(ਸਮਾਜ ਵੀਕਲੀ)
ਅਹਿਮਦਾਬਾਦ ਦੇ ਨੇੜੇ ਇਕ ਪਿੰਡ ਵਿਚ ਇਕ ਦਲਿਤ ਸਮਾਜ ਦੇ ਲੜਕੇ ਨੇ ਮੁੱਛ ਰੱਖ ਲਈ। ਉਸ ਨੂੰ ਪਹਿਲਾਂ ਤਾਂ ਦੱਬ ਕੇ ਕੁੱਟਿਆ ਗਿਆ, ਫਿਰ ਉਸ ਦੀਆਂ ਮੁੱਛਾ ਸਾਫ ਕੀਤੀਆਂ ਗਈਆਂ।ਕਰਨਾਟਕਾ ਦੇ ਚਿਕਮੰਗਲੂਰ ਦੇ ਜਿਲੇ ਦੇ ਗੋਨੀ ਵੀੜੂ ਪੁਲਸ ਥਾਣੇ ਦੇ ਏਰੀਏ ਵਿਚ ਇਕ ਦਲਿਤ ਨੌਜਵਾਨ ਨੂੰ ਲੋਕਾਂ ਵਲੋਂ ਸਕਾਇਤ ਕਰਕੇ ਰਿਹਾਸਤ ਵਿਚ ਲੈ ਲਿਆ ਗਿਆ।ਉਸ ਨੂੰ ਹਵਾਲਾਤ ਵਿਚ ਬੰਦ ਕਰਕੇ ਬੜੀ ਬੇਰਹਿਮੀ ਨਾਲ ਕੁੱਟਿਆ ਗਿਆ ‘ਤੇ ਜਦੋਂ ਉਸ ਨੇ ਪੀਣ ਦੇ ਲਈ ਪਾਣੀ ਮੰਗਿਆ ਤਾਂ ਪੁਲਸ ਵਾਲਿਆਂ ਵਲੋਂ ਹਵਾਲਾਤ ਵਿਚ ਬੰਦ ਇਕ ਹੋਰ ਆਦਮੀ ਕੋਲੋ ਉਸ ਦਲਿਤ ਨੌਜਵਾਨ ਦੇ ਮੂੰਹ ਵਿਚ ਪਿਸਾਬ ਕਰਾਇਆ ਗਿਆ।ਮੱਧ ਪ੍ਰਦੇਸ ਵਿਚ ਇਕ ਦਲਿਤ ਮਜਦੂਰ ਵਲੋਂ ਇਕ ਦਰੱਖਤ ਨੂੰ ਵੱਡਣ ਤੋਂ ਇਨਕਾਰ ਕਰਨ ਤੇ ਉਸ ਦੇ ਬੱਚਿਆਂ ਦੇ ਸਾਹਮਣੇ ਉਸ ਦੀ ਪਤਨੀ,ਜੋ ਕਿ ਪੰਜ ਮਹੀਨੇ ਦੀ ਗਰਭਪਤੀ ਸੀ,ਦੇ ਨਾਲ ਬਲਾਤਕਾਰ ਕੀਤਾ ਗਿਆ।
ਇਹ ਤਿੰਨੋ ਹੀ ਦਰਦਨਾਕ ਘਟਨਾਵਾਂ ਥੋੜੇ ਹੀ ਸਮ੍ਹੇਂ ਪਹਿਲਾਂ ਹੀ ਹੋਈਆਂ ਹਨ ਤੇ ਦੇਸ਼ ਭਰ ਵਿਚ ਦਲਿਤਾਂ ਉਤੇ ਹੋਰ ਗਰੀਬ ਮਜਦੂਰਾਂ ਦੇ ਸ਼ੋਸ਼ਣ ਹੋਣ ਤੇ ਜਿਨਸੀ ਸ਼ੋਸ਼ਣ ਹੋਣ ਦੀਆਂ ਕਿੰਨੀਆ ਹੋਰ ਵੀ ਮਿਸਾਲਾਂ ਹੋਣਗੀਆਂ।ਮੌਜੂਦਾ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਸ ਤਰ੍ਹਾਂ ਦੀਆਂ ਨਿੰਦਣਯੋਗ ਘਟਨਾਵਾਂ ਵਿਚ ਵਾਧਾ ਹੋਇਆ ਹੈ।ਏਥੇ ਇਹ ਵਰਣਯੋਗ ਗੱਲ ਹੈ ਕਿ ਸੂਬਿਆਂ ਵਿਚ ਕਿਸੇ ਵੀ ਪਾਰਟੀ ਦੀ ਸਰਕਾਰ ਕਾਬਜ਼ ਹੋਵੇ ਦਲਿਤਾਂ ਤੇ ਅੱਤਿਆਚਾਰ ਘਟੇ ਨਹੀ ਸਗੋਂ ਉਨ੍ਹਾਂ ਵਿਚ ਦਿਨ-ਬ-ਦਿਨ ਹੋਰ ਵਾਧਾ ਹੋਇਆ ਹੈ।ਇਹ ਗੱਲ ਵੱਖਰੀ ਹੈ ਕਿ ਏਹੋ ਜਿਹੀਆਂ ਘਟਨਾਵਾਂ ਨੂੰ ਮੌਜੂਦਾ ਹਕੂਮਤ ਆਮ ਜਨਤਾ ਦੇ ਸਾਹਮਣੇ ਨਹੀ ਆਉਣ ਦਿੰਦੀ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦਲਿਤਾਂ ਦੀ ਵਿਰੋਧੀ ਹੈ,ਏਸੇ ਕਰਕੇ ਦਲਿਤ ਔਰਤਾਂ,ਸੰਪੂਰਨ ਦਲਿਤ ਵਰਗ,ਪਿੱਛੜੇ ਵਰਗ ਅਤੇ ਆਦਿਵਾਸੀ ਵੀ ਸਰਕਾਰ ਦੀਆਂ ਪਿੱਛਾਹਕਿਸ਼ੀ ਨੀਤੀਆ ਦਾ ਦੁੱਖ ਭੋਗ ਰਹੇ ਹਨ।
ਇਸ ਤਰ੍ਹਾਂ ਦੇ ਮਹੌਲ ਵਿਚ ਡਾਕਟਰ ਭੀਮ ਰਾਓ ਅੰਬੇਡਕਰ ਦੇ ਕਹੇ ਹੋਏ ਬੋਲ ਸਾਨੂੰ ਯਾਦ ਆ ਰਹੇ ਹਨ,ਜੇਕਰ ਹਿੰਦੂਰਾਜ ਸੱਚਮੁਚ ਬਣ ਜਾਂਦਾ ਹੈ ਤਾਂ ਇਹਦੇ ਵਿਚ ਕੋਈ ਸ਼ੱਕ ਨਹੀ ਹੈ ਕਿ ਦੇਸ਼ ਲਈ ਬਹੁਤ ਹੀ ਭਿਆਨਕ ਹੋਵੇਗਾ,ਇਸ ਨੂੰ ਕਿਸੇ ਵੀ ਕੀਮਤ ਤੇ ਰੋਕਣਾ ਚਾਹੀਦਾ ਹੈ,ਸਰਕਾਰ ਦੇ ਸੱਤਾ ਵਿਚ ਆਉਦਿਆਂ ਹੀ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਭਵਿੱਖ ਬਾਣੀ ਸੱਚ ਹੁੰਦੀ ਸਾਬਤ ਹੋ ਰਹੀ ਹੈ।ਦਲਿਤਾਂ ਤੇ ਵੱਧ ਰਹੇ ਅੱਤਿਆਚਾਰ ਉਹਨਾਂ ਦੀ ਸਮਾਜਿਕ ਸਥਿਤੀ ਵਿਚ ਆ ਰਹੇ ਨਿਘਾਰ ਦੇ ਕਾਰਨ ਅਤੇ ਨਤੀਜੇ ਤੁਹਾਡੇ ਸਾਹਮਣੇ ਹਨ।ਇਹਦੇ ਨਾਲ ਦਲਿਤ ਅਤੇ ਹੋਰ ਦੂਸਰੇ ਛੋਟੇ ਵਰਗ ਹੋਰ ਵੀ ਕਮਜੋਰ ਹੁੰਦੇ ਜਾ ਰਹੇ ਹਨ।
ਬਹੁਤ ਸਾਰੀਆਂ ਰਿਪੋਰਟਾਂ ਤੋਂ ਇਹ ਸਾਫ ਜਾਹਿਰ ਹੋ ਰਿਹਾ ਹੈ ਕਿ ਮੁਸਲਮਾਨਾਂ ਦੇ ਨਾਲ ਨਾਲ ਦਲਿਤਾਂ ਅਤੇ ਔਰਤਾਂ ਤੇ ਵੀ ਅੱਤਿਆਚਾਰ ਵੱਧ ਰਹੇ ਹਨ।ਯੂ ਐਸ ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜਿਅਸ ਫਰੀਡਮ ਵਲੋਂ ਸਭਨਾ ਦੇ ਲਈ ਤਿਆਰ ਕੌਸ਼ਟੀਟਿਊਸ਼ਨਲ ਐਂਡ ਲੀਗਲ ਚੈਲੇਜੈਜ਼ ਫੇਸਡ ਵਾਈ ਰਿਲੀਜਿਅਸ ਮਾਇਨਾਰਿਟਿਜ ਇਨ ਇਡੀਆ ਵਿਚ ਸਾਫ਼ ਸਾਫ ਸ਼ਬਦਾ ਵਿਚ ਕਿਹਾ ਹੈ ਕਿ ਭਾਰਤ ਵਿਚ ਧਾਰਮਿਕ ਲੋਕਾਂ ਨਾਲ ਅਤੇ ਦਲਿਤ ਵਰਗ ਦੇ ਨਾਲ ਪੱਖਪਾਤ ਹੁੰਦਾ ਹੈ ਅਤੇ ਉਨਾਂ ਤੇ ਮਨੁੱਖੀ ਅੱਤਿਆਚਾਰ ਵੀ ਕੀਤਾ ਜਾਂਦਾ ਹੈ।ਉਹਨਾਂ ਦੇ ਵਿਰੁਧ ਨਫਰਤ ਜਾਤੀਵਾਦ ਅਪਰਾਧ, ਉਹਨਾਂ ਦਾ ਸ਼ੋਸ਼ਲ ਬਾਈਕਾਟ ਅਤੇ ਜਬਰਦਸਤੀ ਧਰਮ ਬਦਲਣ ਦੀਆਂ ਘਟਨਾਵਾਂ ਵਿਚ 2014 ਤੋਂ ਬਾਅਦ ਬੜੀ ਤੇਜੀ ਨਾਲ ਵਾਧਾ ਹੋਇਆ ਹੈ।
ਦਲਿਤ,ਛੋਟੀਆਂ ਜਾਤੀਆਂ ਅਤੇ ਮਜਦੂਰ ਵਰਗ ਦੀ ਸਮਾਜਿਕ ਆਰਥਿਕ ਸਥਿਤੀ ਵਿਚ ਵੀ ਭਾਰੀ ਨਿਘਾਰ ਆ ਗਿਆ ਹੈ।ਸਰਕਾਰਾਂ ਨੇ ਐਸ ਸੀ, ਐਸ ਟੀ ਵਰਗ ਦੇ ਲੋਕਾਂ ਲਈ ਰਾਖਵੇਂਕਰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਪਰ ਇਸ ਵਿਚ ਲਾਭ ਲੈਣ ਵਾਲੇ ਐਸ ਸੀ,ਐਸ ਟੀ ਵਰਗ ਦੇ ਬਹੁਤ ਘੱਟ ਲੋਕ ਹਨ।ਮੌਜੂਦਾ ਸਰਕਾਰ ਨੇ ਆਰਥਿਕ ਦੇ ਅਧਾਰ ਤੇ ਲਾਭ ਲੈਣ ਵਾਲਿਆ ਦੇ ਲਈ ਸਰਕਾਰੀ ਨੌਕਰੀਆਂ ਵਿਚ ਹਿੱਸੇਦਾਰੀ ਬਹੁਤ ਘਟਾ ਦਿੱਤੀ ਹੈ।ਆਰਥਿਕ ਅਧਾਰ ਤੇ ਲਾਭ ਲੈਣ ਵਾਲੇ ਦਲਿਤ ਜਾਂ ਹੋਰ ਛੋਟੇ ਪਛੜੇ ਲੋਕਾਂ ਲਈ ਸਰਕਾਰ ਨੇ ਸ਼ਰਤਾਂ ਹੀ ਬਹੁਤ ਬਣਾ ਦਿੱਤੀਆਂ ਹਨ ਜਿਸ ਨਾਲ ਦਲਿਤ ਤੇ ਪੱਛੜੀਆਂ ਸ਼੍ਰੈਣੀਆਂ ਇਹ ਲਾਭ ਲੈਣ ਤੋਂ ਵਾਂਝੇ ਹੋ ਗਏ ਹਨ।ਸਰਕਾਰਾਂ ਨੇ ਨੌਕਰੀਆਂ ਲੈਣ ਤੋਂ ਤਾਂ ਪਹਿਲਾਂ ਹੀ ਵਾਝੇਂ ਕਰ ਦਿੱਤਾ ਹੈ।ਪਿਛੜੇ ਵਰਗਾਂ ਦੇ ਮਾਮਲਿਆਂ ਵਿਚ ਕਰੀਮੀ ਲੇਅਰ ਬਣਾਉਣ ਦੇ ਕਾਰਨ ਉਨਾਂ ਦਾ ਇਕ ਵੱਡਾ ਤਬਕਾ ਰਾਖਵਾਂਕਰਨ ਲੈਣ ਤੋਂ ਵਾਝਾਂ ਹੋ ਗਿਆ ਹੈ।ਇਸ ਕਰਕੇ ਉਹਨਾਂ ਦੀ ਬੇਹਤਰੀ ਲਈ ਚੁੱਕਿਆ ਗਿਆ ਇਹ ਮਹੱਤਵਪੂਰਨ ਕਦਮ ਸਿਫਰ ਸਿੱਧ ਹੋਣ ਦੇ ਕੰਢੇ ਤੇ ਹੈ।
ਬੀਫ ਦੇ ਮੁੱਦੇ ਨੇ ਪਿੰਡਾਂ ਦੀ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।ਇਸ ਦੇ ਨਾਲ ਕਿਸਾਨਾ ਤੇ ਖਾਸ ਕਰ ਦਲਿਤਾਂ ਤੇ ਗੰਭੀਰ ਅਸਰ ਪਿਆ ਹੈ।ਦਲਿਤਾਂ ਵਿਚੋਂ ਇਕ ਵਰਗ ਅੇਸਾ ਹੈ ਜੋ ਗਊ ਅਤੇ ਗਊ ਮਾਸ ਨਾਲ ਜੁੜਿਆ ਹੋਇਆ ਹੈ।ਗਊ ਦੇ ਚਮੜੇ ਤੇ ਪੂਰਨ ਤਰ੍ਹਾਂ ਨਾਲ ਰੋਕ ਲਗਾ ਕੇ ਦਲਿਤਾਂ ਦੇ ਆਰਥਿਕ ਹਿੱਤਾਂ ਤੇ ਡੂੰਘੀ ਸੱਟ ਮਾਰੀ ਹੈ।ਗਊ ਰੱਖਿਆ ਦੇ ਨਾਂਅ ਤੇ ਜੋ ਵੀ ਘਟਨਾਵਾਂ ਹੋਈਆ ਹਨ ਉਹਨਾਂ ਵਿਚੋਂ ਇਕ ਅੱਧੀ ਨੂੰ ਛੱਡ ਕੇ ਬਾਕੀ ਸੱਭ ਘਟਨਾਵਾਂ ਵਿਚ ਦਲਿਤਾਂ ਦਾ ਨਾਂਅ ਆਇਆ ਹੈ।ਗੁਜਰਾਤ ਦੇ ਊਨਾ ਵਿਚ ਸੱਤ ਦਲਿਤਾਂ ਨੂੰ ਨੰਗਿਆ ਕਰਕੇ ਬੜੀ ਬੇਰਹਮੀ ਨਾਲ ਕੁੱਟਣਾ,ਇਹ ਦਰਸਾਉਂਦਾ ਹੈ ਕਿ ਇਸ ਹਾਲਾਤ ਵਿਚ ਆਪਣਾ ਜੀਵਨ ਬਤੀਤ ਕਰਨਾ ਦਲਿਤਾਂ ਲਈ ਇਕ ਬਹੁਤ ਵੱਡੀ ਚਿਤਾਵਨੀ ਹੈ।
ਇਕ ਹੋਰ ਦਲਿਤ ਦਾ ਸਮਾਜਿਕ ਅਤੇ ਆਰਥਿਕ ਬਾਈਕਾਟ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਉਹਨਾਂ ਨੂੰ ਵੋਟਾਂ ਦੀ ਖਾਤਰ ਹੋਰ ਧਰਮ ਵਿਚ ਲਿਆਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਸਰਕਾਰ ਨੇ ਸ਼ੋਸ਼ਲ ਇੰਜੀਰਰਿੰਗ ਅਤੇ ਡਿਜੀਟਲ ਉਪਕਰਨਾਂ ਦੀ ਮਦਦ ਨਾਲ ਦਲਿਤਾਂ,ਆਦਿਵਾਸੀਆਂ ਤੇ ਓਬੀਸੀ ਵਾਲੇ ਏਰੀਏ ਵਿਚ ਪਹਿਲਾਂ ਤੋਂ ਹੀ ਆਪਣਾ ਕਬਜਾ ਜਮਾਉਣਾ ਸ਼ੁਰੂ ਕੀਤਾ ਹੋਇਆ ਹੈ।ਇਹਨਾਂ ਇਲਾਕਿਆਂ ਵਿਚ ਪਹਿਲਾਂ ਹੀ ਮੌਜੂਦਾ ਸਰਕਾਰ ਦੇ ਲੋਕ ਸਭਾ ਮੈਬਰ ਅਤੇ ਵਿਧਾਨ ਸਭਾ ਮੈਬਰ ਚੁਣੇ ਗਏ ਹਨ। ਦੇਸ਼ ਭਰ ਵਿਚ 84 ਲੋਕ ਸਭਾ ਸੀਟਾਂ ਦਲਿਤਾਂ ਲਈ ਰਾਖਵੀਆਂ ਹਨ।ਸੈਂਟਰ ਫਾਰ ਸਟੱਡੀ ਆਫ ਡਿਵੈਲਪਿੰਗ ਸੋਸਾਇਟੀਜ ਦੇ ਅਨੁਸਾਰ ਸੰਨ 2014 ਵਿਚ ਮੌਜੂਦਾ ਸਰਕਾਰ ਨੇ ਇਹਨਾਂ ਵਿਚੋਂ 40 ਸੀਟਾਂ ਜਿੱਤੀਆਂ ਸਨ।
ਮੌਜੂਦਾ ਸਰਕਾਰ ਵਲੋਂ ਦਲਿਤ ਅਤੇ ਆਦਿਵਾਸੀ ਦੀਆਂ ਬਸਤੀਆਂ ਵਿਚ ਬ੍ਰਾਹਮਣਵਾਦੀ ਸੋਚ ਅਪਣਾਉਣ ਤੇ ਬਹੁਤ ਜੋਰ ਦਿੱਤਾ ਜਾ ਰਿਹਾ ਹੈ।ਇਹਨਾਂ ਦੇ ਇਲਾਕਿਆਂ ਵਿਚ ਇਹਨਾਂ ਦੇ ਹੀ ਮੋਹਤਬਾਰ ਜਾਂ ਪ੍ਰਧਾਨਾ ਤੇ ਮੁਸਲਮਾਨ ਵਿਰੋਧੀ ਸੋਚ ਰੱਖਣ ਤੇ ਬ੍ਰਾਹਮਣਵਾਦੀ ਸੋਚ ਰੱਖਣ ਦੇ ਇਲਜਾਮ ਲਗਾਏ ਜਾ ਰਹੇ ਹਨ।ਮੌਜੂਦਾ ਸਰਕਾਰ ਦੀਆਂ ਸਹਿਯੋਗੀ ਪਾਰਟੀਆਂ ਦਲਿਤਾਂ ਦੇ ਪੈਰੋਕਾਰ ਡਾਕਟਰ ਅੰਬੇਡਕਰ ਨੂੰ ਆਪਣਾ ਨਾਇਕ ਸਮਝਦੇ ਹਨ।ਪਰ ਡਾਕਟਰ ਅੰਬੇਡਕਰ ਵਲੋ ਦੱਸੇ ਗਏ ਮਾਰਗ,ਉਹਨਾਂ ਵਲੋਂ ਦਿੱਤੇ ਗਏ ਸੰਦੇਸ਼,ਅਤੇ ਉਹਨਾਂ ਵਲੋਂ ਦਲਿਤਾਂ ਦੇ ਹੱਕ ਵਿਚ ਕੀਤੇ ਗਏ ਕੰਮਾਂ ਦੀ ਵਿਰੋਧਤਾ ਕਰਦੇ ਹਨ। ਮੌਜੂਦਾ ਸਰਕਾਰ ਕੁਝ ਐਸੇ ਦਲਿਤਾਂ ਨੂੰ ਆਪਣੀ ਪਾਰਟੀ ਵਿਚ ਲਿਆਈ ਹੈ ਜੋ ਕਿ ਕਿਸੇ ਵੀ ਹਾਲਾਤ ਵਿਚ ਪਾਰਟੀ ਨਾਲ ਰਲ ਕੇ ਚੱਲਣ ਲਈ ਤਿਆਰ ਹਨ। ਇਹਨਾਂ ਨੇਤਾਵਾਂ ਨੂੰ ਪਾਰਟੀਆਂ ਚੋਣਾਂ ਦੇ ਸਮੇ੍ਹਂ ਇਸਤੇਮਾਲ ਕਰਦੀਆਂ ਹਨ।
ਇਹ ਸਿਲਸਿਲਾ ਹੁਣ ਬਹੁਤੀ ਦੇਰ ਲੰਬਾ ਚੱਲਣ ਵਾਲਾ ਨਹੀ ਹੈ,ਦਲਿਤ ਵਰਗ ਦੇ ਨੌਜਵਾਨ ਹੁਣ ਹੌਲੀ ਹੌਲੀ ਮੌਜੂਦਾ ਪਾਰਟੀਆਂ ਦੇ ਏਜੰਡਿਆਂ ਨੂੰ ਸਮਝ ਰਹੇ ਹਨ।ਉਹ ਆਪਣੀ ਆਰਥਿਕ ਸਥਿਤੀ ਤੋਂ ਆਪ ਪ੍ਰੇਸ਼ਾਨ ਹਨ।ਆਪਣੇ ਵਰਗ ਉਤੇ ਵੱਧ ਰਹੇ ਅੱਤਿਆਚਾਰ ਅਤੇ ਆਪਣੀਆਂ ਔਰਤਾਂ ਨਾਲ ਹੋ ਰਹੇ ਜਿਨਸੀ ਸ਼ੋਸ਼ਣਾਂ ਤੋਂ ਬਹੁਤ ਦੁੱਖੀ ਹਨ।ਉਹ ਹੁਣ ਬ੍ਰਾਹਮਣਵਾਦੀ ਚਾਲਾਂ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਸਮਝ ਰਹੇ ਹਨ।ਦਲਿਤ ਵਰਗ ਦੇ ਨਵੇ ਨੌਜਵਾਨ ਆਪਣੇ ਰਹਿਬਰ ਨੇਤਾ ਡਾਕਟਰ ਭੀਮ ਰਾਓ ਅੰਬੇਡਕਰ ਦੀ ਸੋਚ ਨੂੰ ਲੈ ਕੇ ਅੱਗੇ ਵੱਧ ਰਹੇ ਹਨ।ਉਹ ਦੇਖ ਰਹੇ ਹਨ ਕਿ ਦਲਿਤ ਵਰਗ ਦੀ ਵਿਗੜ ਰਹੀ ਆਰਥਿਕ ਤੇ ਮਾਨਸਿਕ ਸਥਿਤੀ ਦਾ ਜਿੰਮੇਵਾਰ ਕੌਣ ਹੈ?ਉਹ ਇਹ ਦੇਖ ਤੇ ਸਮਝ ਰਹੇ ਹਨ ਕਿ ਚੋਣਾਂ ਸਮੇਂ ਸਾਨੂੰ ਕਿਵਂੇ ਵਰਤਿਆ ਜਾਂਦਾ ਹੈ?ਤੇ ਆਖਰ ਵਿਚ ਸਾਡੀ ਕੌਮ ਨੂੰ ਬਾਂਦਰ ਖਿੱਲਾਂ ਪਾ ਕੇ ਚੁੱਪ ਕਰਾਇਆ ਜਾਂਦਾ ਹੈ।ਦਲਿਤ ਸਮਾLਜ ਨੂੰ ਮੌਜੂਦਾ ਸਰਕਾਰਾਂ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਹੋਣ ਦੀ ਬਹੁਤ ਲੋੜ ਹੈ।
ਪੇਸ਼ਕਸ਼ :-ਅਮਰਜੀਤ ਚੰਦਰ ਲੁਧਿਆਣਾ
9417600014
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly