(ਸਮਾਜ ਵੀਕਲੀ)
ਫਸ ਗਈ ਭੰਵਰ ਚ ਕਿਸ਼ਤੀ,
ਕਿਨਾਰੇ ਲੱਭਦੇ ਲੱਭਦੇ।
ਬੇਸਹਾਰਾ ਹੋ ਗਏ ਹਾਂ,
ਸਹਾਰੇ ਲੱਭਦੇ ਲੱਭਦੇ।
ਵੱਡੀ ਮੰਜਲਾਂ ਦੀ ਖਾਤਰ ,
ਭੁੱਲ ਗਏ ਆਪਣਾ ਸਿਰਨਾਵਾਂ।
ਰੂਹ ਹੋ ਗਈ ਹੈ ਜ਼ਖ਼ਮੀ,
ਬਿਰਹਾ ਦੇ ਕੰਡੇ ਕੱਢਦੇ ਕੱਢਦੇ।
ਟਾਹਣੀ ਦੇ ਨਾਲੋਂ ਸਾਡਾ,
ਟੁੱਟਿਆ ਸਦੀਵੀ ਰਿਸ਼ਤਾ।
ਖੁਸ਼ਬੂ ਉੱਡ ਗਈ ਸਾਰੀ,
ਪੌਣਾਂ ਦੇ ਵਗਦੇ ਵਗਦੇ।
ਆਸ ਦੀ ਕਿਰਨ ਲਈ,
ਲੋਅ ਨੈਣਾਂ ਦੀ ਹੋਈ ਮੱਧਮ।
ਰਿਹਾ ਘਰ ਵਿਚ ਹਨੇਰਾ,
ਚਿਰਾਗਾਂ ਦੇ ਜਗਦੇ ਜਗਦੇ।
ਅੰਬਰਾਂ ਨੂੰ ਛੂਹਣ ਲਈ,
ਭਰੀ ਸੀ ਲੰਮੀ ਉਡਾਰੀ।।
ਘਟਾ ਛਾ ਗਈ ਸ਼ਾਹ ਕਾਲੀ,
ਸੂਰਜ ਦੇ ਮਘਦੇ ਮਘਦੇ।
ਜ਼ਿੰਦਗੀ ਦੀ ਸ਼ਾਮ ਢਲ ਗਈ,
ਡੋਰ ਸਾਹਾਂ ਦੀ ਟੁੱਟ ਰਹੀ ਏ।
ਮਿਚ ਜਾਣ ਨਾ ਕਿਤੇ ਦੀਦੇ,
ਮਾਰ ਗੇੜਾ ਝਬਦੇ ਝਬਦੇ।
ਸੁਖਵਿੰਦਰ
9592701096
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly