ਕਵਿਤਾ

ਰਿੱਤੂ ਵਾਸੂਦੇਵ
 (ਸਮਾਜ ਵੀਕਲੀ)
ਮੈਂਨੂੰ ਨਹੀਂ ਪਤਾ !
ਮੇਰੇ ਅੰਦਰ ਕਵਿਤਾ ਕਿੱਥੋਂ ਆਈ ਹੈ!
ਉਹ ਚਾਂਦੀ ਦੇ ਕੱਪ ਵਿਚ
ਚਾਹ ਪੀਣ ਵਾਲ਼ੇ
ਮੈਨੂੰ ਪੁੱਛਦੇ ਹਨ
ਕਿ ਮੇਰੇ ਅੰਦਰ ਕਵਿਤਾ ਕਿੱਥੋਂ ਆਈ ਹੈ?
ਜਦੋਂ ਉਹ ਮੁਸ਼ਾਇਰੇ ਵਿਚ ਖੜ੍ਹੇ
ਇਕ-ਇਕ ਪੈੱਗ ਲਾਉਣ ਤੋਂ ਬਾਅਦ
ਕਿਸੇ ਕਵਿੱਤਰੀ ਦੇ ਚਰਿੱਤਰ ‘ਤੇ
ਟੀਕਾ ਟਿੱਪਣੀ ਕਰਦੇ ਹੋਏ
ਠਹਾਕੇ ਮਾਰ ਕੇ ਹੱਸਦੇ ਹਨ
ਤਾਂ ਕਵਿਤਾ ਮੇਰੇ ਕੋਲ਼ ਆਣ ਖੜ੍ਹਦੀ ਹੈ!
ਜਦੋਂ ਕਵੀਨੁਮਾ ਜੀਵਾਂ ਦੇ ਬਣਾਏ ਹਲਾਤ
ਮੇਰੇ ਅਹਿਸਾਸ ਦੀ ਜਮੀਨ ਉੱਤੇ
ਵੈਰਾਗ਼ ਬੀਜਦੇ ਹਨ
ਤਾਂ ਕਵਿਤਾ ਮੇਰੇ ਅੰਦਰੋਂ
ਆਪੇ ਉੱਗ ਖਲੋਂਦੀ ਹੈ!
ਕਵਿਤਾ ਮੈਨੂੰ
ਇਕਲਾਪੇ ਦਾ ਵਰਦਾਨ ਲਗਦੀ ਹੈ!
ਮੈਂ ਤੇ ਮੇਰੀ ਕਵਿਤਾ
ਰਹਿੰਦੇ ਹਾਂ ਅਕਸਰ
ਚਮਚਿਆਂ ਦੀ ਯੁਗ਼ਲਬੰਦੀ ਤੋਂ ਦੂਰ….
ਹੀਰੋਸ਼ੀਮਾ ਤੇ ਨਾਗਾਸਾਕੀ
ਦੇ ਧਮਾਕਿਆਂ ਨਾਲ਼
ਡਰੀ ਸਹਿਮੀ ਮੇਰੀ ਕਵਿਤਾ!
ਕਿਸੇ ਰਾਮ-ਲੱਲਾ ਦੇ
ਅਯੁੱਧਿਆ ਪਰਤਣ ‘ਤੇ
ਖ਼ੁਸ਼ਹਾਲ ਨਹੀਂ ਹੁੰਦੀ!
ਕਿਤਾਬੀ ਮੇਲਿਆਂ ਵਿੱਚ
ਦੱਬੀ ਕੁਚਲੀ ਮੇਰੀ ਕਵਿਤਾ
ਲੱਭਦੀ ਹੈ ਕੋਈ ਇਕਾਂਤ
ਜਿੱਥੇ ਕੀਮਤਾਂ ਦੀ ਬਜਾਇ
ਕਦਰਾਂ ਹੋਣ…
ਸਿਗ਼ਰਟ ਦੇ ਕਸ਼ ਦਾ ਧੂੰਆਂ ਉਡਾ ਕੇ
ਉਹ ਕਰਦੇ ਰਹੇ ਹਨ
ਕਵਿਤਾ ਨੂੰ ਮਜ਼ਾਕ!
ਤੇ ਕਵਿਤਾ ਡਰਦੀ ਹੀ ਰਹੀ ਹੈ!
ਔਰਤ ਨੂੰ ਵਸਤੂ ਦੀ
ਨਜ਼ਰ ਨਾਲ ਵੇਖਣ ਵਾਲ਼ੇ
ਕਵੀ ਕਦੋਂ ਤੋਂ ਹੋ ਗਏ? ਪਤਾ ਨਹੀਂ!
ਜਦੋਂ ਕਿ ਔਰਤ ਦੇ
ਜਜ਼ਬਾਤਾਂ ਤੋਂ ਵੀ ਬਰੀਕ
ਤੰਦ ਵਿਚ ਪਰੁੱਚੀ ਮਹੀਨ ਕਵਿਤਾ ਦਾ ਸਿਰਾ,
ਸੂਖ਼ਮਤਾ ਤੇ ਨਾਜ਼ੁਕਤਾ
ਵੱਲ ਹੀ ਖੁੱਲ੍ਹਦਾ ਹੈ!
ਮੇਰੇ ਜਿਹਨ ਦੇ ਦਰ-ਦਰਵਾਜਿਆਂ ਵਿਚ
ਪਿਆਰ, ਮੋਹ, ਅਹਿਸਾਸ,
ਸੰਵੇਦਨਾ, ਰਹਿਮ ਅਤੇ ਰੂਹਾਨੀਅਤ
ਪਈ ਹੋਈ ਹੈ!
ਜਦੋਂ ਕੋਈ ਪਾਕਿ ਰੂਹ
ਸਿਰਜਣਾ ਦੇ ਸਿਖ਼ਰ ‘ਤੇ ਬੈਠੀ
ਗੁਣਗੁਣਾਉੰਦੀ ਹੈ ਕੋਈ ਗੀਤ
ਤਾਂ ਖੁੱਲ੍ਹਦਾ ਹੈ ਜੰਨਤ ਦਾ ਕੋਈ ਰਾਹ
ਜਿਸ ਵਿੱਚੋਂ ਮਹਿਕ ਬਣਕੇ
ਦੋ ਗੁੱਤਾਂ ਕਰੀ
ਗਲ਼ ਵਿਚ ਚੁੰਨੀ ਪਾ
ਬੇਫ਼ਿਕਰੀ ਵਿਚ ਨੱਚਦੀ – ਟੱਪਦੀ
ਆ ਜਾਂਦੀ ਹੈ ਕਵਿਤਾ!
ਜਿਸ ਦਿਨ ਕਰ ਸਕੋਗੇ
ਆਪਣੀ ‘ਮੈਂ’ ਦਾ ਅੰਤ
ਜਿਸ ਦਿਨ ਹੋ ਸਕੋਗੇ ਔਰਤ ਦੀ ਰੂਹ
ਜਿਸ ਦਿਨ ਮਾਰ ਸੁੱਟੋਗੇ ਆਪਣਾ ਆਪ
ਜਿਸ ਦਿਨ ਜਾਣ ਲਓਗੇ ਕੁਦਰਤ ਦੇ ਭੇਤ
ਉਸ ਦਿਨ ਕਵਿਤਾ
ਆਪ ਬੈਠੇਗੀ ਤੁਹਾਡੇ ਖੱਬੇ ਪਾਸੇ
ਤੇ ਸੱਜੇ ਹੱਥ ਕ਼ਲਮ ਦੇ ਕੇ ਕਹੇਗੀ
ਐ ਕਵੀ! ਮੈਨੂੰ ਲਿਖ!
ਅੱਜ ਤੂੰ ਸਿਰਜਣਾ ਦੇ
ਉੱਤਮ ਮੁਕਾਮ ‘ਤੇ ਖੜ੍ਹਾ ਏਂ!
ਕਵਿਤਾ ਏਦਾਂ ਹੀ ਆਉਂਦੀ ਹੈ!!
~ ਰਿੱਤੂ ਵਾਸੂਦੇਵ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਫੂਡ ਪੋਇਜ਼ਨਿੰਗ ਨੂੰ ਕੰਟਰੋਲ ਕਰਨ ਲਈ ਪੀਓ ਨਿੰਬੂ ਪਾਣੀ !