ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਭਾਨ ਮਜਾਰਾ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਨਕਲਾਬੀ ਨਾਟਕ ਕਰਵਾਏ ਗਏ।ਇਹ ਨਾਟਕ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਵਲੋਂ 8 ਅਪ੍ਰੈਲ 1929 ਨੂੰ ਦਿੱਲੀ ਦੀ ਕੌਮੀ ਅਸੈਂਬਲੀ ਵਿੱਚ ਸੁੱਟੇ ਗਏ ਦਿਹਾੜੇ ਨੂੰ ਸਮਰਪਿਤ ਸਨ।ਇਸ ਮੌਕੇ ਲੋਕ ਕਲਾ ਮੰਚ ਮੰਡੀ ਮੁੱਲਾ ਪੁਰ ਨਾਟਕ ਟੀਮ ਵੱਲੋਂ ਸੁਰਿੰਦਰ ਸ਼ਰਮਾ ਦੀ ਨਿਰਦੇਸ਼ਨਾ ਹੇਠ ਦਵਿੰਦਰ ਦਮਨ ਦਾ ਲਿਖਿਆ ਨਾਟਕ ‘ ਛਿਪਣ ਤੋਂ ਪਹਿਲਾਂ ‘ ਅਤੇ ਸੁਰਿੰਦਰ ਸ਼ਰਮਾ ਦਾ ਲਿਖਿਆ ਨਾਟਕ ‘ ਇਹ ਕੇਹੀ ਰੂਟ ਆਈ ‘ ਪੇਸ਼ ਕੀਤੇ ਗਏ। ਛਿਪਣ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਜਿਹਲ ਦੇ ਦਿਨਾਂ ਨੂੰ ਦਰਸਾਉਂਦਾ ਹੈ ਜਦਕਿ ਇਹ ਕੇਹੀ ਰੁੱਤ ਆਈ ਨਾਟਕ ਪੰਜਾਬ ਅੰਦਰ ਨਸ਼ਿਆਂ ਨਾਲ ਨੌਜਵਾਨੀ ਦੀ ਬਰਬਾਦੀ ਦੀ ਗੱਲ ਕਰਦਾ ਅਤੇ ਨਸ਼ਿਆਂ ਵਿਰੁੱਧ ਉੱਠ ਖਲੋਣ ਦਾ ਸੁਨੇਹਾ ਦਿੰਦਾ ਹੈ। ਇਹਨਾਂ ਨਾਟਕਾਂ ਦੀ ਪੇਸ਼ਕਾਰੀ ਵੀ ਬਹੁਤ ਵਧੀਆ ਸੀ ਜਿਸਨੇ ਦਰਸ਼ਕਾਂ ਨੂੰ ਆਪਣੇ ਨਾਲ ਨਾਲ ਤੋੜੀ ਰੱਖਿਆ। ਇਸ ਮੌਕੇ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਵੜੈਚ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਗਤ ਸਿੰਘ ਅਤੇ ਬੀ ਕੇ ਦੱਤ ਵਲੋਂ ਕਾਲੇ ਕਾਨੂੰਨਾ ਵਿਰੁੱਧ ਅੱਜ ਦੇ ਦਿਨ ਸੁੱਟਿਆ ਗਿਆ ਬੰਬ ਸਾਨੂੰ ਅੱਜ ਦੇ ਭਾਰਤੀ ਹਾਕਮਾਂ ਵਲੋਂ ਲਿਆਂਦੇ ਗਏ ਕਾਲੇ ਕਾਨੂੰਨਾ ਵਿਰੁੱਧ ਉੱਠ ਖਲੋਣ ਦਾ ਸੱਦਾ ਦਿੰਦਾ ਹੈ ਜਿਹਨਾਂ ਵਿੱਚ ਯੂ ਏ ਪੀ ਏ,ਚਾਰ ਲੇਬਰ ਕੋਡ, ਬਿਜਲੀ ਬਿੱਲ 2025, ਬੀਜ ਸੋਧ ਬਿੱਲ, ਭਾਰਤ – ਅਮਰੀਕਾ ਵਪਾਰ ਸਮਝੌਤਾ ਸ਼ਾਮਲ ਹਨ। ਆਗੂਆਂ ਨੇ ਕਿਹਾ ਕਿ ਜਿਸ ਸਾਮਰਾਜਵਾਦ ਨੂੰ ਸ਼ਹੀਦ ਭਗਤ ਸਿੰਘ ਨੇ ਮੁਰਦਾਬਾਦ ਕਿਹਾ ਸੀ ਉਸ ਸਾਮਰਾਜਵਾਦ ਦਾ ਬਹੁਤ ਹੀ ਕਰੂਰ ਰੂਪ ਅੱਜ ਸਾਹਮਣੇ ਆ ਰਿਹਾ ਹੈ ਚਾਹੇ ਉਹ ਐਪਸਟੀਨ ਫਾਇਲਾਂ ਦੇ ਰੂਪ ਵਿੱਚ ਹੋਵੇ ਜਾਂ ਫਿਰ ਅਮਰੀਕਾ ਵੱਲੋਂ ਈਰਾਨ ਉੱਤੇ ਕੀਤੇ ਜਾ ਰਹੇ ਹਮਲਿਆਂ ਦੇ ਰੂਪ ਵਿੱਚ। ਇਸ ਮੌਕੇ ਅਲੀਸ਼ਾ ਕਾਠਗੜ੍ਹ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਮੰਚ ਸੰਚਾਲਨਾ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



