ਕਵਿਤਾ

ਜਗਦੀਸ਼ ਰਾਣਾ

(ਸਮਾਜ ਵੀਕਲੀ)

ਦੇਸ਼ ਬੇਗ਼ਾਨੇ ਹੋ ਕੇ ਪੱਕਾ.
ਸਾਡੇ ਨਾਲ਼ ਕਿਉਂ ਕਰਦੈਂ ਧੱਕਾ?
ਫ਼ੋਨ ਵੀ ਆਉਣਾ ਘੱਟ ਹੋ ਗਿਆ, ਖ਼ਤ ਵੀ ਨਹੀਂ ਤੂੰ ਪਾਉਂਦਾ ਵੇ .
ਤੇਰੇ ਨਾਲੋਂ ਤਾਂ ਸਾਉਣ ਹੀ ਚੰਗਾ,
ਸਾਲ ਪਿੱਛੋਂ ਮੁੜ ਆਉਂਦਾ ਵੇ ।
ਸਾਡੇ ਸਤਰੰਗੀ ਪੀਂਘ ਜਿਹੇ ਸੁਪਨੇ
ਵੇ ਤੇਰੇ ਬਾਝੋਂ ਟੁੱਟ ਗਏ।
ਚਾਅ ਅੱਲੜ੍ਹ ਜਵਾਨੀ ਵਾਲ਼ੇ ਸਾਰੇ
ਵੇ ਤੇਰੇ ਬਿਨਾਂ ਲੁੱਟ ਗਏ।
ਖ਼ਾਬਾਂ ਦੇ ਸਿੰਧੂਰੀ ਮੁੱਖ ਤੇ,
ਕਿਉਂ ਤੇਜ਼ਾਬਾਂ ਪਾਉਂਦਾ ਵੇ ?
ਤੇਰੇ ਨਾਲੋਂ ਤਾਂ ਸਾਉਣ ਹੀ ਚੰਗਾ,
ਸਾਲ ਪਿੱਛੋਂ ਮੁੜ ਆਉਂਦਾ ਵੇ ।
ਸਾਡੀ ਜ਼ਿੰਦਗੀ ‘ਚੋਂ ਨੂਰ ਚੁਰਾ ਕੇ
ਤੂੰ ਕਾਲਖਾਂ ਸਿਆਹੀਆਂ ਦਿੱਤੀਆਂ।
ਸਾਨੂੰ ਪਿਆਰ ਵਾਲ਼ੇ ਪੈਂਡਿਆਂ ਤੇ ਤੋਰ ਕੇ,
ਤੂੰ ਸੱਜਣਾ ਤਬਾਹੀਆਂ ਦਿੱਤੀਆਂ।
ਵਾਅਦਿਆਂ ਉੱਤੇ ਫੇਰ ਕੇ ਪਾਣੀ,
ਕਿੰਝ ਤੂੰ ਵਕ਼ਤ ਲੰਘਾਉਂਦਾ ਵੇ ?
ਤੇਰੇ ਨਾਲੋਂ ਤਾਂ ਸਾਉਣ ਹੀ ਚੰਗਾ,
ਸਾਲ ਪਿੱਛੋਂ ਮੁੜ ਆਉਂਦਾ ਵੇ ।
ਰਾਹ ਤੱਕ ਤੱਕ ਰਾਹ ਅਸੀਂ ਹੋ ਗਏ,
ਵੇ ਦੁੱਖ ਤੈਨੂੰ ਕੀ ਦੱਸੀਏ।
ਆਵੇ ਜ਼ਿੰਦਗੀ ‘ ਚੋਂ ਮੌਤ ਜਿਹੀ ਵਾਸ਼ਨਾ,
ਵੇ ਰਾਜੀ ਖ਼ੁਸ਼ੀ ਕਿੰਝ ਵੱਸੀਏ ।
ਯਾਦਾਂ ਦਾ ਇਕ ਘਾਇਲ ਪਰਿੰਦਾ,
ਮਨ ਵਿੱਚ ਸ਼ੋਰ ਮਚਾਉਂਦਾ ਵੇ।
ਤੇਰੇ ਨਾਲੋਂ ਤਾਂ ਸਾਉਣ ਹੀ ਚੰਗਾ,
ਸਾਲ ਪਿੱਛੋਂ ਮੁੜ ਆਉਂਦਾ ਵੇ।
ਸਾਡਾ ਵਾਅ ਤੂੰ ਉਦਾਸੀ ਨਾਲ਼ ਪਾ ਕੇ,
ਕਿਉਂ ਦੂਰ ਵੱਸੇਂ ਮਰ ਜਾਣਿਆ?
ਜਾਗ ਹੰਝੂਆਂ ਨੂੰ ਹਾਸਿਆਂ ਦਾ ਲਾ ਦੇ,
ਤੂੰ ਸੋਫ਼ੀ ਪਿੰਡ ਆਜਾ ਰਾਣਿਆ।
ਇਸ਼ਕ ਦਾ ਦੇਵਤਾ ਮੰਨ ਕੇ ਤੈਨੂੰ,
ਅੱਜ ਤਕ ਦਿਲ ਧਿਆਉਂਦਾ ਵੇ ।
ਤੇਰੇ ਨਾਲੋਂ ਤਾਂ ਸਾਉਣ ਹੀ ਚੰਗਾ,
ਸਾਲ ਪਿੱਛੋਂ ਮੁੜ ਆਉਂਦਾ ਵੇ।
ਜਗਦੀਸ਼ ਰਾਣਾ
7986207849

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੀ ਮਾਂ ਸ਼ਬਦ ਢੁਕਵਾਂ
Next articleਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ