ਕਵਿਤਾ

(ਸਮਾਜ ਵੀਕਲੀ)

ਛੇ ਪੋਹ ਦੀ ਅੱਧੀ ਰਾਤ ਵੇਲੇ ਛੱਡਿਆ,
ਸੀ ਅਨੰਦਪੁਰ ਨੂੰ।
ਕਸਮਾਂ ਭੁਲਾ ਕੇ ਵੈਰੀ ਘੇਰਾ ਪਾ ਲਿਆ,
ਦਸ਼ਮੇਸ਼ ਗੁਰ ਨੂੰ।
ਖੇਰੂੰ ਖੇਰੂੰ ਸਾਰਾ ਪਰਿਵਾਰ ਹੋ ਗਿਆ,
ਸਰਸਾ ਕਿਨਾਰਾ ਸੀ।
ਜੋੜਾ ਜੋੜਾ ਪੁੱਤਰਾਂ ਦਾ ਵੱਖ ਹੋ ਗਿਆ,
ਜਾਨ ਤੋਂ ਪਿਆਰਾ ਸੀ।

ਅਜੀਤ ਜੁਝਾਰ ਦੋਨੋ ਨਾਲ ਗੁਰਾਂ ਦੇ,
ਪੁੱਜੇ ਚਮਕੌਰ ਸੀ।
ਜਿੱਥੋਂ ਸੀ ਸ਼ਹੀਦੀਆਂ ਦਾ ਸ਼ੁਰੂ ਹੋ ਗਿਆ
ਚੰਦਰਾ ਓ ਦੌਰ ਸੀ ।
ਨਿੱਕੇ ਨਿੱਕੇ ਲਾਲਾਂ ਦਾ ਵਿਛੋੜਾ ਪੈ ਗਿਆ,
ਦਾਦੀ ਦਾ ਸਹਾਰਾ ਸੀ।
ਜੋੜਾ ਜੋੜਾ ਪੁੱਤਰਾਂ ਦਾ ਵੱਖ ਹੋ ਗਿਆ,
ਜਾਨ ਤੋਂ ਪਿਆਰਾ ਸੀ।

ਸਵਾ ਸਵਾ ਲੱਖ ਨਾਲ ਰਹੇ ਲੜਦੇ,
ਯੋਧੇ ਬਲਬੀਰ ਜੀ।
ਜਾਲਮਾਂ ਦੇ ਸੱਥਰ ਵਿਛਾਈ ਜਾ ਰਹੇ,
ਵੱਡੇ ਸੂਰਵੀਰ ਜੀ।
ਕੱਲਾ ਕੱਲਾ ਸਿੰਘ ਲੱਖਾਂ ਉੱਤੇ ਭਾਰੀ ਸੀ,
ਵੱਖਰਾ ਨਜ਼ਾਰਾ ਸੀ।
ਜੋੜਾ ਜੋੜਾ ਪੁੱਤਰਾਂ ਦਾ ਵੱਖ ਹੋ ਗਿਆ,
ਜਾਨ ਤੋਂ ਪਿਆਰਾ ਸੀ।

ਗੰਗੂ ਵੈਰੀ ਬਣ ਕਹਿਰ ਨੂੰ ਕਮਾ ਗਿਆ,
ਪਾਪੀ ਹਤਿਆਰਾ ਸੀ।
ਸੂਬੇ ਸਰਹੰਦ ਦੀ ਕਚਹਿਰੀ ਲੈ ਗਿਆ,
ਲਾਲਚ ਦਾ ਮਾਰਾ ਸੀ।
ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਤਾਂ,
ਫੁੱਲਾਂ ਦਾ ਪਿਟਾਰਾ ਸੀ।
ਜੋੜਾ ਜੋੜਾ ਪੁੱਤਰਾਂ ਦਾ ਵੱਖ ਹੋ ਗਿਆ,
ਜਾਨ ਤੋਂ ਪਿਆਰਾ ਸੀ।

ਹੋ ਗਏ ਸ਼ਹੀਦ ਜਿੱਥੇ ਮਾਤਾ ਗੁਜਰੀ,
ਸੀ ਬੁਰਜ ਠੰਡਾ ਜੀ।
ਮੰਨੀ ਨਹੀ ਈਨ ਤੇ ਬਲੁੰਦ ਰੱਖਿਆ,
ਸਿੱਖੀ ਵਾਲਾ ਝੰਡਾ ਜੀ।
“ਸੁੱਖ” ਸਦਾ ਚੜ੍ਹਦੀ ਕਲਾ ਚ ਰਹੇਗਾ,
ਏਹ ਪੰਥ ਨਿਆਰਾ ਜੀ।
ਜੋੜਾ ਜੋੜਾ ਪੁੱਤਰਾਂ ਦਾ ਵੱਖ ਹੋ ਗਿਆ,
ਜਾਨ ਤੋਂ ਪਿਆਰਾ ਸੀ।

ਸੁਖਚੈਨ ਸਿੰਘ ਚੰਦ ਨਵਾਂ
9914973876

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article” ਮੈਂ ਫਿਰ ਆਵਾਂਗੀ”
Next articleਆਖ਼ਰ ਕਿੰਨਾ ਕੂ ਪੈਸਾ ਚਾਹੀਦਾ ਖੁਸ਼ ਹੋਣ ਲਈ…