(ਸਮਾਜ ਵੀਕਲੀ)
ਮਾਂ, ਤੂੰ ਬਿਨ ਪੰਖ ਮੈਨੂੰ
ਖੁਦ ਦੇ ਪੈਰਾਂ ਤੇ,ਉੱਡਣਾ ਸਿਖਾਵੀਂ
ਨੀਂਦ ਦਾ ਆਉਣਾ,ਐਨਾ ਜ਼ਰੂਰੀ ਨਹੀਂ
ਬੇਫ਼ਿਕਰੇ ਸੁਪਣੇ ਦੇਖਣੇ,ਜ਼ਰੂਰ ਸਿਖਾਵੀਂ
ਦਿਨ ਗਰੀਬੀ ਦੇ ਕਦੀ ਆ ਜਾਣ
ਘੱਟ ਵਿਚ ਹੀ,ਲੋੜਾਂ ਦੀ ਪੂਰਤੀ ਸਿਖਾਵੀਂ
ਘਰ ਅਤਿਥੀਆਂ ਨਾਲ ਖਚਾ ਖੱਚ ਭਰੇ ਤਾਂ
ਇੱਕ ਚੰਗੀ ਮੇਜ਼ਬਾਨ, ਬਨਣਾ ਸਿਖਾਵੀਂ
ਜੀਵਨ ਸਾਥੀ ਜੇ ਕਬੀਲਦਾਰੀ ਚ ਬੀੜਿਆ
ਕੰਧੇ ਨਾਲ ਕੰਧਾ,ਮਿਲਾ ਖੜਨਾ ਸਿਖਾਵੀਂ
ਕੁਦਰਤੀ ਸਹਿਣੇ ਦੇ,ਕੁਝ ਜਿੰਮੇ ਔਰਤ ਨੂੰ ਮਿਲੇ
ਮਾਂ ਤੂੰ ਵੀ ਸਿਖਾ ਲੈ,ਪਰ ਅਪ੍ਰਮਾਣਿਤ ਹੋਣਾ ਨਾ ਸਿਖਾਵੀਂ
ਦੂਜੇ ਘਰ ਦੇ ਵੰਸ਼ ਦਾ ਦਾਰੋਮਦਾਰ ਬਣਦੀ ਜੋਂ ਕੁੱਖ
ਉਸ ਦਾ ਅਕਸ ਪੜ੍ਹ ਲਵੀਂ
ਗੁੰਮਨਾਮ ਆਸਮਾਨ ਤੇ ਉੱਡਣਾ ਨਾ ਸਿਖਾਵੀਂ
ਹਰ ਹੀਲੇ ਕਰ ,ਸਮਾਜਿਕ ਮਾਰ ਸਹਿੰਦੀ ਨੂੰ
ਵਾਪਿਸ ਆਉਣਾ ਪਿਆ ਜੇ ਮਾਂ ਘਰ ਤੇਰੇ
ਦਹਿਲੀਜ਼ੀ ਖੜ੍ਹ,
ਲੜਖੜਾਉਂਦੀ ਨੂੰ ਬਾਹਾਂ ਫੈਲਾ ਥੰਮਣਾ ਸਿਖਾਵੀਂ
ਪੱਖਪਾਤ ਜੋਂ ਆਪਣੇ ਬਿਗਾਨੇ ਰਿਸ਼ਤੇ ਚ ਰੱਖਣ
ਤੂੰ ਇਹ ਕਰਨਾਂ ਕਦੀ ਨਾ ਸਿਖਾਵੀਂ
ਰਿਸ਼ਤਿਆਂ ਦੀ ਸਾਂਝ ਵਿਸ਼ਵਾਸ਼ ਹੈ
ਜੇ ਕੋਈ ਵਿਸ਼ਵਾਸ ਦੇਵੇ ਤਾਂ ਭਰਵਾਂ ਹੁੰਗਾਰਾ ਭਰਵਾਂਈ
ਅਕ੍ਰਿਤਘਣ ਬਹੁਤ ਦੂਰ ਕੀਤੇ ਜ਼ਿੰਦਗੀ ਚੋਂ
ਰਹਿ ਗਿਆਂ ਨੂੰ ਵੀ ਦੂਰ ਕਰਵਾਈ
ਦੁੱਖੀ ਹਿਰਦੇ ਦੀ ਫਰਿਆਦ ਚ ਤੂੰ ਵਸਦਾ
ਤੇ ਮੈਂ ਹਮੇਸ਼ਾ ਮਦਦਗਾਰ ਹੋਵਾਂ,
ਉਨ੍ਹਾਂ ਹਿਰਦਿਆਂ ਦੀ ਮਲ੍ਹਮ ਹੋਣਾ ਸੁਖਾਵੀਂ
ਤੂੰ ਦੇਵੀਂ ਸਿਖਿਆ ਮਾਂ ਉੱਤਮ,
ਕਿਤੇ ਕੋਈ ਦੁੱਖੀ ਦਿਲ ਨਾ ਦੁਖਾਵਾਂ
ਕਿਤੇ ਕਿਸੇ ਸੱਚੇ ਸੁੱਚੇ ਦੀ ਬਦਦੁਆ ਨਾ ਝੋਲ਼ੀ ਪੁਆਵਾਂ
ਬੱਸ ਮਾਂ,ਤੂੰ ਘਰ ਦੇ ਅੰਦਰ ਸਭ ਆਪਣਿਆਂ ਨੂੰ
ਆਪਣਿਆਂ ਦਾ ਸਹਾਰਾ ਬਨਣਾ ਸਿਖਾਵੀਂ
ਨਵਜੋਤਕੌਰ ਨਿਮਾਣੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly