ਪਲਾਟ

(ਸਮਾਜ ਵੀਕਲੀ)

ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਣ ਪਿੱਛੋਂ ਮੈਂ ਮਾਹਿਲਪੁਰ ਇੱਕ ਪੰਦਰਾਂ ਮਰਲੇ ਦਾ ਪਲਾਟ ਖਰੀਦ ਲਿਆ ਤੇ ਉਸ ਵਿੱਚ ਘਰ ਬਣਵਾਉਣਾ ਸ਼ੁਰੂ ਕਰ ਦਿੱਤਾ।ਇੱਕ ਦਿਨ ਮੇਰੇ ਕੋਲ ਦੋ ਜਣੇ ਆ ਕੇ ਖੜ੍ਹ ਗਏ, ਜਿਨ੍ਹਾਂ ਚੋਂ ਇੱਕ ਲੜਕੀ ਸੀ।ਲੜਕੀ ਮੈਨੂੰ ਆਖਣ ਲੱਗੀ,”ਅੰਕਲ ਜੀ,ਕੀ ਤੁਸੀਂ ਮਨਜੀਤ ਦੇ ਫਾਦਰ ਇਨ ਲਾਅ ਹੋ?”

ਮੈਂ “ਹਾਂ” ਵਿੱਚ ਉੱਤਰ ਦਿੱਤਾ।

ਫੇਰ ਉਹ ਆਖਣ ਲੱਗੀ,”ਮੈਂ ਮਨਜੀਤ ਦੀ ਸਹੇਲੀ ਆਂ।ਕੁੱਝ ਦਿਨ ਪਹਿਲਾਂ ਉਹ ਮੈਨੂੰ ਹੁਸ਼ਿਆਰਪੁਰ ਬੱਸ ਸਟੈਂਡ ਤੇ ਮਿਲੀ ਸੀ।ਉਸ ਨੇ ਮੈਨੂੰ ਦੱਸਿਆ ਸੀ ਕਿ ਤੁਸੀਂ ਮਾਹਿਲਪੁਰ ਪਲਾਟ ਲੈ ਕੇ ਨਵਾਂ ਘਰ ਬਣਵਾ ਰਹੇ ਹੋ ਤੇ ਤੁਹਾਡੇ ਪਲਾਟ ਦੇ ਸਾਮ੍ਹਣੇ ਕਈ ਪਲਾਟ ਵਿਕਾਊ ਪਏ ਆ। ਅਸੀਂ ਵੀ ਇੱਕ ਦਸ ਕੁ ਮਰਲੇ ਦਾ ਪਲਾਟ ਲੈਣਾ ਚਾਹਨੇ ਆਂ।ਪਿੰਡ ਵਾਲਾ ਘਰ ਰਹਿਣ ਲਈ ਬੜਾ ਛੋਟਾ ਆ। ਨਾਲੇ ਸ਼ਹਿਰ ਦਾ ਮਹੌਲ ਕੁੱਝ ਵੱਖਰਾ ਹੁੰਦਾ ਆ। ਪਲਾਟ ਤਾਂ ਹੋਰ ਵੀ ਆਲੇ, ਦੁਆਲੇ ਬਥੇਰੇ ਖਾਲੀ ਪਏ ਆ, ਪਰ ਮੈਂ ਚਾਹਨੀ ਆਂ ਕਿ ਕੋਈ ਜਾਣ, ਪਛਾਣ ਵਾਲਾ ਕੋਲ ਰਹਿੰਦਾ ਹੋਵੇ, ਤਾਂ ਚੰਗੀ ਗੱਲ ਆ।”

“ਠੀਕ ਆ ਬੇਟੀ, ਆਉ ਫੇਰ ਪਲਾਟ ਵੇਖ ਲਈਏ।”ਮੈਂ ਆਖਿਆ।

ਇੱਕ ਘੰਟਾ ਫਿਰ, ਤੁਰ ਕੇ ਪਲਾਟ ਵੇਖਣ ਪਿੱਛੋਂ ਉਨ੍ਹਾਂ ਨੂੰ ਇੱਕ ਦਸ ਮਰਲੇ ਦਾ ਪਲਾਟ ਪਸੰਦ ਆ ਗਿਆ।

ਫੇਰ ਲੜਕੀ ਦੇ ਡੈਡੀ ਨੇ ਮੈਨੂੰ ਆਖਿਆ,”ਤੁਹਾਡੇ ਨਾਲ ਲੱਗਦੇ ਦੋ ਘਰ ਕਿਨ੍ਹਾਂ ਦੇ ਆ?”

“ਇਹ ਦੋਵੇਂ ਘਰ ਕੰਮੀਆਂ ਦੇ ਆ।”ਮੈਂ ਸੱਚ ਆਖ ਦਿੱਤਾ।

ਮੇਰੇ ਏਨਾ ਕਹਿਣ ਦੀ ਦੇਰ ਸੀ ਕਿ ਉਹ ਬਗੈਰ ਕੁੱਝ ਬੋਲੇ ਆਪਣੀ ਧੀ ਨੂੰ ਲੈ ਕੇ ਤੁਰਦਾ ਬਣਿਆ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐਕਸ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਗੁਰਪ੍ਰੀਤ ਕੌਰ ਨੂੰ ਮਿਲਿਆ ਬੈਸਟ ਟੀਚਰ ਦਾ ਐਵਾਰਡ
Next articleGurdas Maan- doesn’t he get it?