਸ਼ੀਦ, ਪ੍ਰੀਤ ਹੀਰ, ਸਭਾ ਦੇ ਕੋਆਰਡੀਨੇਟਰ ਅਮਨਬੀਰ ਸਿੰਘ ਧਾਮੀ, ਡਾ. ਜਗਮੋਹਨ ਸੰਘਾ, ਅੰਜੂ ਅਮਨਦੀਪ ਗਰੋਵਰ ਤੇ ਡਾ. ਰਵਿੰਦਰ ਭਾਟੀਆ ਦੀਆਂ ਸ਼ਲਾਘਾਯੋਗ ਰਚਨਾਵਾਂ ਸਦਕਾ ਕਾਵਿ-ਮਹਫਿਲ ਯਾਦਗਾਰੀ ਹੋ ਨਿਬੜੀ। ਅਖੀਰ ਵਿੱਚ ਡਾ. ਰਵਿੰਦਰ ਕੌਰ ਭਾਟੀਆ ਤੇ ਡਾ. ਜਗਮੋਹਨ ਸੰਘਾ ਨੇ ਆਪਣੇ ਮਿੱਠੇ ਸ਼ਬਦਾਂ ਵਿਚ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਅਹਿਦ ਲਿਆ ਕਿ ਉਹ ਇਸੇ ਤਰ੍ਹਾਂ ਮਾਂ-ਬੋਲੀ ਦੀ ਸੇਵਾ ਕਰਦੇ ਰਹਿਣਗੇ। ਅੰਜੂ ਅਮਨਦੀਪ ਗਰੋਵਰ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾ ਕੇ ਖੂਬ ਵਾਹ-ਵਾਹ ਖੱਟੀ।