ਕਵਿਤਾ

ਸਿਮਰਨਜੀਤ ਕੌਰ ਸਿਮਰ

(ਸਮਾਜ ਵੀਕਲੀ)

ਮੈਂ ਅੱਖਰਾਂ ਨਾਲ ਗੱਲਾਂ ਕਰਦੀ, ਉਹ ਸਨ ਸੱਧਰਾਂ ਪਾਲ ਦੀਆਂ,
ਅਕਸਰ ਮੈਥੋਂ ਦੂਰ ਹੀ  ਰਹੀਆਂ  ਕੁੜੀਆਂ  ਮੇਰੇ  ਨਾਲ  ਦੀਆਂ…..
ਸੁੰਨ ਸਰਾਂ ਹਨੇਰੇ ਅੰਦਰ ਕੋਈ ਦੀਪ ਇਸ਼ਕ ਦਾ ਬਾਲ ਗਿਆ ਹੈ,
ਲਿਖਣ ਵੇਲੇ ਫੇਰ ਲਿਖ ਨਾ ਹੋਈਆਂ ਘੜੀਆਂ ਓਸੇ ਹਾਲ ਦੀਆਂ…..
ਹੰਢੇ ਬੀਤੇ ਓ ਗੀਤ ਕਸੈਲੇ ਤੇ ਕੁਝ ਯਾਦਾਂ ਗੁਜਰੇ ਸਾਲ  ਦੀਆਂ,
ਗਿਣਦੇ ਗਿਣਦੇ ਕੀ ਗਿਣ ਬੈਠੀ ਪੈੜਾਂ ਵਕਤ ਦੀ ਚਾਲ ਦੀਆਂ…..
ਓ  ਖੂਨੀ ਚਿਹਰੇ , ਮੌਤ ਦਹਾਕੇ ਕਰ ਚੇਤੇ ਦੀਦੇ  ਗਾਲ  ਦੀਆਂ,
ਜ਼ਖ਼ਮ ਅਜੇ ਵੀ ਅੱਲ੍ਹੇ ਹੀ ਨੇ ਉਂਝ ਉਮਰ  ਲੱਗੀ  ਸੰਭਾਲਦਿਆਂ…..
ਅੱਜ ਵੀ ਦਿਲ ਨੂੰ ਹੋਕੇ ਦੇ – ਦੇ ਉਸ  ਰਾਹੇ ਜਾਣੋਂ  ਟਾਲ  ਦੀਆਂ,
ਘਰ ਨਹੀ ਵੱਸਦੇ ਜਿੱਥੇ ਅੱਜਕੱਲ੍ਹ ਉਮੀਦਾਂ ਸਿਰਫ ਜੰਗਾਲ ਦੀਆਂ…..
ਗੁੱਤ ਵਿੱਚ ਗੁੰਦੀ ਸਬਰ ਪਰਾਂਦੀ  ਦਿਲ ਦੱਸੇ  ਬੇਹਾਲ  ਦੀਆਂ,
ਵਾਲਾਂ ਵਰਗੇ ਉਲਝੇ ਲੋਕੀ ਬਸ ਰੀਤਾਂ ਚੱਲਣ ਬਵਾਲ ਦੀਆਂ…..
ਮੌਤ  ਮੁਹੱਬਤ  ਕਹਿੰਦੈ  ਓ  ਗੱਲਾਂ ਕਰਦੈ ਬੜੇ ਕਮਾਲ ਦੀਆਂ,
ਮੈਂ  ਲਾ – ਲਾ ਰੀਝ  ਉਡੀਕਾਂ  ਉਹਦੇ ਅਗਲ  ਸਵਾਲ  ਦੀਆਂ…..
ਸਿਮਰਨਜੀਤ ਕੌਰ ਸਿਮਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾ
Next articleਸੱਚ