(ਸਮਾਜ ਵੀਕਲੀ)
ਕਿੰਨਿਆਂ ਸਵਾਲਾਂ ਵਿੱਚ ਉਲਝਿਆ ਜ਼ਹਿਨ ਮੇਰਾ
ਜ਼ੋ ਹੋ ਰਿਹਾ,ਉਹ ਸੱਚ ਕਿਉਂ ਨਹੀਂ ?
ਜੋ ਸਾਹਮਣੇ ਦਿਖ ਰਿਹਾ
ਉਹੀ ਸੱਚ ਕਿਉਂ ਨਹੀਂ ਹੁੰਦਾ?
ਆਖ਼ਿਰ ਦੋਗਲਾਪਨ ਕੀ ਟੀਚਾ ਮਿਥਦਾ?
ਆਪਣੀ ਸੋਝੀ ਦੀ ਸਮਰਥਾ ਚ ਜਵਾਬ ਟਟੋਲ ਦੀ
ਮੈਂ ਅਕਸਰ ਸੁਕਰਾਤ ਹੋ ਜਾਨੀ ਆ
ਮਨੁੱਖ, ਮਨੁੱਖ ਦਾ ਦੁਸ਼ਮਣ ਕਿਉਂ?
ਮਨੁੱਖ ਹੀ ਮਨੁੱਖਤਾ ਦਾ ਕਰ ਰਿਹਾ ਘਾਣ ਕਿਉਂ?
ਕਿਉਂ ਪਸ਼ੂ ਬਿਰਤੀ ਅਪਣਾ,
ਖ਼ੁਦ ਨੂੰ ਬਿਹਤਰ ਸਾਬਿਤ ਕਰਨਾ ਚਾਂਹੁੰਦੇ
ਆਖ਼ਿਰ ਸਮਸਿਆ ਕਿਥੇ ਹੈ?
ਉਸਨੂੰ ਖ਼ਤਰਾ ਕਿਸ ਤੋਂ ਹੈ?
ਉਸਦੇ ਅੰਦਰ ਦੇ ਜਾਨਵਰ ਨੂੰ ਜਗਾਉਂਦਾ ਕੌਣ ਹੈ?
ਇਕਾਗਰ ਚਿੱਤ ਹੋ,
ਕਾਂਗੋ ਹੰਸ ਕਰੇ ਦੀ ਬਿਰਤੀ ਪੜ੍ਹਕੇ ਸੁਣਕੇ
ਮੈਂ ਵਿਸਮਿਕ ਚਿੰਨ੍ਹ ਜਿਹੀ ਹੋ ਜਾਂਦੀ ਹਾਂ
ਹਰ ਜਵਾਬ ਚੋਂ ਕਈ ਪ੍ਰਸ਼ਨ ਉਪਜਦੇ
ਇਹਨਾਂ ਪ੍ਰਸ਼ਨਾਂ ਦੇ ਉੱਤਰ ਲੱਭਦੀ
ਮੈਂ ਅਕਸਰ ਸੁਕਰਾਤ ਹੋ ਜਾਨੀ ਆ
ਸ਼੍ਰਿਸ਼ਟੀ ਚ ਹਰ ਸ਼ੈਅ ਜੀਵਿਤ ਅਜੀਵਿਤ
ਉਸ ਰਚਨਹਾਰੇ ਦੀ ਪੈਦਾ ਕੀਤੀ
ਉਹ ਹਰ ਜਗ੍ਹਾ ਹੈ,ਪਰ ਹੈ ਅਦ੍ਰਿਸ਼ਟਮਾਨ
ਫਿਰ ਵੀ ਧਰਤੀ, ਅਕਾਸ਼ ,ਸੂਰਜ ਚੰਦ,ਤਾਰੇ
ਤੇ ਸਾਰਾ ਬ੍ਰਹਿਮੰਡ ਉਸਦੀ ਰਜ਼ਾ ਵਿਚ
ਉਸੇ ਦੀ ਉਸਤਤਿ ਵਿੱਚ ਮਸਤ ਏ,
ਉਹ ਸਭ ਨੂੰ ਬੱਸ ਦੇ ਰਿਹਾ ਹੈ
ਆਸਤਿਕ, ਨਾਸਤਿਕ,ਸਾਧ ਚਾਹੇ ਚੋਰ
ਪਰ ਉਹ ਕਿਸ ਬਿਰਤੀ ਦੇ ਲੋਕ ਹਨ
ਜ਼ੋ ਪਦਾਰਥਾਂ ਦੇ ਭੋਗ ਲਗਾ
ਉਸ ਨੂੰ ਪਾਉਣਾ ਚਾਹੁੰਦੇ ਹਨ।
ਅੰਤਰਧਿਆਨ ਹੋ ਸੋਚਦੀ ਹਾਂ
ਸਿਰਫ਼ ਆਪਾਂ ਅਰਪਿਤ ਹੋਵੇ
ਇਸ ਤੋਂ ਬਗੈਰ ਉਸਨੂੰ ਕੀ ਚਾਹੀਦਾ ਹੋਵੇਗਾ?
ਉਹ ਆਪ ਸਾਹਾਂ ਤੋਂ ਲੈ ਕੇ ਹਰ ਉਪਹਾਰ ਦੇ ਰਿਹਾ
ਇਸ ਸਵਾਲ ਤੇ ਆ ਰੁਕਦੀ!
ਮੈਂ ਅਕਸਰ ਸੁਕਰਾਤ ਹੋ ਜਾਨੀ ਆ!
ਹਾਂ ਮੈਂ ਸੁਕਰਾਤ ਹੋ ਜਾਨੀ ਆ !
ਨਵਜੋਤ ਕੌਰ ਨਿਮਾਣੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly