(ਸਮਾਜ ਵੀਕਲੀ)
ਸਾਰੀ ਦੁਨੀਆਂ ਤੋਂ ਵੱਖ ਜਿਹੀ ਸੀ
ਓਹਦੀ ਛੋਟੀ ਛੋਟੀ ਅੱਖ ਜਿਹੀ ਸੀ
ਚਿਹਰਾ ਕਸ਼ਮੀਰੀਆਂ ਵਰਗਾ ਸੀ
ਦੁੱਧ ਰੰਗ ਪੁੰਨਿਆ ਦੇ ਪੱਖ ਜੀ ਸੀ
ਮਰ ਜਾਣੀ ਮੇਰੇ ਤੇ ਮਰਗੀ ਸੀ
ਸੰਦਲੀ ਪ੍ਰਭਾਤ ਦੀ ਸਰਘੀ ਸੀ
ਤੇਰੀ ਫੋਟੋ ਕਾਪੀ ਹੀ ਲੱਗਦੀ ਸੀ
ਉਹ ਬਿਲਕੁੱਲ ਤੇਰੇ ਵਰਗੀ ਸੀ
ਇੰਝ ਚੁੰਨੀ ਲੈਂਦੀ ਸੀ ਰੱਫ ਕਰਕੇ
ਵਾਲਾਂ ਨੂੰ ਵਾਹੁੰਦੀ ਸੀ ਪੱਫ ਕਰਕੇ
ਬੜੇ ਬੋਚ ਬੋਚ ਸੀ ਪੱਬ ਚੱਕਦੀ
ਇਜ਼ੀ ਗੱਲ ਲੈਂਦੀ ਸੀ ਟੱਫ ਕਰਕੇ
ਅੱਖੀਆਂ ਚੋਂ ਛਮ ਛਮ ਵਰ੍ਹਦੀ ਸੀ
ਵਿਛੜਨ ਤੋਂ ਬਾਹਲਾ ਡਰਗੀ ਸੀ
ਤੇਰੀ ਫੋਟੋ ਕਾਪੀ ਹੀ ਲੱਗਦੀ ਸੀ
ਉਹ ਬਿਲਕੁੱਲ ਤੇਰੇ ਵਰਗੀ ਸੀ
ਕਿੰਝ ਜੀਣਾ ਗੱਲ ਸਿਖਾਉਂਦੀ ਸੀ
ਗੱਲਾਂ ਤੋਂ ਗੱਲ ਬਣਾਉਂਦੀ ਸੀ
ਬੜੀ ਰਮਜ਼ ਦਾਰ ਸੀ ਸਮਝ ਬੜੀ
ਮੈਨੂੰ ਗੱਲ ਗੱਲ ਤੇ ਸਮਝਾਉਂਦੀ ਸੀ
ਮੇਰੇ ਦਿਲ ਦੇ ਵਿੱਚ ਕਰ ਘਰਗੀ ਸੀ
ਬੜੇ ਤੋਹਮਤ ਤਾਹਨੇ ਜਰਗੀ ਸੀ
ਤੇਰੀ ਫੋਟੋ ਕਾਪੀ ਹੀ ਲੱਗਦੀ ਸੀ
ਉਹ ਬਿਲਕੁੱਲ ਤੇਰੇ ਵਰਗੀ ਸੀ
ਭੁੱਲਦੀ ਨਹੀਂ ਚਾਹੇ ਭੁਲਾ ਗਈ ਉਹ
ਜਿੰਦਗ਼ੀ ਦੇ ਪਾਠ ਪੜਾ ਗਈ ਉਹ
ਮੈਨੂੰ ਕਮਲੇ ਕੋਝੇ ਝੱਲ ਜਿਹੇ ਨੂੰ
ਕਿੰਝ ਲਿਖਣੇ ਗੀਤ ਸਿਖਾ ਗਈ ਉਹ
ਜਦੋਂ ਮਿਲੇ ਤਾਂ ਅੱਖਾਂ ਭਰਗੀ ਸੀ
ਅੰਤ ਹਰੀਸ਼ ਨੂੰ ਜਿੱਤ ਕੇ ਹਰਗੀ ਸੀ
ਤੇਰੀ ਫੋਟੋ ਕਾਪੀ ਹੀ ਲੱਗਦੀ ਸੀ
ਉਹ ਬਿਲਕੁੱਲ ਤੇਰੇ ਵਰਗੀ ਸੀ
ਹਰੀਸ਼ ਪਟਿਆਲਵੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly